Aids "ਏਡਜ਼" Punjabi Essay, Paragraph for Class 8, 9, 10, 11 and 12 Students Examination in 600 Words.

ਪੰਜਾਬੀ ਨਿਬੰਧ - ਏਡਜ਼ 
AIDS




ਰੂਪ-ਰੇਖਾ

ਵਿਗਿਆਨ ਦਾ ਯੁੱਗ ਤੇ ਬਿਮਾਰੀਆਂ, ਏਡਜ਼ ਕੀ ਹੈ ? ਏਡਜ਼ ਦੇ ਕਾਰਨ, ਬਚਾਓ ਦੇ ਢੰਗ, ਸਰਕਾਰ ਦੇ ਫ਼ਰਜ਼, ਖ਼ਤਰੇ ਦੀ ਘੰਟੀ, ਸਾਰੰਸ਼। 


ਵਿਗਿਆਨ ਦਾ ਯੁੱਗ ਤੇ ਬਿਮਾਰੀਆਂ

ਅੱਜ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ। ਸੰਸਾਰ ਭਰ ਦੇ ਵਿਗਿਆਨੀ ਬਿਮਾਰੀਆਂ ਨੂੰ ਖ਼ਤਮ ਕਰਨ ਲਈ ਰਾਤ-ਦਿਨ ਇੱਕ ਕਰ ਰਹੇ ਹਨ ਅਤੇ ਇਸ ਖੇਤਰ ਵਿੱਚ ਯਕੀਨਨ ਹੀ ਉਨ੍ਹਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਉੱਪਰ ਕਾਬੂ ਪਾਉਣ ਵਿੱਚ ਸਫਲਤਾ ਪ੍ਰਾਪਤ ਹੋਈ ਹੈ, ਜਿਸ ਦੇ ਸਿੱਟੇ ਵਜੋਂ ਸੰਸਾਰ ਵਿੱਚ ਔਸਤ ਮਨੁੱਖੀ ਉਮਰ ਪਹਿਲਾ ਨਾਲੋਂ ਵਧੇਰੇ ਲੰਮੀ ਹੋ ਗਈ ਹੈ। ਜਿਉਂ-ਜਿਉਂ ਮਨੁੱਖ ਬੀਤੇ ਸਮੇਂ ਵਿੱਚ ਭਿਆਨਕ ਤੇ ਮਾਰੂ ਗਿਣੀਆਂ ਜਾਣ ਵਾਲੀਆਂ ਬਿਮਾਰੀਆਂ ਪਲੇਗ, ਚੇਚਕ, ਤਪਦਿਕ ਆਦਿ ਉੱਪਰ ਕਾਬੂ ਪਾਉਂਦਾ ਜਾ ਰਿਹਾ ਹੈ, ਉੱਥੇ ਉਸ ਦੇ ਸਾਹਮਣੇ ਨਵੀਆਂ-ਨਵੀਆਂ ਬਿਮਾਰੀਆਂ ਉਭਰ ਰਹੀਆਂ ਹਨ, ਜਿਹੜੀਆਂ ਕਿ ਪਹਿਲਾਂ ਨਾਲੋਂ ਕਿਤੇ ਵੱਧ ਭਿਆਨਕ ਸਿੱਧ ਹੋ ਰਹੀਆਂ ਹਨ ਕਿਉਂਕਿ ਉਨ੍ਹਾਂ ਦਾ ਕੋਈ ਇਲਾਜ ਨਹੀਂ।ਨੇੜੇ ਦੇ ਭਵਿੱਖ ਵਿੱਚ ਇਨ੍ਹਾਂ ਦਾ ਭਿਆਨਕ ਰੂਪ ਬੀਤੇ ਸਮੇਂ ਦੀਆਂ ਸਾਰੀਆਂ ਮਹਾਮਾਰੀਆਂ ਦੇ ਰਿਕਾਰਡ ਮਾਤ ਪਾ ਦੇਵੇਗਾ।


ਏਡਜ਼ ਕੀ ਹੈ ?

ਇਸ ਬਿਮਾਰੀ ਦਾ ਪੂਰਾ ਨਾਂ Aquired Immuno Deficiency Syndrome ਅਤੇ ਏਡਜ਼ ਇਸ ਦਾ ਮੁੱਢ- ਅੱਖਰੀ ਸੰਖਿਪਤ ਨਾਂ ਹੈ। ਇਸ ਵਿੱਚ ਕੀ ਹੁੰਦਾ ਹੈ ਕਿ ਮਨੁੱਖ ਦੇ ਲਹੂ ਵਿੱਚ ਉਸ ਦੇ ਸਰੀਰ ਦੀ ਬਿਮਾਰੀਆਂ ਤੋਂ ਰੱਖਿਆ ਕਰਨ ਵਾਲੇ ਚਿੱਟੇ ਕਣ ਨਕਾਰੇ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਕੁਦਰਤ ਨੇ ਸਾਡੇ ਸਰੀਰ ਵਿੱਚ ਉਸ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਜੋ ਪ੍ਰਬੰਧ ਕੀਤਾ ਹੈ, ਉਹ ਫੇਲ੍ਹ ਹੋ ਜਾਂਦਾ ਹੈ। ਇਸ ਨਾਲ ਜੋ ਵੀ ਬਿਮਾਰੀ ਲੱਗ ਜਾਵੇ ਉਹ ਠੀਕ ਨਹੀਂ ਹੋ ਸਕਦੀ।


ਏਡਜ਼ ਦੇ ਕਾਰਨ

ਹੁਣ ਤੱਕ ਦੀਆਂ ਖੋਜਾਂ ਬੇਸ਼ੱਕ ਅੱਜ ਤੱਕ ਇਸ ਦਾ ਕੋਈ ਇਲਾਜ ਨਹੀਂ ਲੱਭ ਸਕੀਆਂ ਪਰੰਤੂ ਇਸ ਦੀ ਛੂਤ ਫੈਲਣ ਦੇ ਕੁਝ ਕਾਰਨ ਸਾਹਮਣੇ ਲਿਆਉਣ ਵਿੱਚ ਜ਼ਰੂਰ ਸਫਲਤਾ ਹਾਸਲ ਕੀਤੀ ਹੈ। ਇਸ ਦਾ ਮੁੱਖ ਕਾਰਨ ਏਡਜ਼ ਰੋਗੀ ਨਾਲ ਲਿੰਗ ਸੰਬੰਧ ਮੰਨਿਆ ਗਿਆ ਹੈ। ਜਿਸ ਕਰਕੇ ਇਹ ਵਿਰੋਧੀ ਲਿੰਗ ਕਿਰਿਆ, ਸਮਲਿੰਗੀ ਕਿਰਿਆ, ਵੇਸਵਾਗਮਨੀ ਤੇ ਨਸ਼ੇਬਾਜ਼ੀ ਕਰਕੇ ਫੈਲਦਾ ਹੈ। ਇਸ ਦਾ ਦੂਜਾ ਕਾਰਨ ਖ਼ੂਨ ਦੀ ਲੋੜ ਵੇਲੇ ਮਨੁੱਖ ਨੂੰ ਏਡਜ਼ ਦੇ ਰੋਗੀ ਦਾ ਖ਼ੂਨ ਚੜ੍ਹਾਇਆ ਜਾਣਾ ਵੀ ਹੈ।ਤੀਜਾ ਕਾਰਨ ਏਡਜ਼ ਦੇ ਰੋਗੀ ਲਈ ਵਰਤੇ ਗਏ ਅਪਰੇਸ਼ਨ ਦੇ ਔਜ਼ਾਰਾਂ ਤੇ ਟੀਕਿਆਂ ਦੀਆਂ ਸੂਈਆਂ ਦੀ ਅਰੋਗ ਰੋਗੀਆਂ ਲਈ ਵਰਤੋਂ ਕਰਨਾ ਹੈ।ਇਸ ਦਾ ਚੌਥਾ ਕਾਰਨ ਜਨਮ ਲੈਣ ਵਾਲੇ ਬੱਚੇ ਦੀ ਮਾਂ ਏਡਜ਼ ਦੀ ਰੋਗਣ ਹੋਣਾ ਹੈ। ਇੰਜ ਇਹ ਬਿਮਾਰੀ ਏਡਜ਼ ਰੋਗੀ ਦੇ ਖ਼ੂਨ ਦੇ ਕਿਸੇ ਤਰ੍ਹਾਂ ਵੀ ਸੰਪਰਕ ਵਿੱਚ ਆਉਣ ਨਾਲ ਹੋ ਜਾਂਦੀ ਹੈ।


ਬਚਾਓ ਦੇ ਢੰਗ

ਅਜੇ ਤੱਕ ਚਕਿਤਸਾ ਵਿਗਿਆਨ ਦੀ ਕਿਸੇ ਵਿਵਸਥਾ ਨੂੰ ਇਸ ਦਾ ਕੋਈ ਇਲਾਜ ਨਹੀਂ ਲੱਭ ਸਕਿਆ ਤੇ ਨਾ ਹੀ ਇਸ ਤੋਂ ਅਗਾਉਂ ਬਚਾ ਕਰਨ ਲਈ ਕੋਈ ਦਵਾਈ ਲੱਭੀ ਜਾ ਸਕੀ ਹੈ।ਪਰ ਇਹ ਰੋਗ ਬੜੇ ਵਿਕਰਾਲ ਰੂਪ ਵਿੱਚ ਸੰਸਾਰ ਭਰ ਨੂੰ ਆਪਣੀ ਲਪੇਟ ਵਿੱਚ ਲੈਂਦਾ ਜਾ ਰਿਹਾ ਹੈ। ਇਸ ਕਰਕੇ ਹਰ ਇੱਕ ਮਨੁੱਖ ਦਾ ਫ਼ਰਜ਼ ਹੈ ਕਿ ਉੱਪਰ ਦਿੱਤੇ ਏਡਜ਼ ਦੇ ਰੋਗ ਫੈਲਣ ਦੇ ਕਾਰਨਾਂ ਤੋਂ ਪੂਰੀ ਤਰ੍ਹਾਂ ਖ਼ਬਰਦਾਰ ਹੋਣ ਤੇ ਆਪਣੀ ਜ਼ਿੰਦਗੀ ਨੂੰ ਸਾਫ਼-ਸੁਥਰੇ ਢੰਗ ਨਾਲ ਜੀਵੇ। ਇਸ ਦੇ ਨਾਲ ਹੀ ਮਨੁੱਖ ਨੂੰ ਬ੍ਰਹਮਚਰਯ ਦੀ ਪਾਲਣਾ ਤੇ ਉੱਚਾ-ਸੁੱਚਾ ਜੀਵਨ ਜੀਉਣ ਦੇ ਮਹੱਤਵ ਨੂੰ ਵੀ ਸਮਝਣਾ ਚਾਹੀਦਾ ਹੈ।


ਸਰਕਾਰ ਦੇ ਫ਼ਰਜ਼

ਇਸ ਦੇ ਨਾਲ ਹੀ ਸਰਕਾਰ ਦਾ ਵੀ ਫ਼ਰਜ਼ ਹੈ ਕਿ ਲੋਕਾਂ ਵਿੱਚ ਏਡਜ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਲਈ ਆਪਣੇ ਪ੍ਰਚਾਰ ਸਾਧਨਾਂ ਨਾਲ ਹਰ ਪੱਧਰ ਉੱਤੇ ਮੁਹਿੰਮ ਸ਼ੁਰੂ ਕਰੇ।ਲੋਕਾਂ ਨੂੰ ਇਸ ਦੇ ਫੈਲਣ ਦੇ ਕਾਰਨਾਂ ਤੇ ਉਨ੍ਹਾਂ ਤੋਂ ਬਚਾਓ ਦੇ ਸਾਧਨਾਂ ਤੋਂ ਸੁਚੇਤ ਕਰੇ। ਹਸਪਤਾਲਾਂ, ਪ੍ਰਾਈਵੇਟ ਡਾਕਟਰਾਂ, ਨੀਮ-ਡਾਕਟਰਾਂ ਦੁਆਰਾ ਖ਼ੂਨ ਚੜ੍ਹਾਉਣ ਵਿੱਚ ਤੇ ਡਾਕਟਰੀ ਔਜ਼ਾਰਾਂ ਤੇ ਸੂਈਆਂ ਦੀ ਪੁਨਰ-ਵਰਤੋਂ ਵਿੱਚ ਅਣਗਹਿਲੀ ਵਿਰੁੱਧ ਸਖ਼ਤ ਕਾਨੂੰਨ ਬਣਾਏ ਅਤੇ ਕਾਨੂੰਨੀ ਤੇ ਗ਼ੈਰ-ਕਾਨੂੰਨੀ ਵੇਸਵਾਗਮਨੀ ਵਿਰੁੱਧ ਸਖ਼ਤ ਕਾਰਵਾਈ ਕਰ ਕੇ ਇਸ ਨੂੰ ਬਿਲਕੁਲ ਖ਼ਤਮ ਕਰੇ। ਭਾਰਤ ਸਰਕਾਰ ਨੇ ਇਸ ਨੂੰ ਰੋਕਣ ਲਈ ਵਿਸ਼ੇਸ਼ ਯਤਨ ਸ਼ੁਰੂ ਕੀਤੇ ਹੋਏ ਹਨ।


ਖ਼ਤਰੇ ਦੀ ਘੰਟੀ

ਉੱਪਰ ਕੀਤੀ ਰਾਈ ਸਾਰੀ ਵਿਚਾਰ ਚਰਚਾ ਤੋਂ ਸਪਸ਼ਟ ਹੈ ਕਿ ਏਡਜ਼ ਇੱਕ ਭਿਆਨਕ ਮਹਾਮਾਰੀ ਹੈ, ਜੋ ਤੇਜ਼ੀ ਨਾਲ ਸੰਸਾਰ ਭਰ ਦੇ ਸਾਰੇ ਮਹਾਦੀਪਾਂ ਵਿੱਚ ਫੈਲ ਰਹੀ ਹੈ। ਇਹ ਮਨੁੱਖ ਨੂੰ ਚੁੱਪ-ਚਾਪ ਅੰਦਰੋ-ਅੰਦਰ ਖਾ ਜਾਂਦੀ ਹੈ ਤੇ ਇਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਮਿਲ ਸਕਿਆ। ਜੇਕਰ ਬਚਾਓ ਦਾ ਕੋਈ ਤਰੀਕਾ ਹੈ ਤਾਂ ਇਹੋ ਹੈ ਕਿ ਇਸ ਨੂੰ ਫੈਲਾਉਣ ਵਾਲੇ ਉੱਪਰ ਦਿੱਤੇ ਕਾਰਨਾਂ ਤੋਂ ਸੁਚੇਤ ਹੋ ਕੇ ਉਨ੍ਹਾਂ ਤੋਂ ਬਚਾਓ ਦੇ ਤਰੀਕਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਇਆ ਜਾਵੇ।


ਸਾਰੰਸ਼

ਇਸ ਤਰ੍ਹਾਂ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਦੇ ਫੈਲਣ ਦੇ ਕਾਰਨਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਸਰਕਾਰ ਨੂੰ ਵੀ ਲੋਕਾਂ ਨੂੰ ਇਸ ਲਾਇਲਾਜ ਬਿਮਾਰੀ ਪ੍ਰਤੀ ਟੀ. ਵੀ., ਅਖ਼ਬਾਰਾਂ ਆਦਿ ਰਾਹੀਂ ਪੂਰੀ ਮੁਹਿੰਮ ਚਲਾ ਕੇ ਸੁਚੇਤ ਕਰਨਾ ਚਾਹੀਦਾ ਹੈ। 


Post a Comment

0 Comments