ਤੁਹਾਡੇ ਇਲਾਕੇ ਵਿੱਚ ਲਾਵਾਰਸ ਪਸ਼ੂ ਸੜਕਾਂ 'ਤੇ ਘੁੰਮਦੇ ਰਹਿੰਦੇ ਹਨ। ਇਸ ਸਮੱਸਿਆ ਨੂੰ ਵਿਸਥਾਰ ਨਾਲ ਦੱਸਦਿਆਂ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪਰੀਖਿਆ ਭਵਨ,
ਸ਼ਹਿਰ।
16.03.20..
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਜਗ ਬਾਣੀ,
ਜਲੰਧਰ।
ਵਿਸ਼ਾ : ਲਾਵਾਰਸ ਪਸ਼ੂਆਂ ਨਾਲ ਸੰਬੰਧਤ ਸਮੱਸਿਆਵਾਂ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪਣੇ ਇਲਾਕੇ ਵਿੱਚ ਸੜਕਾਂ ਉੱਪਰ ਲਾਵਾਰਸ ਜਾਂ ਅਵਾਰਾ ਘੁੰਮਦੇ ਪਸ਼ੂਆਂ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਸੰਬੰਧੀ ਆਪਣੇ ਵਿਚਾਰ ਤੁਹਾਡੇ ਅਖ਼ਬਾਰ ਰਾਹੀਂ ਸੰਬੰਧਤ ਅਧਿਕਾਰੀਆਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੇ ਇਨ੍ਹਾਂ ਵਿਚਾਰਾਂ ਨੂੰ ਜ਼ਰੂਰ ਛਾਪੋਗੇ।
ਮੈਂ ਪੰਜਾਬ ਦੇ ਇੱਕ ਵੱਡੇ ਸ਼ਹਿਰ,...... ਦਾ ਵਾਸੀ ਹਾਂ। ਇਸ ਸ਼ਹਿਰ ਵਿੱਚ ਸੜਕਾਂ ਉੱਪਰ ਘੁੰਮਦੇ ਲਾਵਾਰਸ ਜਾਂ ਅਵਾਰਾ ਪਸ਼ੂਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਤੇ ਚੁਰਾਹਿਆਂ ਵਿੱਚ ਇਹ ਅਵਾਰਾ ਘੁੰਮਦੇ ਪਸ਼ੂ ਆਮ ਵੇਖੇ ਜਾ ਸਕਦੇ ਹਨ। ਇਨ੍ਹਾਂ ਪਸ਼ੂਆਂ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਨਾਲ ਹੁੰਦੇ ਹਾਦਸਿਆਂ ਦੀਆਂ ਖ਼ਬਰਾਂ ਅਕਸਰ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ।
ਅਵਾਰਾ ਪਸ਼ੂ ਜਦੋਂ ਅਚਾਨਕ ਕਿਸੇ ਸਾਈਕਲ, ਸਕੂਟਰ, ਕਾਰ ਜਾਂ ਬੱਸ ਅੱਗੇ ਆ ਜਾਂਦੇ ਹਨ ਤਾਂ ਇਸ ਨਾਲ ਆਵਾਜਾਈ ਵਿੱਚ ਬਹੁਤ ਵਿਘਨ ਪੈਂਦਾ ਹੈ। ਇਸੇ ਤਰ੍ਹਾਂ ਇਹ ਅਵਾਰਾ ਪਸ਼ੂ ਕਈ ਵਾਰ ਲੋਕਾਂ 'ਤੇ ਹਮਲਾ ਵੀ ਕਰ ਦਿੰਦੇ ਹਨ।ਇਸ ਨਾਲ ਕਈ ਵਿਅਕਤੀ ਹਸਪਤਾਲਾਂ ਵਿੱਚ ਵੀ ਜਾ ਚੁੱਕੇ ਹਨ।ਇਹ ਪਸ਼ੂ ਰੇਹੜੀ ਵਾਲਿਆਂ ਤੇ ਹੋਰ ਦੁਕਾਨਾਂ ਵਾਲਿਆਂ ਨੂੰ ਵੀ ਬਹੁਤ ਦੁਖੀ ਕਰਦੇ ਹਨ।ਕੋਈ ਮਨੁੱਖ ਵੀ ਅਵਾਰਾ ਪਸ਼ੂਆਂ ਨੂੰ ਕੁੱਟਣ ਤੋਂ ਗੁਰੇਜ਼ ਕਰਦਾ ਹੈ ਕਿਉਂਕਿ ਇਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ।
ਇੰਜ ਜਿਹੜੇ ਵੀ ਅਧਿਕਾਰੀਆਂ ਦੀ ਇਸ ਸੰਬੰਧੀ ਜ਼ਿੰਮੇਵਾਰੀ ਬਣਦੀ ਹੈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪਸ਼ੂਆਂ ਦੀ ਸੰਭਾਲ ਲਈ ਉਚਿਤ ਪ੍ਰਬੰਧ ਕਰਨ। ਥਾਂ-ਥਾਂ ਬਣੀਆਂ ਗਊਸ਼ਾਲਾਵਾਂ ਭਾਵੇਂ ਇਸ ਸੰਬੰਧੀ ਪ੍ਰਸੰਸਾਯੋਗ ਭੂਮਿਕਾ ਨਿਭਾ ਰਹੀਆਂ ਹਨ ਪਰ ਇਨ੍ਹਾਂ ਦੀ ਗਿਣਤੀ ਜਾਂ ਸਮਰੱਥਾ ਲੋੜ ਨਾਲੋਂ ਕਾਫ਼ੀ ਘੱਟ ਹੈ। ਪਸ਼ੂਆਂ ਨੂੰ ਲਾਵਾਰਸ ਬਣਾਉਣ ਵਾਲੇ ਮਾਲਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੇਵਲ ਰੁਪਏ ਦੇ ਲਾਲਚ ਵਿੱਚ ਬੁੱਢੇ ਅਤੇ ਬਿਮਾਰ ਪਸ਼ੂਆਂ ਨੂੰ ਅਵਾਰਾ ਨਾ ਛੱਡਣ ਬਲਕਿ ਇਨ੍ਹਾਂ ਨੂੰ ਅਖ਼ੀਰ ਤੱਕ ਸੰਭਾਲਣ ਦੀ ਜ਼ਿੰਮੇਵਾਰੀ ਸਮਝਣ। ਅਸੀਂ ਸਾਰੇ ਇਕੱਠੇ ਰਲ਼ ਕੇ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।
ਮੈਨੂੰ ਆਸ ਹੈ ਕਿ ਤੁਸੀਂ ਮੇਰੇ ਇਹ ਵਿਚਾਰ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ। ਇਸ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ
ਹੋਵਾਂਗਾ।
ਤੁਹਾਡਾ ਵਿਸ਼ਵਾਸ ਪਾਤਰ,
ੳ ਅ ੲ
0 Comments