ਤੁਹਾਡੇ ਇਲਾਕੇ ਵਿੱਚ ਮਿਲਾਵਟੀ ਵਸਤਾਂ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ। ਇਸ ਸੰਬੰਧੀ ਜ਼ਿਲ੍ਹਾ ਸਿਹਤ ਭਲਾਈ ਅਫ਼ਸਰ ਨੂੰ ਬਿਨੈ-ਪੱਤਰ ਲਿਖੋ।
ਪਰੀਖਿਆ ਭਵਨ,
- ਸ਼ਹਿਰ।
14.11.20...
ਸੇਵਾ ਵਿਖੇ,
ਜ਼ਿਲ੍ਹਾ ਸਿਹਤ ਭਲਾਈ ਅਫ਼ਸਰ,
ਸ਼ਹਿਰ।
ਵਿਸ਼ਾ: ਰਾਜ ਨਗਰ ਇਲਾਕੇ ਵਿੱਚ ਵਿਕਦੀਆਂ ਮਿਲਾਵਟੀ ਵਸਤਾਂ ਸੰਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਸਾਡੇ ਮੁਹੱਲੇ ਰਾਜ ਨਗਰ ਵਿਚਲੀਆਂ ਲਗਪਗ ਸਾਰੀਆਂ ਦੁਕਾਨਾਂ 'ਤੇ ਹੀ ਆਮ ਵਰਤੋਂ ਵਾਲੀਆਂ ਮਿਲਾਵਟੀ ਵਸਤਾਂ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ। ਜਦੋਂ ਕੋਈ ਵਿਅਕਤੀ ਦੁਕਾਨਦਾਰਾਂ ਨਾਲ ਇਨ੍ਹਾਂ ਵਸਤਾਂ ਵਿਚਲੀ ਮਲਾਵਟ ਸੰਬੰਧੀ ਗੱਲ ਕਰਦਾ ਹੈ ਤਾਂ ਉਹ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੇ ਤੇ ਗੱਲੀਂ-ਬਾਤੀਂ ਗਾਹਕ ਨੂੰ ਧਮਕਾਉਂਦੇ ਵੀ ਹਨ। ਇਸ ਸੰਬੰਧੀ ਜਦੋਂ ਕੁਝ ਲੋਕਾਂ ਨੇ ਇਕੱਠੇ ਹੋ ਕੇ ਸੰਬੰਧਤ ਛੋਟੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਅਹਿਸਾਸ ਹੋਇਆ ਕਿ ਇਹ ਸਾਰੇ ਆਪਸ ਵਿੱਚ ਰਲੇ ਹੋਏ ਹਨ।
ਤੁਸੀਂ ਆ ਕੇ ਵੇਖੋਗੇ ਕਿ ਇੱਥੇ ਹਰ ਦੁਕਾਨ 'ਤੇ ਮਿਲਦੇ ਆਟੇ, ਦਾਲਾਂ, ਚਾਵਲਾਂ, ਮਸਾਲਿਆਂ, ਦੁੱਧ, ਦੁੱਧ ਤੋਂ ਬਣੀਆਂ ਮਿਠਿਆਈਆਂ, ਪਨੀਰ ਕੀ-ਕੀ ਦੱਸੀਏ ਮਿਲਦਾ ਹੀ ਸਾਰਾ ਕੁਝ ਮਿਲਾਵਟੀ ਹੈ। ਮਿਲਾਵਟੀ ਵਸਤਾਂ ਖਾ-ਖਾ ਕੇ ਲੋਕਾਂ ਨੂੰ ਬਿਮਾਰੀਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਆਉਂਦੇ ਦਿਨਾਂ ਵਿੱਚ ਆ ਰਹੇ ਤਿਉਹਾਰਾਂ ਕਾਰਨ ਮਿਲਾਵਟੀ ਵਸਤਾਂ ਦੇ ਵਧਣ ਦੀ ਹੋਰ ਸੰਭਾਵਨਾ ਹੈ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਇਸ ਸਮੱਸਿਆ ਵੱਲ ਉਚੇਚਾ ਧਿਆਨ ਦੇ ਕੇ ਇਸ ਦਾ ਹੱਲ ਕਰੋਗੇ। ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਸੁਹਿਰਦ ਯਤਨਾਂ ਨਾਲ ਮੁਹੱਲੇ ਵਾਸੀਆਂ ਨੂੰ ਇਨਸਾਫ਼ ਮਿਲਣ ਦੀ ਪੂਰੀ ਉਮੀਦ ਹੈ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ ਪਾਤਰ,
ਕ ਖ ਗ
ਅਤੇ ਸਮੂਹ ਮੁਹੱਲਾ ਵਾਸੀ
0 Comments