ਤਿੰਨ ਠੱਗ
ਇਕ ਬ੍ਰਾਹਮਣ ਨੂੰ ਕਿਸੇ ਜਜਮਾਨ ਨੇ ਦਾਨ ਵਿਚ ਇਕ ਬੱਕਰੀ ਦਿੱਤੀ। ਬ੍ਰਾਹਮਣ ਬੜਾ ਹੀ ਸਿੱਧਾ-ਸਾਦਾ ਤੇ ਪ੍ਰਭੂ ਭਗਤ ਸੀ। ਉਹ ਜੰਗਲ ਵਿਚੋਂ ਲੰਘ ਰਿਹਾ ਸੀ। ਜੰਗਲ ਦੇ ਉਸ ਰਸਤੇ 'ਤੇ ਤਿੰਨ ਠੱਗਾਂ ਦਾ ਸਾਮਰਾਜ ਸੀ। ਉਹ ਏਨੇ ਚਲਾਕ ਸਨ ਕਿ ਗੱਲਾਂ ਵਿਚ ਹੀ ਲੋਕਾਂ ਨੂੰ ਠੱਗ ਲਿਆ ਕਰਦੇ ਸਨ।
ਸਿਆਣਿਆਂ ਨੇ ਕਿਹਾ ਹੈ ਕਿ ਯਾਤਰਾ ਕਰਦੇ ਜਾਂ ਰਾਹ ਜਾਂਦਿਆਂ ਜੇਕਰ ਕੋਈ ਵਿਅਕਤੀ ਜਬਰਦਸਤੀ ਨੇੜੇ ਆਵੇ ਤਾਂ ਨਾ ਸਹਿਜ ਰੂਪ ਵਿਚ ਉਹਦੀਆਂ ਗੱਲਾਂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਨਾ ਹੀ ਆਪਣਾ ਭੇਤ ਦੱਸਣਾ ਚਾਹੀਦਾ ਹੈ। ਪਰ ਇਨਸਾਨ ਇਸ ਸਿੱਖਿਆ ਨੂੰ ਯਾਦ ਨਹੀਂ ਕਰਦਾ ਅਤੇ ਧੋਖਾ ਖਾਂਦਾ ਹੈ।
ਅਜਿਹਾ ਹੀ ਧੋਖਾ ਖਾਧਾ ਗਿਆਨੀ ਧਿਆਨੀ ਪੰਡਤ ਤੋਤਾ ਰਾਮ ਨੇ। ਪੰਡਤ ਤੋਤਾ ਰਾਮ ਆਪਣੀ ਬੱਕਰੀ ਲੈ ਕੇ ਜਾ ਰਿਹਾ ਸੀ ਕਿ ਜੰਗਲ ਵਿਚ ਲੁਕੇ ਤਿੰਨਾਂ ਠੱਗਾਂ ਨੇ ਉਸ ਨੂੰ ਵੇਖ ਲਿਆ। ਬ੍ਰਾਹਮਣ ਕੋਲ ਦੁੱਧ ਦੇਣ ਵਾਲੀ ਮੋਟੀ ਤਾਜ਼ੀ ਬੱਕਰੀ ਵੇਖ ਕੇ ਉਨ੍ਹਾਂ ਦੇ ਮੂੰਹ ਵਿਚ ਪਾਣੀ ਆ ਗਿਆ।
ਠੱਗਾਂ ਦੇ ਸਰਦਾਰ ਨੇ ਆਪਣੇ ਦੋਹਾਂ ਸਾਥੀਆਂ ਨੂੰ ਆਪਣੀ ਯੋਜਨਾ ਦੱਸੀ ਕਿ ਬੱਕਰੀ ਕਿਵੇਂ ਹਾਸਿਲ ਕੀਤੀ ਜਾ ਸਕਦੀ ਹੈ। ਉਸ ਨੂੰ ਸੁਣ ਕੇ ਠੱਗ ਖ਼ੁਸ਼ੀ ਖ਼ੁਸ਼ੀ ਨੱਚਣ ਲੱਗ ਪਏ। ਯੋਜਨਾ ਅਨੁਸਾਰ ਤਿੰਨੇ ਠੱਗ ਵੱਖਰੀ- ਵੱਖਰੀ ਥਾਂ 'ਤੇ ਜਾ ਖਲੋਤੇ। ਫਿਰ ਜਿਵੇਂ ਹੀ ਪੰਡਤ ਤੋਤਾ ਰਾਮ ਉਨ੍ਹਾਂ ਠੱਗਾਂ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਬੜੀ ਸ਼ਰਧਾ ਨਾਲ ਝੁਕ ਕੇ ਪ੍ਰਣਾਮ ਕੀਤਾ। ਇਕ ਨੇ ਆਖਿਆ-‘ਰਾਮ ਰਾਮ ਪੰਡਤ ਜੀ !”
“ਪੈਰੀਂ ਪੈਨਾਂ ਮਹਾਰਾਜ !” ਦੂਸਰਾ ਠੱਗ ਬੋਲਿਆ।
“ਰਾਮ...ਰਾਮ ਭਰਾਵੋ...ਰਾਮ ਰਾਮ...ਸਦਾ ਸੁਖੀ ਰਹੋ। ਅਨੰਦ ਮਾਣੋ।” ਪੰਡਤ ਜੀ ਹੱਥ ਉਪਰ ਕਰਕੇ ਬੋਲੇ।
ਪੰਡਤ ਜੀ ! ਆਹ ਕੁੱਤਾ ਕਿਥੇ ਲਈ ਜਾ ਰਹੇ ਓ ?”
“ਮੂਰਖ ਇਨਸਾਨ।”ਸੁਣਦਿਆਂ ਹੀ ਪੰਡਤ ਜੀ ਨੂੰ ਗੁੱਸਾ ਚੜ੍ਹ ਗਿਆ— “ਇਹ ਕੁੱਤਾ ਨਹੀਂ, ਬੱਕਰੀ ਹੈ। ਪਿੰਡ ਦੇ ਮੁਖੀਆ ਨੇ ਮੈਨੂੰ ਦਾਨ ਵਿਚ ਦਿੱਤੀ ਹੈ।”
“ਪੰਡਤ ਜੀ, ਲੱਗਦਾ ਏ ਤੁਹਾਡੇ ਨਾਲ ਧੋਖਾ ਹੋਇਆ ਹੈ।” “ਧੋਖਾ ਕਿਵੇਂ ?”
“ਇਹੋ ਕਿ ਤੁਹਾਨੂੰ ਬੱਕਰੀ ਦੀ ਜਗ੍ਹਾ ਕੁੱਤਾ ਦਾਨ ਵਿਚ ਦਿੱਤਾ ਗਿਆ ਹੈ।”
“ਕੀ ਇਹ ਕੁੱਤਾ ਹੈ ?” ਤੋਤਾ ਰਾਮ ਸੋਚੀਂ ਪੈ ਗਿਆ। ਉਹ ਕਦੇ ਬੱਕਰੀ ਵੱਲ ਤੇ ਕਦੇ ਉਨ੍ਹਾਂ ਦੋਵਾਂ ਠੱਗਾਂ ਵੱਲ ਵੇਖਣ ਲੱਗਾ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਬੰਦਾ ਸ਼ੱਕ ਦੇ ਘੇਰੇ ਵਿਚ ਫਸ ਕੇ ਆਪਣੀ ਅਕਲ ਤੋਂ ਵੀ ਹੱਥ ਧੋ ਬਹਿੰਦਾ ਹੈ।
“ਨਹੀਂ..ਨਹੀਂ...ਇਹ ਬੱਕਰੀ ਹੈ। ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ।” ਕਹਿ ਕੇ ਪੰਡਤ ਤੋਤਾ ਰਾਮ ਤੇਜ਼ੀ ਨਾਲ ਅੱਗੇ ਵਧ ਗਿਆ। ਤੋਤਾ ਰਾਮ ਆਪਣੀ ਬੱਕਰੀ ਲੈ ਕੇ ਥੋੜ੍ਹਾ ਅੱਗੇ ਹੀ ਗਿਆ ਸੀ ਕਿ ਅੱਗੇ ਖਲੋਤੇ ਤੀਜੇ ਠੱਗ ਨੇ ਉਸ ਨੂੰ ਆਖਿਆ—“ਪੰਡਤ ਜੀ ! ਅੱਜ ਇਹ ਕੀ ਲੈ ਕੇ ਜਾ ਰਹੇ ਹੋ ?”
ਬੱਕਰੀ ਏ ਭਰਾਵਾ,ਦਾਨ ਵਿਚ ਮਿਲੀ ਹੈ।”
“ਕਮਾਲ ਏ ਪੰਡਤ ਜੀ ! ਹੁਣ ਤੁਹਾਨੂੰ ਬੱਕਰੀ ਤੇ ਕੁੱਤੇ ਵਿਚ ਫ਼ਰਕ ਵੀ ਨਜ਼ਰ ਨਹੀਂ ਆਉਂਦਾ। ਅਜੇ ਤੁਹਾਡੀ ਨਜ਼ਰ ਏਨੀ ਵੀ ਕਮਜ਼ੋਰ ਤਾਂ ਨਹੀਂ ਹੋਈ।
“ਇਹ ਤੁਸੀਂ ਕੀ ਕਹਿ ਰਹੇ ਓ, ਬੱਕਰੀ ਨੂੰ ਕੁੱਤਾ ਕਹਿੰਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ।”
“ਸ਼ਰਮ ਤਾਂ ਉਸ ਆਦਮੀ ਨੂੰ ਆਉਣੀ ਚਾਹੀਦੀ ਏ ਜੀਹਨੇ ਤੁਹਾਨੂੰ ਧੋਖਾ ਦਿੱਤਾ ਏ। ਗ਼ਰੀਬ ਬ੍ਰਾਹਮਣ ਨੂੰ ਸਿੱਧਾ-ਸਾਦਾ ਜਾਣ ਕੇ ਬੱਕਰੀ ਦੀ ਥਾਂ ਕੁੱਤਾ ਹੀ ਦਾਨ ਵਿਚ ਦੇ ਦਿੱਤਾ। ਰਾਮ...ਰਾਮ...ਕਿਹੋ ਜਿਹਾ ਸਮਾਂ ਆ ਗਿਆ ਏ... ਲੋਕ ਬ੍ਰਾਹਮਣਾਂ ਦੇ ਨਾਲ ਵੀ ਧੋਖਾ ਕਰਨ ਲੱਗ ਪਏ ਹਨ।”
“ਭਰਾ ਇਹ ਤਾਂ ਬੱਕਰੀ ਏ ਬੱਕਰੀ।” ਪੰਡਤ ਉੱਚੀ ਉੱਚੀ ਬੋਲਣ ਲੱਗਾ। ਦਰਸਅਲ ਹੁਣ ਉਹਦਾ ਆਪਣਾ ਵਿਸ਼ਵਾਸ ਕਮਜ਼ੋਰ ਹੁੰਦਾ ਜਾ ਰਿਹਾ ਸੀ।
“ਪੰਡਤ ਜੀ ! ਤੁਹਾਡੇ ਚੀਕਣ ਨਾਲ ਕੁੱਤੇ ਨੇ ਬੱਕਰੀ ਤਾਂ ਨਹੀਂ ਬਣ ਜਾਣਾ। ਫਿਰ ਅਸੀਂ ਤੁਹਾਡੇ ਅਤੇ ਤੁਹਾਨੂੰ ਮਿਲੇ ਦਾਨ ਤੋਂ ਕੀ ਲੈਣਾ ਦੇਣਾ ਹੈ। ਅਸੀਂ ਤਾਂ ਜੋ ਵੇਖ ਰਹੇ ਹਾਂ, ਉਹੀ ਕਹਿ ਰਹੇ ਹਾਂ।”
ਹੁਣ ਪੰਡਤ ਤੋਤਾ ਰਾਮ ਨੂੰ ਵਿਸ਼ਵਾਸ ਹੋ ਗਿਆ ਕਿ ਉਸਦੇ ਨਾਲ ਧੋਖਾ ਹੋਇਆ ਹੈ। ਉਹਨੇ ਗ਼ੁੱਸੇ ਵਿਚ ਆ ਕੇ ਬੱਕਰੀ ਨੂੰ ਜੰਗਲ ਵਿਚ ਹੀ ਛੱਡ ਦਿੱਤਾ ਤੇ ਪਿੰਡ ਦੇ ਮੁਖੀਆ ਨੂੰ ਮਾੜਾ-ਚੰਗਾ ਬੋਲਦਾ ਹੋਇਆ ਆਪਣੇ ਘਰ ਵੱਲ ਤੁਰ ਪਿਆ। ਇਸ ਤਰ੍ਹਾਂ ਠੱਗਾਂ ਨੇ ਆਪਣੀ ਚਲਾਕੀ ਨਾਲ ਪੰਡਤ ਤੋਂ ਬੱਕਰੀ ਲੈ ਲਈ।
0 Comments