ਸਿੰਗ ਚੰਗੇ ਜਾਂ ਪੈਰ
ਇਕ ਵਾਰ ਇਕ ਬਾਰਾਸਿੰਗਾ ਤਲਾਬ ਦੇ ਕੰਢੇ ਪਾਣੀ ਪੀ ਰਿਹਾ ਸੀ। ਉਸਨੂੰ ਪਾਣੀ ਵਿਚ ਆਪਣਾ ਅਕਸ ਨਜ਼ਰ ਆਇਆ। ਆਪਣੇ ਸਿੰਗਾਂ ਨੂੰ ਵੇਖ ਕੇ ਉਹ ਸੋਚਣ ਲੱਗਾ-ਮੇਰੇ ਸਿੰਗ ਕਿੰਨੇ ਸੋਹਣੇ ਨੇ। ਕਿਸੇ ਹੋਰ ਜਾਨਵਰ ਦੇ ਸਿੰਗ ਏਨੇ ਸੋਹਣੇ ਨਹੀਂ ਹਨ।
ਉਸ ਤੋਂ ਬਾਅਦ ਉਹਦੀ ਨਜ਼ਰ ਆਪਣੇ ਪੈਰਾਂ 'ਤੇ ਪਈ।ਆਪਣੇ ਸੁੱਕੇ ਤੇ ਪਤਲੇ ਜਹੇ ਪੈਰ ਵੇਖ ਕੇ ਉਹਨੂੰ ਬੇਹੱਦ ਦੁਖ ਹੋਇਆ। ਉਹਨੇ ਸੋਚਿਆ—ਮੇਰੇ ਪੈਰ ਕਿੰਨੇ ਕਮਜ਼ੋਰ ਤੇ ਬਦਸੂਰਤ ਹਨ। ਉਸ ਸਮੇਂ ਉਸਨੂੰ ਆਸੇ-ਪਾਸੇ ਕਿਤਿਓਂ ਸ਼ੇਰ ਦੇ ਗਰਜਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਹ ਡਰ ਕੇ ਤੇਜ਼ ਤੇਜ਼ ਦੌੜਿਆ। ਉਹਨੇ ਪਿਛਾਂਹ ਮੁੜ ਕੇ ਵੇਖਿਆ ਤਾਂ ਸ਼ੇਰ ਉਹਦੇ ਮਗਰ ਲੱਗ ਚੁੱਕਾ ਸੀ।
ਉਹ ਆਪਣੀ ਚਾਲ ਹੌਲੀ ਕਰਕੇ ਸਾਵਧਾਨੀ ਨਾਲ ਅੱਗੇ ਵਧਣ ਲੱਗਾ। ਅਚਾਨਕ ਉਹਦੇ ਸਿੰਗ ਇਕ ਦਰਖ਼ਤ ਦੀਆਂ ਟਾਹਣੀਆਂ 'ਚ ਫਸ ਗਏ। ਬਾਰਾਂਸਿੰਗਾ ਨੇ ਆਪਣੇ ਸਿੰਗ ਛੁਡਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਨਾ ਨਿਕਲੇ।
ਉਸਨੇ ਸੋਚਿਆ—ਓਹੋ ! ਮੈਂ ਆਪਣੇ ਕਮਜ਼ੋਰ ਤੇ ਭੱਦੇ ਪੈਰ ਵੇਖ ਕੇ ਰੋ ਰਿਹਾ ਸਾਂ। ਪਰ ਉਨ੍ਹਾਂ ਪੈਰਾਂ ਨੇ ਸ਼ੇਰ ਤੋਂ ਬਚਣ ਵਿਚ ਮੇਰੀ ਸਹਾਇਤਾ ਕੀਤੀ। ਪਰ ਆਪਣੇ ਸਿੰਗਾਂ ਦੀ ਜਿਹੜੀ ਮੈਂ ਤਾਰੀਫ਼ ਕੀਤੀ ਸੀ, ਸ਼ਾਇਦ ਉਹ ਹੀ ਹੁਣ ਮੇਰੀ ਮੌਤ ਦਾ ਕਾਰਨ ਬਣਨ ਵਾਲੇ ਹਨ।
ਏਨੇ ਵਿਚ ਸ਼ੇਰ ਵੀ ਦੌੜਦਾ ਹੋਇਆ ਉਥੇ ਆ ਪੁੱਜਾ ਤੇ ਉਹਨੇ ਬਾਰਾਂਸਿੰਗਾਂ ਨੂੰ ਮਾਰ ਦਿੱਤਾ।
0 Comments