Punjabi Moral Story 'Murakh Kaun' 'ਮੂਰਖ ਕੌਣ ' for Kids and Students.

ਮੂਰਖ ਕੌਣ ?

ਇਕ ਵਾਰ ਇਕ ਰਾਹੀ ਨੇ ਜੰਗਲ ਵਿਚ ਲੰਘਦੇ ਸਮੇਂ ਇਕ ਅਜਿਹਾ ਪੰਛੀ ਵੇਖਿਆ ਜਿਹੜਾ ਸੋਨੇ ਦੀ ਬਿੱਠ ਕਰਦਾ ਸੀ। ਉਸ ਨੂੰ ਬੜੀ ਹੈਰਾਨੀ ਹੋਈ ਕਿ ਕੀ ਇਹ ਸੰਭਵ ਹੈ ? ਪਰ ਸੱਚ ਉਹਦੇ ਸਾਹਮਣੇ ਸੀ।

ਜਦੋਂ ਉਹ ਨੇੜਲੇ ਪਿੰਡ ਵਿਚ ਪਹੁੰਚਿਆ ਤਾਂ ਇਹ ਗੱਲ ਉਸ ਨੇ ਪਿੰਡ ਵਾਲਿਆਂ ਨੂੰ ਦੱਸੀ। ਇਹ ਜਾਣ ਕੇ ਲੋਕਾਂ ਨੂੰ ਬੜੀ ਹੈਰਾਨੀ ਹੋਈ।

ਉਸੇ ਪਿੰਡ ਵਿਚ ਇਕ ਕਾਲੂ ਰਾਮ ਨਾਂ ਦਾ ਸ਼ਿਕਾਰੀ ਰਹਿੰਦਾ ਸੀ। ਉਸਨੇ ਜਦ ਇਸ ਪੰਛੀ ਬਾਰੇ ਸੁਣਿਆ ਤਾਂ ਉਸਦੇ ਮਨ ਵਿਚ ਲੋਭ ਪੈਦਾ ਹੋ ਗਿਆ। ਉਸਨੇ ਦ੍ਰਿੜ੍ਹ ਨਿਸ਼ਚਾ ਕਰ ਲਿਆ ਕਿ ਇਸ ਪੰਛੀ ਨੂੰ ਫੜਿਆ ਜਾਵੇ।

ਦੂਸਰੇ ਦਿਨ ਉਹ ਆਪਣਾ ਜਾਲ ਆਦਿ ਲੈ ਕੇ ਜੰਗਲ ਵੱਲ ਤੁਰ ਪਿਆ। ਜੰਗਲ ਵਿਚ ਪਹੁੰਚ ਕੇ ਉਸਨੇ ਸਭ ਤੋਂ ਪਹਿਲਾਂ ਉਸ ਦਰਖ਼ਤ ਦੀ ਭਾਲ ਕੀਤੀ, ਜਿਸ 'ਤੇ ਸੋਨੇ ਦੀ ਬਿੱਠ ਕਰਨ ਵਾਲਾ ਪੰਛੀ ਰਹਿੰਦਾ ਸੀ। ਇਸ ਕੰਮ ਵਿਚ ਉਸ ਨੂੰ ਜ਼ਿਆਦਾ ਦੇਰ ਨਾ ਲੱਗੀ। ਉਸਨੇ ਦੂਰੋਂ ਚਮਕਦੇ ਸੋਨੇ ਨੂੰ ਤੱਕ ਕੇ ਇਹ ਅੰਦਾਜ਼ਾ ਲਾ ਲਿਆ ਕਿ ਇਹ ਉਹੀ ਦਰਖ਼ਤ ਹੋ ਸਕਦਾ ਹੈ, ਜਿਸ ’ਤੇ ਸੋਨੇ ਦੀ ਬਿੱਠ ਕਰਨ ਵਾਲਾ ਪੰਛੀ ਰਹਿੰਦਾ ਹੋਵੇਗਾ।

ਉਸਨੇ ਇਸ ਦਰਖ਼ਤ ਦੇ ਕੋਲ ਪਹੁੰਚਦਿਆਂ ਹੀ ਆਪਣਾ ਜਾਲ ਵਿਛਾਅ ਦਿੱਤਾ। ਪੰਛੀ ਨੂੰ ਉਸ ਜਾਲ ਵਿਚ ਫਸਦਿਆਂ ਦੇਰ ਨਾ ਲੱਗੀ ਤੇ ਸ਼ਿਕਾਰੀ ਉਸ ਨੂੰ ਫੜ ਕੇ ਖ਼ੁਸ਼ੀ ਖ਼ੁਸ਼ੀ ਝੂਮਦਾ ਹੋਇਆ ਆਪਣੇ ਘਰ ਲੈ ਆਇਆ।

ਪਰਿਵਾਰ ਦੇ ਲੋਕਾਂ ਨੇ ਜਿਉਂ ਹੀ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਦੇਖਿਆ ਤਾਂ ਉਹ ਖ਼ੁਸ਼ੀ ਨਾਲ ਝੂਮ ਉੱਠੇ। ਕਾਲੂ ਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਦੀ ਸੀ ਕਿ ਹੁਣ ਉਸਦੇ ਆਪਣੇ ਹੀ ਘਰ ਵਿਚ ਸੋਨਾ ਪੈਦਾ ਹੋਣ ਲੱਗੇਗਾ ਅਤੇ ਕੁਝ ਹੀ ਦਿਨਾਂ ਵਿਚ ਉਹ ਸਭ ਤੋਂ ਜ਼ਿਆਦਾ ਅਮੀਰ ਬਣ ਜਾਵੇਗਾ।

ਹੋਇਆ ਵੀ ਇਹੀ। ਸ਼ਿਕਾਰੀ ਪਹਿਲਾਂ ਤਾਂ ਜੰਗਲ ਵਿਚੋਂ ਸਾਰਾ ਸੋਨਾ ਚੁੱਕ ਕੇ ਲੈ ਆਇਆ, ਫਿਰ ਹੌਲੀ-ਹੌਲੀ ਕਾਫ਼ੀ ਸੋਨਾ ਜਮ੍ਹਾ ਹੋ ਗਿਆ। ਇੰਨਾ ਸੋਨਾ ਵੇਖ ਕੇ ਸ਼ਿਕਾਰੀ ਡਰਨ ਲੱਗਾ। ਉਸ ਨੂੰ ਇਸ ਗੱਲ ਦਾ ਡਰ ਸੀ ਕਿ ਜੇ ਰਾਜੇ ਦੇ ਕੰਨਾਂ ਤਕ ਇਹ ਖ਼ਬਰ ਪੁੱਜ ਗਈ ਕਿ ਮੇਰੇ ਕੋਲ ਇੰਨਾ ਸੋਨਾ ਜਮ੍ਹਾ ਹੈ ਤਾਂ ਉਹ ਸੋਨੇ ਦੇ ਨਾਲ-ਨਾਲ ਮੇਰੀ ਜਾਨ ਵੀ ਲੈ ਸਕਦਾ ਹੈ।

ਇਸ ਡਰ ਕਾਰਨ ਸ਼ਿਕਾਰੀ ਨੇ ਫ਼ੈਸਲਾ ਕੀਤਾ ਕਿ ਉਹ ਇਹ ਸੋਨੇ ਦੀ ਬਿੱਠ ਕਰਨ ਵਾਲਾ ਪੰਛੀ ਰਾਜੇ ਨੂੰ ਹੀ ਦੇ ਦੇਵੇਗਾ, ਕਿਉਂਕਿ ਉਸਦੇ ਕੋਲ ਬਹੁਤ ਸੋਨਾ ਜਮ੍ਹਾ ਹੋ ਗਿਆ ਸੀ। ਹੋਰ ਸੋਨਾ ਉਸਨੇ ਕਰਨਾ ਵੀ ਕੀ ਹੈ ?

ਅਗਲੇ ਹੀ ਦਿਨ ਉਹ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਲੈ ਕੇ ਰਾਜੇ ਦੇ ਦਰਬਾਰ ਵਿਚ ਜਾ ਪਹੁੰਚਿਆ। ਉਸਨੇ ਰਾਜੇ ਦੇ ਸਾਹਮਣੇ ਉਸ ਪੰਛੀ ਨੂੰ ਪੇਸ਼ ਕਰਦੇ ਹੋਏ ਆਖਿਆ—ਮਹਾਰਾਜ ! ਇਹ ਤੁਹਾਡੇ ਲਈ ਹੈ।”

“ਕਾਲੂ ਦੇ ਬੱਚੇ, ਤੈਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦਾ ਗੰਦਾ ਪੰਛੀ ਸਾਨੂੰ ਭੇਟ ਕਰਦਿਆਂ। ਕੀ ਤੂੰ ਏਨਾ ਪਾਗ਼ਲ ਹੋ ਗਿਆਂ ਜੋ ਇਹ ਵੀ ਨਹੀਂ ਜਾਣਦਾ ਕਿ ਰਾਜਿਆਂ ਨੂੰ ਸਿਰਫ਼ ਸੋਨਾ-ਚਾਂਦੀ ਹੀ ਭੇਟ ਕੀਤਾ ਜਾਂਦਾ ਹੈ।” ਉਸਦੀ ਬਦਤਮੀਜ਼ੀ ਵੇਖ ਕੇ ਰਾਜਾ ਚੀਕਿਆ।

“ਮਹਾਰਾਜ ! ਇਹ ਕੋਈ ਸਾਧਾਰਨ ਪੰਛੀ ਨਹੀਂ, ਬਲਕਿ ਖ਼ੁਦ ਸੋਨੇ ਦੀ ਖਾਨ ਹੈ।”

“ਤੂੰ ਕਿਤੇ ਪਾਗ਼ਲ ਤਾਂ ਨਹੀਂ ਹੋ ਗਿਆ। ਇਹ ਕਾਲਾ-ਕਲੂਟਾ ਪੰਛੀ ਸੋਨੇ ਦੀ ਖਾਨ ?”

“ਮਹਾਰਾਜ ! ਇਹਦੀ ਸ਼ਕਲ 'ਤੇ ਨਾ ਜਾਓ। ਅਸਲ ਵਿਚ ਇਹ ਪੰਛੀ ਸੋਨੇ ਦੀ ਬਿੱਠ ਕਰਦਾ ਹੈ।”

 “ਇਹ ਤੂੰ ਕੀ ਕਹਿ ਰਿਹਾ ਹੈਂ ? ਕੀ ਇਹ ਸੰਭਵ ਹੈ ?”

“ਜੀ ਮਹਾਰਾਜ, ਹੱਥ ਕੰਗਣ ਨੂੰ ਆਰਸੀ ਕੀ...ਹੁਣੇ ਥੋੜ੍ਹੀ ਦੇਰ ਬਾਅਦ ਜਦੋਂ ਇਹ ਬਿੱਠ ਕਰੇਗਾ ਤਾਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਿਉ।”

ਥੋੜ੍ਹੀ ਦੇਰ ਬਾਅਦ ਹੀ ਉਸ ਪੰਛੀ ਨੇ ਰਾਜੇ ਦੇ ਸਾਹਮਣੇ ਸੋਨੇ ਦੀ ਬਿੱਠ ਕਰ ਦਿੱਤੀ ਤਾਂ ਰਾਜੇ ਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ। ਉਹ ਸੋਚਾਂ ਵਿਚ ਪੈ ਗਿਆ ਕਿ ਅਜਿਹਾ ਸੰਭਵ ਹੋ ਸਕਦਾ ਹੈ ?

ਰਾਜੇ ਨੇ ਉਸੇ ਸਮੇਂ ਆਪਣੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਦੱਸਿਆ— “ਮੰਤਰੀ ਜੀ ! ਇਹ ਪੰਛੀ ਸੋਨੇ ਦੀ ਬਿੱਠ ਕਰਦਾ ਹੈ।”

ਰਾਜੇ ਦੀ ਗੱਲ ਸੁਣ ਕੇ ਪ੍ਰਧਾਨ ਮੰਤਰੀ ਹੱਸਣ ਲੱਗਿਆ। “ਮੰਤਰੀ ਜੀ !” ਰਾਜਾ ਕ੍ਰੋਧਿਤ ਹੋ ਉੱਠਿਆ।

“ਮਾਫ਼ ਕਰਿਓ ਮਹਾਰਾਜ ! ਮੈਂ ਤੁਹਾਡੇ ਭੋਲੇਪਣ ’ਤੇ ਹੱਸ ਰਿਹਾ ਹਾਂ। ਤੁਸੀਂ ਇਕ ਸ਼ਿਕਾਰੀ ਦੀ ਗੱਲ 'ਤੇ ਵਿਸ਼ਵਾਸ ਕਰ ਲਿਆ।” “ਪਰ ਇਸ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਬਿੱਠ ਕੀਤੀ ਹੈ।” “ਜੇਕਰ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਸਾਨੂੰ ਇਕ ਵਾਰ ਸੋਚਣਾ ਪਵੇਗਾ ਕਿ ਇਹ ਆਦਮੀ ਕਿਹੜੀ ਚਾਲ ਚੱਲ ਕੇ ਸਾਨੂੰ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਤੋਹਫ਼ੇ ਵਜੋਂ ਦੇਣ ਆਇਆ ਹੈ। ਭਲਾ ਕੌਣ ਏਨਾ ਮੂਰਖ ਹੋਵੇਗਾ ਜਿਹੜਾ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਆਪਣੇ ਆਪ ਤੋਹਫ਼ੇ ਵਜੋਂ ਦੇਣ ਲਈ ਆਵੇਗਾ ?”

ਮੰਤਰੀ ਦੀ ਗੱਲ ਸੁਣ ਕੇ ਰਾਜਾ ਵੀ ਸੋਚਾਂ ਵਿਚ ਪੈ ਗਿਆ ਤੇ ਮੰਤਰੀ ਵੱਲ ਵੇਖ ਕੇ ਬੋਲਿਆ—“ਤੁਸੀਂ ਠੀਕ ਕਹਿੰਦੇ ਹੋ। ਅਸਲ ਵਿਚ ਮੈਂ ਹੀ ਮੂਰਖ ਹਾਂ ਜੋ ਇਸ ਆਦਮੀ ਦੀਆਂ ਗੱਲਾਂ 'ਚ ਆ ਗਿਆ। ਲੱਗਦਾ ਹੈ ਇਹ ਆਦਮੀ ਕੋਈ ਚਾਲਬਾਜ਼ ਹੈ। ਹੁਣ ਸਾਡੇ ਸਾਹਮਣੇ ਇਕੋ ਰਸਤਾ ਹੈ ਕਿ ਇਸ ਪੰਛੀ ਨੂੰ ਆਜ਼ਾਦ ਕਰ ਦੇਈਏ।”

“ਹਾਂ...ਹਾਂ...ਮਹਾਰਾਜ ! ਤੁਸੀਂ ਇਸ ਪੰਛੀ ਨੂੰ ਆਜ਼ਾਦ ਕਰ ਦਿਉ। ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ।”

ਕਾਲੂ ਉਸ ਮੰਤਰੀ ਦੇ ਮੂੰਹ ਵੱਲ ਵੇਖ ਰਿਹਾ ਸੀ, ਜਿਸ ਨੇ ਉਸ ਨੂੰ ਸ਼ੱਕ ਦੀ ਨਜ਼ਰਾਂ ਨਾਲ ਤੱਕਿਆ ਸੀ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਗ਼ਰੀਬ ਦੇ ਸੋਨੇ ਨੂੰ ਲੋਕ ਮਿੱਟੀ ਹੀ ਸਮਝਦੇ ਹਨ। ਉਸ ਨੇ ਤਾਂ ਸੋਚਿਆ ਸੀ ਕਿ ਰਾਜਾ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਲੈ ਕੇ ਬਹੁਤ ਖ਼ੁਸ਼ ਹੋਵੇਗਾ ਅਤੇ ਇਸ ਦੇ ਬਦਲੇ ਉਸ ਨੂੰ ਇਨਾਮ ਦੇਵੇਗਾ ਜਾਂ ਆਪਣੇ ਦਰਬਾਰ ਵਿਚ ਨੌਕਰੀ ਦੇਵੇਗਾ। ਪਰ ਇਥੇ ਤਾਂ ਸਭ ਕੁਝ ਉਸਦੇ ਵਿਚਾਰਾਂ ਦੇ ਉਲਟ ਹੋ ਰਿਹਾ ਸੀ। ਨੇਕੀ ਬਦਲੇ ਬੁਰਾਈ ਮਿਲ ਰਹੀ ਸੀ।

ਰਾਜੇ ਨੂੰ ਭੜਕਾਉਣ ਵਾਲਾ ਇਹ ਮੰਤਰੀ ਕਿੰਨਾ ਮੂਰਖ ਹੈ, ਜੋ ਰਾਜੇ ਨੂੰ ਇਹ ਸਲਾਹ ਦੇ ਰਿਹਾ ਹੈ ਕਿ ਇਸ ਪੰਛੀ ਨੂੰ ਮੁਕਤ ਕਰ ਦਿੱਤਾ ਜਾਵੇ।

ਕਾਲੂ ਵਿਚਾਰੇ ਦੀ ਗੱਲ ਸੁਣਨ ਵਾਲਾ ਉਥੇ ਕੋਈ ਨਹੀਂ ਸੀ। ਰਾਜਾ ਤਾਂ ਸਿਰਫ਼ ਆਪਣੇ ਮੰਤਰੀਆਂ ਦੀ ਗੱਲ ਹੀ ਸੁਣਦਾ ਸੀ। ਮੰਤਰੀ ਦੇ ਕਹਿਣ 'ਤੇ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਪਿੰਜਰੇ ਵਿਚੋਂ ਬਾਹਰ ਕੱਢ ਦਿੱਤਾ ਗਿਆ।

ਪੰਛੀ ਪਿੰਜਰੇ 'ਚੋਂ ਨਿਕਲ ਕੇ ਇਕ ਖਿੜਕੀ 'ਤੇ ਜਾ ਬੈਠਾ ਅਤੇ ਉਨ੍ਹਾਂ ਸਾਰਿਆਂ ਨੂੰ ਕਹਿਣ ਲੱਗਾ‘ਤੁਸੀਂ ਸਾਰੇ ਹੀ ਮੂਰਖ ਹੋ। ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਮੂਰਖ ਤਾਂ ਇਹ ਸ਼ਿਕਾਰੀ ਹੈ ਜਿਹੜਾ ਸੋਨਾ ਦੇਣ ਵਾਲੇ ਪੰਛੀ ਨੂੰ ਰਾਜੇ ਨੂੰ ਭੇਟ ਕਰਨ ਆਇਆ ਸੀ। ਦੂਸਰਾ ਮੂਰਖ ਇਹ ਰਾਜਾ ਹੈ ਜਿਸ ਨੇ ਸੋਨਾ ਦੇਣ ਵਾਲੇ ਪੰਛੀ ਦੀ ਬਾਬਤ ਮੰਤਰੀ ਤੋਂ ਸਲਾਹ ਲਈ। ਸਭ ਤੋਂ ਵੱਡਾ ਮੂਰਖ ਇਹ ਮੰਤਰੀ ਹੈ ਜਿਸ ਨੇ ਸੋਨਾ ਦੇਣ ਵਾਲੇ ਪੰਛੀ ਨੂੰ ਆਜ਼ਾਦ ਕਰ ਦੇਣ ਲਈ ਆਖਿਆ। ਤੁਸੀਂ ਸਭ ਮੂਰਖ ਹੋ।” ਕਹਿ ਕੇ ਪੰਛੀ ਉੱਡ ਗਿਆ।




Post a Comment

0 Comments