ਕੁੱਬਾ ਦਰਖ਼ਤ
ਜੰਗਲ ਵਿਚ ਇਕ ਕੁੱਬਾ ਦਰਖ਼ਤ ਸੀ। ਜਿਥੇ ਹੋਰ ਤਾਂ ਸਾਰੇ ਦਰਖ਼ਤ ਬਹੁਤ ਸੁੰਦਰ ਤੇ ਸਿੱਧੇ ਸਨ ਉਥੇ ਉਹ ਦਰਖ਼ਤ ਬੜਾ ਹੀ ਅਜੀਬ ਤੇ ਟੇਢਾ ਮੇਢਾ ਜਿਹਾ ਸੀ। ਤਣਾ ਅਤੇ ਟਾਹਣੀਆਂ ਸਾਰੀਆਂ ਹੀ ਬੇਢੰਗੀਆਂ ਸਨ।
ਇਸ ਕਾਰਨ ਨਾ ਤਾਂ ਰਾਹੀ ਉਸਦੀ ਛਾਂ ਹੇਠ ਬੈਠਦੇ ਸਨ ਤੇ ਨਾ ਹੀ ਪੰਛੀ ਉਸ ਉੱਤੇ ਆਲ੍ਹਣਾ ਪਾਉਂਦੇ ਸਨ। ਜਦੋਂ ਕਿ ਦੂਜੇ ਦਰਖ਼ਤਾਂ ਦਾ ਸਾਰੇ ਉਪਯੋਗ ਕਰਦੇ ਸਨ। ਇਹ ਸਭ ਕੁਝ ਵੇਖ ਕੇ ਕੁੱਬੇ ਦਰਖ਼ਤ ਨੂੰ ਬੜਾ ਦੁੱਖ ਹੁੰਦਾ ।
ਉਹ ਦੂਸਰੇ ਦਰਖ਼ਤ ਨੂੰ ਵੇਖ ਕੇ ਸੋਚਦਾ ਕਿ ਮੇਰੇ ਦੂਸਰੇ ਭੈਣ-ਭਰਾ ਕਿੰਨੇ ਸੋਹਣੇ ਹਨ। ਕਾਸ਼ ! ਮੈਂ ਵੀ ਅਜਿਹਾ ਹੁੰਦਾ। ਇਹ ਤਾਂ ਪਰਮਾਤਮਾ ਨੇ ਮੇਰੇ ਨਾਲ ਅਨਿਆਂ ਕੀਤਾ ਹੈ।
ਇਕ ਦਿਨ ਉਸ ਜੰਗਲ ਵਿਚ ਇਕ ਲੱਕੜਹਾਰਾ ਆਇਆ। ਉਸਨੇ ਟੇਢੇ-ਮੇਢੇ ਦਰਖ਼ਤ ਨੂੰ ਵੇਖ ਕੇ ਆਖਿਆ–“ਇਹ ਦਰਖ਼ਤ ਤਾਂ ਮੇਰੇ ਕਿਸੇ ਕੰਮ ਦਾ ਨਹੀਂ ਹੈ।” ਉਸ ਨੇ ਸੋਹਣੇ ਤੇ ਸਿੱਧੇ ਦਰਖ਼ਤਾਂ ਨੂੰ ਹੀ ਪਸੰਦ ਕੀਤਾ ਅਤੇ ਵੇਖਦਿਆਂ-ਵੇਖਦਿਆਂ ਉਨ੍ਹਾਂ ਨੂੰ ਕੱਟ ਕੇ ਜ਼ਮੀਨ 'ਤੇ ਰੱਖ ਦਿੱਤਾ। ਇਹ ਵੇਖ ਕੇ ਕੁੱਬੇ ਦਰਖ਼ਤ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਸੋਚਣ ਲੱਗਾ ਕਿ ਚੰਗਾ ਹੋਇਆ ਜੋ ਪਰਮਾਤਮਾ ਨੇ ਮੈਨੂੰ ਅਜਿਹਾ ਬਣਾਇਆ ਹੈ। ਜੇਕਰ ਮੈਂ ਵੀ ਇਨ੍ਹਾਂ ਵਾਂਗ ਸੋਹਣਾ ਅਤੇ ਸਿੱਧਾ ਹੁੰਦਾ ਤਾਂ ਅੱਜ ਮੇਰੀ ਵੀ ਜੀਵਨ ਲੀਲ੍ਹਾ ਸਮਾਪਤ ਹੋ ਚੁੱਕੀ ਹੁੰਦੀ।
ਉਸ ਤੋਂ ਬਾਅਦ ਉਹ ਈਸ਼ਵਰ ਤੋਂ ਮਾਫ਼ੀ ਮੰਗਣ ਲੱਗਾ—“ਹੇ ਈਸ਼ਵਰ ! ਮੈਂ ਤੁਹਾਡੇ ਬਾਰੇ ਜੋ ਕੁਝ ਵੀ ਕਿਹਾ ਹੈ, ਉਸਦੇ ਲਈ ਮੈਨੂੰ ਮਾਫ਼ ਕਰ ਦੇਣਾ। ਤੁਸੀਂ ਜਿਸ ਨੂੰ ਜਿਹੇ ਜਿਹਾ ਬਣਾਉਂਦੇ ਹੋ, ਉਸ ਦੇ ਭਲੇ ਲਈ ਹੀ ਬਣਾਉਂਦੇ ਹੋ। ਤੁਸੀਂ ਹੀ ਸਾਡਾ ਭਲਾ ਬੁਰਾ ਜਾਣਦੇ ਹੋ। ਮੈਨੂੰ ਮਾਫ਼ ਕਰੋ।”
0 Comments