ਖੱਟੇ ਅੰਗੂਰ ਕੌਣ ਖਾਵੇ ?
ਇਕ ਦਿਨ ਇਕ ਭੁੱਖੀ ਲੂੰਮੜੀ ਭੁੱਖ ਨਾਲ ਬੇਹਾਲ ਹੋਈ ਜੰਗਲ ਵਿਚ ਭਟਕ ਰਹੀ ਸੀ। ਉਹ ਸਾਰਾ ਦਿਨ ਜੰਗਲ ਵਿਚ ਏਧਰ-ਉਧਰ ਭਟਕਦੀ ਰਹੀ ਪਰ ਉਸ ਨੂੰ ਕਿਤਿਓਂ ਵੀ ਮਾਸ ਦਾ ਸੁੱਕਾ ਜਾਂ ਸੜਿਆ-ਗਲਿਆ ਟੁਕੜਾ ਨਾ ਲੱਭਾ। ਵਿਚਾਰੀ ਸਾਰਾ ਦਿਨ ਪਾਣੀ ਪੀ ਕੇ ਢਿੱਡ ਭਰਦੀ ਰਹੀ ਤੇ ਤੁਰਦੀ ਰਹੀ।
ਭਟਕਦੀ ਹੋਈ ਉਹ ਅੰਗੂਰਾਂ ਦੇ ਬਗੀਚੇ ਵਿਚ ਆ ਗਈ। ਵੇਲਾਂ ਨਾਲ ਪੱਕੇ ਹੋਏ ਅੰਗੂਰਾਂ ਦੇ ਗੁੱਛੇ ਲਟਕ ਰਹੇ ਸਨ। ਅੰਗੂਰ ਵੇਖ ਕੇ ਭੁੱਖੀ ਲੂੰਮੜੀ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਆਪਣੇ ਪਿਛਲੇ ਪੈਰਾਂ ਦੇ ਭਾਰ ਉੱਛਲ ਉੱਛਲ ਕੇ ਅੰਗੂਰ ਦੇ ਗੁੱਛਿਆਂ ਤਕ ਅੱਪੜਣ ਦੀ ਕੋਸ਼ਿਸ਼ ਕਰਨ ਲੱਗੀ।
ਅੰਗੂਰ ਕਾਫ਼ੀ ਉੱਚੇ ਸਨ, ਇਸ ਲਈ ਉਹ ਆਪਣੀ ਕੋਸ਼ਿਸ਼ ਵਿਚ ਹਰ ਵਾਰ ਫੇਲ੍ਹ ਹੋ ਜਾਂਦੀ ਸੀ। ਅੰਗੂਰਾਂ ਤਕ ਅੱਪੜਣ ਲਈ ਲੂੰਮੜੀ ਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਤਕ ਅੱਪੜ ਨਾ ਸਕੀ।
ਇਕ ਤਾਂ ਭੁੱਖ ਨਾਲ ਉਹ ਪਹਿਲਾਂ ਹੀ ਅੱਧਮੋਈ ਹੋਈ ਪਈ ਸੀ। ਦੂਜਾ, ਕਈ ਵਾਰ ਉੱਛਲਣ ਕੁੱਦਣ ਕਰਕੇ ਉਹਦੀਆਂ ਪਸਲੀਆਂ ਹਿੱਲ ਗਈਆਂ ਸਨ। ਆਖ਼ਿਰਕਾਰ ਉਹਨੇ ਉਮੀਦ ਛੱਡ ਦਿੱਤੀ ਤੇ ਉਥੋਂ ਚਲੀ ਗਈ। ਜਾਂਦਿਆਂ-ਜਾਂਦਿਆਂ ਆਪਣੇ ਮਨ ਨੂੰ ਸਮਝਾਉਣ ਲਈ ਉਹਨੇ ਆਖਿਆ–ਅੰਗੂਰ ਖੱਟੇ ਹਨ...ਤੇ ਏਨੇ ਖੱਟੇ ਅੰਗੂਰ ਕੌਣ ਖਾਵੇ" ?
0 Comments