ਹਾਥੀ ਅਤੇ ਗਿੱਦੜ
ਪੰਚਵਟੀ ਦੇ ਸੰਘਣੇ ਜੰਗਲਾਂ ਵਿਚ ਇਕ ਖ਼ੂਨੀ ਹਾਥੀ ਰਹਿੰਦਾ ਸੀ। ਉਹ ਜਿਧਰੋਂ ਵੀ ਲੰਘਦਾ, ਉਥੇ ਹੀ ਹਾਹਾਕਾਰ ਮੱਚ ਜਾਂਦੀ। ਸਾਰੇ ਜਾਨਵਰ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪੈਂਦੇ। ਇਸ ਭੱਜ ਦੌੜ ਵਿਚ ਕਈ ਜਾਨਵਰ ਮਾਰੇ ਜਾ ਚੁੱਕੇ ਸਨ। ਜ਼ਿਆਦਾਤਰ ਇਨ੍ਹਾਂ ਵਿਚ ਗਿੱਦੜ ਹੀ ਸਨ। ਦਰਅਸਲ ਇਸ ਜੰਗਲ ਵਿਚ ਹੋਰ ਜਾਨਵਰਾਂ ਦੀ ਬਜਾਇ ਗਿੱਦੜ ਹੀ ਜ਼ਿਆਦਾ ਰਹਿੰਦੇ ਸਨ। ਇਸ ਸੰਕਟ ਤੋਂ ਬਚਣ ਲਈ ਗਿੱਦੜਾਂ ਨੇ ਮਿਲ ਕੇ ਇਕ ਸਭਾ ਕੀਤੀ ਜਿਸ ਵਿਚ ਇਕ ਬੁੱਢੇ ਗਿੱਦੜ ਨੇ ਸੰਕਲਪ ਲਿਆ ਕਿ ਉਹ ਆਪਣੀ ਬੁੱਧੀ ਨਾਲ ਇਸ ਹਾਥੀ ਨੂੰ ਮਾਰੇਗਾ।
ਉਸਦੀ ਗੱਲ ਸੁਣ ਕੇ ਸਾਰੇ ਗਿੱਦੜ ਹੈਰਾਨ ਹੋਏ। ਭਲਾ ਕੋਈ ਗਿੱਦੜ ਹਾਥੀ ਨੂੰ ਕਿਵੇਂ ਮਾਰ ਸਕਦਾ ਹੈ ? ਕੁਝ ਹੀ ਦੇਰ ਵਿਚ ਇਹ ਗੱਲ ਜੰਗਲ ਦੇ ਸਾਰੇ ਜਾਨਵਰਾਂ ਨੂੰ ਪਤਾ ਲੱਗ ਗਈ। ਕਈ ਜਾਨਵਰਾਂ ਨੇ ਗਿੱਦੜਾਂ ਦਾ ਮਜ਼ਾਕ ਉਡਾਇਆ। ਕੁਝ ਉਤਸੁਕ ਹੋ ਕੇ ਉਸ ਪਲ ਦਾ ਇੰਤਜ਼ਾਰ ਕਰਨ ਲੱਗ ਪਏ ਕਿ ਕਦੋਂ ਖ਼ੂਨੀ ਹਾਥੀ ਦਾ ਅੰਤ ਹੋਵੇ।
ਦੂਸਰੇ ਦਿਨ ਬੁੱਢਾ ਗਿੱਦੜ ਨਿੱਡਰਤਾ ਨਾਲ ਤੁਰਦਾ ਹੋਇਆ ਸੰਘਣੇ ਦਰਖ਼ਤ ਦੇ ਓਹਲੇ ਬੈਠੇ ਹਾਥੀ ਕੋਲ ਅੱਪੜ ਗਿਆ। ਉਸਨੇ ਜਾਂਦਿਆਂ ਹੀ ਸਭ ਤੋਂ ਪਹਿਲਾਂ ਹਾਥੀ ਨੂੰ ਪ੍ਰਣਾਮ ਕੀਤਾ।
“ਦੱਸੋ ਚਾਚਾ ਜੀ ! ਤੁਸੀਂ ਮੇਰੇ ਘਰ ਕਿਵੇਂ ਆ ਗਏ ?'' ਹਾਥੀ ਨੇ ਬੜੀ ਹੈਰਾਨੀ ਨਾਲ ਗਿੱਦੜ ਵੱਲ ਵੇਖਿਆ।
“ਬਸ...ਮੈਂ ਆਪਣੇ ਰਾਜੇ ਦੇ ਦਰਸ਼ਨ ਕਰਨ ਆ ਗਿਆਂ।” “ਕੀ ਤੁਸੀਂ ਮੈਨੂੰ ਰਾਜਾ ਮੰਨਦੇ ਹੋ ?”
“ਤੁਸੀਂ ਤਾਂ ਹੋ ਹੀ ਰਾਜਾ। ਮੰਨਣ ਜਾਂ ਨਾ ਮੰਨਣ ਵਾਲੀ ਗੱਲ ਕਿਥੋਂ ਆ ਗਈ।ਵੈਸੇ ਵੀ ਕੱਲ੍ਹ ਜੰਗਲ ਦੇ ਜਾਨਵਰਾਂ ਦੀ ਇਕ ਸਭਾ ਹੋਈ ਸੀ। ਉਨ੍ਹਾਂ ਸਾਰਿਆਂ ਨੇ ਇਕ ਮਤਾ ਪਾਸ ਕਰਕੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਸਾਰੇ ਜਾਨਵਰ ਤੁਹਾਨੂੰ ਹੀ ਰਾਜਾ ਬਣਾਉਣਾ ਚਾਹੁੰਦੇ ਹਨ ਕਿਉਂਕਿ ਤੁਹਾਡੇ ਵਿਚ ਉਹ ਸਾਰੇ ਗੁਣ ਮੌਜੂਦ ਹਨ, ਜਿਹੜੇ ਇਕ ਰਾਜੇ ਵਿਚ ਹੋਣੇ ਚਾਹੀਦੇ ਹਨ। ਮੈਂ ਤੁਹਾਡੇ ਅੱਗੇ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਸਾਡੇ ਰਾਜੇ ਬਣ ਜਾਓ।'
ਹਾਥੀ ਰਾਜਾ ਬਣਨ ਬਾਰੇ ਸੁਣ ਕੇ ਬੜਾ ਖ਼ੁਸ਼ ਹੋਇਆ। ਉਸ ਦੀ ਸਮਝ `ਚ ਕੁਝ ਨਾ ਆਇਆ ਕਿ ਇਸ ਮੌਕੇ ਉਹ ਕੀ ਬੋਲੇ।
“ਮਹਾਰਾਜਾ !” ਗਿੱਦੜ ਹਾਥੀ ਨੂੰ ਚੁੱਪ ਵੇਖ ਕੇ ਬੋਲਿਆ—ਹੁਣ ਤੁਸੀਂ ਮੇਰੇ ਨਾਲ ਚੱਲਣ ਦਾ ਕਸ਼ਟ ਕਰੋ। ਮੈਂ ਤੁਹਾਨੂੰ ਉਨ੍ਹਾਂ ਸਾਰੇ ਲੋਕਾਂ ਨਾਲ ਮਿਲਾਉਣਾ ਚਾਹੁੰਦਾ ਹਾਂ ਜਿਹੜੇ ਤੁਹਾਨੂੰ ਰਾਜੇ ਦੀ ਗੱਦੀ 'ਤੇ ਬਿਠਾਉਣ ਲਈ ਕਾਹਲੇ ਹਨ। ਉਹ ਤੁਹਾਨੂੰ ਰਾਜ ਸਿੰਘਾਸਣ ’ਤੇ ਬਿਠਾ ਕੇ ਛੇਤੀ ਤੋਂ ਛੇਤੀ ਤੁਹਾਡਾ ਰਾਜ ਤਿਲਕ ਕਰਨਾ ਚਾਹੁੰਦੇ ਹਨ।”
ਗਿੱਦੜ ਦੀ ਗੱਲ ਸੁਣ ਕੇ ਹਾਥੀ ਦਾ ਦਿਲ ਖ਼ੁਸ਼ੀ ਨਾਲ ਨੱਚਣ ਲੱਗ ਪਿਆ। ਹਾਥੀ ਨੂੰ ਕਦੀ ਸੁਪਨੇ ਵਿਚ ਵੀ ਇਹ ਨਹੀਂ ਸੀ ਜਾਪਿਆ ਕਿ ਮੈਂ ਜੰਗਲ ਦਾ ਰਾਜਾ ਬਣ ਜਾਵਾਂਗਾ । ਉਹ ਮੂਰਖ ਬਿਨਾਂ ਸੋਚੇ ਸਮਝੇ ਉਸੇ ਵੇਲੇ ਗਿੱਦੜ ਨਾਲ ਤੁਰਨ ਲਈ ਤਿਆਰ ਹੋ ਗਿਆ। ਉਸਨੇ ਸੋਚਿਆ ਹੀ ਨਾ ਕਿ ਇਹ ਗਿੱਦੜ ਉਹਨੂੰ ਰਾਜਾ ਬਣਾਉਣ ਲਈ ਉਹਦੇ ਘਰ ਕਿਉਂ ਆਇਆ ਹੈ?
ਉਧਰ ਬੁੱਢਾ ਗਿੱਦੜ ਮਨ ਹੀ ਮਨ ਬੜਾ ਖ਼ੁਸ਼ ਸੀ ਕਿ ਹਾਥੀ ਉਹਦੀ ਚਾਲ ਵਿਚ ਫਸ ਗਿਆ ਹੈ।
ਦੋਵੇਂ ਤੁਰ ਪਏ। ਗਿੱਦੜ ਹਾਥੀ ਨੂੰ ਲੈ ਕੇ ਉਸੇ ਰਸਤਿਓਂ ਗਿਆ, ਜਿਥੇ ਦਲਦਲ ਬਹੁਤ ਸੀ। ਹਾਥੀ ਰਾਜਾ ਬਣਨ ਦੇ ਨਸ਼ੇ ਵਿਚ ਅੰਨ੍ਹਾ ਸੀ। ਉਸ ਨੂੰ ਸੁੱਝਿਆ ਹੀ ਨਾ ਕਿ ਉਹ ਕਿਧਰ ਜਾ ਰਿਹਾ ਹੈ। ਜਦੋਂ ਉਸਦੇ ਪੈਰ ਦਲਦਲ ਵਿਚ ਫਸ ਗਏ ਤਾਂ ਉਹ ਘਬਰਾਇਆ। ਇਸ ਘਬਰਾਹਟ ਵਿਚ ਉਹ ਕੁਝ ਹੋਰ ਧਸ ਗਿਆ। ਉਹਨੂੰ ਬੜੀ ਦੇਰ ਬਾਅਦ ਪਤਾ ਲੱਗਾ ਕਿ ਉਹ ਦਲਦਲ ਵਿਚ ਫਸ ਗਿਆ ਹੈ। ਉਸਨੇ ਪਿਛਾਂਹ ਮੁੜਨਾ ਚਾਹਿਆ ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ। ਹਾਥੀ ਦਾ ਭਾਰਾ ਸਰੀਰ ਦਲਦਲ 'ਚ ਵੜਦਾ ਜਾ ਰਿਹਾ ਸੀ। ਉਹਨੇ ਘਬਰਾ ਕੇ ਗਿੱਦੜ ਵੱਲ ਵੇਖਿਆ ਤਾਂ ਗਿੱਦੜ ਹੱਸ ਰਿਹਾ ਸੀ। ਉਸਦੀ ਮੁਸਕਰਾਹਟ ਨਾਲ ਹਾਥੀ ਸਮਝ ਗਿਆ ਕਿ ਉਸਦੇ ਨਾਲ ਚਾਲ ਖੇਡੀ ਗਈ ਹੈ। ਪਰ ਉਹ ਹੁਣ ਕਰ ਵੀ ਕੀ ਸਕਦਾ ਸੀ। ਉਸਦਾ ਭਾਰਾ ਜਿਸਮ ਬੜੀ ਤੇਜ਼ੀ ਨਾਲ ਦਲਦਲ ਵਿਚ ਖੁਭਦਾ ਜਾ ਰਿਹਾ ਸੀ।
0 Comments