ਏਕਤਾ ਵਿਚ ਬਲ ਹੈ
ਬੋਹੜ ਦੇ ਇਕ ਦਰਖ਼ਤ 'ਤੇ ਸੈਂਕੜੇ ਛੋਟੇ-ਵੱਡੇ ਪੰਛੀ ਲੰਮੇ ਸਮੇਂ ਤੋਂ ਇਕੱਠੇ ਰਹਿ ਰਹੇ ਸਨ। ਇਨ੍ਹਾਂ ਪੰਛੀਆਂ ਦਾ ਆਪਸ ਵਿਚ ਪ੍ਰੇਮ ਪਿਆਰ ਕਾਫ਼ੀ ਸੀ ਤੇ ਦੁਖ ਸੁਖ ਇਕੱਠੇ ਮਿਲ ਕੇ ਕੱਟਦੇ ਸਨ।
ਇਕ ਦਿਨ ਇਕ ਸ਼ਿਕਾਰੀ ਦਰਖ਼ਤ 'ਤੇ ਬੈਠੇ ਇਨ੍ਹਾਂ ਪੰਛੀਆਂ ਨੂੰ ਦੇਖ ਕੇ ਸੋਚਣ ਲੱਗਾ ਕਿ ਜੇਕਰ ਉਹ ਇਸ ਦਰਖ਼ਤ ਹੇਠਾਂ ਜਾਲ ਵਿਛਾ ਦੇਵੇ ਤਾਂ ਉਸ ਦੇ ਜਾਲ ਵਿਚ ਕਾਫ਼ੀ ਪੰਛੀ ਫਸ ਸਕਦੇ ਹਨ।
ਦਰਖ਼ਤ 'ਤੇ ਬੈਠੇ ਇਕ ਬੁੱਢੇ ਕਾਂ ਨੇ ਸ਼ਿਕਾਰੀ ਨੂੰ ਵੇਖਦਿਆਂ ਹੀ ਸਮਝ ਲਿਆ ਕਿ ਸਾਡੇ 'ਚੋਂ ਬਹੁਤ ਸਾਰੇ ਪੰਛੀਆਂ ਦੀ ਜਾਨ ਜਾਣ ਵਾਲੀ ਹੈ।
ਉਹਨੇ ਸਾਰੇ ਪੰਛੀਆਂ ਨੂੰ ਸੱਦ ਕੇ ਆਖਿਆ–ਭਰਾ ! ਇਸ ਦਰਖ਼ਤ ਦੇ ਹੇਠਾਂ ਬੈਠਾ ਆਦਮੀ ਸ਼ਿਕਾਰੀ ਹੈ। ਕੁਝ ਹੀ ਦੇਰ ਵਿਚ ਇਹ ਸਾਨੂੰ ਆਪਣੇ ਜਾਲ ਵਿਚ ਫਸਾਉਣ ਲਈ ਦਾਣਾ ਸੁੱਟੇਗਾ । ਉਸ ਦਾਣੇ ਨੂੰ ਤੁਸੀਂ ਜ਼ਹਿਰ ਸਮਝਣਾ ਕਿਉਂਕਿ ਉਸ ਦਾਣੇ ਨੂੰ ਚੁਗਣ ਦਾ ਅਰਥ ਹੈ—ਜਾਲ ਵਿਚ ਫਸਣਾ। ਇਸ ਲਈ ਭਰਾਵੋ, ਹੁਸ਼ਿਆਰ ਰਹਿਓ।”
ਕਾਂ ਦੀ ਗੱਲ ਸੁਣ ਕੇ ਸਾਰੇ ਪੰਛੀ ਸਾਵਧਾਨ ਹੋ ਗਏ ਅਤੇ ਚੁੱਪਚਾਪ ਦਰਖ਼ਤ 'ਤੇ ਬੈਠੇ ਸ਼ਿਕਾਰੀ ਦੇ ਉਥੋਂ ਜਾਣ ਦੀ ਉਡੀਕ ਕਰਦੇ ਰਹੇ। ਇੰਨੇ ਵਿਚ ਜੰਗਲੀ ਕਬੂਤਰਾਂ ਦਾ ਇਕ ਝੁੰਡ ਉਸ ਦਰਖ਼ਤ 'ਤੇ ਆ ਕੇ ਰੁਕਿਆ। ਉਨ੍ਹਾਂ ਕਬੂਤਰਾਂ ਨੇ ਕਾਂ ਦੀ ਸਿੱਖਿਆ ਵੱਲ ਕੋਈ ਧਿਆਨ ਨਾ ਦਿੱਤਾ। ਸਾਹਮਣੇ ਖਿੱਲਰੇ ਦਾਣਿਆਂ ਨੂੰ ਵੇਖ ਕੇ ਉਨ੍ਹਾਂ ਦੇ ਮੂੰਹ
ਵਿਚ ਪਾਣੀ ਭਰ ਆਇਆ। ਦਰਸਅਲ ਉਹ ਭੁੱਖੇ ਸਨ। ਭੁੱਖੇ ਸਾਹਮਣੇ ਅੰਨ ਪਿਆ ਹੋਵੇ ਤਾਂ ਉਸਦੀ ਭੁੱਖ ਹੋਰ ਵੀ ਵਧ ਜਾਂਦੀ ਹੈ।
ਇਹੋ ਹੋਇਆ ਉਨ੍ਹਾਂ ਕਬੂਤਰਾਂ ਨਾਲ। ਭੁੱਖ ਵਿਚ ਅੰਨ੍ਹੇ ਹੋਏ ਉਹ ਸ਼ਿਕਾਰੀ ਦੁਆਰਾ ਖਲਾਰੇ ਚੌਲਾਂ 'ਤੇ ਟੁੱਟ ਪਏ। ਸ਼ਿਕਾਰੀ ਕਬੂਤਰਾਂ ਨੂੰ ਜਾਲ 'ਚ ਫਸਦਿਆਂ ਵੇਖ ਕੇ ਬੜਾ ਖ਼ੁਸ਼ ਹੋਇਆ।
ਵੇਖਦਿਆਂ ਹੀ ਵੇਖਦਿਆਂ ਸਾਰੇ ਕਬੂਤਰ ਜਾਲ ਵਿਚ ਫਸ ਗਏ। ਤਦ ਉਨ੍ਹਾਂ ਨੂੰ ਉਸ ਕਾਂ ਦੀ ਗੱਲ ਯਾਦ ਆਈ ਕਿ ਇਹ ਧੋਖਾ ਹੋਇਆ ਹੈ।
ਆਪਣੀ ਹੀ ਭੁੱਲ ਕਾਰਨ ਕਬੂਤਰ ਸ਼ਿਕਾਰੀ ਦੇ ਜਾਲ ਵਿਚ ਫਸ ਚੁੱਕੇ ਸਨ। ਆਪਣੀ ਇਸ ਸਫ਼ਲਤਾ 'ਤੇ ਸ਼ਿਕਾਰੀ ਬੜਾ ਖ਼ੁਸ਼ ਹੋਇਆ, ਜਦ ਕਿ ਕਬੂਤਰ ਹੋ ਰਹੇ ਸਨ। ਉਨ੍ਹਾਂ ਨੂੰ ਸਾਹਮਣੇ ਮੌਤ ਹੀ ਨਜ਼ਰ ਆ ਰਹੀ ਸੀ। ਕਬੂਤਰਾਂ ਦੇ ਸਰਦਾਰ ਨੇ ਆਪਣੇ ਸਾਥੀਆਂ ਨੂੰ ਉਦਾਸ ਬੈਠੇ ਵੇਖ ਕੇ ਕਿਹਾ—“ਓਏ ਮੂਰਖੋ ! ਇੰਜ ਉਦਾਸ ਕਿਉਂ ਬੈਠੇ ਹੋ। ਮੁਸੀਬਤ ਵੇਲੇ ਘਬਰਾਉਣ ਨਾਲ ਕੰਮ ਨਹੀਂ ਚੱਲਦਾ। ਮੁਸੀਬਤ ਵੇਲੇ ਤਾਂ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਹੈ। ਬੁੱਧੀਮਾਨ ਲੋਕ ਸੁਖ ਤੇ ਦੁਖ ਨੂੰ ਇਕੋ ਜਿਹਾ ਸਮਝਦੇ ਹਨ। ਇਸ ਲਈ ਸਾਨੂੰ ਵੀ ਇਸ ਸੰਕਟ ਤੋਂ ਬਚਣ ਲਈ ਹਿੰਮਤ ਤੋਂ ਕੰਮ ਲੈ ਕੇ ਇਸ ਜਾਲ ਸਮੇਤ ਹੀ ਉੱਡ ਜਾਣਾ ਚਾਹੀਦਾ ਹੈ। ਹਿੰਮਤ...ਹਿੰਮਤ... ਜੇਕਰ ਅਸੀਂ ਇਸ ਸਮੇਂ ਹਿੰਮਤ ਤੋਂ ਕੰਮ ਨਾ ਲਿਆ ਤਾਂ ਮੌਤ ਸਾਡੇ ਤੋਂ ਜ਼ਿਆਦਾ ਦੂਰ ਨਹੀਂ।”
ਆਪਣੇ ਸਰਦਾਰ ਦੇ ਇਸ ਜੋਸ਼ ਭਰੇ ਭਾਸ਼ਣ ਨੂੰ ਸੁਣ ਕੇ ਸਭ ਕਬੂਤਰਾਂ ਵਿਚ ਇਕ ਨਵੀਂ ਸ਼ਕਤੀ ਆ ਗਈ। ਉਨ੍ਹਾਂ ਨੇ ਉਸੇ ਸਮੇਂ ਜਾਲ ਸਮੇਤ ਉੱਡਣਾ ਸ਼ੁਰੂ ਕਰ ਦਿੱਤਾ। ਸ਼ਿਕਾਰੀ ਨੇ ਜਦੋਂ ਤੱਕਿਆ ਕਿ ਕਬੂਤਰ ਤਾਂ ਜਾਲ ਸਮੇਤ ਉੱਡ ਗਏ ਹਨ ਤਾਂ ਉਹ ਰੋਂਦਾ-ਚੀਕਦਾ ਉਨ੍ਹਾਂ ਦੇ ਪਿੱਛੇ ਭੱਜਿਆ। ਉਸ ਨੂੰ ਇਹ ਉਮੀਦ ਸੀ ਕਿ ਸ਼ਾਇਦ ਕਬੂਤਰ ਜਾਲ ਸਮੇਤ ਥੱਲੇ ਡਿੱਗ ਪੈਣਗੇ ਪਰ ਕਬੂਤਰ ਡਿੱਗੇ ਨਹੀਂ, ਸਗੋਂ ਸ਼ਿਕਾਰੀ ਹੀ ਠੋਕਰ ਖਾ ਕੇ ਮੂਧੇ ਮੂੰਹ ਡਿੱਗਾ ਤੇ ਉਹਦੇ ਮੂੰਹ 'ਚੋਂ ਖ਼ੂਨ ਵਗਣ ਲੱਗ ਪਿਆ। ਕਿਸ਼ਤੀ ਉਹ ਰੋਣ ਲੱਗਾ—“ਹਾਅ ! ਕੀ ਇਨ੍ਹਾਂ ਪੰਛੀਆਂ ਵਿਚ ਵੀ ਏਕਤਾ ਹੁੰਦੀ ਹੈ। ਸੱਚ...ਏਕਤਾ ਵਿਚ ਬਲ ਹੁੰਦਾ ਹੈ।”
0 Comments