ਚਲਾਕ ਲੂੰਬੜੀ
ਇਕ ਜੰਗਲ ਵਿਚ ਚਾਰ ਬਲਦ ਰਹਿੰਦੇ ਸਨ। ਉਨ੍ਹਾਂ ਵਿਚ ਗੂੜ੍ਹੀ ਮਿੱਤਰਤਾ ਸੀ। ਉਹ ਚਾਰੇ ਹਮੇਸ਼ਾ ਨਾਲ-ਨਾਲ ਰਹਿੰਦੇ ਸਨ। ਇਕੱਠੇ ਹੀ ਘੁੰਮਣ ਜਾਂਦੇ, ਇਕੱਠੇ ਹੀ ਚਰਣ ਜਾਂਦੇ। ਚਾਰਾਂ ਵਿਚ ਏਨੀ ਏਕਤਾ ਸੀ ਕਿ ਦੁਖ-ਸੁਖ ਮਿਲ ਕੇ ਸਹਿੰਦੇ ਸਨ। ਕਦੇ ਕੋਈ ਜੰਗਲੀ ਜਾਨਵਰ ਉਨ੍ਹਾਂ 'ਤੇ ਹਮਲਾ ਕਰਦਾ ਤਾਂ ਉਹ ਚਾਰੇ ਮਿਲ ਕੇ ਉਸਦਾ ਸਾਹਮਣਾ ਕਰਦੇ ਅਤੇ ਉਸ ਨੂੰ ਮਾਰ ਕੇ ਭਜਾ ਦਿੰਦੇ। ਇਸ ਲਈ ਪੂਰੇ ਜੰਗਲ ਵਿਚ ਉਨ੍ਹਾਂ ਦਾ ਦਬਦਬਾ ਸੀ।
ਚੀਤੇ ਅਤੇ ਬਾਜ ਵਰਗੇ ਜਾਨਵਰਾਂ ਦੀ, ਜੋ ਕਿਸੇ ਵੀ ਤਰ੍ਹਾਂ ਉਨ੍ਹਾਂ ਦਾ ਸਵਾਦੀ ਅਤੇ ਚੰਗਾ ਮਾਸ ਖਾਣ ਦੇ ਅਭਿਲਾਸ਼ੀ ਸਨ, ਵੀ ਉਨ੍ਹਾਂ ਚਾਰਾਂ ਨਾਲ ਲੜਨ ਦੀ ਹਿੰਮਤ ਨਾ ਹੁੰਦੀ। ਗਿੱਦੜ ਤੇ ਲੂੰਬੜੀ ਵਰਗੇ ਜਾਨਵਰ ਵੱਖਰੀ ਲਾਰ ਟਪਕਾਉਂਦੇ ਸੀ। ਲੂੰਬੜੀ ਹਮੇਸ਼ਾ ਸ਼ੇਰ ਨੂੰ ਭੜਕਾਉਂਦੀ ਰਹਿੰਦੀ ਸੀ। ਪਰ ਉਨ੍ਹਾਂ ਚਾਰਾਂ ਦੀ ਤਾਕਤ ਤੇ ਏਕਤਾ ਵੇਖ ਕੇ ਸ਼ੇਰ ਦੀ ਵੀ ਹਿੰਮਤ ਨਹੀਂ ਸੀ ਪੈਂਦੀ।
ਇਕ ਵਾਰ ਲੂੰਬੜੀ ਨੇ ਆਪਣੇ ਸ਼ਰਾਰਤੀ ਦਿਮਾਗ਼ ਨਾਲ ਉਨ੍ਹਾਂ ਚਾਰਾਂ ਬਲਦਾਂ ਵਿਚ ਅਣ-ਬਣ ਕਰਵਾ ਦਿੱਤੀ। ਉਹ ਇਕ ਦੂਜੇ ਨਾਲ ਗ਼ੁੱਸੇ ਹੋ ਗਏ। ਉਸ ਦਿਨ ਤੋਂ ਉਹ ਵੱਖ-ਵੱਖ ਰਹਿਣ ਲੱਗੇ। ਉਹ ਵੱਖ-ਵੱਖ ਜੰਗਲ ਵਿਚ ਚਰਨ ਜਾਂਦੇ।
ਲੂੰਬੜੀ ਨੇ ਤੁਰੰਤ ਜਾ ਕੇ ਸ਼ੇਰ ਨੂੰ ਆਪਣੀ ਇਸ ਕਾਮਯਾਬੀ ਦੀ ਸੂਚਨਾ ਦਿੱਤੀ। ਉਹ ਖ਼ੁਦ ਤਾਂ ਕਿਸੇ ਬਲਦ ਦਾ ਸ਼ਿਕਾਰ ਕਰ ਨਹੀਂ ਸੀ ਸਕਦੀ ਪਰ ਉਸ ਨੂੰ ਪਤਾ ਸੀ ਕਿ ਜੇਕਰ ਸ਼ੇਰ ਸ਼ਿਕਾਰ ਕਰੇਗਾ ਤਾਂ ਉਸ ਨੂੰ ਵੀ ਥੋੜ੍ਹਾ ਮਾਸ ਖਾਣ ਨੂੰ ਮਿਲ ਜਾਵੇਗਾ।
ਸ਼ੇਰ ਤਾਂ ਬੜੇ ਦਿਨਾਂ ਤੋਂ ਇਸ ਮੌਕੇ ਦੀ ਤਲਾਸ਼ ਵਿਚ ਬੈਠਾ ਸੀ। ਉਸਨੇ ਇਕ ਇਕ ਕਰਕੇ ਚਾਰੇ ਬਲਦਾਂ ਨੂੰ ਮਾਰ ਦਿੱਤਾ ਅਤੇ ਖਾ ਲਿਆ। ਲੂੰਬੜੀ ਨੇ ਕਈ ਦਿਨ ਰੱਜ ਕੇ ਮਾਸ ਖਾਧਾ।
0 Comments