ਅੱਧੀ ਰਹੇ ਨਾ ਪੂਰੀ
ਸੁੰਦਰ ਜੰਗਲ ਵਿਚ ਇਕ ਸ਼ੇਰ ਰਹਿੰਦਾ ਸੀ। ਇਕ ਦਿਨ ਉਸ ਨੂੰ ਬਹੁਤ ਭੁੱਖ ਲੱਗੀ ਤਾਂ ਉਹ ਲਾਗੇ-ਬੰਨੇ ਕਿਸੇ ਜਾਨਵਰ ਦੀ ਭਾਲ ਕਰਨ ਲੱਗਾ। ਉਸ ਨੂੰ ਥੋੜ੍ਹੀ ਦੂਰ ਇਕ ਦਰਖ਼ਤ ਥੱਲੇ ਇਕ ਖ਼ਰਗੋਸ਼ ਨਜ਼ਰ ਆਇਆ ਜੋ ਦਰਖ਼ਤ ਦੀ ਛਾਂ ਹੇਠ ਬੜੇ ਮਜ਼ੇ ਨਾਲ ਖੇਡ ਰਿਹਾ ਸੀ। ਸ਼ੇਰ ਉਹਨੂੰ ਫੜਨ ਲਈ ਅੱਗੇ ਵਧਿਆ। ਖ਼ਰਗੋਸ਼ ਨੇ ਉਹਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਉਹ ਜਾਨ ਬਚਾਉਣ ਲਈ ਦੌੜਨ ਲੱਗਾ।
ਪਰ ਸ਼ੇਰ ਦੀ ਲੰਬੀ ਛਾਲ ਦਾ ਉਹ ਕਿਵੇਂ ਮੁਕਾਬਲਾ ਕਰਦਾ। ਸ਼ੇਰ ਨੇ ਦੋ ਛਲਾਂਗਾ ਵਿਚ ਹੀ ਉਹਨੂੰ ਫੜ ਲਿਆ। ਫਿਰ ਜਿਉਂ ਹੀ ਸ਼ੇਰ ਉਹਦੀ ਗਿੱਚੀ ਨੱਪਣ ਲੱਗਾ ਤਾਂ ਉਹਦੀ ਨਜ਼ਰ ਹਿਰਨ ’ਤੇ ਪੈ ਗਈ। ਉਹਨੇ ਸੋਚਿਆ ਕਿ ਇਸ ਨੰਨ੍ਹੇ ਖ਼ਰਗੋਸ਼ ਨਾਲ ਮੇਰਾ ਢਿੱਡ ਨਹੀਂ ਭਰਨਾ, ਕਿਉਂ ਨਾ ਹਿਰਨ ਦਾ ਸ਼ਿਕਾਰ ਕੀਤਾ ਜਾਵੇ।
ਇਹ ਸੋਚ ਕੇ ਉਹਨੇ ਖ਼ਰਗੋਸ਼ ਨੂੰ ਛੱਡ ਦਿੱਤਾ ਤੇ ਹਿਰਨ ਦੇ ਪਿੱਛੇ ਦੌੜਿਆ। ਖ਼ਰਗੋਸ਼ ਦਾ ਬੱਚਾ ਉਹਦੇ ਪੰਜੇ 'ਚੋਂ ਛੁੱਟਦਿਆਂ ਹੀ ਨੌਂ ਦੋ ਗਿਆਰਾਂ ਹੋ ਗਿਆ। ਹਿਰਨ ਨੇ ਸ਼ੇਰ ਨੂੰ ਵੇਖਿਆ ਤਾਂ ਉਹ ਲੰਬੀਆਂ ਲੰਬੀਆਂ ਪੁਲਾਂਘਾਂ ਪੁੱਟਦਾ ਹੋਇਆ ਭੱਜ ਗਿਆ। ਸ਼ੇਰ ਹਿਰਨ ਨੂੰ ਫੜ ਨਾ ਸਕਿਆ।
ਹਾਏ ਓਏ ਕਿਸਮਤ ! ਖ਼ਰਗੋਸ਼ ਵੀ ਹੱਥੋਂ ਗਿਆ ਤੇ ਹਿਰਨ ਵੀ ਨਾ ਹੱਥ ਆਇਆ। ਸ਼ੇਰ ਛੱਡੇ ਹੋਏ ਖ਼ਰਗੋਸ਼ ਦੇ ਬੱਚੇ ਲਈ ਪਛਤਾਉਣ ਲੱਗਾ। ਉਹ ਸੋਚਣ ਲੱਗਾ ਕਿ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਅੱਧੀ ਛੱਡ ਕੇ ਪੂਰੀ ਵੱਲ ਭੱਜਿਆ, ਪਰ ਉਹ ਅੱਧੀ ਤੋਂ ਵੀ ਗਿਆ।
ਦੋਸਤ ਦੀ ਪਰਖ
ਇਕ ਦਿਨ ਰਾਮੂ ਤੇ ਸ਼ਾਮੂ ਦੋ ਦੋਸਤ ਇਕ ਜੰਗਲ ਵਿਚੋਂ ਲੰਘ ਰਹੇ ਸਨ। ਉਨ੍ਹਾਂ ਵਿਚ ਕਾਫ਼ੀ ਗਹਿਰੀ ਦੋਸਤੀ ਸੀ ਤੇ ਦੋਵੇਂ ਇਕ ਦੂਜੇ ਲਈ ਜਾਨ ਦੇਣ ਦਾ ਦਮ ਭਰਦੇ ਸਨ। ਜੰਗਲ ਵਿਚ ਉਨ੍ਹਾਂ ਨੂੰ ਇਕ ਰਿੱਛ ਦਿਖਾਈ ਦਿੱਤਾ। ਜੋ ਉਨ੍ਹਾਂ ਵੱਲ ਆ ਰਿਹਾ ਸੀ।
ਸ਼ਾਮੂ ਝਟਪਟ ਦੌੜ ਕੇ ਇਕ ਦਰਖ਼ਤ 'ਤੇ ਚੜ੍ਹ ਗਿਆ। ਉਹਨੇ ਆਪਣੇ ਮਿੱਤਰ ਰਾਮੂ ਦੀ ਬਿਲਕੁਲ ਚਿੰਤਾ ਨਾ ਕੀਤੀ ਤੇ ਕਹਿਣ ਲੱਗਾ-ਰਾਮੂ ! ਜਾਨ ਏ ਤਾਂ ਜਹਾਨ ਏ। ਤੂੰ ਵੀ ਆਪਣੇ ਬਚਾਅ ਲਈ ਕੋਈ ਰਾਹ ਲੱਭ।” ਰਾਮੂ ਭਲਾ ਕੀ ਰਾਹ ਲੱਭਦਾ। ਉਸਨੂੰ ਦਰਖ਼ਤ 'ਤੇ ਚੜ੍ਹਨਾ ਨਹੀਂ ਸੀ ਆਉਂਦਾ ਤੇ ਨਾ ਹੀ ਉਹਦੇ ਕੋਲ ਭੱਜਣ ਦਾ ਮੌਕਾ ਸੀ। ਅਚਾਨਕ ਉਹਨੂੰ ਇਕ ਸੁਣੀ-ਸੁਣਾਈ ਗੱਲ ਯਾਦ ਆ ਗਈ ਕਿ ਜੰਗਲੀ ਜਾਨਵਰ ਮਰੇ ਹੋਏ ਲੋਕਾਂ ਨੂੰ ਨਹੀਂ ਖਾਂਦੇ। ਇਸ ਲਈ ਉਹ ਮੁਰਦੇ ਵਾਂਗ ਚੁੱਪਚਾਪ ਜ਼ਮੀਨ 'ਤੇ ਲੇਟ ਗਿਆ। ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਸਾਹ ਰੋਕ ਲਿਆ।
ਰਿੱਛ ਰਾਮੂ ਕੋਲ ਆਇਆ। ਉਸਨੇ ਉਹਦੇ ਮੂੰਹ ਨੂੰ ਸੁੰਘਿਆ। ਰਿੱਛ ਨੇ ਸਮਝਿਆ ਕਿ ਸ਼ਾਇਦ ਇਹ ਕੋਈ ਮੁਰਦਾ ਹੈ। ਉਹ ਚੁੱਪਚਾਪ ਅੱਗੇ ਤੁਰ ਗਿਆ। ਜਦੋਂ ਰਿੱਛ ਥੋੜ੍ਹੀ ਦੂਰ ਚਲਾ ਗਿਆ ਤਾਂ ਰਾਮੂ ਉੱਠ ਕੇ ਖਲੋ ਗਿਆ ਤੇ ਸ਼ਾਮੂ ਵੀ ਦਰਖ਼ਤ ਤੋਂ ਥੱਲੇ ਉਤਰ ਆਇਆ। ਉਹਨੇ ਰਾਮੂ ਨੂੰ ਪੁੱਛਿਆ- “ਰਿੱਛ ਨੇ ਤੇਰੇ ਕੰਨ 'ਚ ਕੀ ਆਖਿਆ ?"
ਰਾਮੂ ਨੇ ਜਵਾਬ ਦਿੱਤਾ—‘ਉਹਨੇ ਆਖਿਆ ਕਿ ਸਵਾਰਥੀ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ।”
0 Comments