ਅਭਿਮਾਨੀ ਘੋੜਾ
ਇਕ ਧੋਬੀ ਕੋਲ ਇਕ ਘੋੜਾ ਤੇ ਇਕ ਗਧਾ ਸੀ। ਇਕ ਦਿਨ ਉਹ ਉਨ੍ਹਾਂ ਦੋਹਾਂ ਨੂੰ ਲੈ ਕੇ ਬਾਜ਼ਾਰ ਜਾ ਰਿਹਾ ਸੀ। ਉਸ ਦਿਨ ਧੁੱਪ ਬੜੀ ਤੇਜ਼ ਸੀ। ਗਧੇ ਦੀ ਪਿੱਠ 'ਤੇ ਕੱਪੜਿਆਂ ਦੀਆਂ ਵੱਡੀਆਂ-ਵੱਡੀਆਂ ਪੰਡਾਂ ਲੈਂਦੀਆਂ ਸਨ। ਘੋੜੇ ਦੀ ਪਿੱਠ 'ਤੇ ਕੋਈ ਸਾਮਾਨ ਨਹੀਂ ਸੀ।
ਗਧਾ ਬੋਝ ਨਾਲ ਮਰਦਾ ਜਾ ਰਿਹਾ ਸੀ। ਗਧੇ ਤੋਂ ਜਦ ਤੁਰਨਾ ਔਖਾ ਹੋ ਗਿਆ ਤਾਂ ਉਸਨੇ ਘੋੜੇ ਨੂੰ ਆਖਿਆ—“ਮੈਂ ਬੋਝ ਨਾਲ ਮਰਦਾ ਜਾ ਰਿਹਾ ਹਾਂ। ਥੋੜ੍ਹਾ ਬੋਝ ਤੁਸੀਂ ਵੀ ਆਪਣੀ ਪਿੱਠ 'ਤੇ ਚੁੱਕ ਲਉ।”
ਘੋੜੇ ਨੇ ਆਖਿਆ–“ਵਾਹ ! ਮੈਂ ਭਲਾ ਤੁਹਾਡਾ ਬੋਝ ਕਿਉਂ ਚੁੱਕਾਂ। ਬਹੁਤਾ ਹੋਵੇ ਜਾਂ ਥੋੜ੍ਹਾ ਇਹ ਬੋਝ ਤੁਹਾਡਾ ਹੈ ਤੇ ਤੁਹਾਨੂੰ ਹੀ ਢੋਣਾ ਪੈਣਾ ਹੈ। ਬੋਝ ਢੋਣਾ ਸਾਡਾ ਘੋੜਿਆਂ ਦਾ ਕੰਮ ਨਹੀਂ। ਅਸੀਂ ਤਾਂ ਸ਼ਾਹੀ ਸਵਾਰੀ ਹਾਂ।”
ਇਹ ਸੁਣ ਕੇ ਗਧਾ ਵਿਚਾਰਾ ਚੁੱਪ ਕਰ ਗਿਆ। ਥੋੜ੍ਹੀ ਦੇਰ ਬਾਅਦ ਭਾਰ ਕਾਰਨ ਗਧੇ ਦੇ ਪੈਰ ਡੋਲ੍ਹਣ ਲੱਗ ਪਏ ਤੇ ਉਹ ਲੜਖੜਾ ਕੇ ਰਸਤੇ 'ਚ ਹੀ ਡਿੱਗ ਪਿਆ। ਪਿਆਸ ਕਾਰਨ ਉਹਦੀਆਂ ਅੱਖਾਂ ਬੇਹਾਲ ਹੋ ਗਈਆਂ ਤੇ ਤ੍ਰਿਪ ਤ੍ਰਿਪ ਹੰਝੂ ਕੇਰਨ ਲੱਗੀਆਂ।
ਧੋਬੀ ਨੇ ਗਧੇ ਦੀ ਹਾਲਤ ਵੇਖੀ ਤੇ ਉਹਨੂੰ ਤੁਰੰਤ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਹਨੇ ਗਧੇ ਨੂੰ ਪਾਣੀ ਪਿਆਇਆ ਤੇ ਉਹਦੀ ਪਿੱਠ ਤੋਂ ਸਾਰਾ ਬੋਝ ਲਾਹ ਕੇ ਘੋੜੇ ਦੀ ਪਿੱਠ 'ਤੇ ਲੱਦ ਦਿੱਤਾ।
ਭਾਰ ਸੱਚਮੁੱਚ ਬਹੁਤ ਜ਼ਿਆਦਾ ਸੀ। ਘੋੜੇ ਦੇ ਪੈਰ ਵੀ ਲੜਖੜਾਉਣ ਲੱਗ ਪਏ। ਹੁਣ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਅਤੇ ਉਹ ਸੋਚਣ ਲੱਗਾ-ਜੇਕਰ ਮੈਂ ਗਧੇ ਦੀ ਗੱਲ ਮੰਨ ਕੇ ਅੱਧਾ ਭਾਰ ਆਪਣੀ ਪਿੱਠ 'ਤੇ ਲੱਦ ਲਿਆ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ। ਹੁਣ ਮੈਨੂੰ ਸਾਰਾ ਬੋਝ ਚੁੱਕ ਕੇ ਬਾਜ਼ਾਰ ਲੈ ਕੇ ਜਾਣਾ ਪਵੇਗਾ।
0 Comments