Punjabi Moral Story 'Jhagde da Phal' 'ਝਗੜੇ ਦਾ ਫ਼ਲ' for Kids and Students.

ਝਗੜੇ ਦਾ ਫ਼ਲ

ਇਕ ਬ੍ਰਾਹਮਣ ਨੂੰ ਕਿਤੇ ਦਾਨ ਵਿਚੋਂ ਦੋ ਗਊਆਂ ਮਿਲੀਆਂ। ਗਾਵਾਂ ਬੜੀਆਂ ਹੀ ਰਿਸ਼ਟ-ਪੁਸ਼ਟ ਤੇ ਦੁਧਾਰੂ ਸਨ। ਇਕ ਚੋਰ ਦੀ ਨਜ਼ਰ ਉਨ੍ਹਾਂ 'ਤੇ ਪਈ ਤੇ ਉਸਨੇ ਸੋਚਿਆ ਕਿ ਇਹ ਦੋਵੇਂ ਗਾਵਾਂ ਚੋਰੀ ਕਰ ਲੈਣੀਆਂ ਚਾਹੀਦੀਆਂ ਹਨ। ਜੇਕਰ ਮੈਂ ਇਨ੍ਹਾਂ ਦੋਵਾਂ ਨੂੰ ਚੁਰਾ ਕੇ ਲੈ ਜਾਵਾਂ ਤਾਂ ਮੈਨੂੰ ਵਾਹਵਾ ਰੁਪਏ ਮਿਲ ਜਾਣਗੇ। ਘੱਟ ਤੋਂ ਘੱਟ ਇਕ ਸਾਲ ਤਕ ਤਾਂ ਮੈਨੂੰ ਚੋਰੀ ਕਰਨ ਦੀ ਲੋੜ ਨਹੀਂ ਪਵੇਗੀ।

ਇਹ ਸੋਚ ਕੇ ਉਸ ਚੋਰ ਨੇ ਫ਼ੈਸਲਾ ਕੀਤਾ ਕਿ ਰਾਤ ਵੇਲੇ ਮੈਂ ਇਨ੍ਹਾਂ ਗਾਵਾਂ ਨੂੰ ਚੋਰੀ ਕਰਕੇ ਲੈ ਜਾਵਾਂਗਾ ਤੇ ਨਾਲ ਵਾਲੇ ਪਿੰਡ ਵਿਚ ਜਾ ਕੇ ਵੇਚ ਦੇਵਾਂਗਾ। ਉਸੇ ਰਾਤ ਅਸਮਾਨ ਵਿਚ ਸੰਘਣੇ ਬੱਦਲ ਛਾ ਗਏ, ਜਿਸ ਕਰਕੇ ਚਾਰੇ ਪਾਸੇ ਹਨੇਰਾ ਪਸਰ ਗਿਆ। ਇਹ ਵੇਖ ਕੇ ਚੋਰ ਨੇ ਹੱਸਦਿਆਂ ਆਖਿਆ—ਹੇ ਪ੍ਰਭੂ ! ਅੱਜ ਤਾਂ ਤੁਸੀਂ ਵੀ ਮੇਰੇ 'ਤੇ ਮਿਹਰਬਾਨ ਹੋ ਗਏ ਓ। ਅੱਜ ਤਾਂ ਮੈਂ ਬੜੀ ਆਸਾਨੀ ਨਾਲ ਗਾਵਾਂ ਚੋਰੀ ਕਰ ਸਕਦਾ ਹਾਂ।”

ਇਹੀ ਸੋਚਦਾ ਹੋਇਆ ਉਹ ਚੋਰ ਬ੍ਰਾਹਮਣ ਦੇ ਘਰ ਵੱਲ ਤੁਰ ਪਿਆ। ਹਨੇਰੀ ਰਾਤ ਵਿਚ ਚੋਰ ਨੇ ਉਥੇ ਇਕ ਕਾਲੇ-ਕਲੂਟੇ, ਲੰਬੇ-ਲੰਬੇ ਦੰਦਾਂ ਵਾਲੇ ਡਰਾਵਣੇ ਜਿਹੇ ਇਨਸਾਨ ਨੂੰ ਤੱਕਿਆ। ਚੋਰ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਹ ਉਸ ਕਾਲੇ ਇਨਸਾਨ ਨੂੰ ਵੇਖ ਕੇ ਡਰ ਜਾਂਦਾ। ਪਰ ਚੋਰ ਨੇ ਉਸ ਕੋਲੋਂ ਪੁੱਛਿਆ-‘ਭਰਾ ! ਤੁਸੀਂ ਕੌਣ ਹੋ ਤੇ ਇਸ ਭਿਆਨਕ ਰਾਤ ਵਿਚ ਇਥੇ ਕੀ ਕਰ ਰਹੇ ਹੋ ?”

“ਮੈਂ ਇਕ ਰਾਖ਼ਸ਼ਸ਼ ਹਾਂ । ਮੈਨੂੰ ਇਸ ਵੇਲੇ ਬੜੀ ਭੁੱਖ ਲੱਗੀ ਹੋਈ ਹੈ, ਮੈਂ ਆਪਣਾ ਢਿੱਡ ਭਰਨ ਲਈ ਨਿਕਲਿਆ ਹਾਂ। ਮੈਂ ਸਿਰਫ਼ ਖ਼ੂਨ ਪੀ ਕੇ ਹੀ ਆਪਣਾ ਢਿੱਡ ਭਰਦਾ ਹਾਂ।”

“ਪਰ ਤੁਸੀਂ ਕਿਸਦਾ ਖ਼ੂਨ ਪੀਣਾ ਚਾਹੁੰਦੇ ਹੋ ?”

“ਉਸ ਬ੍ਰਾਹਮਣ ਦਾ...ਜੋ ਲੋਕਾਂ ਦਾ ਮਾਲ ਖਾ-ਖਾ ਕੇ ਮੋਟਾ ਹੋ ਰਿਹਾ ਹੈ। ਪਰ ਤੁਸੀਂ ਕੌਣ ਹੋ, ਜੋ ਇਸ ਭਿਆਨਕ ਰਾਤ ਵਿਚ ਬੜੀ ਨਿੱਡਰਤਾ ਨਾਲ ਘੁੰਮ ਰਹੇ ਹੋ।”

“ਮੈਂ ਚੋਰ ਹਾਂ ! ਮੈਂ ਉਸੇ ਬ੍ਰਾਹਮਣ ਦੀਆਂ ਗਾਂਵਾਂ ਚੋਰੀਆਂ ਕਰਨ ਆਇਆ ਹਾਂ।”

“ਇਸਦਾ ਭਾਵ ਹੈ ਕਿ ਅਸੀਂ ਦੋਵੇਂ ਹੀ ਪੇਸ਼ਾਵਰ ਭਰਾ ਹਾਂ। ਅਸੀਂ ਦੋਵੇਂ ਇਕੋ ਜਗ੍ਹਾ ਚੋਰੀ ਕਰਨ ਜਾ ਰਹੇ ਹਾਂ। ਤੁਸੀਂ ਗਾਵਾਂ ਦੀ ਤੇ ਮੈਂ ਖ਼ੂਨ ਦੀ।”

ਚੋਰ ਨੇ ਰਾਖਸ਼ਸ਼ ਨੂੰ ਆਖਿਆ–‘ਭਰਾ, ਤੁਸੀਂ ਰੁਕ ਜਾਓ ! ਪਹਿਲਾਂ ਮੈਂ ਇਨ੍ਹਾਂ ਗਾਵਾਂ ਨੂੰ ਲੈ ਜਾਂਦਾ ਹਾਂ।”

“ਨਹੀਂ..ਨਹੀਂ...ਜਦੋਂ ਤੁਸੀਂ ਗਾਵਾਂ ਖੋਲ੍ਹ ਕੇ ਲਿਜਾਣ ਲੱਗੋਗੇ ਤਾਂ ਬ੍ਰਾਹਮਣ ਜਾਗ ਜਾਵੇਗਾ ਤੇ ਫਿਰ ਮੈਂ ਭੁੱਖਾ ਰਹਿ ਜਾਵਾਂਗਾ। ਇਸ ਲਈ ਪਹਿਲਾਂ ਮੈਂ ਉਹਦਾ ਖ਼ੂਨ ਪੀਵਾਂਗਾ, ਬਾਅਦ ਵਿਚ ਤੁਸੀਂ ਗਾਵਾਂ ਲੈ ਕੇ ਜਾਇਓ।”

“ਨਹੀਂ...ਪਹਿਲਾਂ ਮੈਂ।”

“ਪਹਿਲਾਂ ਮੈਂ।”

ਦੋਵੇਂ ਆਪਸ ਵਿਚ ਲੜ ਪਏ। ਏਨੇ ਵਿਚ ਬ੍ਰਾਹਮਣ ਦੀ ਨੀਂਦ ਖੁੱਲ੍ਹ ਗਈ। ਉਸਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

“ਚੋਰ...ਚੋਰ...ਚੋਰ।”

ਪਿੰਡ ਦੇ ਲੋਕ ਭੱਜ ਕੇ ਇਕੱਠੇ ਹੋ ਗਏ।

ਰਾਖਸ਼ਸ਼ ਤਾਂ ਆਪਣੀ ਸ਼ਕਤੀ ਨਾਲ ਅਲੋਪ ਹੋ ਗਿਆ ਪਰ ਪਿੰਡ ਵਾਲਿਆਂ ਨੇ ਮਿਲ ਕੇ ਚੋਰ ਦਾ ਵਾਹਵਾ ਕੁਟਾਪਾ ਚਾੜ੍ਹਿਆ ਤੇ ਫਿਰ ਰਾਜੇ ਦੇ ਸੈਨਿਕਾਂ ਹਵਾਲੇ ਕਰ ਦਿੱਤਾ।



Post a Comment

0 Comments