ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿੱਚ ਵਧ ਰਹੇ ਸੜਕ-ਹਾਦਸਿਆਂ (ਵਧ ਰਹੀਆਂ ਸੜਕ-ਦੁਰਘਟਨਾਵਾਂ) ਬਾਰੇ ਵਿਚਾਰ ਕੀਤੀ ਗਈ ਹੋਵੇ।

ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿੱਚ ਵਧ ਰਹੇ ਸੜਕ-ਹਾਦਸਿਆਂ (ਵਧ ਰਹੀਆਂ ਸੜਕ-ਦੁਰਘਟਨਾਵਾਂ) ਬਾਰੇ ਵਿਚਾਰ ਕੀਤੀ ਗਈ ਹੋਵੇ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਅਜੀਤ’,

ਜਲੰਧਰ।


ਵਿਸ਼ਾ : ਵਧ ਰਹੇ ਸੜਕ-ਹਾਦਸੇ।


ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ‘ਵਧ ਰਹੇ ਸੜਕ-ਹਾਦਸਿਆਂ/ਵਧ ਰਹੀਆਂ ਸੜਕ-ਦੁਰਘਟਨਾਵਾਂ' ਬਾਰੇ ਆਪਣੇ ਵਿਚਾਰ ਪ੍ਰਗਟਾ ਰਿਹਾ ਹਾਂ।

ਵਿਗਿਆਨ ਦੀ ਤਰੱਕੀ ਕਾਰਨ ਆਵਾਜਾਈ ਦੇ ਵਿਭਿੰਨ ਸਾਧਨ ਹੋਂਦ ਵਿੱਚ ਆਏ ਸਨ ਅਤੇ ਇਹਨਾਂ ਦਾ ਵਿਕਾਸ ਵੀ ਹੋਇਆ ਹੈ। ਸੜਕਾਂ ਤੇ ਚੱਲਣ ਵਾਲੇ ਵਾਹਨ, ਰੇਲ, ਹਵਾਈ ਤੇ ਸਮੁੰਦਰੀ ਜਹਾਜ਼ ਆਵਾਜਾਈ ਦੇ ਪ੍ਰਮੁੱਖ ਸਾਧਨ ਹਨ ਪਰ ਇਹਨਾਂ ਵਿੱਚੋਂ ਸਭ ਤੋਂ ਵੱਧ ਦੁਰਘਟਨਾਵਾਂ ਸੜਕਾਂ 'ਤੇ ਹੁੰਦੀਆਂ ਹਨ।

ਨਿਰਸੰਦੇਹ ਸਾਡੇ ਦੇਸ ਵਿੱਚ ਸੜਕ-ਹਾਦਸਿਆਂ/ਸੜਕ-ਦੁਰਘਟਨਾਵਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕ ਟ੍ਰੈਫ਼ਿਕ ਦੇ ਨਿਯਮਾਂ ਤੋਂ ਹੀ ਪੂਰੀ ਤਰ੍ਹਾਂ ਜਾਣੂ ਨਹੀਂ। ਅਜਿਹੇ ਲੋਕਾਂ ਨੂੰ ਸੜਕ ’ਤੇ ਕਿਸੇ ਕਿਸਮ ਦਾ ਵਾਹਨ ਚਲਾਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨੂੰ ਟ੍ਰੈਫ਼ਿਕ ਦੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਨਾ ਹੋਵੇ। ਟ੍ਰੈਫ਼ਿਕ ਅਧਿਕਾਰੀਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਾਹਨ ਚਲਾਉਣ ਵਾਲੇ ਇਹਨਾਂ ਨਿਯਮਾਂ ਦੀ ਉਲੰਘਣਾ ਨਾ ਕਰਨ। ਅਜਿਹਾ ਕਰਨ ਦੀ ਹਾਲਤ ਵਿੱਚ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਸੜਕ-ਹਾਦਸਿਆਂ ਦਾ ਦੂਜਾ ਵੱਡਾ ਕਾਰਨ ਵਧ ਰਿਹਾ ਟ੍ਰੈਫ਼ਿਕ ਹੈ। ਇਸ ਲਈ ਦੋਹਰੀਆਂ ਸੜਕਾਂ ਦੀ ਜ਼ਰੂਰਤ ਹੈ। ਇਸ ਤਰ੍ਹਾਂ ਇੱਕ ਪਾਸੇ ਆਉਣ ਤੇ ਦੂਜੇ ਪਾਸੇ ਜਾਣ ਦਾ ਪ੍ਰਬੰਧ ਹੋ ਸਕੇਗਾ ਅਤੇ ਆਮੋ-ਸਾਮ੍ਹਣੇ ਹੋਣ ਵਾਲੀਆਂ ਟੱਕਰਾਂ ਅਥਵਾ ਹਾਦਸਿਆਂ ਤੋਂ ਬਚਾਅ ਹੋ ਸਕੇਗਾ। ਸਰਕਾਰ ਵੱਲੋਂ ਮੁੱਖ ਸੜਕਾਂ ਨੂੰ ਦੋਹਰੀਆਂ ਕਰਨ ਦੇ ਯਤਨ ਹੋ ਰਹੇ ਹਨ ਪਰ ਦਿਨੋਂ- ਦਿਨ ਵਧ ਰਹੇ ਟ੍ਰੈਫ਼ਿਕ ਕਾਰਨ ਇਸ ਪਾਸੇ ਹੋਰ ਧਿਆਨ ਦੇਣ ਦੀ ਲੋੜ ਹੈ।ਜੇਕਰ ਦੋਹਰੀਆਂ ਸੜਕਾਂ ਦੀ ਵਿਵਸਥਾ ਸਭ ਪਾਸੇ ਹੋ ਜਾਵੇ ਤਾਂ ਸੜਕ ਹਾਦਸਿਆਂ/ਦੁਰਘਟਨਾਵਾਂ ਵਿੱਚ ਕਮੀ ਲਿਆਂਦੀ ਜਾ ਸਕਦੀ ਹੈ।

ਕਈ ਵਾਰ ਸੜਕਾਂ 'ਤੇ ਟੋਏ ਆਦਿ ਪਏ ਹੋਣ ਕਾਰਨ ਵੀ ਹਾਦਸਾ ਹੋ ਜਾਂਦਾ ਹੈ ਅਤੇ ਵਾਹਨ ਤੇ ਸਵਾਰੀਆਂ ਨੂੰ ਨੁਕਸਾਨ ਪੁੱਜਦਾ ਹੈ।ਇਸ ਲਈ ਇਹ ਜ਼ਰੂਰੀ ਹੈ ਕਿ ਸੜਕਾਂ ਦੀ ਮੁਰੰਮਤ ਨਾਲੋ-ਨਾਲ ਹੋਵੇ। ਪਰ ਆਮ ਦੇਖਣ ਵਿੱਚ ਆਉਂਦਾ ਹੈ ਕਿ ਸੜਕਾਂ ਦੀ ਮੁਰੰਮਤ ਸਮੇਂ ਸਿਰ ਨਹੀਂ ਹੁੰਦੀ ਅਤੇ ਨਾ ਹੀ ਇਹ ਕੰਮ ਤਸੱਲੀ ਬਖਸ਼ ਢੰਗ ਨਾਲ ਕੀਤਾ ਜਾਂਦਾ ਹੈ। ਸਿੱਟੇ ਵਜੋਂ ਸੜਕਾਂ ਅਕਸਰ ਟੁੱਟੀਆਂ ਰਹਿੰਦੀਆਂ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਤੇਜ਼ੀ ਨਾਲ ਇੱਕ-ਦੂਜੇ ਤੋਂ ਅੱਗੇ ਨਿਕਲਣ ਕਾਰਨ ਵੀ ਕਈ ਵਾਰ ਸੜਕ-ਦੁਰਘਟਨਾਵਾਂ ਹੁੰਦੀਆਂ ਹਨ। ਅਸੀਂ ਆਮ ਦੇਖਦੇ ਹਾਂ ਕਿ ਨਿੱਜੀ ਵਾਹਨਾਂ ਅਤੇ ਬੱਸਾਂ ਆਦਿ ਦੇ ਡ੍ਰਾਈਵਰ ਹੱਦ/ਲੋੜ ਤੋਂ ਵੱਧ ਤੇਜ਼ੀ ਨਾਲ ਵਾਹਨ ਚਲਾਉਂਦੇ ਹਨ ਅਤੇ ਇੱਕ ਦੂਜੇ ਤੋਂ ਅੱਗੇ ਨਿਕਲਦਿਆਂ ਹੀ ਕਈ ਵਾਰ ਹਾਦਸੇ/ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਸਾਡੇ ਅਧਿਕਾਰੀਆਂ ਨੂੰ ਸੰਬੰਧਿਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਚਾਹੀਦੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ।

ਸੜਕਾਂ ਤੇ ਚੱਲਦੀਆਂ ਉਹ ਟ੍ਰਾਲੀਆਂ ਵੀ ਦੁਰਘਟਨਾਵਾਂ/ਹਾਦਸਿਆਂ ਦਾ ਕਾਰਨ ਬਣਦੀਆਂ ਹਨ ਜਿਨ੍ਹਾਂ 'ਤੇ ਲੋੜ ਤੋਂ ਵੱਧ ਸਮਾਨ ਲੱਦ ਲਿਆ ਜਾਂਦਾ ਹੈ।ਗੰਨਿਆਂ ਨਾਲ ਲੱਦੀਆਂ ਟ੍ਰਾਲੀਆਂ ਦੀ ਉਦਾਹਰਨ ਸਾਡੇ ਸਾਮ੍ਹਣੇ ਹੈ। ਅਜਿਹੀਆਂ ਟ੍ਰਾਲੀਆਂ ਜਦ ਸੜਕ 'ਤੇ ਚੱਲਦੀਆਂ ਹਨ ਤਾਂ ਸਾਰੀ ਸੜਕ ਹੀ ਰੋਕ ਲੈਂਦੀਆਂ ਹਨ ਅਤੇ ਪਿੱਛੋਂ ਆਉਣ ਵਾਲੇ ਵਾਹਨਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ।

ਡ੍ਰਾਈਵਰਾਂ ਨੂੰ ਵੀ ਚਾਹੀਦਾ ਹੈ ਕਿ ਨਸ਼ੇ ਆਦਿ ਦੇ ਪ੍ਰਭਾਵ ਅਧੀਨ ਵਾਹਨ ਨਾ ਚਲਾਉਣ। ਟ੍ਰੈਫ਼ਿਕ ਅਧਿਕਾਰੀਆਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਜੇਕਰ ਅਸੀਂ ਉਪਰੋਕਤ ਗੱਲਾਂ ਵੱਲ ਧਿਆਨ ਦੇਈਏ ਤਾਂ ਸੜਕ-ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।ਸੰਬੰਧਿਤ ਅਧਿਕਾਰੀਆਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਆਸ ਹੈ ਤੁਸੀਂ ਇਸ ਪੱਤਰ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿੱਚ ਪ੍ਰਕਾਸ਼ਿਤ ਕਰੋਗੇ ਤਾਂ ਜੋ ਪਾਠਕ ਇਹਨਾਂ ਵਿਚਾਰਾਂ ਤੋਂ ਜਾਣੂ ਹੋ ਸਕਣ।

ਧੰਨਵਾਦ ਸਹਿਤ,


ਤੁਹਾਡਾ ਵਿਸ਼ਵਾਸਪਾਤਰ, 

ਰਾਜਿੰਦਰ ਕੁਮਾਰ

ਮਕਾਨ ਨੰਬਰ... 

ਮੁਹੱਲਾ.. 

ਸ਼ਹਿਰ.. 

ਮਿਤੀ : 05 ਮਾਰਚ, 20




Post a Comment

0 Comments