ਸੰਪਾਦਕ ਨੂੰ ਪੱਤਰ ਲਿਖ ਕੇ ‘ਕੇਬਲ ਟੀ. ਵੀ.-ਵਰਦਾਨ ਕਿ ਸਰਾਪ ? ਵਿਸ਼ੇ 'ਤੇ ਅਖ਼ਬਾਰ ਵੱਲੋਂ ਲਿਖੀ ਸੰਪਾਦਕੀ ਬਾਰੇ ਆਪਣੇ ਵਿਚਾਰ ਪ੍ਰਗਟਾਓ।

ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ‘ਕੇਬਲ ਟੀ. ਵੀ.-ਵਰਦਾਨ ਕਿ ਸਰਾਪ ? ਵਿਸ਼ੇ 'ਤੇ ਅਖ਼ਬਾਰ ਵੱਲੋਂ ਲਿਖੀ ਸੰਪਾਦਕੀ ਬਾਰੇ ਆਪਣੇ ਵਿਚਾਰ ਪ੍ਰਗਟਾਓ।


ਸੇਵਾ ਵਿਖੇ

ਸੰਪਾਦਕ ਸਾਹਿਬ, 

ਰੋਜ਼ਾਨਾ ‘ਅਜੀਤ`,

ਜਲੰਧਰ ਸ਼ਹਿਰ।


ਵਿਸ਼ਾ : ਕੇਬਲ ਟੀ.ਵੀ.— ਵਰਦਾਨ ਕਿ ਸਰਾਪ? ਸੰਪਾਦਕੀ ਬਾਰੇ।


ਸ੍ਰੀਮਾਨ ਜੀ, 

ਮੈਂ ਮਿਤੀ ਨੂੰ ਪ੍ਰਕਾਸ਼ਿਤ ਤੁਹਾਡਾ ਸੰਪਾਦਕੀ ਲੇਖ-‘ਕੇਵਲ ਟੀ. ਵੀ.-ਵਰਦਾਨ ਕਿ ਸਰਾਪ ?' ਪੜ੍ਹਿਆ। ਤੁਸੀਂ ਇਸ ਵਿਸ਼ੇ ਉਤੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ। ਤੁਸੀਂ ਕੇਵਲ ਟੀ. ਵੀ. ਨੂੰ ਵਿਗਿਆਨ ਦੀ ਇੱਕ ਪ੍ਰਾਪਤੀ ਅਥਵਾ ਵਰਦਾਨ ਦੱਸਿਆ ਹੈ ਜੋ ਬਿਲਕੁਲ ਠੀਕ ਹੈ। ਇਹ ਸਾਡੀ ਸੋਚ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਦਾ ਹੈ ਅਤੇ ਸਾਨੂੰ ਉਸਾਰੂ ਗਿਆਨ ਦਿੰਦਾ ਹੈ। ਕੇਬਲ ਟੀ. ਵੀ. ਸਾਨੂੰ ਵਿਸ਼ਵ ਨਾਗਰਿਕ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਤੁਹਾਡੇ ਸੰਪਾਦਕੀ ਲੇਖ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਤੁਸੀਂ ਕੇਵਲ ਟੀ. ਵੀ. ਦੇ ਅੰਤਰ-ਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਦੇ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ। ਤੁਸੀਂ ਇਹ ਵੀ ਲਿਖਿਆ ਹੈ ਕਿ ਅਸੀਂ ਨਵੀਆਂ ਕਾਢਾਂ ਨੂੰ ਕਈ ਤਰ੍ਹਾਂ ਦੇ ਸ਼ੰਕਿਆਂ ਨਾਲ ਅਪਣਾਉਂਦੇ ਹਾਂ ਪਰ ਬਾਅਦ ਵਿੱਚ ਇਹ ਸਭ ਕੁਝ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਜਾਂਦਾ ਹੈ। ਰੇਡੀਓ ਅਤੇ ਟੈਲੀਵਿਜ਼ਨ ਦੇ ਆਉਣ 'ਤੇ ਵੀ ਅਜਿਹੇ ਹੀ ਸ਼ੰਕੇ ਪੈਦਾ ਕੀਤੇ ਗਏ ਸਨ ਕਿ ਇਹ ਸਾਡੇ ਜੀਵਨ ਵਿੱਚ ਵਿਗਾੜ ਪੈਦਾ ਕਰ ਦੇਣਗੇ। ਇਸ ਪੱਤਰ ਰਾਹੀਂ ਮੈਂ ਤੁਹਾਡੇ ਵਿਚਾਰਾਂ ਦੇ ਪ੍ਰਸੰਗ ਵਿੱਚ ਆਪਣੇ ਵਿਚਾਰ ਵੀ ਪ੍ਰਗਟਾਉਣਾ ਚਾਹੁੰਦਾ ਹਾਂ।

ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਕੇਬਲ ਟੀ. ਵੀ. ਦਾ ਬਹੁਤ ਰਿਵਾਜ ਹੋ ਗਿਆ ਹੈ। ਸਾਡੇ ਦੇਸ ਵਿੱਚ ਵੱਡੇ-ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਈ ਲੋਕਾਂ ਨੇ ਇਸ ਨੂੰ ਆਮਦਨੀ ਦਾ ਇੱਕ ਸਾਧਨ ਬਣਾਇਆ ਹੋਇਆ ਹੈ। ਅਜਿਹੇ ਲੋਕ ਟੀ. ਵੀ. ਦੇ ਅੰਤਰ-ਰਾਸ਼ਟਰੀ ਪ੍ਰੋਗਰਾਮ ਦਿਖਾਉਂਦੇ ਹਨ। ਪਰ ਕੇਬਲ ਟੀ. ਵੀ. ਦੇ ਸਥਾਨਕ ਸੰਚਾਲਕ ਦਰਸ਼ਕਾਂ ਦੇ ਮਨੋਰੰਜਨ ਲਈ ਕੁਝ ਪ੍ਰੋਗਰਾਮ ਆਪਣੇ ਵੱਲੋਂ ਵੀ ਦਿਖਾਉਂਦੇ ਹਨ।

ਜਿੱਥੋਂ ਤੱਕ ਤਾਂ ਇਹ ਪ੍ਰੋਗਰਾਮ ਸਾਡੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਸਾਡੇ ਲਈ ਸਿਹਤਮੰਦ ਮਨੋਰੰਜਨ ਪ੍ਰਦਾਨ ਕਰਦੇ ਹਨ ਉੱਥੋਂ ਤੱਕ ਇਹਨਾਂ ਨੂੰ ਵਰਦਾਨ ਹੀ ਕਿਹਾ ਜਾਣਾ ਚਾਹੀਦਾ ਹੈ। ਪਰ ਕੇਬਲ ਟੀ.ਵੀ. ਦੇ ਕਈ ਪ੍ਰੋਗਰਾਮ ਸਾਡੇ ਨੌਜਵਾਨਾਂ ਦੇ ਚਰਿੱਤਰ 'ਤੇ ਬੜਾ ਮਾੜਾ ਅਸਰ ਪਾਉਂਦੇ ਹਨ ਅਤੇ ਇਹਨਾਂ ਨੂੰ ਪਰਿਵਾਰ ਵਿੱਚ ਬੈਠ ਕੇ ਨਹੀਂ ਦੇਖਿਆ ਜਾ ਸਕਦਾ। ਹਰ ਦੇਸ ਦੀ ਸੱਭਿਅਤਾ ਦੇ ਆਪਣੇ ਮਾਪਦੰਡ ਹੁੰਦੇ ਹਨ। ਜਿਨ੍ਹਾਂ ਪ੍ਰੋਗਰਾਮਾਂ ਨੂੰ ਦੂਸਰੇ ਦੇਸਾਂ ਦੇ ਲੋਕ ਅਸੱਭਿਅਕ ਨਹੀਂ ਮੰਨਦੇ ਉਹ ਸਾਡੇ ਦੇਸ ਲਈ ਅਸੱਭਿਅਕ ਹੋ ਸਕਦੇ ਹਨ ਕਿਉਂਕਿ ਸਾਡੇ ਦੇਸ ਵਿੱਚ ਉਹ ਖੁੱਲ੍ਹ-ਖੇਡ ਨਹੀਂ ਜੋ ਪੱਛਮੀ ਦੇਸਾਂ ਵਿੱਚ ਹੈ। ਅਜਿਹੇ ਪ੍ਰੋਗਰਾਮ ਸਾਡੇ ਨੌਜਵਾਨਾਂ ਵਿੱਚ ਵਿਗਾੜ ਪੈਦਾ ਕਰ ਸਕਦੇ ਹਨ ਅਤੇ ਸਾਡੇ ਲਈ ਸਰਾਪ ਬਣ ਸਕਦੇ ਹਨ।

ਕੇਬਲ ਟੀ. ਵੀ. ਦੇ ਪ੍ਰੋਗਰਾਮਾਂ ਬਾਰੇ ਇੱਕ ਧਾਰਨਾ ਇਹ ਵੀ ਹੈ ਕਿ ਸਾਡੇ ਨੌਜਵਾਨ ਇਹਨਾਂ ਪ੍ਰੋਗਰਾਮਾਂ ਨੂੰ ਦੇਖਣ ਦੇ ਏਨੇ ਆਦੀ ਹੋ ਜਾਂਦੇ ਹਨ ਕਿ ਉਹ ਪੜ੍ਹਾਈ ਵੱਲੋਂ ਲਾਪਰਵਾਹ ਹੋ ਜਾਂਦੇ ਹਨ। ਇਹਨਾਂ ਪ੍ਰੋਗਰਾਮਾਂ ਨੂੰ ਲਗਾਤਾਰ ਦੇਖਣ ਨਾਲ ਸਾਡੇ ਨੌਜਵਾਨਾਂ ਦੀ ਨਜ਼ਰ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਤਰ੍ਹਾਂ ਕੇਬਲ ਟੀ.ਵੀ. ਦੇ ਪ੍ਰੋਗਰਾਮ ਵਰਦਾਨ ਨਾ ਰਹਿ ਕੇ ਸਾਡੇ ਲਈ ਸਰਾਪ ਬਣ ਜਾਂਦੇ ਹਨ। ਪਰ ਜੇਕਰ ਅਸੀਂ ਚਾਹੀਏ ਤਾਂ ਇਹਨਾਂ ਪ੍ਰੋਗਰਾਮਾਂ ਦੇ ਮਾੜੇ ਅਸਰਾਂ ਤੋਂ ਛੁਟਕਾਰਾ ਪਾ ਸਕਦੇ ਹਾਂ।

ਲੋੜ ਇਸ ਗੱਲ ਦੀ ਹੈ ਕਿ ਅਸੀਂ ਕੇਬਲ ਟੀ. ਵੀ. ਦੇ ਸਾਰੇ ਪ੍ਰੋਗਰਾਮ ਨਾ ਦੇਖੀਏ ਸਗੋਂ ਆਪਣੀ ਰੁਚੀ ਅਤੇ ਲੋੜ ਅਨੁਸਾਰ ਇਹਨਾਂ ਪ੍ਰੋਗਰਾਮਾਂ ਵਿੱਚੋਂ ਕੁਝ ਚੋਣਵੇਂ ਪ੍ਰੋਗਰਾਮ ਹੀ ਦੇਖੀਏ। ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਸਾਡੇ ਨੌਜਵਾਨ ਉਹ ਪ੍ਰੋਗਰਾਮ ਨਾ ਦੇਖਣ ਜਿਨ੍ਹਾਂ 'ਦਾ ਉਹਨਾਂ ਦੇ ਚਰਿੱਤਰ 'ਤੇ ਮਾੜਾ ਅਸਰ ਪਵੇ। ਕੇਬਲ ਟੀ. ਵੀ. ਪ੍ਰੋਗਰਾਮ ਦਿਖਾਉਣ ਵਾਲੇ ਪ੍ਰਬੰਧਕਾਂ ਨੂੰ ਵੀ ਅਜਿਹੀਆਂ ਵਿਸ਼ੇਸ਼ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ ਕਿ ਅਜਿਹੇ ਪ੍ਰੋਗਰਾਮ ਨਾ ਦਿਖਾਏ ਜਾਣ ਜਿਨ੍ਹਾਂ ਦਾ ਸਾਡੇ ਨੌਜਵਾਨਾਂ 'ਤੇ ਮਾੜਾ ਅਸਰ ਪਵੇ। ਕੇਬਲ ਟੀ.ਵੀ. ਦੇ ਪ੍ਰਬੰਧਕਾਂ ਨੂੰ ਅਜਿਹੇ ਪ੍ਰੋਗਰਾਮ ਵੀ ਨਹੀਂ ਦਿਖਾਉਣੇ ਚਾਹੀਦੇ ਜਿਨ੍ਹਾਂ ਵਿੱਚ ਨੰਗੇਜ ਹੋਵੇ। ਅਜਿਹਾ ਕਰ ਕੇ ਅਸੀਂ ਕੇਬਲ ਟੀ. ਵੀ. ਦੇ ਪ੍ਰੋਗਰਾਮਾਂ ਨੂੰ ਸਰਾਪ ਬਣਨ ਤੋਂ ਰੋਕ ਸਕਦੇ ਹਾਂ।

ਧੰਨਵਾਦ ਸਹਿਤ,


ਤੁਹਾਡਾ ਵਿਸ਼ਵਾਸਪਾਤਰ, 

ਗੁਰਮੀਤ ਸਿੰਘ

1211ਬੀ, ਅਵਤਾਰ ਨਗਰ, 

… ਸ਼ਹਿਰ।

ਮਿਤੀ : 





Post a Comment

0 Comments