ਪੰਜਾਬੀ ਪੱਤਰ-ਸੰਪਾਦਕ ਨੂੰ ਪੱਤਰ ਲਿਖ ਕੇ ਅਪੰਗਾਂ ਦੀ ਸਮੱਸਿਆ ਸੰਬੰਧੀ ਆਪਣੇ ਵਿਚਾਰ ਪ੍ਰਗਟਾਓ।

ਰੋਜ਼ਾਨਾ ‘ਅਜੀਤ’ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਅਪੰਗਾਂ ਦੀ ਸਮੱਸਿਆ ਸੰਬੰਧੀ ਆਪਣੇ ਵਿਚਾਰ ਪ੍ਰਗਟਾਓ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਅਜੀਤ’,

ਜਲੰਧਰ ਸ਼ਹਿਰ।


ਵਿਸ਼ਾ : ਅਪੰਗਾਂ ਦੀ ਸਮੱਸਿਆ। 


ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਅਪੰਗਾਂ ਦੀ ਸਮੱਸਿਆ ਸੰਬੰਧੀ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਹੀ ਨਹੀਂ ਸਗੋਂ ਸੰਸਾਰ ਭਰ ਵਿੱਚ ਅਗਾਂ ਦੀ ਇੱਕ ਵੱਡੀ ਗਿਣਤੀ ਹੈ। ਇਹ ਲੋਕ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹਨ ਅਥਵਾ ਇਹ ਉਹ ਬਦਕਿਸਮਤ ਲੋਕ ਹਨ ਜਿਨ੍ਹਾਂ ਨੂੰ ਕੁਦਰਤ ਨੇ ਤੰਦਰੁਸਤ ਸਰੀਰ ਨਹੀਂ ਦਿੱਤਾ। ਇਹਨਾਂ ਵਿੱਚੋਂ ਕਈ ਨੇਤਰਹੀਣ ਹਨ ਅਤੇ ਕਈਆਂ ਦੀ ਲੱਤ-ਬਾਂਹ ਕਿਸੇ ਕਾਰਨ ਨਕਾਰਾ ਹੋਈ ਹੁੰਦੀ ਹੈ। ਇਹਨਾਂ ਵਿੱਚੋਂ ਕਈ ਤਾਂ ਜਮਾਂਦਰੂ ਹੀ ਅਪੰਗ ਹੁੰਦੇ ਹਨ ਪਰ ਕਈ ਬਾਅਦ ਵਿੱਚ ਕਿਸੇ ਬਿਮਾਰੀ ਜਾਂ ਹਾਦਸੇ ਦਾ ਸ਼ਿਕਾਰ ਹੋਣ ਨਾਲ ਅਪੰਗ ਹੋ ਜਾਂਦੇ ਹਨ।

ਆਮ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਨੇਤਰਹੀਣਾਂ ਅਤੇ ਹੋਰ ਅਪੰਗਾਂ ਵਿੱਚ ਕਿਸੇ ਇੱਕ ਪੱਖੋਂ ਘਾਟ ਹੁੰਦੀ ਹੈ ਤਾਂ ਕਿਸੇ ਹੋਰ ਪੱਖੋਂ ਉਹ ਆਮ/ਸਧਾਰਨ ਇਨਸਾਨ ਨਾਲੋਂ ਵਧੇਰੇ ਸਮਰੱਥ ਹੁੰਦੇ ਹਨ। ਉਦਾਹਰਨ ਦੇ ਤੌਰ 'ਤੇ ਜਦੋਂ ਕੋਈ ਵਿਅਕਤੀ ਨੇਤਰਹੀਣ ਜਾਂ ਕਿਸੇ ਹੋਰ ਅੰਗੋਂ ਅਪਾਹਜ ਹੁੰਦਾ ਹੈ ਤਾਂ ਉਹ ਕਈ ਵਾਰ ਦਿਮਾਗ਼ੀ ਤੌਰ 'ਤੇ ਬਹੁਤ ਸੁਚੇਤ ਹੁੰਦਾ ਹੈ। ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜੋ ਦਿਮਾਗ਼ੀ ਤੌਰ 'ਤੇ ਸਿਹਤਮੰਦ ਨਹੀਂ। ਪਰ ਅਸੀਂ ਦੇਖਦੇ ਹਾਂ ਕਿ ਨੇਤਰਹੀਣ ਸੰਗੀਤ ਦੇ ਕਈ ਸਾਜ਼ ਸਧਾਰਨ/ਆਮ ਲੋਕਾਂ ਨਾਲੋਂ ਵੀ ਵੱਧ ਸਫਲਤਾ ਨਾਲ ਵਜਾਉਂਦੇ ਹਨ।ਉਹਨਾਂ ਦੀ ਸੋਚ ਆਪਣੇ ਕੰਮ 'ਤੇ ਕੇਂਦਰਿਤ ਹੁੰਦੀ ਹੈ ਜਦ ਕਿ ਸਧਾਰਨ ਵਿਅਕਤੀ ਦਾ ਧਿਆਨ ਆਪਣੇ ਕੰਮ ਵੱਲੋਂ ਉਖੜ ਵੀ ਜਾਂਦਾ ਹੈ। ਪਰ ਸਮੁੱਚੇ ਤੌਰ ਤੇ ਅਸੀਂ ਇਹਨਾਂ ਅਪੰਗ ਲੋਕਾਂ ਨੂੰ ਉਹ ਪਿਆਰ/ਸਤਿਕਾਰ ਨਹੀਂ ਦੇ ਸਕੇ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਜਿਸ ਦੇ ਉਹ ਹੱਕਦਾਰ ਹਨ।

ਲੋੜ ਇਸ ਗੱਲ ਦੀ ਹੈ ਕਿ ਅਸੀਂ ਇਹਨਾਂ ਲੋਕਾਂ ਪ੍ਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰੀਏ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਕੋਈ ਬੱਚਾ ਜਨਮ ਤੋਂ ਬਾਅਦ ਅਪੰਗ ਨਾ ਹੋਵੇ। ਇਸ ਲਈ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਟੀਕੇ ਲਗਵਾਏ ਜਾਣੇ ਚਾਹੀਦੇ ਹਨ। ਦੂਸਰੀ ਗੱਲ ਇਹ ਹੈ ਕਿ ਜਿਹੜੇ ਅਪੰਗ ਲੋਕ ਦਿਮਾਗ਼ੀ ਤੌਰ 'ਤੇ ਚੇਤੰਨ ਹਨ ਉਹਨਾਂ ਨੂੰ ਕੋਈ ਨਾ ਕੋਈ ਕੰਮ ਦਿੱਤਾ ਜਾਣਾ ਚਾਹੀਦਾ ਹੈ। ਇਸ ਸੰਬੰਧ ਵਿੱਚ ਇਹਨਾਂ ਲੋਕਾਂ ਦੀ ਪੜ੍ਹਾਈ ਅਤੇ ਸਿਖਲਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਲੋਕ ਆਪਣੇ ਆਪ ਨੂੰ ਨਕਾਰਾ ਨਹੀਂ ਸਮਝਣਗੇ। ਖ਼ੁਸ਼ੀ ਦੀ ਗੱਲ ਹੈ ਕਿ ਨੇਤਰਹੀਣਾਂ ਦੀ ਪੜ੍ਹਾਈ ਲਈ ਵੱਖਰੀ ਵਿਧੀ ਦੀ ਕਾਢ ਕੱਢੀ ਗਈ ਹੈ।

ਨੇਤਰਹੀਣ ਅਤੇ ਹੋਰ ਅਪੰਗ ਲੋਕ ਸਾਡੇ ਤਰਸ/ਰਹਿਮ ਦੇ ਨਹੀਂ ਸਗੋਂ ਸਾਡੇ ਸਤਿਕਾਰ ਦੇ ਪਾਤਰ ਹੋਣੇ ਚਾਹੀਦੇ ਹਨ।ਲੋੜ ਇਸ ਗੱਲ ਦੀ ਹੈ ਕਿ ਇਹਨਾਂ ਨੂੰ ਸਮਾਜ ਦਾ ਬਰਾਬਰ ਦਾ ਅੰਗ ਸਮਝਿਆ ਜਾਵੇ ਅਤੇ ਇਹਨਾਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਵੀ ਸੌਂਪੀਆਂ ਜਾਣ। ਇਹਨਾਂ ਦੀ ਸ਼ਕਤੀ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਜਿਹੜੇ ਲੋਕ ਕੰਮ-ਕਰਨ ਤੋਂ ਅਸਮਰੱਥ ਹਨ ਉਹਨਾਂ ਦੀ ਰੋਟੀ ਅਤੇ ਰਿਹਾਇਸ਼ ਆਦਿ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ। ਅਜਿਹੇ ਲੋਕਾਂ ਲਈ ਵਧੀਆ ਆਸ਼ਰਮ ਖੋਲ੍ਹੇ ਜਾਣੇ ਚਾਹੀਦੇ ਹਨ ਜਿੱਥੇ ਉਹਨਾਂ ਨੂੰ ਜੀਵਨ ਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ। ਖ਼ੁਸ਼ੀ ਦੀ ਗੱਲ ਹੈ ਕਿ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਪਾਸੇ ਸੋਚ ਰਹੀਆਂ ਹਨ।ਪਰ ਇਸ ਪਾਸੇ ਹੋਰ ਧਿਆਨ ਦੇਣ ਦੀ ਲੋੜ ਹੈ।

ਆਸ ਹੈ ਤੁਸੀਂ ਇਹ ਪੱਤਰ ਆਪਣੀ ਅਖ਼ਬਾਰ ਵਿੱਚ ਛਾਪ ਕੇ ਇਹਨਾਂ ਵਿਚਾਰਾਂ ਨੂੰ ਆਪਣੇ ਪਾਠਕਾਂ ਤੱਕ ਪਹੁੰਚਾਓਗੇ |

ਧੰਨਵਾਦ ਸਹਿਤ,


ਤੁਹਾਡਾ ਵਿਸ਼ਵਾਸਪਾਤਰ,

ਗੁਰਮੀਤ ਸਿੰਘ 

554, ਰੋਜ਼ ਗਾਰਡਨ,

ਸ਼ਹਿਰ… 

ਮਿਤੀ :



Post a Comment

0 Comments