ਪੰਜਾਬ ਦੇ ਕਿਸੇ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਸਮੱਸਿਆ ਸੰਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ',
ਚੰਡੀਗੜ੍ਹ।
ਵਿਸ਼ਾ : ਹੜ੍ਹਾਂ ਕਾਰਨ ਹੋਇਆ ਨੁਕਸਾਨ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਏ ਹੜ੍ਹਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੀ ਰਿਪੋਰਟ ਭੇਜ ਰਿਹਾ ਹਾਂ।
ਇਸ ਵਾਰ ਆਏ ਹੜ੍ਹਾਂ ਕਾਰਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਲਗਾਤਾਰ ਮੀਂਹ ਪੈਣ ਅਤੇ ਨਹਿਰਾਂ/ਚੋਆਂ ਵਿੱਚ ਅਥਾਹ ਪਾਣੀ ਆ ਜਾਣ ਕਾਰਨ ਇਸ ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਕਈ ਦਿਨਾਂ ਤੱਕ ਪਾਣੀ ਭਰਿਆ ਰਿਹਾ। ਇਸ ਜ਼ਿਲ੍ਹੇ ਦੀ ਤਹਿਸੀਲ ਦੀ ਸਥਿਤੀ ਤਾਂ ਬਹੁਤ ਗੰਭੀਰ ਸੀ ਜਿੱਥੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ। ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਘਰਾਂ ਦੀਆਂ ਛੱਤਾਂ ਅਤੇ ਹੋਰ ਸੁਰੱਖਿਅਤ ਥਾਂਵਾਂ 'ਤੇ ਜਾਣਾ ਪਿਆ। ਇਹਨਾਂ ਹੜ੍ਹਾਂ ਕਾਰਨ ਜ਼ਿਲ੍ਹੇ ਭਰ ਵਿੱਚ ਬਹੁਤ ਸਾਰੇ ਪਸ਼ੂ ਮਰ ਗਏ ਹਨ। ਜ਼ਿਲ੍ਹੇ ਭਰ ਵਿੱਚ ਸੈਂਕੜੇ ਕੱਚੇ ਮਕਾਨ ਡਿਗ ਪਏ ਹਨ ਅਤੇ ਲੋਕਾਂ ਦਾ ਲੱਖਾਂ ਰੁਪਇਆਂ ਦਾ ਸਮਾਨ ਨਸ਼ਟ ਹੋ ਗਿਆ ਹੈ। ਇਸ ਜ਼ਿਲ੍ਹੇ ਵਿੱਚ ਫ਼ਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਸੜਕਾਂ ਅਤੇ ਪੁਲੀਆਂ ਨੂੰ ਏਨਾ ਨੁਕਸਾਨ ਹੋਇਆ ਹੈ ਕਿ ਕਈਆਂ ਪਿੰਡਾਂ ਦਾ ਇੱਕ ਦੂਜੇ ਨਾਲੋਂ ਸੜਕ- ਸੰਪਰਕ ਟੁੱਟ ਗਿਆ ਹੈ।
ਸਰਕਾਰ ਨੇ ਭਾਵੇਂ ਹੜ੍ਹ-ਪੀੜਤਾਂ ਲਈ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ ਪਰ ਇਹ ਮਦਦ ਤੁਰੰਤ ਮਿਲਨੀ ਚਾਹੀਦੀ ਹੈ। ਜਿਹੜੇ ਗ਼ਰੀਬ ਲੋਕ ਘਰੋਂ ਬੇਘਰ ਹੋ ਗਏ ਹਨ ਉਹਨਾਂ ਨੂੰ ਮੁੜ ਵਸਾਉਣ ਦੇ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ। ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਈਆਂ ਹਨ ਉਹਨਾਂ ਨੂੰ ਮੁਆਵਜ਼ਾ ਮਿਲਨਾ ਚਾਹੀਦਾ ਹੈ। ਰਾਹਤ ਦੇ ਇਸ ਕਾਰਜ ਵਿੱਚ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਮੁੱਖ ਮੰਤਰੀ ਜੀ ਵੱਲੋਂ ਸ਼ੁਰੂ ਕੀਤੇ ਗਏ ਰਾਹਤ ਕੋਸ਼ ਵਿੱਚ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਹਿੱਸਾ ਪਾਉਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇ।
ਆਸ ਹੈ ਤੁਸੀਂ ਇਸ ਪੱਤਰ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿੱਚ ਪ੍ਰਕਾਸ਼ਿਤ ਕਰੋਗੇ ਤਾਂ ਜੋ ਆਮ ਲੋਕ ਵੀ ਰਾਹਤ ਦੇ ਇਸ ਕਾਰਜ ਵਿੱਚ ਹਿੱਸਾ ਪਾ ਸਕਣ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਦਾਨਾ ਤੀਰਥ ਸਿੰਘ
ਪਿੰਡ ਤੇ ਡਾਕਘਰ ...........
ਤਹਿਸੀਲ
ਜ਼ਿਲ੍ਹਾ
ਮਿਤੀ : 13 ਮਾਰਚ, 20
0 Comments