ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਪੇਂਡੂ ਵਸੇਬੇ ਵਿੱਚ ਯੋਜਨਾਬੰਦੀ ਦੀ ਲੋੜ ਬਾਰੇ ਆਪਣੇ ਵਿਚਾਰ ਪ੍ਰਗਟਾਓ।
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ',
ਚੰਡੀਗੜ੍ਹ।
ਵਿਸ਼ਾ : ਪੇਂਡੂ ਵਸੇਬੇ ਵਿੱਚ ਯੋਜਨਾਬੰਦੀ ਦੀ ਲੋੜ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਪੇਂਡੂ ਵਸੇਬੇ ਵਿੱਚ ਯੋਜਨਾਬੰਦੀ ਦੀ ਲੋੜ ਵਿਸ਼ੇ ’ਤੇ ਆਪਣੇ ਵਿਚਾਰ ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ' ਦੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
ਅਸੀਂ ਦੇਖਦੇ ਹਾਂ ਕਿ ਪੇਂਡੂ ਵਸੇਬੇ ਵਿੱਚ ਯੋਜਨਾਬੰਦੀ ਦੀ ਘਾਟ ਰਹੀ ਹੈ। ਪਾਣੀ ਦੇ ਨਿਕਾਸ ਦੀ ਸਮੱਸਿਆ, ਜਿਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ, ਅੱਜ ਕਈ ਥਾਂਵਾਂ 'ਤੇ ਗੰਭੀਰ ਸਮੱਸਿਆ ਬਣੀ ਹੋਈ ਹੈ। ਪਿੰਡਾਂ ਵਿੱਚ ਜਦੋਂ ਅਬਾਦੀ ਬਹੁਤੀ ਨਹੀਂ ਸੀ ਤਾਂ ਉਸ ਸਮੇਂ ਯੋਜਨਾਬੰਦੀ ਦੀ ਸਮੱਸਿਆ ਇੰਨੀ ਗੰਭੀਰ ਨਹੀਂ ਸੀ। ਹੁਣ ਜਦੋਂ ਕਿ ਅਬਾਦੀ ਦੇ ਵਧਣ ਨਾਲ ਪਿੰਡਾਂ ਵਿੱਚ ਨਵੇਂ ਮਕਾਨ ਬਣ ਰਹੇ ਹਨ ਅਤੇ ਕੱਚੀਆਂ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਪੇਂਡੂ ਵਸੇਬੇ ਵਿੱਚ ਯੋਜਨਾਬੰਦੀ ਦੀ ਲੋੜ ਮਹਿਸੂਸ ਹੋ ਰਹੀ ਹੈ।
ਕਈਆਂ ਪਿੰਡਾਂ ਦੀਆਂ ਅੰਦਰਲੀਆਂ ਅਬਾਦੀਆਂ ਤਾਂ ਨੀਵੀਆਂ ਹਨ ਪਰ ਬਾਹਰਲੀਆਂ ਨਵੀਆਂ ਅਬਾਦੀਆਂ ਉੱਚੀਆਂ ਹਨ। ਸਿੱਟੇ ਵਜੋਂ ਨੀਵੀਆਂ ਅਬਾਦੀਆਂ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਪੈਦਾ ਹੁੰਦੀ ਹੈ। ਗਲੀਆਂ ਅਤੇ ਨਾਲੀਆਂ ਉੱਚੀਆਂ ਕਰ ਕੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਈ ਮਕਾਨ ਗਲੀਆਂ ਨਾਲੋਂ ਨੀਵੇਂ ਰਹਿ ਜਾਂਦੇ ਹਨ ਅਤੇ ਉਹਨਾਂ ਦੇ ਅੰਦਰ ਦਾ ਪਾਣੀ ਬਾਹਰ ਕੱਢਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਕਈਆਂ ਪਿੰਡਾਂ ਵਿੱਚ ਫਿਰਨੀਆਂ ਉੱਚੀਆਂ ਹੋਣ ਕਾਰਨ ਵੀ ਪਾਣੀ ਦੇ ਨਿਕਾਸ ਦੀ ਸਮੱਸਿਆ ਪੈਦਾ ਹੁੰਦੀ ਹੈ। ਸਿੱਟੇ ਵਜੋਂ ਫਿਰਨੀਆਂ ਦੇ ਅੰਦਰ ਹੀ ਪਾਣੀ ਦੀਆਂ ਛਪੜੀਆਂ ਲੱਗੀਆਂ ਰਹਿੰਦੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਇਕੱਠੇ ਹੋਏ ਪਾਣੀ 'ਤੇ ਮੱਛਰ ਜਮ੍ਹਾਂ ਹੋ ਜਾਂਦਾ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਪਿੰਡਾਂ ਵਿੱਚ ਇਸਤਰੀਆਂ ਦੇ ਜੰਗਲ-ਪਾਣੀ ਜਾਣ ਦੀ ਸਮੱਸਿਆ ਵੀ ਬਹੁਤ ਗੰਭੀਰ ਹੈ। ਪਹਿਲਾਂ ਤਾਂ ਔਰਤਾਂ ਪਿੰਡ ਨਾਲ ਲੱਗਦੇ ਖੇਤਾਂ ਵਿੱਚ ਜੰਗਲ-ਪਾਣੀ ਜਾ ਆਉਂਦੀਆਂ ਸਨ ਪਰ ਹੁਣ ਵਸੋਂ ਦੇ ਪਸਾਰ ਕਾਰਨ ਉਹਨਾਂ ਲਈ ਦੂਰ ਜਾਣਾ ਔਖਾ ਹੋ ਗਿਆ ਹੈ।ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਹੁਣ ਸਾਡੇ ਮਰਦਾਂ ਵਿੱਚ ਉਹ ਸ਼ਰਮ ਅਤੇ ਸਦਭਾਵਨਾ ਵੀ ਨਹੀਂ ਰਹੀ ਜੋ ਪਹਿਲਾਂ ਹੁੰਦੀ ਸੀ। ਇਸ ਸਥਿਤੀ ਨੂੰ ਮੁੱਖ ਰੱਖਦਿਆਂ ਅਮੀਰ ਲੋਕਾਂ ਨੇ ਤਾਂ ਘਰਾਂ ਵਿੱਚ ਫ਼ਲੱਸ਼ ਲਗਵਾ ਲਏ ਹਨ ਪਰ ਗ਼ਰੀਬ ਲੋਕਾਂ ਲਈ ਅਜਿਹਾ ਕਰਨਾ ਸੰਭਵ ਨਹੀਂ। ਇਸ ਲਈ ਪਿੰਡਾਂ ਦੀਆਂ ਔਰਤਾਂ ਦੇ ਜੰਗਲ-ਪਾਣੀ ਜਾਣ ਲਈ ਪਿੰਡ ਪੱਧਰ 'ਤੇ ਸਾਂਝੀਆਂ ਥਾਂਵਾਂ ਦਾ ਨਿਰਮਾਣ ਹੋਣਾ ਚਾਹੀਦਾ ਹੈ।
ਹੁਣ ਪੇਂਡੂ ਵਸੇਬੇ ਵਿੱਚ ਯੋਜਨਾ ਦੀ ਵਿਸ਼ੇਸ਼ ਲੋੜ ਹੈ। ਸਰਕਾਰ ਵੱਲੋਂ ਪੇਂਡੂ ਵਸੇਬੇ ਦੇ ਕੁਝ ਵਿਸ਼ੇਸ਼ ਨਿਯਮ ਬਣਾਏ ਜਾਣੇ ਚਾਹੀਦੇ ਹਨ। ਪਰ ਅਜਿਹਾ ਕਰਦੇ ਸਮੇਂ ਇਸ ਗੱਲ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਅਧਿਕਾਰੀ ਲੋਕਾਂ ਨੂੰ ਤੰਗ ਨਾ ਕਰ ਸਕਣ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦੀਆਂ ਸਕੀਮਾਂ ਤਿਆਰ ਕਰੇ ਤਾਂ ਜੋ ਸਾਡੇ ਪਿੰਡ ਸਾਫ਼-ਸੁਥਰੇ ਰਹਿ ਸਕਣ। ਖ਼ੁਸ਼ੀ ਦੀ ਗੱਲ ਹੈ ਕਿ ਸਰਕਾਰ ਉੱਨਤ ਪਿੰਡ ਸਕੀਮ ਅਧੀਨ ਇਸ ਪਾਸੇ ਵਿਸ਼ੇਸ਼ ਧਿਆਨ ਦੇ ਰਹੀ ਹੈ।
ਹੁਣ ਜਦੋਂ ਕਿ ਪਿੰਡਾਂ ਦਾ ਵਿਕਾਸ ਹੋ ਰਿਹਾ ਹੈ ਅਤੇ ਸ਼ਹਿਰਾਂ ਵਾਲੀਆ ਸਹੂਲਤਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ, ਪੇਂਡੂ ਵਸੇਬੇ ਵਿੱਚ ਯੋਜਨਾਬੰਦੀ ਦਾ ਮਹੱਤਵ ਹੋਰ ਵੀ ਵਧ ਗਿਆ ਹੈ।
ਆਸ ਹੈ ਤੁਸੀਂ ਇਸ ਪੱਤਰ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿੱਚ ਛਾਪੋਗੇ ਤਾਂ ਜੋ ਹੋਰ ਲੋਕ ਵੀ ਇਹਨਾਂ ਵਿਚਾਰਾਂ ਤੋਂ ਜਾਣੂ ਹੋ ਸਕਣ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਬਲਬੀਰ ਸਿੰਘ
ਪਿੰਡ ਤੇ ਡਾਕਘਰ .........
ਤਹਿਸੀਲ
ਜ਼ਿਲ੍ਹਾ
ਮਿਤੀ : 11 ਮਾਰਚ, 20..
0 Comments