ਪੰਜਾਬੀ ਲੇਖ "ਵਧਦੀ ਅਬਾਦੀ-ਇੱਕ ਸਮੱਸਿਆ"
ਭੂਮਿਕਾ
ਮਨੁੱਖੀ ਸਾਧਨ ਆਰਥਿਕ ਕ੍ਰਿਆਵਾਂ ਦਾ ਸਾਧਨ (Means) ਵੀ ਹੈ ਅਤੇ ਉਦੇਸ਼ (End) ਵੀ ਹੈ।ਕਿਸੇ ਖੇਤਰ ਦੇ ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਉੱਥੋਂ ਦੀ ਜਨਸੰਖਿਆ ਵੱਲੋਂ ਉਸ ਦੇ ਸਹੀ ਉਪਯੋਗ ਵਿੱਚ ਹੈ। ਇਸ ਲਈ ਜਨਸੰਖਿਆ ਇੱਕ ਖੇਤਰ ਦੇ ਆਰਥਿਕ ਵਿਕਾਸ ਦਾ ਮਹੱਤਵਪੂਰਨ ਪੱਖ ਹੈ। ਜਨਸੰਖਿਆ ਇੱਕ ਪਾਸੇ ਉਤਪਾਦਨ ਦਾ ਸਾਧਨ ਹੈ, ਦੂਸਰੇ ਪਾਸੇ ਉਪਭੋਗ ਦਾ ਸਾਧਨ ਹੈ। ਇਸ ਪ੍ਰਕਾਰ ਜਨਸੰਖਿਆ ਵੱਧਣ ਨਾਲ ਮੰਗ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਉਤਪਾਦਨ ਵਿੱਚ ਵਾਧੇ ਦੀ ਲੋੜ ਪੈਂਦੀ ਹੈ। ਪਰ ਅਬਾਦੀ ਦਾ ਏਨੀ ਤੇਜ਼ੀ ਨਾਲ ਵੱਧਣਾ ਗੰਭੀਰ ਸਮੱਸਿਆਵਾਂ ਨੂੰ ਜਨਮ ਦੇਂਦਾ ਹੈ। ਭਾਰਤ ਵਿੱਚ ਅਨੇਕਾਂ ਸਮੱਸਿਆਵਾਂ ਹਨ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਦਿਨੋਂ-ਦਿਨ ਵਧਦੀ ਅਬਾਦੀ ਬਣ ਗਈ ਹੈ।
ਜਨਸੰਖਿਆ ਵਿਸਫੋਟ (Population Explosion)
ਜਦੋਂ ਕਿਸੇ ਖੇਤਰ ਵਿੱਚ ਮਰਨ ਦਰ ਤੇ ਤਾਂ ਕਾਬੂ ਪਾ ਲਿਆ ਜਾਵੇ ਪਰ ਜਨਮ ਦਰ ਦੀ ਰਫ਼ਤਾਰ ਵਧੇਰੇ ਹੋਵੇ ਤਾਂ ਜਨਸੰਖਿਆ ਵਿਸਫੋਟ ਦਾ ਨਾਂ ਦਿੱਤਾ ਜਾਂਦਾ ਹੈ। ਭਾਰਤ ਵਿੱਚ ਅਜ਼ਾਦੀ ਪ੍ਰਾਪਤੀ ਤੋਂ ਬਾਅਦ ਜਨਸੰਖਿਆ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ। 1951 ਤੋਂ 61 ਦੇ ਦਹਾਕੇ ਵਿੱਚ ਭਾਰਤ ਦੀ ਜਨਸੰਖਿਆ 7 ਕਰੋੜ 82 ਲੱਖ ਵੱਧ ਗਈ। 1981 ਤੋਂ ਬਾਅਦ ਇਹ ਨਿਰੰਤਰ ਵਧਦੀ ਗਈ। 2001 ਵਿੱਚ ਭਾਰਤ ਦੀ ਜਨਸੰਖਿਆ ਵੱਧ ਕੇ 102 ਕਰੋੜ 90 ਲੱਖ ਹੋ ਗਈ।2011 ਦੇ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਅਨੁਸਾਰ ਇਹ 121 ਕਰੋੜ ਹੋ ਗਈ ਸੀ। ਮੌਜੂਦਾ ਸਮੇਂ ਇਹ 135 ਕਰੋੜ ਦੇ ਲਗਪਗ ਹੈ। ਇਸ ਪ੍ਰਕਾਰ ਸਾਡੀ ਅਬਾਦੀ ਅਮਰੀਕਾ, ਇੰਡੋਨੇਸ਼ੀਆ, ਬ੍ਰਾਜੀਲ, ਪਾਕਿਸਤਾਨ, ਬੰਗਲਾਦੇਸ਼ ਅਤੇ ਜਪਾਨ ਦੀ ਕੁੱਲ ਅਬਾਦੀ ਤੋਂ ਵੱਧ ਹੈ। ਭਾਰਤ ਦੀ ਮੁੱਖ ਸਮੱਸਿਆ ਜਨਸੰਖਿਆ ਦਾ ਤੇਜ਼ੀ ਨਾਲ ਵੱਧਣਾ ਹੈ।
ਭਾਰਤ ਵਿੱਚ ਅਬਾਦੀ ਵਧਣ ਦੇ ਕਾਰਨ
ਵਧਦੀ ਅਬਾਦੀ ਦਾ ਮੁੱਖ ਕਾਰਨ ਮੌਤ ਦਰ ਨਾਲੋਂ ਜਨਮ ਦਰ ਦਾ ਵਧੇਰੇ ਹੋਣਾ ਹੈ। ਭਾਰਤਵਾਸੀ ਮੰਨਦੇ ਹਨ ਕਿ ਬੱਚੇ ਰੱਬ ਦੀ ਦਾਤ ਹੈ। ਰੱਬ ਜਿਸ ਨੂੰ ਪੈਦਾ ਕਰਦਾ ਹੈ ਉਸਦੇ ਖਾਣ-ਪੀਣ ਦਾ ਇੰਤਜ਼ਾਮ ਵੀ ਕਰ ਦਿੰਦਾ ਹੈ। ਹਰ ਬੱਚਾ ਆਪਣੀ ਕਿਸਮਤ ਲੈ ਕੇ ਆਉਂਦਾ ਹੈ। ਜੇ ਉਹ ਇੱਕ ਮੂੰਹ ਲੈ ਕੇ ਆਉਂਦਾ ਹੈ ਤਾਂ ਦੋ ਹੱਥ ਵੀ ਕੰਮ ਕਰਨ ਲਈ ਲਿਆਉਂਦਾ ਹੈ। ਪੁੱਤਰ ਪ੍ਰਾਪਤੀ ਦੀ ਲਾਲਸਾ ਵੀ ਅਬਾਦੀ ਵਿੱਚ ਵਾਧੇ ਦਾ ਕਾਰਨ ਹੈ। ਭਾਰਤਵਾਸੀ ਮੰਨਦੇ ਹਨ ਕਿ ਪੁੱਤਰ ਪੈਦਾ ਹੋਣ ਨਾਲ ਹੀ ਵੰਸ਼ ਅੱਗੇ ਚੱਲ ਸਕਦਾ ਹੈ। ਅਨਪੜ੍ਹਤਾ, ਛੋਟੀ ਉਮਰ ਵਿੱਚ ਵਿਆਹ, ਧਾਰਮਿਕ ਸੋਚ, ਕਿਸਮਤਵਾਦ, ਮਨੋਰੰਜਨ ਸੰਬੰਧੀ ਸਹੂਲਤਾਂ ਦੀ ਕਮੀ ਆਦਿ ਕਾਰਨਾਂ ਨੇ ਜਨਮ ਦਰ ਉੱਚੀ ਕੀਤੀ ਹੋਈ ਹੈ। ਮਹਾਮਾਰੀਆਂ ਦਾ ਘੱਟਣਾ, ਇਲਾਜ ਦੀਆਂ ਸਹੂਲਤਾਂ, ਦੇਰ ਨਾਲ ਵਿਆਹ ਦੀ ਸੋਚ, ਜਾਗਰੂਕਤਾ, ਸੰਤੁਲਿਤ ਭੋਜਨ ਆਦਿ ਕਾਰਨ ਮੌਤ ਦਰ ਘੱਟ ਗਈ ਹੈ।
ਪ੍ਰਭਾਵ
ਜਨਸੰਖਿਆ ਦਾ ਜ਼ਰੂਰਤ ਤੋਂ ਵੱਧ ਜਾਣਾ ਅਰਥ ਵਿਵਸਥਾ ਲਈ ਹੀ ਨਹੀਂ, ਪੂਰੇ ਸਮਾਜ ਅਥਵਾ ਦੇਸ ਲਈ ਘਾਤਕ ਹੈ।ਡਾ. ਚੰਦਰ ਸ਼ੇਖਰ ਅਨੁਸਾਰ ਭਾਰਤਵਾਸੀਆਂ ਦਾ ਜੀਵਨ ਪੱਧਰ ਏਨਾ ਨੀਂਵਾਂ ਹੈ ਕਿ ਗ਼ਰੀਬ ਪਰਿਵਾਰਾਂ ਦੀ ਸੰਖਿਆ ਵਿੱਚ ਹੋਰ ਵਾਧਾ ਮਾਰੂ ਸਿੱਧ ਹੋ ਸਕਦਾ ਹੈ। ਯੋਜਨਾ ਆਯੋਗ ਅਨੁਸਾਰ— ‘ਹਾਲਾਂਕਿ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਕਿਸੇ ਦੇਸ ਵਾਸਤੇ ਆਦਰਸ਼ ਜਨਸੰਖਿਆ ਕੀ ਹੋਣੀ ਚਾਹੀਦੀ ਹੈ ਪਰ ਵਰਤਮਾਨ ਅਵਸਥਾ ਤੋਂ ਇਹ ਬਿਲਕੁਲ ਸਪਸ਼ਟ ਹੈ ਕਿ ਅਬਾਦੀ ਵਧਣ ਨਾਲ ਦੇਸ ਦੀ ਅਰਥ ਵਿਵਸਥਾ ਨਿਰਬਲ ਹੋ ਜਾਵੇਗੀ | ਭਾਰਤ ਵਿੱਚ ਵਧੇਰੇ ਜਨਸੰਖਿਆ ਹੈ।
ਦੇਸ ਦੇ ਆਰਥਿਕ ਵਿਕਾਸ ਦਾ ਮਾਪ ਉਸ ਦੇਸ ਦੀ ਪ੍ਰਤੀ ਵਿਅਕਤੀ ਆਮਦਨ ਹੁੰਦੀ ਹੈ। ਤੇਜ਼ੀ ਨਾਲ ਵਧੀ ਅਬਾਦੀ ਕਾਰਨ ਭਾਰਤ ਵਿੱਚ ਪ੍ਰਤੀ ਵਿਅਕਤੀ ਆਮਦਨ ਕਾਫ਼ੀ ਘੱਟ ਗਈ ਹੈ। ਇਸ ਨਾਲ ਖਾਧ ਪਦਾਰਥਾਂ ਦੀ ਸਮੱਸਿਆ ਵੀ ਵਧੀ ਹੈ। ਕਰੋੜਾਂ ਰੁਪਏ ਖ਼ਰਚ ਕੇ ਬਾਹਰੋਂ ਅਨਾਜ ਮੰਗਵਾਉਣਾ ਪੈ ਰਿਹਾ ਹੈ। ਇਸ ਨਾਲ ਆਰਥਿਕ ਵਿਕਾਸ ਦਰ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ ਜੋ ਅੱਗੋਂ ਕਈ ਹੋਰ ਸਮੱਸਿਆਵਾਂ ਦਾ ਕਾਰਨ ਬਣੀ ਹੈ। ਸਾਡੇ ਰਹਿਣ-ਸਹਿਣ ਦਾ ਮਿਆਰ ਘਟਿਆ ਹੈ। ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ। ਲੋਕ ਕੁਦਰਤੀ ਸਾਧਨਾਂ ਨੂੰ ਖ਼ਤਮ ਕਰੀ ਜਾ ਰਹੇ ਹਨ। ਜੰਗਲ ਕੱਟ ਕੇ ਵਾਹੀ ਲਈ ਜ਼ਮੀਨ ਤਿਆਰ ਹੋ ਰਹੀ ਹੈ। ਸਾਰਾ ਵਾਤਾਵਰਨ ਹੀ ਤਹਿਸ-ਨਹਿਸ ਹੋ ਗਿਆ ਹੈ।
ਵਧਦੀ ਅਬਾਦੀ ਦੀ ਸਮੱਸਿਆ ਦਾ ਹੱਲ
ਵੱਧਦੀ ਅਬਾਦੀ ਦੀ ਸਮੱਸਿਆ ਨੂੰ ਸੁਲਝਾਉਣ ਵਾਸਤੇ ਇੱਕ ਨਿਸ਼ਚਿਤ ਨੀਤੀ ਦੀ ਜ਼ਰੂਰਤ ਹੈ।ਮੁੱਖ ਹੱਲ ਇਹ ਹੈ ਕਿ :
(i) ਜਨਸੰਖਿਆ ਦੇ ਵਾਧੇ ਦੀ ਦਰ ਘੱਟ ਕੀਤੀ ਜਾਵੇ।
(ii) ਦੇਸ ਦਾ ਆਰਥਿਕ ਵਿਕਾਸ ਹੋਰ ਜ਼ਿਆਦਾ ਤੇਜ਼ ਕੀਤਾ ਜਾਵੇ।
ਜਨਸੰਖਿਆ ਵਿੱਚ ਵਾਧੇ ਦੀ ਦਰ ਵਿੱਚ ਕਮੀ ਦੋ ਤਰ੍ਹਾਂ ਹੋ ਸਕਦੀ ਹੈ : (ੳ) ਮੌਤ ਦਰ ਵੱਧਣ ਨਾਲ। (ਅ) ਜਨਮ ਦਰ ਘੱਟਣ ਨਾਲ। ਜਿੱਥੋਂ ਤੱਕ ਮੌਤ ਦਰ ਵੱਧਣ ਦੀ ਗੱਲ ਹੈ ਇਹ ਕਿਸੇ ਦੇਸ ਦੀ ਗ਼ਰੀਬੀ ਅਤੇ ਪਛੜੇਪਣ ਦਾ ਚਿੰਨ੍ਹ ਹੈ। ਚੰਗੇ ਦੇਸ ਹਮੇਸ਼ਾਂ ਮੌਤ ਦਰ ਘੱਟ ਕਰਨ ਦੀ ਕੋਸ਼ਸ਼ ਕਰਦੇ ਹਨ।ਹਾਂ, ਜਨਮ ਦਰ ਘੱਟ ਕਰਨਾ ਮੁੱਖ ਤੱਤ ਹੈ। ਇਹ ਤਾਂ ਹੀ ਸੰਭਵ ਹੋ ਸਕਦੀ ਹੈ ਜੇ ਵਿਆਹ ਦੀ ਉਮਰ ਵਧਾ ਦਿੱਤੀ ਜਾਵੇ। ਜਿਵੇਂ ਸਰਕਾਰ ਨੇ ਲੜਕਿਆਂ ਵਾਸਤੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਲੜਕੀਆਂ ਵਾਸਤੇ 18 ਸਾਲ ਕਰ ਦਿੱਤੀ ਹੈ। ਸਿੱਖਿਆ ਦਾ ਪਸਾਰ ਇਸ ਵਿੱਚ ਵਧੇਰੇ ਸਾਰਥਿਕ ਹੋ ਸਕਦਾ ਹੈ। ਸ਼ਹਿਰੀਕਰਨ ਹੋਣ ਨਾਲ ਵੀ ਜਨਮ ਦਰ ਘੱਟ ਹੁੰਦੀ ਹੈ। ਇਸੇ ਤਰ੍ਹਾਂ ਪਰਿਵਾਰ ਨਿਯੋਜਨ ਰਾਹੀਂ, ਛੋਟੇ ਪਰਿਵਾਰਾਂ ਦੇ ਮਹੱਤਵ ਬਾਰੇ ਜਾਗਰੂਕ ਕਰਵਾ ਕੇ, ਰੂੜ੍ਹੀਵਾਦੀ ਵਿਚਾਰਾਂ ਵਿੱਚ ਤਬਦੀਲੀ ਲਿਆ ਕੇ ਜਨਮ ਦਰ ਘਟਾਈ ਜਾ ਸਕਦੀ ਹੈ। ਡਾ. ਭਾਬਾ ਦਾ ਕਹਿਣਾ ਹੈ— “ਅਬਾਦੀ ਦੀ ਰੋਕ ਭਾਵੇਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ ਪਰ ਬਹੁਤੀਆਂ ਸਮੱਸਿਆਵਾਂ ਅਬਾਦੀ ਦੀ ਰੋਕ ਤੋਂ ਬਿਨਾਂ ਹੱਲ ਨਹੀਂ ਕੀਤੀਆਂ ਜਾ ਸਕਦੀਆਂ।”
ਸਾਰਾਂਸ਼
ਸਰਕਾਰ ਵੱਧ ਜਨਸੰਖਿਆ ਵਾਲੇ ਇਲਾਕਿਆਂ ਵਿੱਚ ਪਰਿਵਾਰ ਕਲਿਆਣ ਦਾ ਕੰਮ ਵਧੇਰੇ ਸਫਲ ਢੰਗ ਨਾਲ ਕਰੇ ਤਾਂਕਿ ਇਸ 'ਤੇ ਕਾਬੂ ਪਾਇਆ ਜਾ ਸਕੇ। ਇਸ ਕੰਮ ਲਈ ਗ਼ੈਰ-ਸਰਕਾਰੀ ਸੰਗਠਨਾਂ ਦਾ ਸਹਿਯੋਗ ਵੀ ਲਿਆ ਜਾਣਾ ਚਾਹੀਦਾ ਹੈ। ਭਾਰਤ ਵਿੱਚ ਪਰਿਵਾਰ ਕਲਿਆਣ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ।
0 Comments