ਪੰਜਾਬੀ ਲੇਖ " ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ" 600 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ "ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ"



ਭੂਮਿਕਾ

ਸਾਡੇ ਜੀਵਨ ਵਿੱਚ ਧਾਰਮਿਕ, ਇਤਿਹਾਸਿਕ ਅਤੇ ਪਹਾੜੀ ਸਥਾਨਾਂ ਦੀਆਂ ਯਾਤਰਾਵਾਂ ਦਾ ਬਹੁਤ ਮਹੱਤਵ ਹੈ। ਖ਼ਾਸ ਕਰਕੇ ਵਿਦਿਆਰਥੀ ਜੀਵਨ ਵਿੱਚ ਤਾਂ ਇਹ ਯਾਤਰਾਵਾਂ ਬਹੁਤ ਜ਼ਿਆਦਾ ਮਹੱਤਵ ਰੱਖਦੀਆਂ ਹਨ। ਸਾਰੇ ਸਾਲ ਦੀ ਪੜ੍ਹਾਈ ਦੇ ਦੌਰਾਨ ਇਹ ਯਾਤਰਾਵਾਂ ਵਿਦਿਆਰਥੀਆਂ ਅੰਦਰ ਇੱਕ ਨਵੀਂ ਤਾਜ਼ਗੀ ਦਾ ਸੰਚਾਰ ਕਰਦੀਆਂ ਹਨ। ਇਸੇ ਕਰਕੇ ਤਾਂ ਸਕੂਲਾਂ ਵਿੱਚ ਹਰ ਸਾਲ ਵਿੱਦਿਅਕ ਰਾ ਦਾ ਪ੍ਰਬੰਧ ਕੀਤਾ ਜਾਂਦਾ ਹੈ।


ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ

ਸ੍ਰੀ ਹਰਿਮੰਦਰ ਸਾਹਿਬ ਪੂਰੇ ਉੱਤਰ ਭਾਰਤ ਦਾ ਇੱਕ ਮਹਾਨ ਤੀਰਥ-ਸਥਾਨ ਹੈ। ਇਹ ਪੰਜਾਬ ਪ੍ਰਾਂਤ ਦੇ ਮਹਾਂਨਗਰ ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਹੈ। ਇਸ ਦੀ ਧਾਰਮਿਕ ਮਹਾਨਤਾ ਤਾਂ ਹੈ ਹੀ, ਇਤਿਹਾਸਿਕ ਮਹਾਨਤਾ ਪਖੋਂ ਵੀ ਇਹ ਘੱਟ ਨਹੀਂ। ਇਸ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਨੇ ਸ਼ੁਰੂ ਕਰਵਾਇਆ ਸੀ ਤੇ ਪੂਰਾ ਇਸ ਨੂੰ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਇਸ ਵਿੱਚ ਇੱਕ ਮਹਾਨ ਸਰੋਵਰ ਖੁਦਵਾਇਆ ਗਿਆ ਜਿਸ ਦੀ ਨੀਂਹ ਇੱਕ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਈ ਗਈ ਤਾਂ ਜੋ ਇਹ ਤੀਰਥ-ਅਸਥਾਨ ਸਾਰੇ ਧਰਮਾਂ ਦਾ ਸਾਂਝਾ ਤੀਰਥ ਕਹਾਵੇ। ਮਹਾਰਾਜਾ ਰਣਜੀਤ ਸਿੰਘ ਨੇ ਇਸ 'ਤੇ ਸੋਨਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਤਦ ਤੋਂ ਇਹ ‘ਸੁਨਹਿਰੀ ਮੰਦਰ’ ਅਰਥਾਤ ‘ਗੋਲਡਨ ਟੈਂਪਲ’ ਦੇ ਨਾਂ ਨਾਲ ਪ੍ਰਸਿੱਧ ਹੈ।


ਯਾਤਰਾ ਦਾ ਬਿਰਤਾਂਤ

ਬੜੀ ਦੇਰ ਤੋਂ ਇੱਛਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕੀਤੀ ਜਾਵੇ। ਸਾਡੀ ਇਹ ਇੱਛਾ ਅੱਜ ਪੂਰਨ ਹੋ ਰਹੀ ਸੀ। ਅਸੀਂ ਆਪਣੀ ਦਸਵੀਂ ਜਮਾਤ ਦੇ ਚਾਲੀ ਵਿਦਿਆਰਥੀ ਇੱਕ ਬਸ ਵਿੱਚ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਲਈ ਚੱਲ ਪਏ। ਰਸਤੇ ਵਿੱਚ ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਸ੍ਰੀ ਅੰਮ੍ਰਿਤਸਰ ਕਦੋਂ ਆ ਗਿਆ।ਜਦੋਂ ਅਸੀਂ ਦਰਬਾਰ ਸਾਹਿਬ ਦੇ ਬਾਹਰ ਪੁੱਜੇ ਤਾਂ ਸਭ ਏਨੀ ਸਫ਼ਾਈ, ਖੁੱਲ੍ਹਾ-ਡੁੱਲ੍ਹਾ ਵਾਤਾਵਰਨ ਤੇ ਸ਼ਾਂਤੀ ਵਾਲਾ ਮਾਹੌਲ ਦੇਖ ਕੇ ਦੰਗ ਰਹਿ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਅੰਦਰ ਦਰਸ਼ਨ ਕਰਨ ਜਾ ਰਹੇ ਸਨ ਤੇ ਬਹੁਤ ਸਾਰੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਅਸੀਂ ਵੀ ਇੱਕ ਜੋੜਾ-ਘਰ ਵਿੱਚ ਜੋੜੇ ਜਮ੍ਹਾਂ ਕਰਵਾਏ, ਨੰਗੇ ਸਿਰ ਵਾਲਿਆਂ ਨੇ ਸਿਰ ਢੱਕਣ ਲਈ ਰੁਮਾਲ ਲਏ ਤੇ ਪੈਰ ਧੋ ਕੇ ਇੱਕ ਵੱਡੀ ਸਾਰੀ ਡਿਓੜੀ ਰਾਹੀਂ ਅੰਦਰ ਦਾਖ਼ਲ ਹੋਏ। ਸਾਹਮਣੇ ਨੀਲੇ ਪਾਣੀ ਦਾ ਠਾਠਾਂ ਮਾਰਦਾ ਸਰੋਵਰ ਦੇਖ ਕੇ ਮਨ ਗਦ-ਗਦ ਹੋ ਉੱਠਿਆ। ਸਭ ਤੋਂ ਪਹਿਲਾਂ ਅਸੀਂ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਫਿਰ ਦਰਸ਼ਨ ਕਰਨ ਲਈ ਚੱਲ ਪਏ।


ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ

ਇਸ਼ਨਾਨ ਕਰਕੇ ਜਦੋਂ ਅਸੀਂ ਤਾਜ਼ਾ ਦਮ ਹੋ ਗਏ ਤਾਂ ਅਸੀਂ ਪਰਕਰਮਾ ਵਿੱਚ ਆ ਗਏ। ਪਰਕਰਮਾ ਵਿੱਚ ਹਜ਼ਾਰਾਂ ਹੀ ਸ਼ਰਧਾਲੂ ਆ-ਜਾ ਰਹੇ ਸਨ। ਸਭ ਤੋਂ ਵਧੀਆ ਗੱਲ ਇਹ ਸੀ ਕਿ ਪਰਕਰਮਾ ਵਿੱਚ ਰਤਾ ਵੀ ਗੰਦਗੀ ਨਹੀਂ ਸੀ। ਸੇਵਾਦਾਰ ਨਾਲੋ-ਨਾਲ ਸਫ਼ਾਈ ਕਰੀ ਜਾ ਰਹੇ ਸਨ। ਹੌਲੀ-ਹੌਲੀ ਚਲਦੇ ਹੋਏ ਅਸੀਂ ਦਰਸ਼ਨੀ ਡਿਓੜੀ ਦੇ ਅੱਗੇ ਪਹੁੰਚੇ। ਉੱਥੇ ਸ਼ਰਧਾਲੂਆਂ ਦੀ ਇੱਕ ਲੰਬੀ ਲਾਈਨ ਲੱਗੀ ਹੋਈ ਸੀ। ਅਸੀਂ ਵੀ ਲਾਈਨ ਵਿੱਚ ਲੱਗ ਗਏ।‘ਬੋਲੇ-ਸੋ-ਨਿਹਾਲ’ ਦੇ ਜੈਕਾਰੇ ਲਾਉਂਦਿਆਂ ਸਾਨੂੰ ਪਤਾ ਹੀ ਨਾ ਲੱਗਾ ਕਦੋਂ ਅਸੀਂ ਮਹਾਰਾਜ ਦੀ ਹਜ਼ੂਰੀ ਵਿੱਚ ਪੁੱਜ ਗਏ।ਇੱਕ ਪਾਸੇ ਰਾਗੀ ਜਥਾ ਰਸ-ਭਿੰਨਾ ਕੀਰਤਨ ਕਰ ਰਿਹਾ ਸੀ। ਅਸੀਂ ਵੀ ਕੁਝ ਦੇਰ ਬੈਠ ਕੇ ਕੀਰਤਨ ਸੁਣਿਆ।ਫਿਰ ਅਸੀਂ ਕੜਾਹ ਪ੍ਰਸਾਦ ਦੀ ਦੇਗ ਕਰਵਾਈ ਤੇ ਬਾਹਰ ਆ ਗਏ।


ਗੁਰੂ ਰਾਮ ਦਾਸ ਲੰਗਰ ਹਾਲ ਦੀ ਸ਼ੋਭਾ

ਦਰਸ਼ਨ ਕਰਕੇ ਅਸੀਂ ਸਿੱਧੇ ਗੁਰੂ ਰਾਮ ਦਾਸ ਲੰਗਰ ਹਾਲ ਵਿੱਚ ਪੁੱਜੇ ਕਿਉਂਕਿ ਸਭ ਨੂੰ ਭੁੱਖ ਵੀ ਲੱਗੀ ਹੋਈ ਸੀ। ਅਸੀਂ ਬੜੇ ਅਦਬ ਨਾਲ ਬੈਠ ਕੇ ਲੰਗਰ ਛਕਿਆ। ਲੰਗਰ ਹਾਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਸੇਵਾਦਾਰ ਸਭ ਨੂੰ ਬੜੇ ਪਿਆਰ ਨਾਲ ਲੰਗਰ ਛਕਾ ਰਹੇ ਸਨ। ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਲੰਗਰ ਛਕ ਰਹੇ ਸਨ ਪਰੰਤੂ ਰਤਾ ਵੀ ਗੰਦਗੀ ਨਹੀਂ ਸੀ। ਸੇਵਾਦਾਰ ਨਾਲੋਂ-ਨਾਲ ਹੀ ਸਫ਼ਾਈ ਕਰੀ ਜਾ ਰਹੇ ਸਨ।


ਹੋਰ ਗੁਰਧਾਮਾਂ ਦੇ ਦਰਸ਼ਨ

 ਲੰਗਰ ਛਕ ਕੇ ਅਸੀਂ ਫਿਰ ਪਰਕਰਮਾ ਵਿੱਚ ਆ ਗਏ। ਅਸੀਂ ਹੋਰ ਗੁਰਧਾਮਾਂ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਅਟੱਲ ਸਾਹਿਬ, ਗੁਰਦੁਆਰਾ ਗੰਗਸਰ, ਕੌਲ ਸਰ, ਦੁੱਖ ਭੰਜਨੀ ਬੇਰੀ ਆਦਿ ਦੇ ਦਰਸ਼ਨ ਕੀਤੇ। ਇੱਥੇ ਅਸੀਂ ਅਜਾਇਬ-ਘਰ ਵੱਲ ਗਏ। ਅਜਾਇਬ-ਘਰ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਚੀਜ਼ਾਂ, ਗੁਰੂ ਸਾਹਿਬਾਂ ਦੇ ਹਥਿਆਰ, ਗ੍ਰੰਥ ਆਦਿ ਪਏ ਸਨ।ਸਭ ਨੇ ਬੜੇ ਅਦਬ ਨਾਲ ਇਨ੍ਹਾਂ ਨੂੰ ਸੀਸ ਝੁਕਾਇਆ ਤੇ ਬਾਹਰ ਆ ਗਏ।


ਵਾਪਸੀ

ਸਾਨੂੰ ਦਰਸ਼ਨ ਕਰਦਿਆਂ ਸ਼ਾਮ ਪੈ ਚੁੱਕੀ ਸੀ। ਇੱਥੋਂ ਜਾਣ ਨੂੰ ਜੀਅ ਤਾਂ ਨਹੀਂ ਸੀ ਕਰਦਾ ਪਰੰਤੂ ਮਜਬੂਰੀ ਸੀ।ਉੱਥੇ ਯਾਤਰੀਆਂ ਦੇ ਰਹਿਣ ਲਈ ਸੁੰਦਰ-ਸੁੰਦਰ ਸਰਾਵਾਂ ਵੀ ਬਣੀਆਂ ਹੋਈਆਂ ਸਨ। ਪਰੰਤੂ ਸਾਡਾ ਇਹ ਟੂਰ ਸਿਰਫ਼ ਇੱਕ ਦਿਨ ਦਾ ਹੀ ਸੀ। ਇਸ ਲਈ ਸਾਰੇ ਬੱਚੇ ਜਲਦੀ ਨਾਲ ਬੱਸ ਵਿੱਚ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਚੱਲ ਪਏ। ਸਾਡੀ ਇਸ ਧਾਰਮਿਕ ਯਾਤਰਾ ਦਾ ਅਸਰ ਕਾਫ਼ੀ ਦੇਰ ਸਾਡੇ ਦਿਲੋ-ਦਿਮਾਗ 'ਤੇ ਛਾਇਆ ਰਿਹਾ।


Post a Comment

0 Comments