ਪੰਜਾਬੀ ਲੇਖ "ਸਮਾਜ ਵਿੱਚ ਬਜ਼ੁਰਗਾਂ ਦਾ ਸਥਾਨ"
ਭੂਮਿਕਾ
ਸਤਰੰਗੀ ਪੀਂਘ ਵਾਂਗ ਇਨਸਾਨੀ ਰਿਸ਼ਤਿਆਂ ਦੇ ਵੀ ਕਈ ਰੰਗ ਹਨ। ਇਨ੍ਹਾਂ ਰਿਸ਼ਤਿਆਂ ਦਾ ਤਾਣਾ-ਬਾਣਾ ਹੀ ਸਮਾਜ ਦਾ ਰੂਪ ਸਿਰਜਦਾ ਹੈ। ਜਨਮ ਤੋਂ ਮਰਨ ਤੀਕ ਇਨਸਾਨ ਇਨ੍ਹਾਂ ਰਿਸ਼ਤਿਆਂ ਦੀ ਉਧੇੜ ਬੁਣ ਵਿੱਚ ਲੱਗਾ ਰਹਿੰਦਾ ਹੈ। ਸਮਾਂ ਪੈਣ ਨਾਲ ਕਈ ਰਿਸ਼ਤੇ ਫਿੱਕੇ ਪੈ ਜਾਂਦੇ ਹਨ ਜਦਕਿ ਕਈਆਂ ਦਾ ਰੰਗ ਹੋਰ ਸੂਹਾ ਹੋ ਜਾਂਦਾ ਹੈ।
ਬਜ਼ੁਰਗ ਅਤੇ ਸਮਾਜ
ਜਨਮ ਤੋਂ ਸ਼ੁਰੂ ਹੋਏ ਇਨਸਾਨੀ ਰਿਸ਼ਤਿਆਂ ਦੇ ਇਸ ਤਾਣੇ-ਪੇਟੇ ਵਿੱਚ ਇੱਕ ਰਿਸ਼ਤਾ ਬਜ਼ੁਰਗ ਵਰਗ ਦਾ ਹੈ। ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਜਾਂ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਿਸ਼ਤਿਆਂ ਵਿੱਚੋਂ ਸਭ ਤੋਂ ਭਾਰੀ ਤੇ ਡੂੰਘੀ ਸੱਟ ਇਨ੍ਹਾਂ ਬਜ਼ੁਰਗਾਂ `ਤੇ ਪੈ ਰਹੀ ਹੈ। ਸਾਡੇ ਸਮਾਜ ਵਿੱਚ ਤਾਂ ਇਹ ਨਰਕ ਸਮਾਨ ਜੀਵਨ ਜਿਊਂਣ ਲਈ ਮਜਬੂਰ ਹਨ।ਵਿਦੇਸ਼ਾਂ ਵਿੱਚ ਪਰਿਵਾਰਿਕ ਤਾਣੇ-ਬਾਣੇ ਵੱਖਰੀ ਤਰ੍ਹਾਂ ਦੇ ਹਨ।ਉੱਥੇ ਬੁੱਢਾਪਾ ਉਮਰ ਕਰਕੇ ਭਾਵੇਂ ਕਸ਼ਟਦਾਇਕ ਹੋਵੇ ਪਰ ਹੋਰ ਕੋਈ ਮੁਸ਼ਕਲ ਨਹੀਂ ਜਦਕਿ ਸਾਡੇ ਸਮਾਜ ਵਿੱਚ ਤਾਂ ਬਹੁਤੇ ਬਜ਼ੁਰਗ ਬਿਨ ਆਈ ਮੌਤ ਮਰਨਾ ਚਾਹੁੰਦੇ ਹਨ। ਦੁਬਿਧਾ ਇਹ ਹੈ ਕਿ ਨਾ ਤਾਂ ਉਹ ਬਿਨ ਆਈ ਮੌਤ ਮਰ ਸਕਦੇ ਹਨ ਅਤੇ ਨਾ ਹੀ ਪੱਕੀ ਜ਼ਿੰਦਗੀ ਦਾ ਰਸ ਠੀਕ ਢੰਗ ਨਾਲ ਮਾਣ ਸਕਦੇ ਹਨ।
ਪਿਤਰੀ ਰਿਣ
ਜਿਸ ਮਾਂ-ਬਾਪ ਨੇ ਸਾਨੂੰ ਇਸ ਦੁਨੀਆ ਵਿੱਚ ਲਿਆਂਦਾ, ਪਾਲ ਪੋਸ ਕੇ ਵੱਡਾ ਕੀਤਾ, ਪੈਰਾਂ 'ਤੇ ਖੜ੍ਹੇ ਹੋਣ ਵਿੱਚ ਮਦਦ ਕੀਤੀ ; ਉਨ੍ਹਾਂ ਮਾਂ-ਬਾਪ ਅਤੇ ਵਡੇਰਿਆਂ ਦਾ ਰਿਣ ਸਾਡੇ 'ਤੇ ਹੈ।ਅਸੀਂ ਉਹ ਰਿਣ ਕਿਵੇਂ ਚੁਕਾ ਸਕਦੇ ਹਾਂ— ਬਜ਼ੁਰਗਾਂ ਦੀ ਸੇਵਾ ਕਰਕੇ ਪਰ ਜਦੋਂ ਉਹੀ ਮਾਂ-ਬਾਪ ਬੁੱਢਾਪੇ ਵਿੱਚ ਪਹੁੰਚ ਜਾਂਦੇ ਹਨ ਤਾਂ ਅਸੀਂ ਉਨ੍ਹਾਂ ਦੀ ਸਾਂਭ- ਹੈਵਾਨ ਨਜ਼ਰ ਆਉਣ ਲੱਗ ਪੈਂਦੇ ਹਨ। ਸੰਭਾਲ ਵੱਲੋਂ ਮੂੰਹ ਮੋੜ ਲੈਂਦੇ ਹਾਂ।ਉਸ ਵੇਲੇ ਸਾਡੀ ਜ਼ਮੀਰ ਕਿੱਥੇ ਜਾਂਦੀ ਹੈ। ਉਸ ਵੇਲੇ ਨੌਜਵਾਨ ਮਨੁੱਖੀ ਜਾਮੇ ਵਿਚ
ਵਧੇਰੇ ਦੇਖ-ਭਾਲ ਦੀ ਲੋੜ
ਬੁੱਢਾਪੇ ਵੇਲੇ ਆਮ ਜੀਵਨ ਤੋਂ ਵੱਖਰੀ ਤਰ੍ਹਾਂ ਦੀਆਂ ਲੋੜਾਂ ਪੈਂਦੀਆਂ ਹਨ। ਕਈ ਤਰ੍ਹਾਂ ਦੀ ਸਰੀਰਿਕ ਭੰਨ-ਤੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਸਰੀਰਿਕ ਦੇ ਨਾਲ-ਨਾਲ ਮਾਨਸਿਕ ਸਹਾਇਤਾ ਦੀ ਵੀ ਲੋੜ ਪੈਂਦੀ ਹੈ।ਉਨ੍ਹਾਂ ਦੇ ਦਵਾ-ਦਾਰੂ ਜਾਂ ਹੋਰ ਸਾਧਨਾਂ ਦਾ ਇੰਤਜ਼ਾਮ ਕਰਨਾ ਤਾਂ ਦੂਰ ਦੀ ਗੱਲ; ਅਸੀਂ ਤਾਂ ਬਜ਼ੁਰਗਾਂ ਨੂੰ ਦੋ ਰੋਟੀਆਂ ਦੇਣ ਤੋਂ ਵੀ ਮੂੰਹ ਮੋੜ ਲੈਂਦੇ ਹਾਂ। ਘਰ ਵਿੱਚੋਂ ਕੋਈ ਵੀ ਬਜ਼ੁਰਗਾਂ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਹੁੰਦਾ।
ਵਿਅਕਤੀਗਤ ਸੋਚ ਦਾ ਭਾਰੂ ਹੋਣਾ
ਅੱਜ ਸਾਡੇ ਸਮਾਜ ਵਿੱਚ ਵਿਅਕਤੀਗਤ ਸੋਚ ਭਾਰੂ ਹੋ ਰਹੀ ਹੈ। ਮਨੁੱਖੀ ਸੋਚ ਵਿੱਚ ਏਨਾ ਨਿਘਾਰ ਆ ਚੁੱਕਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ 'ਚੋਂ ਕੱਢ ਰਹੇ ਹਾਂ। ਕਿਹਾ ਇਹ ਜਾਂਦਾ ਹੈ ਕਿ ਸਾਡੇ `ਤੇ ਪੱਛਮੀ ਸੱਭਿਅਤਾ ਭਾਰੂ ਹੋ ਰਹੀ ਹੈ ; ਅਸੀਂ ਪੱਛਮੀ ਸੱਭਿਆਚਾਰ ਵਿੱਚ ਰੰਗੇ ਜਾ ਰਹੇ ਹਾਂ ਪਰ ਇਹ ਸੱਚ ਨਹੀਂ। ਪੱਛਮ ਵਿੱਚ ਪਰਿਵਾਰਿਕ ਸੰਬੰਧਾਂ ਦਾ ਤਾਣਾ-ਬਾਣਾ ਸਾਡੇ ਵਰਗਾ ਨਹੀਂ। ਉੱਥੇ ਲੋਕ ਵਧੀਆ ਜਵਾਨੀ ਬਤੀਤ ਕਰਦੇ ਹਨ। ਬਜ਼ੁਰਗ ਹੋਣ 'ਤੇ ਉਨ੍ਹਾਂ ਦਾ ਜੇ ਕੋਈ ਸਹਾਰਾ ਨਹੀਂ ਤਾਂ ਸਰਕਾਰ ਵੱਲੋਂ ਉਨ੍ਹਾਂ ਦੇ ਰਹਿਣ-ਸਹਿਣ ਅਤੇ ਦੇਖ-ਭਾਲ ਦੇ ਹੋਰ ਵਧੀਆ ਸਾਧਨ ਹਨ। ਉੱਥੇ ਘਰ ਦਾ ਇਸ ਤਰ੍ਹਾਂ ਦਾ ਸੰਕਲਪ ਹੀ ਨਹੀਂ ਜਿਸ ਤਰ੍ਹਾਂ ਦਾ ਸਾਡੇ ਹੈ। ਇਸ ਤਰ੍ਹਾਂ ਉੱਥੇ ਬੁੱਢਾਪਾ ਸਾਡੇ ਵਰਗਾ ਕਸ਼ਟਦਾਈ ਨਹੀਂ ਕਿਉਂਕਿ ਬਜ਼ੁਰਗਾਂ ਨੂੰ ਰੁਲਣਾ ਨਹੀਂ ਪੈਂਦਾ।
ਬਿਰਧ ਆਸ਼ਰਮ ਭੇਜਣਾ
ਸਾਡੇ ਵਿੱਚ ਇਹ ਸੋਚ ਵਿਕਸਿਤ ਹੋ ਰਹੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜ ਦਈਏ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਬਿਰਧ ਆਸ਼ਰਮ ਨਰਕ ਦਾ ਨਮੂਨਾ ਹਨ।ਉੱਥੇ ਕੋਈ ਸਹੂਲਤਾਂ ਨਹੀਂ, ਕੋਈ ਮਨਪਰਚਾਵਾ ਨਹੀਂ। ਦੂਸਰਾ, ਸਾਡੇ ਬਜ਼ੁਰਗਾਂ ਦੀ ਮਨੋਦਸ਼ਾ ਹੈ।ਉਹ ਸਾਰੀ ਉਮਰ ਘਰ ਦੇ ਚੱਪੇ-ਚੱਪੇ ਨਾਲ ਜੁੜੇ ਰਹੇ ਹੁੰਦੇ ਹਨ, ਹਰ ਜੀਅ ਦੀ ਪੱਲ੍ਹ-ਪੱਲ ਦੀ ਖ਼ਬਰ ਰੱਖੀ ਹੁੰਦੀ ਹੈ। ਉਹ ਉਸ ਘਰ ਅਤੇ ਸੰਬੰਧਾਂ ਤੋਂ ਵੱਖ ਹੋਣਾ ਹੀ ਨਹੀਂ ਚਾਹੁੰਦੇ।
ਤਜਰਬਿਆਂ ਦੇ ਖ਼ਜ਼ਾਨੇ
ਸਾਡੇ ਬਜ਼ੁਰਗ ਵਧੇਰੇਤਰ ਜ਼ਿੰਦਗੀ ਨਾਲ ਰਗੜ ਕੇ ਲੰਘੇ ਹਨ।ਉਨ੍ਹਾਂ ਪਾਸ ਜੀਵਨ ਦੇ ਕਈ ਤਲਖ਼ ਤੇ ਕਈ ਅਮੋਲਕ ਤਜਰਬੇ ਹਨ। ਅਸੀਂ ਉਨ੍ਹਾਂ ਦੇ ਤਜਰਬਿਆਂ ਅਤੇ ਵਿਚਾਰਾਂ ਤੋਂ ਵਡਮੁੱਲਾ ਗਿਆਨ ਅਤੇ ਤਜਰਬਾ ਗ੍ਰਹਿਣ ਕਰ ਸਕਦੇ ਹਾਂ ਪਰ ਉਹ ਤਾਂ ਇਸ ਗੱਲ ਤੋਂ ਹੀ ਦੁਖੀ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦਾ ਧਿਆਨ ਨਹੀਂ ਕਰਦੇ। ਉਨ੍ਹਾਂ ਨੂੰ ਅਹਿਸਾਸ ਹੈ ਕਿ ਉਨ੍ਹਾਂ ਦੀ ਔਲਾਦ ਉਨ੍ਹਾਂ ਤੋਂ ਬੇਮੁਖ ਹੋ ਰਹੀ ਹੈ।
ਆਧੁਨਿਕ ਵਿਕਾਸ
ਅੱਜ ਦੇ ਵਿਕਾਸ ਨੇ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚਾਲੇ ਪਾੜਾ ਹੋਰ ਵਧਾ ਦਿੱਤਾ ਹੈ। ਕਿਸੇ ਕੋਲ ਦੂਸਰੇ ਲਈ ਸਮਾਂ ਨਹੀਂ ਹੈ। ਪਹਿਲਾਂ ਵਰਗੀ ਪਰਿਵਾਰਕ ਸਾਂਝ ਟੁੱਟ ਰਹੀ ਹੈ। ਉਹੀ ਬਜ਼ੁਰਗ ਜਿਨ੍ਹਾਂ ਕਾਰਨ ਸਾਰਾ ਪਰਿਵਾਰ ਇੱਕਜੁੱਟ ਸੀ ਅੱਜ ਖੇਰੂੰ-ਖੇਰੂੰ ਹੋ ਰਿਹਾ ਹੈ। ਕੋਈ ਨੌਜਵਾਨ ਉਨ੍ਹਾਂ ਨਾਲ ਆਪਣਾ ਦੁੱਖ-ਸੁੱਖ ਸਾਂਝਾ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਉਨ੍ਹਾਂ ਦਾ ਦੁੱਖ ਸੁਣ ਕੇ ਰਾਜ਼ੀ ਹੈ।ਨੂੰਹਾਂ-ਧੀਆਂ ਵੀ ਕੰਮਾਂ-ਕਾਜਾਂ 'ਤੇ ਜਾਣ ਲੱਗ ਪਈਆਂ ਹਨ। ਉਨ੍ਹਾਂ ਪਾਸ ਮੀਟਿੰਗਾਂ ਜਾਂ ਪਾਰਟੀਆਂ ਤੋਂ ਵਾਧੂ ਸਮਾਂ ਨਹੀਂ ਜੋ ਬਜ਼ੁਰਗਾਂ ਨਾਲ ਗੁਜ਼ਾਰ ਸਕਣ। ਨਤੀਜੇ ਵਜੋਂ ਇੱਕ ਫਿੱਕਾਪਣ ਜੀਵਨ ਵਿਚ ਭਰ ਰਿਹਾ ਹੈ।
ਜਾਗਰੂਕਤਾ
ਇਸ ਸਾਰੀ ਉਧੇੜ ਬੁਣ ਵਿੱਚ ਇੱਕ ਜਾਗਰੂਕਤਾ ਇਹ ਆ ਰਹੀ ਹੈ ਕਿ ਪੜ੍ਹੀ-ਲਿਖੀ ਬਜ਼ੁਰਗ ਪੀੜ੍ਹੀ ਨੌਜਵਾਨ ਪੀੜ੍ਹੀ ਦੀਆਂ ਭਾਵਨਾਵਾਂ ਅਤੇ ਰੁਝੇਵਿਆਂ ਨੂੰ ਸਮਝਣ ਲੱਗ ਪਈ ਹੈ। ਇਸ ਪੜ੍ਹੀ-ਲਿਖੀ ਬਜ਼ੁਰਗ ਪੀੜ੍ਹੀ ਨੇ ਸਵੈ-ਨਿਰਭਰ ਹੋਣਾ ਸਿੱਖ ਲਿਆ ਹੈ। ਉਨ੍ਹਾਂ ਦੇ ਆਪਣੇ ਬੱਚਿਆਂ ਨਾਲ ਦੋਸਤਾਨਾ ਸੰਬੰਧ ਵੱਧ ਰਹੇ ਹਨ। ਇੱਕ ਦੂਸਰੇ 'ਤੇ ਬੋਝ ਘੱਟ ਕੀਤਾ ਜਾ ਰਿਹਾ ਹੈ। ਇਸ ਨਾਲ ਬਜ਼ੁਰਗ ਪੀੜ੍ਹੀ ਕੁਝ ਰਾਹਤ ਮਹਿਸੂਸ ਕਰਨ ਲੱਗ ਪਈ ਹੈ।
ਸਾਰਾਂਸ਼
ਸੰਖੇਪ ਵਿੱਚ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਕੁਦਰਤ ਦੇ ਸਾਰੇ ਰੰਗਾਂ ਵਿੱਚੋਂ ਬੁਢਾਪੇ ਦਾ ਰੰਗ ਵੱਖਰੀ ਤਰ੍ਹਾਂ ਦਾ ਹੈ।ਬਜ਼ੁਰਗ ਪੀੜ੍ਹੀ ਆਪਣਾ ਬੁਢਾਪਾ ਉਸੇ ਸ਼ਾਹੀ ਠਾਠ ਨਾਲ ਬਤੀਤ ਕਰਨਾ ਚਾਹੁੰਦੀ ਹੈ ਜਿਸ ਨਾਲ ਜਵਾਨੀ ਬਤੀਤ ਕੀਤੀ ਹੈ। ਨਵੀਂ ਪੀੜ੍ਹੀ ਦੀਆਂ ਆਪਣੀਆਂ ਮਜਬੂਰੀਆਂ ਹਨ। ਆਪਸੀ ਤਾਲਮੇਲ ਅਤੇ ਸੂਝ ਸਮਝ ਰਾਹੀਂ ਹੀ ਬੁਢਾਪੇ ਨੂੰ ਰੁਲਣ ਤੋਂ ਬਚਾਇਆ ਜਾ ਸਕਦਾ ਹੈ। ਇਹ ਸਾਡੇ ਸਮਾਜ ਲਈ ਉਸਾਰੂ ਸੇਧ ਹੋਵੇਗੀ।
0 Comments