ਪੰਜਾਬੀ ਲੇਖ "ਪੰਜਾਬ ਦੇ ਲੋਕ-ਨਾਚ" 1000 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ "ਪੰਜਾਬ ਦੇ ਲੋਕ-ਨਾਚ" 



ਭੂਮਿਕਾ

ਨਾਚ ਸਭ ਤੋਂ ਪ੍ਰਾਚੀਨ ਕਲਾ ਹੈ। ਨਾਚ ਕਲਾ ਦਾ ਇਤਿਹਾਸ ਮਨੁੱਖ ਜਾਤੀ ਜਿੰਨਾ ਪ੍ਰਾਚੀਨ ਹੈ।ਜਦੋਂ ਮਨੁੱਖ ਨੇ ਅਜੇ ਬੋਲਣਾ ਵੀ ਨਹੀਂ ਸੀ ਸਿੱਖਿਆ ਉਦੋਂ ਵੀ ਉਹ ਨੱਚ-ਟੱਪ ਕੇ ਆਪਣਾ ਮਨੋਰੰਜਨ ਕਰਦਾ ਰਿਹਾ ਹੋਵੇਗਾ। ਨੱਚਣਾ ਅਸਲ ਵਿੱਚ ਮਨ ਦਾ ਚਾਉ ਅਤੇ ਭਾਵਾਂ ਦਾ ਉਛਾਲ ਹੈ।


ਪੰਜਾਬ ਦੇ ਲੋਕ-ਨਾਚ

ਪੰਜਾਬ ਦੇ ਲੋਕ-ਨਾਚ ਪੰਜਾਬੀ ਚਰਿੱਤਰ ਅਤੇ ਪੰਜਾਬੀ ਸੰਸਕ੍ਰਿਤੀ ਦਾ ਦਰਪਣ ਹਨ। ਪੰਜਾਬੀਆਂ ਦਾ ਸੁਭਾਅ ਰੰਗੀਲਾ ਹੈ। ਵੀਰਤਾ, ਸਾਹਸ ਅਤੇ ਅਲਬੇਲਾਪਨ ਉਨ੍ਹਾਂ ਦੇ ਸੁਭਾਅ ਦੇ ਲੱਛਣ ਉਨ੍ਹਾਂ ਦੇ ਸਿੱਧੇ- ਸਾਦੇ ਲੋਕ-ਨਾਚਾਂ ਵਿੱਚੋਂ ਇੱਕਦਮ ਨਜ਼ਰ ਆ ਜਾਂਦੇ ਹਨ। ਨਿੱਤ ਨਵੀਂਆਂ ਮੁਸੀਬਤਾਂ ਨਾਲ ਜੂਝਦਾ ਹੋਇਆ ਵੀ ਪੰਜਾਬੀ ਆਪਣਾ ਵਿਹਲਾ ਸਮਾਂ ਨੱਚਦਿਆਂ, ਟੱਪਦਿਆਂ, ਹੱਸਦਿਆਂ, ਖੇਡਦਿਆਂ ਤੇ ਗਾਉਂਦਿਆਂ-ਵਜਾਉਂਦਿਆਂ ਬਤੀਤ ਕਰਨ ਦਾ ਆਦੀ ਹੈ। ਉਸ ਲਈ ਹਰ ਪਲ ਇੱਕ ਪਰਵ ਹੈ ਤੇ ਹਰ ਦਿਨ ਇੱਕ ਮੇਲਾ ਹੈ। ਜਿੱਥੇ ਚਾਰ ਪੰਜਾਬੀ ਮਿਲ ਜਾਣ ਉਹ ਤੁਰਦਾ-ਫਿਰਦਾ ਇੱਕ ਮੇਲਾ ਬਣ ਜਾਂਦਾ ਹੈ।


ਨਾਚਾਂ ਦਾ ਰੰਗ ਢੰਗ

ਪੰਜਾਬ ਦੇ ਲੋਕ-ਨਾਚਾਂ ਵਿੱਚ ਜੁੱਸੇ ਤੇ ਹਿਲੋਰੇ ਤੇ ਪੈਰਾਂ ਦੀ ਥਾਪ ਮਨੋਭਾਵਾਂ ਨਾਲ ਕਦਮ ਮੇਚ ਕੇ ਤੁਰਦੀ ਹੈ। ਇਹ ਨਾਚ ਏਨੇ ਸੁਭਾਵਿਕ ਹਨ ਕਿ ਇਨ੍ਹਾਂ ਨੂੰ ਨੱਚਣ ਲਈ ਕਿਸੇ ਖ਼ਾਸ ਪੁਸ਼ਾਕ, ਵੇਸ਼ ਜਾਂ ਸ਼ਿੰਗਾਰ ਦੀ ਲੋੜ ਨਹੀਂ। ਖ਼ੁਸ਼ੀ ਦੇ ਹਰ ਮੌਕੇ 'ਤੇ ਪੰਜਾਬੀ ਲਾੜੇ ਵਾਂਗ ਸਜਿਆ ਹੁੰਦਾ ਹੈ।ਐਸੇ ਮੌਕੇ 'ਤੇ ਪੰਜਾਬੀ ਗੱਭਰੂ ਤੇ ਮੁਟਿਆਰਾਂ ਦੇ ਜਦੋਂ ਮਨ 'ਚ ਹੁਲਾਸ ਆ ਜਾਵੇ, ਜਜ਼ਬੇ ਮਚਲ ਪੈਣ ਤਾਂ ਉਹ ਖੜ੍ਹੇ-ਖਲੋਤੇ ਨੱਚਣ ਲੱਗ ਪੈਂਦੇ ਹਨ। ਪੱਕੀ ਫ਼ਸਲ ਵੇਖ ਉਨ੍ਹਾਂ ਦੇ ਜਜ਼ਬੇ ਆਪ-ਮੁਹਾਰੇ ਨਾਚ ਬਣ ਜਾਂਦੇ ਹਨ।


ਨਾਚਾਂ ਦੇ ਰੂਪ

ਪੰਜਾਬ ਦੇ ਲੋਕ-ਨਾਚ ਜਾਂ ਕੁੜੀਆਂ ਦੇ ਹਨ ਜਾਂ ਮੁੰਡਿਆਂ ਦੇ। ਪੰਜਾਬ ਦਾ ਮੁੱਖ ਨਾਚ ਭੰਗੜਾ ਮੁੰਡਿਆਂ ਦਾ ਲੋਕ-ਨਾਚ ਹੈ ਜਦਕਿ ਕੁੜੀਆਂ ਦਾ ਪ੍ਰਮੁੱਖ ਨਾਚ ਗਿੱਧਾ ਹੈ। ਇਨ੍ਹਾਂ ਤੋਂ ਬਿਨਾਂ ਕੁਝ ਹੋਰ ਪ੍ਰਮੁੱਖ ਨਾਚ ਝੂਮਰ, ਸੰਮੀ ਅਤੇ ਕਿੱਕਲੀ ਹਨ।ਅਜੋਕੇ ਪੰਜਾਬ ਵਿੱਚ ਝੂਮਰ ਅਤੇ ਸੈਮੀ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ। ਹਾਂ ਕੁਝ ਨਵੇਂ ਨਾਚ ਜਿਵੇਂ ਮਰਦਾਂ ਦਾ ਗਿੱਧਾ ਜਾਂ ਕੁੜੀਆਂ ਦਾ ਭੰਗੜਾ ਜਾਂ ਦੋਹਾਂ ਦੇ ਸਾਂਝ ਨਾਚ ਆ ਗਏ ਹਨ।


(i) ਭੰਗੜਾ

ਪੰਜਾਬ ਦੇ ਲੋਕ-ਨਾਚਾਂ ਵਿੱਚੋਂ ਸਭ ਤੋਂ ਵੱਧ ਦਿਲ-ਟੁੰਬਵਾਂ ਤੇ ਪਿਆਰਾ ਨਾਚ ਭੰਗੜਾ ਹੈ। ਇਹ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਪੁਰਾਣਾ ਨਾਚ ਹੈ। ਇਹ ਪੰਜਾਬੀਆਂ ਦਾ ਕੌਮੀ ਨਾਚ ਮੰਨਿਆ ਜਾਂਦਾ ਹੈ। ਪੰਜਾਬੀ ਚਰਿੱਤਰ ਦੇ ਵਿਸ਼ੇਸ਼ ਗੁਣ ਜੋਸ਼, ਸਾਹਸ, ਵੀਰਤਾ, ਅਲਬੇਲਾਪਨ ਸਭ ਇਸ ਨਾਚ ਵਿੱਚ ਸ਼ਾਮਲ ਹਨ। ਇਸ ਇੱਕੋ ਪੰਜਾਬੀ ਨਾਚ ਵਿੱਚ ਝੂੰਮਰ, ਲੁੱਡੀ, ਗਿੱਧਾ ਆਦਿ ਸਾਰੇ ਗੁਣ ਮਿਲੇ ਹੋਏ ਹਨ। ਭੰਗੜਾ ਕਰੜਾ ਤੇ ਜੋਸ਼ੀਲਾ ਨਾਚ ਹੈ ਜਿਸ ਨੂੰ ਤਗੜੇ ਬੰਦੇ ਹੀ ਨੱਚ ਸਕਦੇ ਹਨ। ਇਸ ਕਾਰਨ ਇਸ ਨਾਚ ਵਿੱਚ ਬੀਰ ਰਸੀ ਰੰਗ ਹੈ। ਭਾਰਤ ਦਾ ਕੋਈ ਵੀ ਨਾਚ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ।

ਮੁੱਢ ਵਿੱਚ ਇਹ ਨਾਚ ਫ਼ਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ। ਸਮੇਂ ਨਾਲ ਇਹ ਅਜੋਕਾ ਰੂਪ ਧਾਰਨ ਕਰ ਗਿਆ ਹੈ। ਫ਼ਸਲਾਂ ਦੀ ਵਾਢੀ ਮਗਰੋਂ ਗੱਭਰੂ ਵਿਸਾਖੀ 'ਤੇ ਵੀ ਭੰਗੜਾ ਪਾਉਂਦੇ ਹਨ।


(ii) ਗਿੱਧਾ

ਗਿੱਧੇ ਦਾ ਸ਼ਾਬਦਿਕ ਅਰਥ ‘ਤਾੜੀ’ ਹੈ। ਦੋ ਹੱਥਾਂ ਦੇ ਆਪਸੀ ਟਕਰਾਉ ਤੋਂ ਪੈਦਾ ਹੋਈ ਅਵਾਜ਼ ਨੂੰ ਤਾੜੀ ਕਿਹਾ ਜਾਂਦਾ ਹੈ।ਪੰਜਾਬ ਦੇ ਲੋਕ-ਨਾਚਾਂ ਵਿੱਚੋਂ ਪਹਿਲਾ ਦਰਜਾ ਗਿੱਧੇ ਨੂੰ ਹਾਸਲ ਹੈ ਕਿਉਂਕਿ ਇਹ ਨਾਚ ਇਸ ਇਲਾਕੇ ਦਾ ਆਪਣਾ ਹੈ। ਗਿੱਧਾ ਤਾੜੀ ਦੀ ਅਵਾਜ਼ 'ਤੇ ਨੱਚਿਆ ਜਾਂਦਾ ਹੈ।ਪੰਜਾਬਣਾਂ ਨੇ ਆਪਣੇ ਜੀਵਨ ਦੀ ਸਾਰੀ ਮਿਠਾਸ ਇਸ ਨਾਚ ਵਿੱਚ ਸਮੇਂ ਦਿੱਤੀ ਹੈ। ਚਾਨਣੀਆਂ ਰਾਤਾਂ ਨੂੰ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਮੁਟਿਆਰਾਂ ਗਿੱਧਾ ਪਾ ਕੇ ਮਨ ਦੀ ਖ਼ੁਸ਼ੀ ਕੁਦਰਤ ਨਾਲ ਇੱਕਸੁਰ ਕਰ ਲੈਂਦੀਆਂ ਹਨ। ਅਸਲ ਵਿੱਚ ਗਿੱਧੇ ਵਿੱਚ ਪੰਜਾਬਣ ਦੀ ਆਤਮਾ ਸਾਹ ਲੈਂਦੀ ਹੈ।

ਸਮੁੱਚੇ ਸਰੀਰ ਨੂੰ ਨਾਚ ਰੂਪ ਵਿੱਚ ਢਾਲਣ ਦੀ ਖੁੱਲ੍ਹ ਬਾਕੀ ਲੋਕ-ਨਾਚਾਂ ਨਾਲੋਂ ਗਿੱਧੇ ਵਿੱਚ ਵਧੇਰੇ ਹੈ। ਵਿਆਹ ਅਤੇ ਹੋਰ ਮੰਗਲ ਕਾਰਜਾਂ ਸਮੇਂ ਮੁਟਿਆਰਾਂ ਗਿੱਧੇ ਲਈ ਸਮਾਂ ਰਾਖਵਾਂ ਕਰ ਲੈਂਦੀਆਂ ਹਨ। ਮਾਲਵੇ ਵਿੱਚ ਵਿਆਹੁਲੇ ਗਿੱਧੇ ਦਾ ਬੜਾ ਰਿਵਾਜ ਹੈ। ਇਸ ਵਿੱਚ ਵਿਆਹੀ ਜਾ ਰਹੀ ਜੋੜੀ ਦੀ ਚਿਰੰਜੀਵਤਾ ਅਤੇ ਵੰਸ਼ ਵਾਧੇ ਦੀਆਂ ਭਾਵਨਾਵਾਂ ਹੁੰਦੀਆਂ ਹਨ।

ਗਿੱਧਾ ਭਾਵੇਂ ਮੂਲ ਰੂਪ ਵਿੱਚ ਔਰਤਾਂ ਦਾ ਨਾਚ ਹੈ ਪਰ ਛਪਾਰ ਕੇ ਮੇਲੇ ਤੇ ਮਰਦ ਗਿੱਧਾ ਪਾਉਂਦੇ ਵੇਖੇ ਜਾ ਸਕਦੇ ਹਨ। ਇਹ ਮਲਵਈ ਗਿੱਧਾ ਕੁਝ ਕਾਰਨਾਂ ਕਰਕੇ ਔਰਤਾਂ ਦੇ ਗਿੱਧੇ ਤੋਂ ਭਿੰਨ ਹੈ।


(iii) ਕਿੱਕਲੀ

ਕਿੱਕਲੀ ਛੋਟੀਆਂ ਕੁੜੀਆਂ ਦਾ ਨਾਚ ਹੈ। ਕੁਝ ਲੋਕ ਇਸ ਨੂੰ ਲੋਕ ਖੇਡ ਮੰਨਦੇ ਹਨ। ਅਸਲ ਵਿੱਚ ਕਿੱਕਲੀ ਵਿੱਚ ਖੇਡ ਅਤੇ ਨਾਚ ਦੋਹਾਂ ਦੇ ਲੱਛਣ ਸ਼ਾਮਲ ਹਨ। ਕਿੱਕਲੀ ਅਸਲ ਵਿੱਚ ਇੱਕ ਨਿਸ਼ਚਿਤ ਗੀਤ ਰੂਪ ਹੈ ਜੋ ਕਿੱਕਲੀ ਨਾਚ ਨੱਚਣ ਵੇਲੇ ਗਾਇਆ ਜਾਂਦਾ ਹੈ। ਇਹ ਨਾਚ ਕੁੜੀਆਂ ਦੋ-ਦੋ ਦੇ ਜੋਟਿਆਂ ਵਿੱਚ ਨੱਚਦੀਆਂ ਹਨ। ਦੋ ਕੁੜੀਆਂ ਆਹਮੋ-ਸਾਮ੍ਹਣੇ ਖਲੋ ਕੇ ਹੱਥਾਂ 'ਚ ਹੱਥ ਫੜ ਕੇ ਜਾਂ ਕੰਘੀ ਪਾ ਕੇ ਪੈਰਾਂ ਨਾਲ ਪੈਰ ਮੇਲ ਕੇ ਨੱਚਦੀਆਂ ਹਨ।


(iv) ਸੰਮੀ

ਸੰਮੀ ਸਾਂਦਲ ਬਾਰ (ਪੱਛਮੀ ਪੰਜਾਬ) ਦੇ ਇਲਾਕੇ ਦਾ ਬੜਾ ਪਿਆਰਾ ਅਤੇ ਪ੍ਰਾਚੀਨ ਨਾਚ ਹੈ। ਵਟਾਂਦਰੇ ਪਿੱਛੋਂ ਹਿੰਦੂ-ਸਿੱਖ ਜੋ ਸਾਂਦਲ ਬਾਰ ਤੋਂ ਇਧਰਲੇ ਪੰਜਾਬ ਆਏ ਉਨ੍ਹਾਂ ਨਾਲ ਇਹ ਨਾਚ ਵੀ ਪੰਜਾਬ ਆ ਗਿਆ। ਇਹ ਨਾਚ ਚਾਨਣੀਆਂ ਰਾਤਾਂ ਵਿੱਚ ਦੁਖਾਂਤਕ ਲੈਅ ਵਿੱਚ ਨੱਚਿਆ ਜਾਣ ਵਾਲਾ ਤੀਵੀਂਆਂ ਦਾ ਨਾਚ ਹੈ। ਇਸ ਨਾਚ ਵਿੱਚ ਕਿਸੇ ਸਾਜ ਦੀ ਲੋੜ ਨਹੀਂ ਹੁੰਦੀ। ਇਹ ਬਹੁਤ ਹੀ ਸਿੱਧਾ-ਸਾਦਾ ਨਾਚ ਹੈ।ਇਸ ਨਾਚ ਦਾ ਸੰਬੰਧ ਪ੍ਰਸਿੱਧ ਲੋਕ ਗਾਥਾ ‘ਢੋਲ ਸੰਮੀ’ ਦੀ ਦੁਖਾਂਤਕ ਪ੍ਰੇਮ ਗਾਥਾ ਨਾਲ ਜੋੜਿਆ ਜਾਂਦਾ ਹੈ। ਇਹ ਮੁਹੱਬਤ ਦਾ ਨਾਚ ਹੈ ਜੋ ਸੰਮੀ ਆਪਣੇ ਪ੍ਰੀਤਮ ਢੋਲੇ ਦੇ ਪ੍ਰੇਮ ਵਿੱਚ ਲੀਨ ਹੋ ਕੇ ਨੱਚਿਆ ਕਰਦੀ ਸੀ। ਇਸ ਨਾਚ ਦੀ ਹਰ ਅਦਾ ਵਿੱਚ ਪ੍ਰੇਮ ਲਈ ਇੱਕ ਸੁਨੇਹਾ ਹੁੰਦਾ ਹੈ।


(v) ਝੂੰਮਰ

ਪੰਜਾਬ ਦੇ ਮਰਦਾਂ ਦਾ ਲੋਕ-ਨਾਚ ‘ਝੂੰਮਰ’ ਮੂਲ ਰੂਪ ਵਿੱਚ ਪੱਛਮੀ ਪੰਜਾਬ ਦਾ ਲੋਕ-ਨਾਚ ਹੈ। ਇਹ ਨਾਚ ਸਾਂਦਲ ਬਾਰ (ਸ਼ੇਖੂਪੁਰ, ਲਾਇਲਪੁਰ, ਮਿੰਟਗੁਮਰੀ ਅਤੇ ਝੰਗ ਜ਼ਿਲ੍ਹਿਆਂ) ਵਿੱਚ ਨੱਚਿਆ ਜਾਂਦਾ ਸੀ। ਰਾਜਸਥਾਨ ਦਾ ਲੋਕ-ਨਾਚ ‘ਘੁੰਮਰ’ ਜਾਂ ‘ਝੂਮਰ’ ਵੀ ਇਸੇ ਪ੍ਰਕਿਰਤੀ ਦਾ ਨਾਚ ਹੈ। ਝੂੰਮਰ ਗਿੱਧੇ ਅਤੇ ਭੰਗੜੇ ਵਾਂਗ ਘੇਰਾ ਪ੍ਰਬੰਧ ਵਿੱਚ ਨੱਚਿਆ ਜਾਂਦਾ ਹੈ। ਝੂੰਮਰ ਦਾ ਅਰਥ ਹੀ ਝੁਰਮਟ ਪਾਉਣਾ, ਇਕੱਠੇ ਹੋਣਾ ਜਾਂ ਘੇਰਾ ਘਤਣਾ ਅਰਥਾਤ ਘੁੰਮਣਾ ਹੈ।ਜਦੋਂ ਮਨ ਖ਼ੁਸ਼ੀ ਨਾਲ ਉਛਲਦਾ ਹੈ ਤਾਂ ਢੋਲੀ ਨੂੰ ਸੱਦ ਕੇ ਖ਼ੁਸ਼ੀ ਦਾ ਪ੍ਰਗਟਾਵਾ ਝੂੰਮਰ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਪੱਛਮੀ ਪੰਜਾਬ ਵਿੱਚ ਜਨਮ, ਮੰਗਣੀ ਅਤੇ ਵਿਆਹ ਵਰਗੇ ਮੰਗਲ ਕਾਰਜਾਂ ਵਿੱਚ ਝੁੰਮਰ ਜ਼ਰੂਰ ਨੱਚਿਆ ਜਾਂਦਾ ਹੈ।


(vi) ਲੁੱਡੀ

ਲੁੱਡੀ ਜਿੱਤ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਨੱਚਿਆ ਜਾਣ ਵਾਲਾ ਨਾਚ ਹੈ।ਜਿੱਤ ਕੰਮ ਦੀ ਹੋਵੇ, ਮੁਕੱਦਮੇ ਦੀ ਜਾਂ ਖੇਡ ਮੁਕਾਬਲੇ ਦੀ, ਲੋਕ ਖ਼ੁਸ਼ੀ ਵਿੱਚ ਲੁੱਡੀ ਪਾਉਂਦੇ ਹਨ। ਢੋਲੀ ਦੀ ਤਾਲ 'ਤੇ ਨਾਚ ਸ਼ੁਰੂ ਹੁੰਦਾ ਹੈ। ਲੋਕ ਢੋਲੀ ਦੁਆਲੇ ਨੱਚਣ ਲੱਗ ਪੈਂਦੇ ਹਨ। ਇਸ ਨਾਚ ਵਿੱਚ ਗੀਤ ਨਹੀਂ ਗਾਇਆ ਜਾਂਦਾ ਕੇਵਲ ਨੱਚਦਿਆਂ ‘ਓਇ, ਓਇ, ਏਲੀ, ਏਲੀ, ਮਰਦਾਂ ਦੀ ਲੁੱਡੀ ਤੀਵੀਂਆਂ ਤੋਂ ਬਿਲਕੁਲ ਭਿੰਨ ਹੁੰਦੀ ਹੈ। ਓ ਘੁੱਗੀ ਦੰਦ, ਓ ਸ਼ੋਰਾ' ਆਦਿ ਖ਼ੁਸ਼ੀ ਵਿੱਚ ਉੱਚੀ-ਉੱਚੀ ਬੋਲਿਆ ਜਾਂਦਾ ਹੈ। ਇਹ ਮੁੱਖ ਰੂਪ ਵਿੱਚ ਮਰਦਾਂ ਦਾ ਨਾਚ ਹੈ।


ਸਾਰਾਂਸ਼

ਸੰਖੇਪ ਵਿੱਚ ਪੰਜਾਬ ਦੇ ਲੋਕ-ਨਾਚਾਂ ਵਿੱਚ ਘੜਾ, ਘੜੋਲੀ, ਗਾਗਰ ਜਾਂ ਢੋਲ/ਢੋਲਕੀ ਹੀ ਸ਼ਾਮਲ ਰਹੇ ਹਨ। ਇਹ ਪੰਜਾਬੀਆਂ ਦੇ ਸਮੂਹਿਕ ਨਾਚ ਹਨ। ਸਮੇਂ ਨਾਲ ਇਨ੍ਹਾਂ ਵਿੱਚ ਬਨਾਵਟੀ ਹਰਕਤਾਂ ਆਉਣ ਨਾਲ ਇਨ੍ਹਾਂ ਵਿਚਲੀ ਸਾਦਗੀ ਤੇ ਸੁਭਾਵਿਕਤਾ ਮਰ ਰਹੀ ਹੈ। ਲੋੜ ਇਨ੍ਹਾਂ ਦੇ ਮੌਲਿਕ ਮੁਹਾਂਦਰੇ ਨੂੰ ਸਾਂਭੀ ਰੱਖਣ ਦੀ ਹੈ।


Post a Comment

1 Comments