ਪੰਜਾਬੀ ਲੇਖ "ਪੰਜਾਬ ਦੇ ਲੋਕ-ਗੀਤ"
ਭੂਮਿਕਾ
ਇੱਕ ਪਾਸੇ ਪਹਾੜ ਅਤੇ ਦੂਜੇ ਪਾਸੇ ਹਰਿਆਣਾ ਅਤੇ ਰਾਜਸਥਾਨ ਦੀਆਂ ਰੇਤਾਂ ਵਿੱਚ ਘਿਰਿਆ ਇੱਕ ਖੁੱਲ੍ਹਾ ਪੱਧਰਾ ਮੈਦਾਨ—ਜਿਸ ਉੱਤੇ ਜੰਮੀ, ਪਲੀ ਤੇ ਪਰਵਾਨ ਚੜ੍ਹੀ ਰਾਂਗਲੀ, ਬਹੁਰੰਗੀ, ਅਮੀਰ ਅਤੇ ਨਿਵੇਕਲੀ ਸੰਸਕ੍ਰਿਤੀ। ਇਸ ਦੇਵ-ਭੂਮੀ, ਬੀਰ ਭੂਮੀ ਅਤੇ ਕਲਾ ਭੂਮੀ ਦਾ ਨਾਂ ਹੈ ਪੰਜਾਬ। ਗਰਮੀ ਅਤੇ ਸਰਦੀ, ਹਰਿਆਵਲ ਤੇ ਸੋਕਾ, ਮੀਂਹ ਤੇ ਔੜ, ਹੁਟ ਤੇ ਤੇਜ਼ ਹਵਾਵਾਂ, ਰੁੱਖਾਪਣ ਤੇ ਕੋਮਲਤਾ, ਅੱਥਰੇ ਤੇ ਸੁਹਿਰਦ ਹਾਵਾਂ-ਭਾਵਾਂ ਦਾ ਸੁੰਦਰ ਸੁਮੇਲ। ਥਲ, ਪਰਬਤ, ਦਰਿਆ ਤੇ ਮੈਦਾਨ-ਕੀ ਕੁਝ ਨਹੀਂ ਬਖ਼ਸ਼ਿਆ ਕੁਦਰਤ ਨੇ। ਇਸੇ ਲਈ ਪੰਜਾਬ ਨਿਵੇਕਲਾ ਹੈ, ਨਿਵੇਕਲੀ ਹੈ ਇੱਥੋਂ ਦੀ ਸੰਸਕ੍ਰਿਤੀ ਅਤੇ ਵਿਲੱਖਣ ਹੈ ਪੰਜਾਬ ਦਾ ਲੋਕ ਸਾਹਿਤ।
ਲੋਕ-ਗੀਤਾਂ ਦਾ ਜਨਮ
ਲੋਕ-ਗੀਤ, ਲੋਕ ਸਾਹਿਤ ਦਾ ਪ੍ਰਾਚੀਨ ਅਤੇ ਰਮਣੀਕ ਅੰਗ ਹਨ। ਇਹ ਐਸਾ ਦਰਪਣ ਹੈ ਜਿਸ ਵਿੱਚੋਂ ਖੇਤਰ ਵਿਸੇਸ਼ ਦਾ ਸੱਭਿਆਚਾਰ ਮੂਰਤੀਮਾਨ ਹੁੰਦਾ ਹੈ। ਲੋਕ-ਗੀਤ, ਲੋਕ-ਦਿਲਾਂ ਵਿੱਚੋਂ ਆਪ-ਮੁਹਾਰੇ ਫੁੱਟਦੇ ਹਨ। ਇਸ ਪ੍ਰਕਾਰ ਲੋਕ-ਗੀਤਾਂ ਦਾ ਜਨਮ ਮਨੁੱਖੀ ਸੱਭਿਅਤਾ ਦੇ ਨਾਲ ਹੀ ਹੋਇਆ ਅਤੇ ਇਨ੍ਹਾਂ ਦਾ ਵਹਿਣ ਨਿਰੰਤਰ ਵਹਿ ਰਿਹਾ ਹੈ। ਲੋਕ-ਗੀਤ ਛੰਦਾਂ ਦੇ ਨਿਯਮਾਂ ਅਤੇ ਸਾਹਿਤਿਕ ਰੂਪ ਦੇ ਬੰਧਨਾਂ ਤੋਂ ਮੁਕਤ ਹੁੰਦੇ ਹਨ। ਇਨ੍ਹਾਂ ਵਿੱਚ ਰਚਨਹਾਰਿਆਂ ਵਰਗੀ ਸਾਦਗੀ, ਸਰਲਤਾ, ਆਪ-ਮੁਹਾਰਾਪਣ ਅਤੇ ਅਲਬੇਲਾਪਣ ਆਦਿ ਗੁਣ ਹੁੰਦੇ ਹਨ। ਇਨ੍ਹਾਂ ਵਿੱਚ ਲੋਕ-ਮਨ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਇਹ ਪੀੜ੍ਹੀ -ਦਰ-ਪੀੜ੍ਹੀ ਚਲੇ ਆਉਂਦੇ ਹਨ।
ਪੰਜਾਬ ਦੇ ਲੋਕ-ਗੀਤ
ਪੰਜਾਬ ਲੋਕ-ਗੀਤਾਂ ਦੀ ਧਰਤੀ ਹੈ। ਇੱਥੋਂ ਦਾ ਹਰ ਵਾਸੀ ਲੋਕ-ਗੀਤਾਂ ਵਿੱਚ ਜੰਮਦਾ, ਲੋਕ- ਗੀਤਾਂ ਵਿੱਚ ਬਚਪਨ ਗੁਜ਼ਾਰਦਾ, ਗੀਤਾਂ ਵਿੱਚ ਜਵਾਨ ਹੁੰਦਾ, ਗੀਤਾਂ ਵਿੱਚ ਵਿਆਹਿਆ ਜਾਂਦਾ, ਗੀਤਾਂ ਵਿੱਚ ਗ੍ਰਹਿਸਤੀ ਜੀਵਨ ਭੋਗਦਾ ਅੰਤ ਗੀਤਾਂ ਵਿੱਚ ਹੀ ਮਰ ਜਾਂਦਾ ਹੈ। ਇਸ ਪ੍ਰਕਾਰ ਹਰ ਸਥਿਤੀ ਤੇ ਵੱਖ-ਵੱਖ ਰੂਪਾਂ ਵਿੱਚ ਲੋਕ-ਗੀਤ ਮਿਲਦੇ ਹਨ। ਲੋਰੀਆਂ, ਥਾਲ, ਕਿੱਕਲੀ, ਘੋੜੀਆਂ, ਸੁਹਾਗ, ਸਿਠਣੀਆਂ, ਛੰਦ, ਵੈਣ, ਕੀਰਨੇ, ਅਲਾਹੁਣੀਆਂ, ਬਾਲਪਣ, ਜਵਾਨੀ, ਵਿਆਹ ਅਤੇ ਮੌਤ ਦੇ ਵਿਸ਼ੇਸ਼ ਲੋਕ-ਗੀਤ ਹਨ। ਇਸ ਤੋਂ ਬਿਨਾਂ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਨਿਤ ਦੇ ਕਾਰ-ਵਿਹਾਰ ਨਾਲ ਸੰਬੰਧਿਤ ਕੋਈ ਵੀ ਐਸੀ ਸਥਿਤੀ ਨਹੀਂ ਜਿਸ ਨਾਲ ਜੁੜੇ ਲੋਕ-ਗੀਤ ਨਾ ਮਿਲਦੇ ਹੁਣ
ਪੂਰਵ ਜਨਮ ਸਮੇਂ ਦੇ ਗੀਤ
ਪੂਰਵ ਜਨਮ, ਜਨਮ ਸਮੇਂ, ਜਨਮ ਉਪਰਾਂਤ ਗਾਏ ਜਾਣ ਵਾਲੇ ਗੀਤਾਂ ਵਿੱਚੋਂ ‘ਹਰਿਆ’ ਅਤੇ ‘ਪੇਠਾ’ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਬਾਲ ਨੂੰ ਸਵਾਉਣ ਜਾਂ ਰੋਂਦੇ ਨੂੰ ਚੁੱਪ ਕਰਾਉਣ ਸਮੇਂ ਲੋਰੀਆਂ ਗਾਈਆਂ ਜਾਂਦੀਆਂ ਹਨ। ਲੋਰੀ ਦੀ ਹੇਕ ਵਿੱਚ ਮਾਂ ਦੀ ਮਮਤਾ ਛਿਪੀ ਹੁੰਦੀ ਹੈ। ਲੋਰੀ ਰਾਹੀਂ ਮਾਂ ਆਪਣੇ ਬੱਚੇ ਦੇ ਉੱਜਲੇ ਭਵਿਖ ਦੀ ਕਾਮਨਾ ਕਰਦੀ ਹੈ : ਜਿਵੇਂ ;
ਲੋਰੀ ਲੱਕੜੇ ਊ...ਊ...ਊ
ਤੇਰੀ ਮਾਂ ਸਦਕੜੇ ਊ...ਊ...ਊ।
ਲੋਰ ਮਲੋਰੀ, ਦੁੱਧ-ਕਟੋਰੀ
ਪੀ ਲੈ ਨਿੱਕਿਆ, ਲੋਕਾਂ ਤੋਂ ਚੋਰੀ।
ਲੋਰੀ ਦੇਨੀ ਆਂ ਚੜ੍ਹ ਕੇ ਚੁਬਾਰੇ,
ਨਿੱਕੇ ਦੀ ਮਾਂ ਪਈ ਰਾਜ ਗੁਜ਼ਾਰੇ।
ਨਿੱਕੇ ਦੀ ਵਹੁੱਟੀ ਮੈਂ ਢੂੰਡ ਕੇ ਲੱਭੀ
ਪੈਰੀਂ ਪਹੁਚੀਆਂ, ਵਾਹਵਾ ਫੱਬੀ।
ਲੋਰੀ ਲੱਕੜੇ ਅ..ਰ...।
ਤੇਰੀ ਮਾਂ ਸਦਕੜੇ ਅ..ਰ..ਰ।
ਬਾਲਪਣ ਦੇ ਗੀਤ
ਬੱਚੇ ਵੱਡੇ ਹੁੰਦੇ ਹਨ। ਛੋਟੀਆਂ-ਛੋਟੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ, ਜਿਵੇਂ : ਗੁਡੀਆਂ- ਪਟੋਲੇ, ਕੋਟਲਾ-ਛਪਾਕੀ, ਥਾਲ, ਅੱਡੀ-ਟੱਪਾ, ਕਿੱਕਲੀ ਆਦਿ। ਖੇਡਾਂ ਖੇਡਦੇ ਸਮੇਂ ਲੋਕ-ਗੀਤ ਗਾਏ ਜਾਂਦੇ ਹਨ :
ਪੰਜੇ ਨੀ ਪੰਜਾਲੀਏ, ਪੰਜ ਸੇਬ ਆਏ।
ਨਾ ਮੈਂ ਖਾਧੇ ਨਾ ਮੈਂ ਪੀਤੇ, ਨਾ ਮੈਂ ਦੰਦੀ ਲਾਏ।
ਜਿਹੜੀ ਮੇਰੀ ਅੰਗ ਸਹੇਲੀ, ਉਸੇ ਖਾਧੇ, ਉਸੇ ਪੀਤੇ, ਉਸੇ ਦੰਦੀ ਲਾਏ।
............ ਕੁੜੀਏ ਥਾਲ ਈ।
ਵਿਆਹ ਦੇ ਗੀਤ
ਪੰਜਾਬੀ ਜੀਵਨ ਵਿੱਚ ਵਿਆਹ ਸਭ ਤੋਂ ਮਹੱਤਵਪੂਰਨ ਸੰਸਕਾਰ ਹੈ। ਪੰਜਾਬੀ ਜੀਵਨ ਵਿੱਚ ਵਿਆਹ ਦੇ ਮਹੱਤਵ ਦਾ ਅੰਦਾਜਾ ਵਿਆਹ ਵਿੱਚ ਗਾਏ ਜਾਣ ਵਾਲੇ ਗੀਤਾਂ ਤੋਂ ਲਗਾਇਆ ਜਾ ਸਕਦਾ ਹੈ। ਵਿਆਹ ਨਾਲ ਸੰਬੰਧਿਤ ਸ਼ਾਇਦ ਹੀ ਕੋਈ ਐਸੀ ਰਸਮ ਹੋਵੇ ਜੋ ਲੋਕ-ਗੀਤਾਂ ਬਿਨਾਂ ਸੰਪੂਰਨ ਹੁੰਦੀ ਹੋਵੇ। ਵਿਆਹ ਤੋਂ ਕੁਝ ਦਿਨ ਪਹਿਲਾਂ ਕੁੜੀ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ‘ਸੁਹਾਗ’ ਕਿਹਾ ਜਾਂਦਾ ਹੈ। ਇਨ੍ਹਾਂ ਰਾਹੀਂ ਯੋਗ ਵਰ ਦੀ ਖ਼ਾਹਸ਼, ਉੱਜਲੇ ਭਵਿਖ ਦੀ ਕਾਮਨਾ, ਬੁੱਢ ਸੁਹਾਗਣ ਹੋਣ ਦੀ ਅਸੀਸ, ਬੰਨੜੇ ਦੀ ਸਿਫ਼ਤ ਆਦਿ ਦੇ ਨਾਲ-ਨਾਲ ਮੁਟਿਆਰ ਦੇ ਅੰਦਰ ਛਿਪੇ ਭਾਵ ਵਿਅਕਤ ਕੀਤੇ ਜਾਂਦੇ ਹਨ :
ਦੇਈਂ, ਦੇਈਂ ਵੇ ਬਾਬਲ ਉਸ ਘਰੇ,
ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ।
ਡਾਹ ਪੀਹੜਾ ਬਹਿੰਦੀ ਸਾਮ੍ਹਣੇ ਵੇ,
ਮੱਥੇ ਕਦੇ ਨਾ ਪਾਂਦੀ ਵੱਟ ਬਾਬਲ ਤੇਰਾ ਪੁੰਨ ਹੋਵੇ।
......
ਦੇਈਂ, ਦੇਈਂ ਵੇ ਬਾਬਲ ਉਸ ਘਰੇ
ਜਿੱਥੇ ਦਰਜ਼ੀ ਸੀਵੇ ਪੱਟ
ਇੱਕ ਪਾਵਾਂ ਇੱਕ ਟੰਗਣੇ
ਮੇਰਾ ਵਿੱਚ ਸੰਦੂਕਾਂ ਦੇ ਹੱਥ, ਬਾਬਲ ਤੇਰਾ ਪੁੰਨ ਹੋਵੇ।
ਵਿਆਹ ਦੇ ਸਮੇਂ ਲੜਕੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਘੋੜੀ ਦੀ ਰਸਮ ਸਮੇਂ ਲਾੜੇ ਦੀਆਂ ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ, ਮਾਸੀਆਂ, ਭੂਆ ਆਦਿ ਖ਼ੁਸ਼ੀ ਦੇ ਗੀਤ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਵਿੱਚ ਘੋੜੀ ਦੀ ਸਿਫ਼ਤ, ਲਾੜੇ ਦੀ ਵਡਿਆਈ, ਭਾਈਚਾਰੇ ਦੀ ਪ੍ਰਸੰਸਾ, ਜੰਞ ਦੀ ਚੜਤ, ਸ਼ਗਨ, ਪਹਿਰਾਵਾ ਆਦਿ ਦਾ ਬਿਆਨ ਹੁੰਦਾ ਹੈ :
ਘੋੜੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ
ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਨਾ।
ਵਿੱਚ ਵਿੱਚ ਬਾਗਾਂ ਦੇ ਤੁਸੀਂ ਆਉ, ਚੋਟ ਨਗਾਰਿਆਂ ਤੇ ਲਾਓ
ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਨਾ।
ਵਿਆਹ ਸਮੇਂ ਦੇ ਅਨੇਕਾਂ ਹੋਰ ਗੀਤ, ਛੰਦ, ਝੇੜਾ, ਸਿਠਣੀ, ਪੱਤਲ, ਮੁੰਦਾਵਣੀ ਆਦਿ ਗਾਏ ਜਾਂਦੇ ਹਨ।
ਮੌਤ ਸਮੇਂ ਦੇ ਗੀਤ
ਪੰਜਾਬੀ ਦਾ ਸੁਭਾਅ ਰੰਗੀਲਾ ਹੈ।ਮੌਤ ਜੀਵਨ ਦਾ ਇੱਕ ਪੜਾਅ ਹੈ।ਮੌਤ 'ਤੇ ਵੀ ਬਹੁਤ ਸਾਰੇ ਲੋਕ-ਗੀਤ ਗਾਏ ਜਾਂਦੇ ਹਨ।ਸਿਆਪਾ, ਵੈਣ, ਕੀਰਨੇ, ਅਲਾਹੁਣੀਆਂ ਆਦਿ ਗਾ ਕੇ ਮਨ ਦਾ ਬੋਝ ਹਲਕਾ ਕੀਤਾ ਜਾਂਦਾ ਹੈ, ਦੁੱਖ ਭੁੱਲਣ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਵੱਖ-ਵੱਖ ਉਮਰ ਦੀ ਮੌਤ 'ਤੇ ਗਾਏ ਜਾਣ ਵਾਲੇ ਗੀਤ ਵੀ ਵੱਖੋ ਵੱਖਰੇ ਹਨ।
ਹਰ ਪੜਾਅ ਦੇ ਗੀਤ
ਨਿੱਤ ਨਵੀਂਆਂ ਮੁਸੀਬਤਾਂ ਨਾਲ ਜੂਝਦਾ ਹੋਇਆ ਪੰਜਾਬੀ ਆਪਣਾ ਵਿਹਲਾ ਸਮਾਂ ਵੀ ਨੱਚ- ਗਾ ਕੇ, ਹੱਸ-ਖੇਡ ਕੇ ਬਤੀਤ ਕਰਦਾ ਹੈ। ਪੰਜਾਬੀਆਂ ਲਈ ਹਰ ਦਿਨ ਇੱਕ ਪਰਵ ਹੈ ਅਤੇ ਹਰ ਪਲ ਇੱਕ ਮੇਲਾ। ਜਿੱਥੇ ਚਾਰ ਪੰਜਾਬੀ ਮਿਲ ਜਾਣ ਉੱਥੇ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ। ਮੇਲੇ ਅਤੇ ਤਿਉਹਾਰ ਵੀ ਗਿੱਧੇ ਭੰਗੜੇ ਪਾ ਕੇ ਮਨਾਏ ਜਾਂਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਦੇ ਕਾਰ ਵਿਹਾਰ ਸਮੇਂ ਵੀ ਲੋਕ-ਗੀਤ ਗਾਏ ਜਾਂਦੇ ਹਨ।
ਸਾਰਾਂਸ਼
ਵਿਕਸਿਤ ਸੰਚਾਰ ਸਾਧਨਾਂ ਦੇ ਆਉਣ ਨਾਲ ਮਨੁੱਖੀ ਜਿੰਦਗੀ ਵਿੱਚ ਵੱਡੀ ਰੱਦੋਬਦਲ ਆਈ ਹੈ। ਇਸ ਦਾ ਪ੍ਰਭਾਵ ਪੰਜਾਬੀ ਜਨ-ਜੀਵਨ 'ਤੇ ਵੀ ਸੁਭਾਵਿਕ ਹੈ। ਇਸ ਵੇਲੇ ਦੀ ਵੱਡੀ ਲੋੜ ਲੋਕ-ਗੀਤਾਂ ਅਤੇ ਲੋਕ ਵਿਰਸੇ ਨੂੰ ਸੰਭਾਲਣ ਦੀ ਹੈ।
0 Comments