ਪੰਜਾਬੀ ਲੇਖ "ਮਹਿੰਗਾਈ ਦੀ ਸਮੱਸਿਆ"
ਭੂਮਿਕਾ
ਸਾਡਾ ਦੇਸ ਜਿਨ੍ਹਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਉਹਨਾਂ ਵਿੱਚੋਂ ਵਧਦੀ ਮਹਿੰਗਾਈ ਦਾ ਸੰਕਟ ਸਭ ਤੋਂ ਵੱਧ ਦੁਖਦਾਈ ਹੈ। ਵਸਤੂਆਂ ਦੀਆਂ ਕੀਮਤਾਂ ਵਿੱਚ ਹੱਦ ਤੋਂ ਵੱਧ ਵਾਧਾ ਹੋ ਜਾਣ ਨੂੰ ਮਹਿੰਗਾਈ ਕਿਹਾ ਜਾਂਦਾ ਹੈ। ਪਿਛਲੇ ਕਈ ਸਾਲਾਂ ਦੀ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾ ਨੇ ਸੰਸਾਰ ਭਰ ਵਿੱਚ ਰਿਕਾਰਡ ਤੋੜ ਵਾਧਾ ਕੀਤਾ ਹੈ ਜੋ ਹੁਣ ਵੀ ਜਾਰੀ ਹੈ। ਇਸ ਲੱਕ ਤੋੜ ਮਹਿੰਗਾਈ ਨੇ ਗ਼ਰੀਬ ਤੇ ਮੱਧ ਸ਼੍ਰੇਣੀ ਦੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਭਾਵੇਂ ਲੋਕਾਂ ਦੀ ਆਮਦਨ ਵੀ ਵਧੀ ਹੈ ਪਰ ਇਸ ਦੇ ਮੁਕਾਬਲੇ ਮਹਿੰਗਾਈ ਵਿੱਚ ਜ਼ਿਆਦਾ ਵਾਧਾ ਹੋਇਆ ਹੈ।
ਮਹਿੰਗਾਈ ਦੇ ਕਾਰਨ :
ਵਧ ਰਹੀ ਅਬਾਦੀ
ਵਧ ਰਹੀ ਅਬਾਦੀ ਆਪਣੇ ਨਾਲ ਕਈ ਮੁਸੀਬਤਾਂ ਖੜ੍ਹੀਆਂ ਕਰ ਲੈਂਦੀ ਹੈ। ਭਾਵੇਂ ਵਸਤਾਂ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ, ਪਰ ਇਹ ਵਾਧਾ ਅਬਾਦੀ ਦੀ ਲੋੜ ਨਾਲੋਂ ਘੱਟ ਹੈ।ਮੰਗ ਨਾਲੋਂ ਪੂਰਤੀ ਘੱਟ ਹੈ, ਇਸ ਲਈ ਮਹਿੰਗਾਈ ਵਧ ਰਹੀ ਹੈ।
ਮਨੁੱਖੀ ਲੋੜਾਂ ਵਿੱਚ ਵਾਧਾ
ਮਨੁੱਖ ਦੀਆਂ ਲੋੜਾਂ ਦੇ ਵਾਧੇ ਕਾਰਨ ਵੀ ਮਹਿੰਗਾਈ ਵਧੀ ਹੈ। ਪਹਿਲਾਂ ਮਨੁੱਖ ਸਾਦਾ ਖਾਣ-ਪਹਿਨਣ ਨਾਲ ਵੀ ਗੁਜ਼ਾਰਾ ਕਰ ਲੈਂਦਾ ਸੀ। ਪਰ ਹੁਣ ਚੰਗਾ ਘਰ, ਚੰਗਾ ਭੋਜਨ, ਰੇਡੀਓ, ਟੈਲੀਵੀਜ਼ਨ, ਸਕੂਟਰ, ਕਾਰ ਅਤੇ ਵਧੀਆ ਕੱਪੜੇ ਮਨੁੱਖ ਦੀਆਂ ਆਧੁਨਿਕ ਲੋੜਾਂ ਬਣ ਚੁੱਕੀਆਂ ਹਨ। ਹਰੇਕ ਮਨੁੱਖ ਨੂੰ ਇਹਨਾਂ ਚੀਜ਼ਾਂ ਦੀ ਹੋੜ ਜਿਹੀ ਲੱਗੀ ਹੋਈ ਹੈ ਜੋ ਮਹਿੰਗਾਈ ਦਾ ਕਾਰਨ ਬਣਦੀ ਹੈ।
ਵਸਤਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰਤਾ ਦਾ ਨਾ ਹੋਣਾ
ਮਹਿੰਗਾਈ ਵਧ ਹੋਣ ਦਾ ਕਾਰਨ ਇਹ ਵੀ ਹੈ ਕਿ ਸਾਡਾ ਦੇਸ ਵਸਤਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰ ਨਹੀਂ ਹੈ, ਜਿਸ ਕਰਕੇ ਉਸ ਨੂੰ ਮਹਿੰਗੇ ਭਾਅ ਬਾਹਰੋਂ ਚੀਜ਼ਾਂ ਮੰਗਵਾਉਣੀਆਂ ਪੈਂਦੀਆਂ ਹਨ।
ਦੋਸ਼-ਪੂਰਨ ਆਯਾਤ-ਨਿਰਯਾਤ ਨੀਤੀ
ਸਾਡੀ ਆਯਾਤ-ਨਿਰਯਾਤ ਨੀਤੀ ਵਿੱਚ ਵੀ ਦੋਸ਼ ਹਨ।ਸਾਡਾ ਦੇਸ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆਪਣੀਆਂ ਵਸਤਾਂ ਦੂਜੇ ਮੁਲਕਾਂ ਨੂੰ ਸਪਲਾਈ ਕਰ ਦਿੰਦਾ ਹੈ ਤੇ ਸਾਡੀਆਂ ਆਪਣੀਆਂ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਕਈ ਵਾਰ ਵਿਦੇਸ਼ਾਂ ਦੀਆਂ ਮਹਿੰਗੀਆਂ ਵਸਤੂਆਂ ਨੂੰ ਵੱਧ ਤੋਂ ਵੱਧ ਟੈਕਸ ਭਰ ਕੇ ਮੰਗਵਾਉਂਦੇ ਹਾਂ ਤਾਂ ਮਹਿੰਗਾਈ ਦਾ ਵਧਣਾ ਯਕੀਨਨ ਹੀ ਹੈ।
ਕੁਦਰਤੀ ਕਰੋਪੀਆਂ
ਕੁਦਰਤੀ ਕਰੋਪੀਆਂ ਜਿਵੇਂ ਹੜ੍ਹ, ਸੋਕਾ, ਭੂਚਾਲ ਆਦਿ ਦੀ ਮਾਰ ਵੀ ਮਹਿੰਗਾਈ ਵਧਣ ਲਈ ਜ਼ੁੰਮੇਵਾਰ ਹੁੰਦੀ ਹੈ ਕਿਉਂਕਿ ਵਸਤੂਆਂ ਦੀ ਘਾਟ ਪੈਦਾ ਹੋ ਜਾਂਦੀ ਹੈ। ਦੁਕਾਨਦਾਰ ਵੱਧ ਮੁਨਾਫ਼ਾ ਕਮਾਉਣ ਲਈ ਮਾਲ ਗੁਦਾਮਾਂ ਵਿੱਚ ਜਮ੍ਹਾ ਕਰ ਲੈਂਦੇ ਹਨ ਤੇ ਫਿਰ ਮਹਿੰਗੇ ਭਾਅ ਵੇਚਦੇ ਹਨ।
ਕਾਲਾ ਧੰਨ ਤੇ ਜਮ੍ਹਾਖੋਰੀ
ਕਾਲਾ ਧੰਨ ਜਮ੍ਹਾ ਹੋਣਾ, ਮਾਲ ਨੂੰ ਗੁਦਾਮਾਂ ਵਿੱਚ ਭਰ ਕੇ ਰੱਖ ਲੈਣਾ ਤੇ ਮੁਦਰਾ ਦਾ ਫੈਲਾਅ ਮਹਿੰਗਾਈ ਲਈ ਮੁੱਢਲੇ ਤੌਰ 'ਤੇ ਜ਼ੁੰਮੇਵਾਰ ਹੁੰਦੇ ਹਨ।
ਨਿੱਜੀਕਰਨ
ਜਦੋਂ ਕਿਸੇ ਅਦਾਰੇ ਦੀ ਵਾਗਡੋਰ ਨਿੱਜੀ ਕੰਪਨੀਆਂ ਦੇ ਹੱਥ ਸੌਂਪੀ ਜਾਂਦੀ ਹੈ ਤਾਂ ਇਹ ਵਸਤਾਂ ਦਾ ਮਨਮਰਜ਼ੀ ਦਾ ਮੁੱਲ ਤੈਅ ਕਰਦੀਆਂ ਹਨ, ਕਿਉਂਕਿ ਇਹਨਾਂ 'ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ।
ਘਾਟੇ ਦਾ ਬਜਟ
ਜਦੋਂ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਜਨਤਾ ਦੇ ਮੋਢਿਆਂ 'ਤੇ ਟੈਕਸ, ਵੈਟ, ਚੁੰਗੀ ਆਦਿ ਦਾ ਭਾਰ ਪਾਇਆ ਜਾਂਦਾ ਹੈ, ਜੋ ਕੀਮਤਾਂ ਵਿੱਚ ਵਾਧਾ ਕਰਦਾ ਹੈ।
ਉਪਰੋਕਤ ਕਾਰਨਾਂ ਤੋਂ ਇਲਾਵਾ ਦੇਸ ਦੀ ਸੁਰੱਖਿਆ ਅਤੇ ਸਰਕਾਰੀ ਖ਼ਰਚਿਆਂ ਵਿੱਚ ਵਾਧੇ ਨਾਲ ਵੀ ਮਹਿੰਗਾਈ 'ਤੇ ਅਸਰ ਪੈਂਦਾ ਹੈ।
ਮਹਿੰਗਾਈ ਦਾ ਜਨ-ਜੀਵਨ 'ਤੇ ਅਸਰ
ਮਹਿੰਗਾਈ ਨੇ ਗ਼ਰੀਬ ਅਤੇ ਮੱਧ ਸ਼੍ਰੇਣੀ ਦੇ ਲੋਕਾਂ 'ਤੇ ਜ਼ਿਆਦਾ ਅਸਰ ਪਾਇਆ ਹੈ।ਲੋਕ ਹੋਰ ਗ਼ਰੀਬ ਹੋ ਰਹੇ ਹਨ ਤੇ ਉਹਨਾਂ ਦਾ ਜੀਵਨ ਪੱਧਰ ਦਿਨੋ-ਦਿਨ ਡਿਗ ਰਿਹਾ ਹੈ। ਮਹਿੰਗਾਈ ਕਾਰਨ ਪੂੰਜੀਵਾਦ ਨੂੰ ਸ਼ਹਿ ਮਿਲ ਰਹੀ ਹੈ ਅਤੇ ਉਹ ਹੋਰ ਅਮੀਰ ਹੋ ਰਿਹਾ ਹੈ। ਇਸ ਲਈ ਜਲਦੀ ਤੋਂ ਜਲਦੀ ਮਹਿੰਗਾਈ ਨੂੰ ਨੱਥ ਪਾਉਣ ਦੀ ਲੋੜ ਹੈ।
ਮਹਿੰਗਾਈ ਨੂੰ ਰੋਕਣ ਦੇ ਉਪਾਅ
ਵਧਦੀ ਅਬਾਦੀ ’ਤੇ ਰੁਕਾਵਟ ਪਾਉਣੀ ਚਾਹੀਦੀ ਹੈ। ਅਸਿੱਧੇ ਟੈਕਸ ਘਟਾਉਣੇ ਚਾਹੀਦੇ ਹਨ, ਵਪਾਰਕ ਨੀਤੀਆਂ ਲਈ ਨਿਯਮ ਤੇ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ, ਆਯਾਤ-ਨਿਰਯਾਤ ਢੰਗਾਂ ਵਿੱਚ ਸੁਧਾਰ ਲਿਆਉਣਾ, ਕਾਲੇ ਧਨ ਦਾ ਖ਼ਾਤਮਾ, ਮੁਦਰਾ ਦੇ ਫੈਲਾਅ 'ਤੇ ਰੋਕ, ਜਮ੍ਹਾਖੋਰਾਂ, ਚੋਰ-ਬਜ਼ਾਰੀ, ਸਮੱਗਲਰਾਂ, ਰਿਸ਼ਵਤਖ਼ੋਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਬੱਜਟ ਵਿੱਚ ਅਜਿਹੀ ਅਵਸਥਾ ਕੀਤੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਨਿੱਜੀ ਕੰਪਨੀ ਆਪਣੀ ਮਨਮਰਜ਼ੀ ਅਨੁਸਾਰ ਕੀਮਤ ਨਾ ਵਧਾ ਸਕੇ। ਕੁਦਰਤੀ ਕਰੋਪੀਆਂ ਨਾਲ ਨਜਿੱਠਣ ਲਈ ਪਹਿਲਾਂ ਪ੍ਰਬੰਧ ਕੀਤੇ ਜਾਣ, ਸਰਕਾਰੀ ਖ਼ਰਚੇ ਘਟਾਏ ਜਾਣ, ਨਿੱਤਾਪ੍ਰਤੀ ਵਸਤੂਆਂ ਦੇ ਭਾਅ ਸਰਕਾਰ ਵੱਲੋਂ ਮਿੱਥੇ ਜਾਣ ਤੇ ਅਜਿਹੇ ਵੀ ਕੁਝ ਹੋਰ ਉਪਰਾਲੇ ਕੀਤੇ ਜਾਣ ਤਾਂ ਹੋ ਸਕਦਾ ਹੈ ਕਿ ਮਹਿੰਗਾਈ 'ਤੇ ਕਾਬੂ ਪਾਇਆ ਜਾ ਸਕੇ।
ਸਾਰਾਂਸ਼
ਮਹਿੰਗਾਈ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਪਰ ਸਾਡੇ ਦੇਸ ਵਿੱਚ ਇਸ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਹਰ ਚੀਜ਼ ਅੱਗ ਦੇ ਭਾਅ ਵਿਕ ਰਹੀ ਹੈ। ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ ਵਿੱਚ ਅਸਫਲ ਹੋ ਰਹੀ ਹੈ। ਮਹਿੰਗਾਈ 'ਤੇ ਕਾਬੂ ਪਾ ਕੇ ਹੀ ਦੇਸ ਦੀ ਤਰੱਕੀ ਤੇ ਖ਼ੁਸ਼ਹਾਲੀ ਹੋ ਸਕਦੀ ਹੈ।
0 Comments