ਪੰਜਾਬੀ ਲੇਖ "ਕਿਸਾਨਾਂ ਦੀਆਂ ਖ਼ੁਦਕੁਸ਼ੀਆਂ"800 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ "ਕਿਸਾਨਾਂ ਦੀਆਂ ਖ਼ੁਦਕੁਸ਼ੀਆਂ"



ਭੂਮਿਕਾ

ਭਾਰਤ ਖੇਤੀ-ਪ੍ਰਧਾਨ ਦੇਸ਼ ਹੈ। ਭਾਰਤੀ ਕਿਸਾਨਾਂ ਨੇ ਖੇਤੀ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਪਰ ਅੱਜ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਇੱਕ ਬਹੁਤ ਹੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਭਾਰਤ ਵਿੱਚ ਕੁਝ ਖ਼ਾਸ ਸੂਬਿਆਂ ਜਿਵੇਂ ਮਹਾਰਾਸ਼ਟਰ, ਉੜੀਸਾ ਤੇ ਪੰਜਾਬ ਵਿੱਚ ਇਨ੍ਹਾਂ ਖ਼ੁਦਕੁਸ਼ੀਆਂ ਨੇ ਇੱਕ ਗੰਭੀਰ ਸਮੱਸਿਆ ਧਾਰਨ ਕਰ ਲਈ ਹੈ। ਦੁਨੀਆ ਭਰ ਵਿੱਚ ਅੰਨਦਾਤੇ ਵਜੋਂ ਜਾਣਿਆ ਜਾਂਦਾ ਕਿਸਾਨ ਇਸ ਵੇਲੇ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਪਿਛਲੇ ਇੱਕ ਦਹਾਕੇ ਦੌਰਾਨ ਹਜ਼ਾਰਾਂ ਕਿਸਾਨ ਮੌਤ ਦੇ ਮੂੰਹ ਜਾ ਪਏ ਹਨ। ਇਸ ਲਈ ਇਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।


ਖ਼ੁਦਕੁਸ਼ੀ ਦਾ ਭਾਵ

ਖ਼ੁਦਕੁਸ਼ੀ ਤੋਂ ਭਾਵ ਕਿਸੇ ਵਿਅਕਤੀ ਵੱਲੋਂ ਆਪਣੀ ਮਰਜ਼ੀ ਨਾਲ ਮੌਤ ਦੇ ਮੂੰਹ ਜਾ ਪੈਣਾ ਹੈ। ਕੋਈ ਵਿਅਕਤੀ ਆਪਣੀ ਜੀਵਨ-ਲੀਲਾ ਨੂੰ ਖ਼ਤਮ ਕਰਨ ਬਾਰੇ ਉਦੋਂ ਹੀ ਸੋਚਦਾ ਹੈ ਜਦੋਂ ਉਹ ਆਪਣੇ ਆਪ ਨੂੰ ਚਾਰੇ ਪਾਸਿਓਂ ਘਿਰਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਇੱਕ ਕਾਲੀ-ਬੋਲੀ ਰਾਤ ਵਿੱਚ ਗੁਆਚ ਗਈ ਪ੍ਰਤੀਤ ਹੁੰਦੀ ਹੈ, ਜਿਸ ਨੂੰ ਕਿਸੇ ਪਾਸਿਓਂ ਵੀ ਰੋਸ਼ਨੀ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ। ਮਜਬੂਰੀਆਂ ਦੇ ਚਕਰਵਿਊ ਵਿੱਚ ਘਿਰਿਆ ਜਾਂ ਮਾਨਸਿਕ ਪਰੇਸ਼ਾਨੀਆਂ ਵਿੱਚ ਫਸਿਆ ਮਨੁੱਖ ਜਦ ਬੇਵੱਸ ਹੋ ਜਾਂਦਾ ਹੈ ਤਾਂ ਉਹ ਜ਼ਿੰਦਗੀ ਦੀ ਥਾਂ ਖ਼ੁਦਕੁਸ਼ੀ ਦੇ ਰੂਪ ਵਿੱਚ ਮੌਤ ਨੂੰ ਗਲੇ ਲਾ ਲੈਂਦਾ ਹੈ।ਅਜਿਹਾ ਸਮਾਜ ਵਿੱਚ ਅਕਸਰ ਹੁੰਦਾ ਰਹਿੰਦਾ ਹੈ, ਪਰ ਜਿਸ ਗਿਣਤੀ ਵਿੱਚ ਸਾਡੇ ਦੇਸ ਵਿੱਚ ਕਿਸਾਨਾਂ ਨੇ ਪਿਛਲੇ ਸਾਲਾਂ ਦੌਰਾਨ ਖ਼ੁਦਕੁਸ਼ੀਆਂ ਕੀਤੀਆਂ ਹਨ, ਉਹ ਪੇਚੀਦਾ ਸਮਾਜਿਕ, ਆਰਥਿਕ ਤੇ ਪ੍ਰਬੰਧਕੀ ਸਮੱਸਿਆਵਾਂ ਵੱਲ ਸੰਕੇਤ ਕਰਦੀਆਂ ਹਨ।ਇਹ ਅਜਿਹਾ ਮਸਲਾ ਹੈ ਜਿਸ ਦੀ ਗਰਿਫ਼ਤ ਵਿੱਚ ਕਿਸਾਨੀ ਪ੍ਰਧਾਨ ਪੰਜਾਬ ਦਾ ਸੂਬਾ ਸਭ ਤੋਂ ਵੱਧ ਆਇਆ ਹੈ।


ਕਿਸਾਨਾਂ ਦੀਆਂ ਖ਼ੁਦਕੁਸ਼ੀਆਂ

ਭਾਰਤ ਦੇ 60 ਫੀਸਦੀ ਲੋਕ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ ਅਤੇ ਪਿੰਡਾਂ ਦੇ 66 ਫੀਸਦੀ ਮਜ਼ਦੂਰੀ ਕਰਨ ਵਾਲੇ ਲੋਕ ਖੇਤੀਬਾੜੀ ਉੱਤੇ ਨਿਰਭਰ ਹਨ। ਜਦੋਂ ਕਿ ਭਾਰਤ ਵਿੱਚ ਖੇਤੀ ਨੂੰ “ਮਾਨਸੂਨੀ ਜੂਏ” ਦਾ ਨਾਮ ਦਿੱਤਾ ਜਾਂਦਾ ਹੈ ਅਤੇ ਮਾਨਸੂਨ ਦੇ ਫ਼ੇਲ੍ਹ ਹੋਣ ਜਾਂ ਘੱਟ ਹੋਣ ਨਾਲ ਕਿਸਾਨਾਂ ਦੀ ਖੇਤੀ ਦੀ ਆਮਦਨੀ ਦਾਅ ਉੱਤੇ ਲੱਗ ਜਾਂਦੀ ਹੈ। ਕਦੇ ਸੋਕੇ ਦੀ ਮਾਰ, ਕਦੇ ਫ਼ਸਲ ਤੋਂ ਮਿਲਦੀ ਘੱਟ ਆਮਦਨ ਅਤੇ ਕਦੇ ਪੇਂਡੂ ਸ਼ਾਹ ਤੋਂ ਲਿਆ ਵੱਧ ਵਿਆਜ ਵਾਲਾ ਕਰਜ਼ਾ, ਕਿਸਾਨਾਂ ਦਾ ਲੱਕ ਤੋੜ ਦਿੰਦਾ ਹੈ, ਸਿੱਟਾ ਉਸਦੀ ਮਾਨਸਿਕ ਪਰੇਸ਼ਾਨੀ ਤੇ ਅੰਤ ਬਹੁਤੀ ਵਾਰ ਆਤਮ ਹੱਤਿਆ 'ਚ ਨਿਕਲਦਾ ਹੈ। ਪਿਛਲੇ ਲਗਭਗ ਪੰਦਰਾਂ ਸਾਲਾਂ ਤੋਂ ਭਾਰਤ ਭਰ ਵਿੱਚ ਬਹੁਤ ਸਾਰ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਅਸੀਂ ਰੋਜ਼ ਸਮਾਚਾਰ ਸਾਧਨਾਂ ਵਿੱਚ ਪੜ੍ਹਦੇ-ਸੁਣਦੇ ਹਾਂ ਕਿ ਕਰਜ਼ਾਈ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ।


ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਕਾਰਨ

ਕਿਸਾਨ ਖ਼ੁਦਕੁਸ਼ੀਆਂ ਦਾ ਸਭ ਤੋਂ ਵੱਡਾ ਕਾਰਨ ਸਰਕਾਰ ਦਾ ਆਜ਼ਾਦ ਭਾਰਤ ਵਿੱਚ ਅਪਣਾਇਆ ਵਿਕਾਸ ਮਾਡਲ ਹੈ। ਨਵੇਂ ਭਾਰਤ ਦੇ ਨਵੇਂ ਵਿਕਾਸ ਮਾਡਲ ਅੰਦਰ ਸਾਰਾ ਜ਼ੋਰ ਕਾਰਪੋਰੇਟ ਜਗਤ ਨੂੰ ਸਹੂਲਤਾਂ ਦੇਣ 'ਤੇ ਲੱਗਿਆ ਹੋਇਆ ਹੈ ਅਤੇ ਮੁਲਕ ਦਾ ਢਿੱਡ ਭਰਨ ਵਾਲਿਆਂ ਦੀ ਸਾਰ ਨਹੀਂ ਲਈ ਜਾ ਰਹੀ। ਦੂਸਰਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਖੇਤੀ ਲਾਗਤ ਅਨੁਸਾਰ ਫ਼ਸਲਾਂ ਦੇ ਭਾਅ ਨਹੀਂ ਮਿਲਦੇ। ਇਸ ਕਾਰਨ ਕਿਸਾਨ ਕਰਜ਼ੇ ਥੱਲੇ ਆ ਜਾਂਦੇ ਹਨ। ਜਦੋਂ ਕਿਸਾਨ ਸੋਚਦਾ ਹੈ ਕਿ ਮਿਹਨਤ ਕੀਤਿਆਂ ਵੀ ਕਰਜ਼ਾ ਨਹੀਂ ਲਹਿਣਾ ਤਾਂ ਉਹ ਮਾਨਸਿਕ ਤਣਾਓ ਕਾਰਨ ਮੌਤ ਦੇ ਲੜ ਲੱਗ ਜਾਂਦਾ ਹੈ। ਇੱਕ ਪਾਸੇ ਕਿਸਾਨ ਫ਼ਸਲਾਂ ਦੀ ਉਪਜ ਵਿੱਚ ਵਾਧੇ ਬਾਰੇ ਚਿੰਤਤ ਹੈ, ਦੂਜੇ ਪਾਸੇ ਖੇਤੀ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋ ਰਿਹਾ ਹੈ। ਡੀਜ਼ਲ ਦੇ ਮੁੱਲ ਵਿੱਚ ਹੋ ਰਹੇ ਵਾਧੇ ਨੇ ਖੇਤੀ ਲਾਗਤ ਹੋਰ ਵੀ ਮਹਿੰਗੀ ਕਰ ਦਿੱਤੀ ਹੈ। ਮੌਸਮੀ ਬਦਲਾਅ ਖੇਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਉੱਨਤ ਬੀਜਾਂ, ਕੀਮੀਆਈ ਖ਼ਾਦਾਂ, ਕੀਟਨਾਸ਼ਕਾਂ, ਸਿੰਜਾਈ ਦੇ ਨਵੇਂ ਪ੍ਰਬੰਧਾਂ ਤੇ ਵਿਕਸਿਤ ਨਵੀਂਆਂ ਤਕਨੀਕਾਂ ਤੇ ਮਸ਼ੀਨਾਂ ਦੀ ਵਰਤੋਂ ਦੇ ਬਾਵਜੂਦ ਸਾਡੇ ਦੇਸ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਵੀ ਆਰਥਿਕ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਕਿਸਾਨਾਂ ਨੂੰ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਕਰਜ਼ੇ ਦੀ ਲੋੜ ਪੈਂਦੀ ਹੈ। ਇਹ ਕਰਜ਼ਾ ਉਹਨਾਂ ਨੂੰ ਸੰਸਥਾਗਤ ਸਰੋਤਾਂ ਤੋਂ ਮਿਲਦਾ ਹੈ। ਗ਼ੈਰ ਸੰਸਥਾਗਤ ਸਰੋਤਾਂ ਤੋਂ ਕਿਸਾਨਾਂ ਨੂੰ ਦਿੱਤੇ ਕਰਜ਼ੇ 'ਤੇ ਭਾਰੀ ਵਿਆਜ ਵਸੂਲਿਆ ਜਾਂਦਾ ਹੈ। ਖੇਤੀ ਹੇਠ ਰਕਬਾ ਘੱਟ ਹੋ ਜਾਣ ਅਤੇ ਕਰਜ਼ਿਆਂ ਦਾ ਬੋਝ ਵੱਧਣ ਕਰਕੇ ਕਿਸਾਨਾਂ ਦੀ ਹਾਲਤ ਨਾਜ਼ੁਕ ਹੋ ਗਈ ਹੈ।


ਸਰਕਾਰ ਦੀ ਭੂਮਿਕਾ

ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਪ੍ਰਤੀ ਸਰਕਾਰ ਨੂੰ ਵੀ ਗੰਭੀਰ ਪਹੁੰਚ ਅਪਣਾਉਣ ਦੀ ਲੋੜ ਹੈ। ਜਦੋਂ ਕਿਸਾਨਾਂ ਨੂੰ ਫ਼ਸਲਾਂ ਦੇ ਠੀਕ ਭਾਅ ਨਹੀਂ ਮਿਲਦੇ ਤਾਂ ਉਨ੍ਹਾਂ ਦਾ ਕਰਜ਼ਾਈ ਹੋਣਾ ਸੁਭਾਵਿਕ ਹੈ। ਖੇਤੀ ਨਾਲ ਸੰਬੰਧਿਤ ਖਾਦਾਂ, ਸੰਦਾਂ ਤੇ ਕੀਟਨਾਸ਼ਕਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਦੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਫ਼ਸਲਾਂ ਦਾ ਵੀ ਪੂਰਾ ਮੁੱਲ ਮਿਲਨਾ ਚਾਹੀਦਾ ਹੈ।


ਗੰਭੀਰ ਸਮੱਸਿਆ

ਕਿਸਾਨ ਖ਼ੁਦਕੁਸ਼ੀਆਂ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਇਸ ਲਈ ਸਰਕਾਰ ਨੂੰ ਇਨ੍ਹਾਂ ਨੂੰ ਰੋਕਣ ਲਈ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਖ਼ੁਦਕੁਸ਼ੀ ਸਮੱਸਿਆ ਦਾ ਹੱਲ ਨਹੀਂ। ਮਨੁੱਖੀ ਜੀਵਨ ਬਹੁਤ ਕੀਮਤੀ ਹੈ। ਇਸ ਲਈ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।


ਸਾਰਾਂਸ਼

ਅੱਜ ਜਿੱਥੇ ਦੇਸ ਦੀ ਕਿਰਸਾਨੀ ਨੂੰ ਬਚਾਉਣ ਲਈ ਖੇਤੀ-ਬਾੜੀ ਨੀਤੀਆਂ ਵਿੱਚ ਵੱਡੇ ਬਦਲਾਅ ਕਰਨ ਦੀ ਲੋੜ ਹੈ, ਉੱਥੇ ਦੇਸ ਦੇ ਕਿਸਾਨ ਬੇਵੱਸ ਤੇ ਨਿਰਾਸ਼ ਹੋ ਕੇ ਆਤਮ-ਹੱਤਿਆ ਨਾ ਕਰਨ ਬਲਕਿ ਖੇਤੀ-ਬਾੜੀ ਸੰਬੰਧੀ ਗ਼ਲਤ ਸਰਕਾਰੀ ਨੀਤੀਆਂ ਖਿਲਾਫ਼ ਸੰਘਰਸ਼ ਕਰਨ ਦੀ ਲੋੜ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਖ਼ੁਦਕੁਸ਼ੀਆਂ ਬਾਰੇ ਉਸਾਰੂ ਪਹੁੰਚ ਅਪਨਾਉਣੀ ਚਾਹੀਦੀ ਹੈ। ਆਤਮ ਹੱਤਿਆ ਇਨਸਾਨ ਆਪਣੀ ਜ਼ਿੰਦਗੀ ਵਿੱਚ ਅਸਫਲ ਰਹਿਣ ਕਰਕੇ ਮਾਯੂਸੀ ਦੀ ਹਾਲਤ ਵਿੱਚ ਕਰਦਾ ਹੈ। ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਲਈ ਹੌਸਲਾ, ਮਿਹਨਤ ਅਤੇ ਦਲੇਰੀ ਦੀ ਲੋੜ ਹੁੰਦੀ ਹੈ। ਜ਼ਿੰਦਗੀ ਜੱਦੋ-ਜਹਿਦ ਦਾ ਨਾਮ ਹੈ। ਜੇਕਰ ਅਸੀਂ ਹਰ ਮੁਸ਼ਕਲ ਦੇ ਹੱਲ ਲਈ ਜੱਦੋ-ਜਹਿਦ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਮਿਲੇਗੀ।


Post a Comment

0 Comments