ਪੰਜਾਬੀ ਲੇਖ "ਹੋਲੀ" 600 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ "ਹੋਲੀ"

ਭੂਮਿਕਾ

ਭਾਰਤ ਵਿੱਚ ਰੁੱਤਾਂ ਦੇ ਬਦਲਨ ਨਾਲ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ। ਇਹਨਾਂ ਹੀ ਤਿਉਹਾਰਾਂ ਵਿੱਚ ਇੱਕ ਰਾਂਗਲਾ ਤਿਉਹਾਰ ਹੋਲੀ ਹੈ। ਇਸ ਤਿਉਹਾਰ ਨੂੰ ਬੜੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਬਸੰਤ ਪੰਚਮੀ ਤੋਂ ਚਾਲੀਵੇਂ ਦਿਨ ਜਾਂ ਫੱਗਣ ਦੀ ਪੂਰਨਮਾਸ਼ੀ ਨੂੰ ਆਉਂਦਾ ਹੈ।


ਹੋਲੀ ਅਤੇ ਮਿਥਿਹਾਸ

ਹੋਲੀ ਇੱਕ ਪਾਸੇ ਰੁੱਤਾਂ ਦੇ ਗੇੜ ਨਾਲ ਸੰਬੰਧਿਤ ਹੈ। ਹੋਲਾਂ ਦੀ ਰੁੱਤ ਕਾਰਨ ਹੀ ਇਸ ਤਿਉਹਾਰ ਦਾ ਨਾਂ ਹੋਲੀ ਪੈ ਗਿਆ। ਪਰੰਤੂ ਇਸ ਤਿਉਹਾਰ ਨਾਲ ਕੁਝ ਦੰਤ-ਕਥਾਵਾਂ ਵੀ ਜੁੜੀਆ ਹੋਈਆਂ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਕਥਾ ਹੋਲਕਾ ਦੇ ਸੜ ਕੇ ਭਸਮ ਹੋਣ ਦੀ ਹੈ। ਪੁਰਾਣੇ ਜਮਾਨੇ ਵਿੱਚ ਬੜਾ ਦੁਸ਼ਟ ਅਤੇ ਅਹੰਕਾਰੀ ਰਾਜਾ ਹਰਨਾਕ ਰਾਜ ਕਰਦਾ ਸੀ।ਉਸ ਦਾ ਹੁਕਮ ਸੀ ‘ਮੈਂ ਹੀ ਰੱਬ ਹਾਂ, ਮੇਰੀ ਹੀ ਪੂਜਾ ਕਰੋ। ਉਸ ਦਾ ਪੁੱਤਰ ਪ੍ਰਹਿਲਾਦ ਛੋਟੀ ਉਮਰ ਵਿੱਚ ਹੀ ਵਿਸ਼ਨੂੰ ਦਾ ਉਪਾਸ਼ਕ ਬਣ ਗਿਆ। ਹਰਨਾਕਸ਼ ਨੇ ਪੁੱਤਰ ਨੂੰ ਆਪਣੇ ਵਿਰੁੱਧ ਖੜ੍ਹਾ ਵੇਖ ਮਾਰਨ ਲਈ ਕਈ ਢੰਗ ਅਪਨਾਏ। ਪਰੰਤੂ ਜਦੋਂ ਸਾਰੇ ਢੰਗ ਅਸਫਲ ਰਹੇ ਤਾਂ ਪ੍ਰਹਿਲਾਦ ਨੂੰ ਮਰਵਾਉਣ ਲਈ ਉਸ ਦੀ ਭੂਆ ਹੋਲਕਾ ਦੀ ਮਦਦ ਲਈ ਗਈ। ਕਿਹਾ ਜਾਂਦਾ ਹੈ ਕਿ ਹੋਲਕਾ ਨੂੰ ਵਰਦਾਨ ਪ੍ਰਾਪਤ ਸੀ ਕਿ ਅੱਗ ਉਸ ਨੂੰ ਸਾੜ ਨਹੀਂ ਸਕਦੀ। ਪ੍ਰਹਿਲਾਦ ਦੀ ਭੂਆ ਉਸ ਨੂੰ ਗੋਦ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਪ੍ਰਹਿਲਾਦ ਰੱਬ ਦਾ ਨਾਂ ਲੈਂਦਾ ਉਵੇਂ ਦਾ ਉਵੇਂ ਬੱਚ ਨਿਕਲਿਆ ਜਾਂਦਾ ਹੈ। ਪਰ ਭੂਆ ਹੋਲਕਾ ਹੋਲਾਂ ਵਾਂਗ ਭੱਜ ਗਈ। ਹੋਲਕਾ ਦੇ ਸੜ ਜਾਣ ਦੀ ਖ਼ੁਸ਼ੀ ਵਿੱਚ ਹੀ ਹੋਲੀ ਦਾ ਤਿਉਹਾਰ ਮਨਾਇਆ


ਹੌਲੀ ਅਤੇ ਰੁੱਤ

ਹੋਲੀ ਹੋਲਾਂ ਦਾ ਤਿਉਹਾਰ ਹੈ। ਇਹ ਮੌਸਮੀ ਤਿਉਹਾਰ ਬਹਾਰ ਦੀ ਆਮਦ ਨਾਲ ਸੰਬੰਧਿਤ ਹੈ। ਦੱਖਣ ਵਿੱਚ ਇਹ ਤਿਉਹਾਰ ਕਾਮਦੇਵ ਨਾਲ ਸੰਬੰਧਿਤ ਹੈ। ਪੰਜਾਬ ਵਿੱਚ ਹੋਲੀ ਬਸੰਤ ਪੰਚਮੀ ਤੋਂ ਚਾਲੀਵੇਂ ਦਿਨ ਆਉਂਦੀ ਹੈ। ਇਸ ਲਈ ਇਸ ਨੂੰ ਬਸੰਤ ਰੁੱਤ ਦਾ ਚਲੀਹਾ ਕਿਹਾ ਜਾਂਦਾ ਹੈ। ਚਲੀਹੇ ਦਾ ਸਾਡੇ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਹੈ। ਜੋਗੀ, ਸੰਤ ਬਿਨਾਂ ਅੰਨ ਖਾਧੇ ਚਲੀਹੇ ਕੱਟਦੇ ਰਹੇ ਹਨ। ਪ੍ਰਾਚੀਨ ਕਾਲ ਵਿੱਚ ਬਸੰਤ ਰੁੱਤ ਦੇ ਆਗਮਨ ਵਜੋਂ ਇਹ ਤਿਉਹਾਰ ਬਸੰਤ ਪੰਚਮੀ ਤੋਂ ਲੈ ਕੇ ਹੋਲੀ ਤੱਕ ਚਾਲੀ ਦਿਨ ਲਗਾਤਾਰ ਮਨਾਇਆ ਜਾਂਦਾ ਸੀ ਜਿਸ ਨੂੰ ‘ਸਵੰਸਤਕਾ’ ਕਹਿੰਦੇ ਸਨ। ਇਹੀ ਤਿਉਹਾਰ ਮਗਰੋਂ ਬਸੰਤ ਪੰਚਮੀ ਅਤੇ ਹੋਲੀ ਦੇ ਤਿਉਹਾਰਾਂ ਵਿੱਚ ਵੰਡਿਆ ਗਿਆ। ਹੋਲਾਂ ਲਈ ਬਾਲੀ ਅੱਗ ਨੂੰ ਵੀ ਹੋਲੀ ਕਿਹਾ ਜਾਂਦਾ ਸੀ :


“ਗਲੀ ਸਾਡੀ ਆਈਂ ਢੋਲਣਾ

ਹੋਲੀ ਬਾਲ ਕੇ ਭੁੰਨੀਆਂ ਹੋਲਾਂ

ਰਤਾ ਚੱਖਦਾ ਜਾਈ ਢੋਲਣਾ।”


ਰੰਗਾਂ ਦਾ ਤਿਉਹਾਰ

ਹੋਲੀ ਇੱਕ ਪਾਸੇ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਹੈ ਤੇ ਦੂਸਰੇ ਪਾਸੇ ਬਸੰਤ ਰੁੱਤ ਦਾ ਚਲੀਹਾ ਹੈ। ਪਰ ਮੂਲ ਰੂਪ ਵਿੱਚ ਹੋਲੀ ਰੰਗਾਂ ਦਾ ਤਿਉਹਾਰ ਹੈ। ਕਿਹਾ ਜਾਂਦਾ ਹੈ ਰੰਗਾਂ ਵਿੱਚ ਕੁਦਰਤ ਵੱਸਦੀ ਹੈ ਅਤੇ ਕੁਦਰਤ ਵਿੱਚ ਰੱਬ ਦਾ ਵਾਸਾ ਹੈ। ਇਸ ਪ੍ਰਕਾਰ ਰੰਗਾਂ ਵਿੱਚ ਖੇਡਦਾ ਪੰਜਾਬੀ ਕੁਦਰਤ ਅਤੇ ਕਾਦਰ ਨਾਲ ਇੱਕਸੁਰ ਹੋ ਜਾਂਦਾ ਹੈ। ਰੰਗਾਂ ਦੀ ਦ੍ਰਿਸ਼ਟੀ ਤੋਂ ਇਹ ਤਿਉਹਾਰ ਸਾਰੇ ਭਾਰਤ ਵਿੱਚ ਲਗਭਗ ਇੱਕੋ ਜਿਹਾ ਹੈ। ਕੁਝ ਸੁੱਕੇ ਕੁਝ ਘੁਲੇ ਰੰਗ ਦੋਸਤ-ਮਿੱਤਰਾਂ ਤੇ ਪਾ ਕੇ ਗਲੇ ਮਿਲਿਆ ਜਾਂਦਾ ਹੈ। ਇੱਕ-ਦੂਸਰੇ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਘਰ ਹੋਲੀ ਖੇਡਣ ਆਇਆਂ ਨੂੰ ਲੋਕ ਮਿਠਿਆਈ ਖੁਆ ਕੇ ਰੰਗ ਲਾ ਕੇ ਉਨ੍ਹਾਂ ਦਾ ਸੁਆਗਤ ਕਰਦੇ ਹਨ। ਬੱਚੇ ਪਿਚਕਾਰੀਆਂ, ਗ਼ੁਬਾਰਿਆਂ ਨੂੰ ਰੰਗਾਂ ਨਾਲ ਭਰ ਕੇ ਹੋਲੀ ਖੇਡਦੇ ਹਨ।ਬੁੱਢੇ, ਜਵਾਨ ਹਰ ਵਰਗ ਲਈ ਹੋਲੀ ਬਰਾਬਰ ਦਾ ਮਹੱਤਵ ਰੱਖਦੀ ਹੈ। ਚਾਰੇ ਪਾਸੇ ਰੰਗ ਉੱਡ ਰਿਹਾ ਤੇ ਹੋਲੀ ਹੈ ! ਦੀਆਂ ਅਵਾਜ਼ਾਂ ਹੀ ਸੁਣਾਈ ਦਿੰਦੀਆਂ ਹਨ।


ਬ੍ਰਿਜ ਦੀ ਹੋਲੀ

ਬ੍ਰਿਜ ਅਤੇ ਮਥੁਰਾ ਦੀ ਹੋਲੀ ਦਾ ਸਰੂਪ ਕੁਝ ਕੁ ਵੱਖਰਾ ਹੁੰਦਾ ਹੈ। ਉੱਥੇ ਹੋਲੀ ਖੇਡਣ ਦੇ ਨਾਲ-ਨਾਲ ਨੱਚਿਆ- ਗਾਇਆ ਵੀ ਜਾਂਦਾ ਹੈ ਅਤੇ ਸ਼ਾਮ ਨੂੰ ਹੋਲਕਾ ਨੂੰ ਸਾੜਿਆ ਵੀ ਜਾਂਦਾ ਹੈ। ਲੋਕ ਹੋਲਕਾ ਸਾੜਨ ਮਗਰੋਂ ਭਗਤ ਪ੍ਰਹਿਲਾਦ ਨੂੰ ਨਾਦ ਕਰਦੇ ਹਨ। ਬ੍ਰਿਦਾਬਨ ਵਿੱਚ ਕ੍ਰਿਸ਼ਨ ਜੀ ਅਤੇ ਰਾਧਾ ਜੀ ਦੇ ਸਵਾਂਗ ਬਣਾਏ ਜਾਂਦੇ ਹਨ।


ਬਦੀ ਅਤੇ ਵੈਰ ਦਾ ਤਿਆਗ

ਹੋਲੀ ਬਦੀ ਉੱਪਰ ਨੇਕੀ ਦੀ ਜਿੱਤ ਰਾਹੀਂ ਸਾਨੂੰ ਨੇਕ ਰਸਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ।ਲੋਕਾਂ ਨੂੰ ਆਪਣੇ ਵੈਰ ਵਿਰੋਧ ਤਿਆਗ ਕੇ ਦੋਸਤੀ ਅਤੇ ਭਾਈਚਾਰੇ ਵਿੱਚ ਬੰਨ੍ਹਦੀ ਹੈ। ਇਸ ਦ੍ਰਿਸ਼ਟੀ ਤੋਂ ਹੋਲੀ ਇੱਕ ਪਵਿੱਤਰ ਪਰਵ ਹੈ। ਇਸ ਦੇ ਰੰਗ ਸਾਡੇ ਲਈ ਖ਼ੁਸ਼ੀਆਂ ਤੇ ਖੇੜਾ ਲਿਆਉਂਦੇ ਹਨ।


ਸਾਰਾਂਸ਼

ਹੋਲੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਾਨੂੰ ਮਰਯਾਦਾ ਅਨੁਸਾਰ ਚੱਲਣਾ ਚਾਹੀਦਾ ਹੈ। ਰੰਗਾਂ ਦਾ ਮਹੱਤਵ ਸਮਝਦੇ ਹੋਏ ਕੇਵਲ ਰੰਗਾਂ ਨਾਲ ਹੋਲੀ ਖੇਡਣੀ ਚਾਹੀਦੀ ਹੈ। ਇੱਕ ਦੂਜੇ ਉੱਤੇ ਕੂੜਾ-ਕਰਕਟ ਨਹੀਂ ਸੁੱਟਣਾ ਚਾਹੀਦਾ ਤਾਂ ਹੀ ਖ਼ੁਸ਼ੀ, ਹੁਲਾਸ, ਖੇੜਾ ਤੇ ਮਿੱਤਰਤਾ ਵੱਧ ਸਕਦੀ ਹੈ।





Post a Comment

0 Comments