ਪੰਜਾਬੀ ਲੇਖ "ਕੋਰੋਨਾ ਵਾਇਰਸ ਕੋਵਿਡ-19" 900 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ "ਕੋਰੋਨਾ ਵਾਇਰਸ ਕੋਵਿਡ-19"



ਵੈਸ਼ਵਿਕ ਮਹਾਂਮਾਰੀ ਦਾ ਅਰਥ

ਵੈਸ਼ਵਿਕ ਮਹਾਂਮਾਰੀ ਦਾ ਅਰਥ ਅਜਿਹੀ ਆਫ਼ਤ ਤੋਂ ਹੈ ਜਿਸ ਨੇ ਲਗਭਗ ਸਮੁੱਚੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ।ਕੋਰੋਨਾ ਵਾਇਰਸ ਅਥਵਾ ਕੋਵਿਡ-19 ਅਜਿਹੀ ਹੀ ਇੱਕ ਭਿਆਨਕ ਮਹਾਂਮਾਰੀ ਹੈ ਜਿਸ ਨੇ ਲਗਭਗ ਸਾਰੇ ਵਿਸ਼ਵ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਮਹਾਂਮਾਰੀ ਕਾਰਨ ਅਨੇਕਾਂ ਦੇਸਾਂ ਦੀ ਆਰਥਿਕਤਾ ਨੂੰ ਬਹੁਤ ਵੱਡੀ ਸੱਟ ਲੱਗੀ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ (W.H.O.) ਨੇ ਕੋਵਿਡ-19 ਨੂੰ ਵੈਸ਼ਵਿਕ ਮਹਾਂਮਾਰੀ ਐਲਾਨਿਆ ਹੈ।


ਕੋਵਿਡ-19 ਦੀ ਸ਼ੁਰੂਆਤ

ਕੋਵਿਡ-19 ਦੀ ਸ਼ੁਰੂਆਤ ਬਾਰੇ ਆਮ ਧਾਰਨਾ ਇਹ ਹੈ ਕਿ ਇਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ। ਸਭ ਤੋਂ ਪਹਿਲਾਂ ਇਸੇ ਸ਼ਹਿਰ ਵਿੱਚ ਹੀ ਕੋਰੋਨਾ ਦੇ ਮਰੀਜ਼ ਮਿਲੇ ਸਨ। ਇਸ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਪਸ਼ੂ-ਪੰਛੀਆਂ ਦੇ ਮੀਟ/ਮਾਸ ਦੀ ਵਿਕਰੀ ਦੀ ਇੱਕ ਵੱਡੀ ਮਾਰਕੀਟ ਹੈ। ਕਿਹਾ ਜਾਂਦਾ ਹੈ ਕਿ ਚਮਗਿੱਦੜ ਦੀ ਇੱਕ ਕਿਸਮ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਸੀ। ਇਸ ਦਾ ਮਾਸ ਖਾਣ ਕਰਕੇ ਇਹ ਵਾਇਰਸ ਇਨਸਾਨਾਂ ਵਿੱਚ ਆਇਆ ਅਤੇ ਦੁਨੀਆ ਭਰ ਵਿੱਚ ਫੈਲ ਗਿਆ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਵਹਾਨ ਸ਼ਹਿਰ ਦੀ ਇੱਕ ਲੈਬ ਤੋਂ ਫੈਲਿਆ ਜਿੱਥੇ ਇਸ ਵਾਇਰਸ 'ਤੇ ਖੋਜ ਹੋ ਰਹੀ ਸੀ। ਆਮ ਧਾਰਨਾ ਇਹ ਹੈ ਕਿ ਕੋਵਿਡ-19 ਦੀ ਸ਼ੁਰੂਆਤ ਚੀਨ ਤੋਂ ਹੋਈ ਅਤੇ ਇੱਥੋਂ ਹੀ ਇਹ ਸਾਰੀ ਦੁਨੀਆ ਵਿੱਚ ਫੈਲਿਆ।


ਸਾਰੇ ਸੰਸਾਰ ਨੂੰ ਲਪੇਟ ਵਿੱਚ ਲੈਣਾ

ਕੋਰੋਨਾ ਵਾਇਰਸ/ਕੋਵਿਡ-19 ਦੀ ਵੈਸ਼ਵਿਕ ਮਹਾਂਮਾਰੀ ਨੇ ਲਗਭਗ ਸਾਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਬਹੁਤ ਸਾਰੇ ਦੇਸਾਂ ਦੀ ਇਹ ਧਾਰਨਾ ਹੈ ਕਿ ਚੀਨ ਨੇ ਇਸ ਮਹਾਂਮਾਰੀ ਦੇ ਸੱਚ ਬਾਰੇ ਦੁਨੀਆ ਨੂੰ ਸਮੇਂ ਸਿਰ ਜਾਣਕਾਰੀ ਨਹੀਂ ਦਿੱਤੀ ਸਗੋਂ ਇਸ ਬਿਮਾਰੀ ਦੇ ਸੱਚ ਨੂੰ ਛੁਪਾ ਲਿਆ ਗਿਆ।ਇਸੇ ਲਈ ਵਿਸ਼ਵ ਸਿਹਤ ਸੰਗਠਨ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਉਠਾਏ ਗਏ। ਜੇਕਰ ਇਸ ਬਿਮਾਰੀ ਦਾ ਸੱਚ ਸਮੇਂ ਸਿਰ ਦੁਨੀਆ ਸਾਮ੍ਹਣੇ ਆ ਜਾਂਦਾ ਤਾਂ ਲੱਖਾਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਦੂਸਰੇ ਪਾਸੇ ਕੁਝ ਦੇਸ਼ਾਂ ਵੱਲੋਂ ਇਸ ਬਿਮਾਰੀ ਨੂੰ ਪਹਿਲਾਂ ਗੰਭੀਰ ਰੂਪ ਵਿੱਚ ਨਹੀਂ ਲਿਆ ਗਿਆ ਜਿਸ ਕਾਰਨ ਇਹਨਾਂ ਦੇਸਾਂ ਵਿੱਚ ਵਧੇਰੇ ਜਾਨੀ ਨੁਕਸਾਨ ਹੋਇਆ।

ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸਾਂ ਵਿੱਚ ਅਮਰੀਕਾ ਪਹਿਲੇ ਨੰਬਰ 'ਤੇ ਰਿਹਾ। ਮਜ਼ਬੂਤ ਆਰਥਿਕ ਸਥਿਤੀ ਦੇ ਹੁੰਦਿਆਂ ਵੀ ਇੱਥੇ ਸਥਿਤੀ ਅਜਿਹੀ ਰਹੀ ਕਿ ਇਹ ਮਹਾਂਮਾਰੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ। ਭਾਵੇਂ ਭਾਰਤ ਵਿੱਚ ਵੀ ਇਸ ਮਹਾਂਮਾਰੀ ਕਾਰਨ ਲੱਖਾਂ ਲੋਕ ਸੰਕ੍ਰਮਿਤ ਹੋਏ ਪਰ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਜਾਣ ਕਾਰਨ ਸਥਿਤੀ ਕੰਟਰੋਲ ਤੋਂ ਬਾਹਰ ਨਹੀਂ ਹੋਈ। ਚੰਗੀ ਗੱਲ ਇਹ ਸੀ ਕਿ ਭਾਰਤ ਵਿੱਚ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਪ੍ਰਤੀਸ਼ਤ ਦਰ 90% ਤੋਂ ਉੱਪਰ ਪਹੁੰਚ ਗਈ।


ਬੁਰੇ ਪ੍ਰਭਾਵ

ਕੋਵਿਡ-19 ਦੀ ਵੈਸ਼ਵਿਕ ਮਹਾਂਮਾਰੀ ਦੇ ਸੰਸਾਰ ਭਰ ਵਿੱਚ ਅਨੇਕਾਂ ਮਾਰੂ/ਬੁਰੇ ਪ੍ਰਭਾਵ ਨਜ਼ਰ ਆਏ। ਇਸ ਮਹਾਂਮਾਰੀ ਕਾਰਨ ਵੱਖ-ਵੱਖ ਦੇਸਾਂ ਵਿੱਚ ਲਾਕ-ਡਾਊਨ ਲਗਾਉਣਾ ਪਿਆ ਜਿਸ ਕਾਰਨ ਆਰਥਿਕ ਗਤੀਵਿਧੀਆਂ ਰੁਕ ਗਈਆਂ ਅਤੇ ਲੋਕ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ। ਕਾਰਖ਼ਾਨੇ, ਦੁਕਾਨਾਂ, ਦਫ਼ਤਰ, ਸਕੂਲ, ਕਾਲਜ ਸਭ ਬੰਦ ਕਰਨੇ ਪਏ। ਰੇਲ ਅਤੇ ਬੱਸ-ਸੇਵਾ ਵੀ ਰੋਕ ਦਿੱਤੀ ਗਈ ਅਤੇ ਹਵਾਈ ਉਡਾਨਾਂ ਨੂੰ ਵੀ ਬੰਦ ਕਰਨਾ ਪਿਆ। ਇੱਥੋਂ ਤੱਕ ਕਿ ਧਾਰਮਿਕ ਸਥਾਨ ਵੀ ਕੁਝ ਸਮੇਂ ਲਈ ਬੰਦ ਕਰ ਦਿੱਤੇ ਗਏ। ਇਸ ਵੈਸ਼ਵਿਕ ਮਹਾਂਮਾਰੀ ਕਾਰਨ ਲੱਖਾਂ ਲੋਕਾਂ ਦੇ ਰੁਜ਼ਗਾਰ ਜਾਂਦੇ ਰਹੇ। ਨੌਕਰੀਆਂ ਕਰਨ ਵਾਲੇ ਲੱਖਾਂ ਲੋਕ ਵਿਹਲੇ ਹੋ ਗਏ। ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕੀਤਾ ਗਿਆ।ਪਰ ਕੁਝ ਦੇਸਾਂ ਵਿੱਚ ਕੋਵਿਡ-19 ਦੀ ਦੂਜੀ ਲਹਿਰ ਕਾਰਨ ਮੁੜ ਪਾਬੰਦੀਆਂ ਲਗਾਉਣੀਆਂ ਪਈਆਂ। ਇਸ ਤਰ੍ਹਾਂ ਕੋਵਿਡ-19 ਕਾਰਨ ਬਹੁਤ ਸਾਰੇ ਦੇਸਾਂ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਿਆ। ਇਹਨਾਂ ਦੇਸਾਂ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਹੋਣ ਵਿੱਚ ਕਾਫ਼ੀ ਸਮਾਂ ਲੱਗੇਗਾ।

ਕੋਵਿਡ-19 ਦੇ ਮਾੜੇ ਪ੍ਰਭਾਵ ਨਾ ਕੇਵਲ ਆਰਥਿਕ ਖੇਤਰ ਵਿੱਚ ਹੀ ਦਿਖਾਈ ਦਿੱਤੇ ਸਗੋਂ ਸਮਾਜਿਕ ਖੇਤਰ ਵਿੱਚ ਵੀ ਇਸ ਦਾ ਪ੍ਰਭਾਵ ਪਿਆ।ਵਿਆਹ-ਸ਼ਾਦੀਆਂ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ਦੇ ਇਕੱਠਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਨਿਸ਼ਚਿਤ ਕਰ ਦਿੱਤੀ ਗਈ। ਅਜਿਹੀਆਂ ਹੀ ਪਾਬੰਦੀਆਂ ਰਾਜਨੀਤਿਕ ਅਤੇ ਧਾਰਮਿਕ ਇਕੱਠਾਂ 'ਤੇ ਵੀ ਲਾਈਆਂ ਗਈਆਂ।


ਬਚਾਅ ਅਤੇ ਇਲਾਜ

ਕੋਵਿਡ-19 ਦੀ ਦਵਾਈ ਅਤੇ ਟੀਕੇ/ਵੈਕਸੀਨ ਦੀ ਅਣਹੋਂਦ ਵਿੱਚ ਇਸ ਮਹਾਂਮਾਰੀ ਤੋਂ ਬਚਾਅ ਲਈ ਮਾਹਰਾਂ ਵੱਲੋਂ ਹੇਠ ਦਿੱਤੇ ਸੁਝਾਅ ਦਿੱਤੇ ਗਏ ਸਨ

(ੳ) ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ ਤਾਂ ਜੋ ਹੱਥ ਕੀਟਾਣੂ-ਰਹਿਤ ਹੋ ਸਕਣ। ਹੱਥਾਂ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ਼ ਕਰ ਕੇ ਹੀ ਇਹਨਾਂ ਨੂੰ ਮੂੰਹ ਜਾਂ ਨੱਕ ਨੂੰ ਲਗਾਉਣਾ ਚਾਹੀਦਾ ਹੈ।

(ਅ) ਘਰ ਤੋਂ ਬਾਹਰ ਜਾਣ ਸਮੇਂ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ।

(ੲ) ਭੀੜ-ਭਾੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

(ਸ) ਦੋ ਗਜ਼ ਦੀ ਵਿਅਕਤੀਗਤ ਦੂਰੀ ਬਣਾਈ ਰੱਖਣੀ ਵੀ ਜ਼ਰੂਰੀ ਹੈ।

(ਹ) ਛਿੱਕਣ ਜਾਂ ਖੰਘਣ ਸਮੇਂ ਮੂੰਹ 'ਤੇ ਰੁਮਾਲ ਰੱਖਣਾ ਜ਼ਰੂਰੀ ਹੈ ਤਾਂ ਜੋ ਇਸ ਬਿਮਾਰੀ ਦਾ ਸੰਕ੍ਰਮਣ ਦੂਸਰਿਆਂ ਤੱਕ ਨਾ ਫੈਲੇ।

(ਕ) ਕੋਰੋਨਾ-ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ 14 ਦਿਨਾਂ ਤੱਕ ਬਾਕੀਆਂ ਤੋਂ ਅਲੱਗ ਰਹਿਣਾ ਚਾਹੀਦਾ ਹੈ।

(ਖ) ਕੋਰੋਨਾ ਦੇ ਲੱਛਣ (ਜ਼ਿਆਦਾ ਖੰਘ, ਬੁਖ਼ਾਰ ਜਾਂ ਸਾਹ ਲੈਣ ਵਿੱਚ ਮੁਸ਼ਕਲ) ਦਿਖਾਈ ਦੇਣ 'ਤੇ ਕੋਰੋਨਾ-ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ।

(ਗ) ਕੋਰੋਨਾ ਦੇ ਸੰਕ੍ਰਮਣ ਤੋਂ ਬਚਾਅ ਲਈ ਸਾਨੂੰ ਆਪਣੇ ਸਰੀਰ ਵਿੱਚ ਇਸ ਬਿਮਾਰੀ ਨਾਲ ਲੜਨ ਦੀ ਸ਼ਕਤੀ ਪੈਦਾ ਕਰਨ ਦੀ ਵੀ ਬਹੁਤ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਅਜਿਹੀ ਖ਼ੁਰਾਕ ਲਈਏ ਜੋ ਸਾਡੇ ਸਰੀਰ ਅੰਦਰ ਤੇ ਇਸ ਬਿਮਾਰੀ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਦੀ ਹੋਵੇ।

(ਘ) ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਤਾਂ ਆਪਣੇ ਆਪ ਨੂੰ ਇਸ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਬਚਾਅ ਕੇ ਰੱਖਣਾ ਚਾਹੀਦਾ ਹੈ।

ਨਿਸ਼ਚਿਤ ਹੈ ਕਿ ਕੋਰੋਨਾ ਦੇ ਵੈਕਸੀਨ ਦੇ ਉਪਲਬਧ ਨਾ ਹੋਣ ਦੀ ਹਾਲਤ ਵਿੱਚ ਇਸ ਮਹਾਂਮਾਰੀ ਤੋਂ ਬਚਾਅ ਵਿੱਚ ਹੀ ਇਸ ਦਾ ਇਲਾਜ ਹੈ।


ਸਾਰਾਂਸ਼

ਕੋਵਿਡ-19 ਇੱਕ ਵੈਸ਼ਵਿਕ ਮਹਾਂਮਾਰੀ ਹੈ। ਸੰਸਾਰ ਭਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਲੋਕ ਕੋਰੋਨਾ- ਸੰਕ੍ਰਮਣ ਦਾ ਸ਼ਿਕਾਰ ਹੋਏ ਹਨ ਅਤੇ ਅਨੇਕਾਂ ਦੇਸਾਂ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਸ ਮਹਾਂਮਾਰੀ ਨੇ ਸੰਸਾਰ ਦੇ ਬਹੁਤ ਸਾਰੇ ਦੇਸਾਂ ਦੀ ਆਰਥਿਕ ਸਥਿਤੀ ਤੇ ਮਾਰੂ ਪ੍ਰਭਾਵ ਪਾਇਆ ਅਤੇ ਮਨੁੱਖੀ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋਈਆਂ। ਕੋਰੋਨਾ ਵੈਕਸੀਨ ਦੇ ਉਪਲਬਧ ਹੋਣ ਤੱਕ ਸਾਨੂੰ ਆਪਣੇ ਆਪ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।


Post a Comment

0 Comments