ਪੰਜਾਬੀ ਲੇਖ "ਭਰੂਣ-ਹੱਤਿਆ"
ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਨੇ,
ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਉੱਥੇ ਹੁੰਦੀਆਂ ਨੇ।
ਭੂਮਿਕਾ
ਅਹਿੰਸਾ ਦੇ ਪੁਜਾਰੀ ਦੇਸ਼ ਭਾਰਤ ਵਿੱਚ ਭਰੂਣ-ਹੱਤਿਆ ਬੇਹੱਦ ਗ਼ੈਰ-ਮਨੁੱਖੀ ਅਤੇ ਘਿਰਨਾ ਯੋਗ ਕਰਮ ਹੈ। ਅਸਲ ਵਿੱਚ ਸਤੀ ਪ੍ਰਥਾ, ਬਾਲ ਵਿਆਹ, ਸ਼ਿਸ਼ੂ-ਹੱਤਿਆ ਅਤੇ ਭਰੂਣ-ਹੱਤਿਆ ਸਾਡੇ ਸਮਾਜ ਦੀ ਔਰਤ ਪ੍ਰਤੀ ਨੀਂਵੀਂ ਸੋਚ ਦਾ ਫਲ ਹੈ।ਇਨ੍ਹਾਂ ਵਿੱਚੋਂ ਸਤੀ ਪ੍ਰਥਾ, ਬਾਲ-ਵਿਆਹ ਅਤੇ ਸ਼ਿਸ਼ੂ-ਹੱਤਿਆ ਦਾ ਕਰੜਾ ਵਿਰੋਧ ਹੋਇਆ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਦੇ ਉਪਰਾਲੇ ਵੀ ਹੋਏ। ਪਰੰਤੂ ਭਰੂਣ-ਹੱਤਿਆ ਇੱਕ ਗੰਭੀਰ ਸਮੱਸਿਆ ਵਜੋਂ ਸਾਡੇ ਸਾਹਮਣੇ ਹੈ।
ਭਰੂਣ-ਹੱਤਿਆ ਤੋਂ ਭਾਵ
ਭਰੂਣ-ਹੱਤਿਆ ਤੋਂ ਭਾਵ ਇੱਕ ਅਣਜੰਮੇ ਬੱਚੇ ਨੂੰ ਕੁੱਖ ਵਿੱਚ ਹੀ ਮਾਰ ਦੇਣਾ। ਮਾਂ ਦੇ ਪੇਟ ਵਿਚਲਾ ਬੱਚਾ ਜਦੋਂ ਅੱਠ ਹਫ਼ਤਿਆਂ ਦਾ ਹੁੰਦਾ ਹੈ ਤਾਂ ਉਸ ਨੂੰ ‘ਭਰੂਣ’ ਕਿਹਾ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚਦਿਆਂ ਬੱਚੇ ਦੇ ਸਾਰੇ ਅੰਗ ਆਪਣਾ ਰੂਪ ਧਾਰਨ ਕਰ ਲੈਂਦੇ ਹਨ। ਇਸ ਸਮੇਂ ਤੱਕ ਇਹ ਵੀ ਪਤਾ ਲੱਗ ਸਕਦਾ ਹੈ ਕਿ ਮਾਂ ਦੇ ਪੇਟ ਵਿੱਚ ਪਲ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ।ਵਿਗਿਆਨੀਆਂ ਨੇ ਇਸ ਸੰਬੰਧੀ ਮਸ਼ੀਨਾਂ ਵੀ ਤਿਆਰ ਕਰ ਲਈਆਂ ਹਨ ਜੋ ਨਿਰਧਾਰਿਤ ਕਰ ਦੇਂਦੀਆਂ ਹਨ ਕਿ ਭਰੂਣ ਦਾ ਲਿੰਗ ਕੀ ਹੈ। ਇਹ ਮਸ਼ੀਨਾਂ ਇਹ ਵੀ ਦੱਸਦੀਆਂ ਹਨ ਕਿ ਭਰੂਣ ਦਾ ਵਿਕਾਸ ਠੀਕ ਹੋ ਰਿਹਾ ਹੈ ਜਾਂ ਨਹੀਂ। ਮਸ਼ੀਨਾਂ ਦੀ ਕਾਢ ਤੋਂ ਪਹਿਲਾਂ ਲੜਕੀਆਂ ਨੂੰ ਜੰਮਦਿਆਂ ਮਾਰਨ ਦੀ ਪ੍ਰਥਾ ਸੀ। ਪਰ ਅੱਜ ਲੜਕੀ ਨੂੰ ਮਾਂ ਦੇ ਪੇਟ ਵਿੱਚ ਹੀ ਗਰਭਪਾਤ ਦੁਆਰਾ ਖ਼ਤਮ ਕਰ ਦਿੱਤਾ ਜਾਂਦਾ ਹੈ। ਇਸ ਨੂੰ ‘ਮਾਦਾ ਭਰੂਣ-ਹੱਤਿਆ’ ਕਿਹਾ ਜਾਂਦਾ ਹੈ।
ਮਸ਼ੀਨਾਂ ਦੀ ਦੁਰਵਰਤੋਂ
ਵਿਗਿਆਨ ਨੇ ਮਾਂ ਦੇ ਪੇਟ ਵਿਚਲੇ ਬੱਚੇ ਦੀ ਸਥਿਤੀ ਜਾਨਣ ਲਈ ਕੁਝ ਮਸ਼ੀਨਾਂ ਤਿਆਰ ਕੀਤੀਆਂ ਸਨ। ਜੇਕਰ ਭਰੂਣ ਵਿੱਚ ਕੋਈ ਖ਼ਰਾਬੀ ਹੋਵੇ ਤਾਂ ਕਈ ਵਾਰ ਮਾਂ ਦੀ ਜਾਨ ਨੂੰ ਵੀ ਖ਼ਤਰਾ ਬਣ ਜਾਂਦਾ ਸੀ। ‘ਐਲਟਰਾ ਸਾਊਂਡ ਸਕੈਨ’ 1980 ਵਿੱਚ ਭਾਰਤ ਆਈ। ਇਹ ਸਰੀਰ ਦੀਆਂ ਅੰਦਰੂਨੀ ਬਿਮਾਰੀਆਂ ਅਤੇ ਨੁਕਸਾਂ ਦਾ ਪਤਾ ਲਗਾਉਣ ਲਈ ਬਣਾਈ ਗਈ ਸੀ। ਇਹ ਸਹੂਲਤ ਮਨੁੱਖ ਦੇ ਕਲਿਆਣ ਲਈ ਹੋਂਦ ਵਿੱਚ ਆਈ ਸੀ। ਪਰ ਜਦੋਂ ਇਹ ਪਤਾ ਲੱਗਣ ਲੱਗ ਪਿਆ ਕਿ ਭਰੂਣ ਲੜਕੀ ਹੈ ਜਾਂ ਲੜਕਾ ਤਾਂ ਮਨੁੱਖ ਨੇ ਇਸ ਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੜਕੀਆਂ ਨੂੰ ਮਾਂ ਦੇ ਪੇਟ ਵਿੱਚ ਹੀ ਮਾਰਨਾ ਸ਼ੁਰੂ ਕਰ ਦਿੱਤਾ। ਖ਼ਾਸ ਕਰਕੇ ਭਾਰਤ ਵਿੱਚ ਇਨ੍ਹਾਂ ਮਸ਼ੀਨਾਂ ਦੀ ਦੁਰਵਰਤੋਂ ਬਹੁਤ ਵੱਧ ਗਈ ਹੈ।
ਮਰਦ ਪ੍ਰਧਾਨ ਸਮਾਜ ਦੀ ਦੇਣ
ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਸਾਡੇ ਦੋਹਰੇ ਮਾਪ ਦੰਡ ਰਹੇ ਹਨ। ਕੁੱਝ ਲੋਕਾਂ ਦੀ ਇਹ ਮਾੜੀ ਸੋਚ ਹੈ ਕਿ ਮੁੰਡੇ ਦਾ ਜਨਮ ਖ਼ੁਸ਼ੀਆਂ ਖਲਾਰਦਾ ਹੈ ਅਤੇ ਕੁੜੀ ਦਾ ਜਨਮ ਉਦਾਸੀ ਲਿਆਉਂਦਾ ਹੈ। ਸਮਾਜ ਵਿੱਚ ਆਰਥਿਕ ਤਬਦੀਲੀ ਵਾਪਰਨ ਨਾਲ ਇਸਤਰੀ ਦੀ ਸਰਦਾਰੀ ਮੱਧਮ ਪੈਂਦੀ ਪੈਂਦੀ ਉੱਕਾ ਹੀ ਖ਼ਤਮ ਹੋ ਗਈ।ਆਰਥਿਕ ਸੋਮੇਂ ਮਰਦਾਂ ਦੇ ਹੱਥਾਂ ਵਿੱਚ ਆ ਗਏ। ਨਤੀਜੇ ਵਜੋਂ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਬਣ ਗਿਆ। ਮਰਦ ਦੇ ਹੱਥਾਂ ਵਿੱਚ ਸਰਦਾਰੀ ਆਉਂਦਿਆਂ ਹੀ ਉਸ ਨੇ ਔਰਤ ਦੀ ਨਿਰਬਲਤਾ ਦਾ ਨਜਾਇਜ਼ ਲਾਭ ਉਠਾਇਆ।
ਸੰਤੁਲਨ ਵਿੱਚ ਵਿਗਾੜ
ਕੁਦਰਤ ਨੇ ਇਸ ਦੁਨੀਆ ਦਾ ਪਸਾਰਾ ਅਜਿਹਾ ਬਣਾਇਆ ਹੈ ਕਿ ਕੁਦਰਤੀ ਤੌਰ 'ਤੇ ਹਰ ਚੀਜ਼ ਵਿੱਚ ਇੱਕ ਸੰਤੁਲਨ ਕਾਇਮ ਰੱਖਿਆ ਹੈ।ਮਾਂ ਦੇ ਪੇਟ ਵਿੱਚ ਬੱਚੇ ਦਾ ਲਿੰਗ ਵੀ ਕੁਦਰਤ ਦੇ ਨਿਯਮਾਂ ਅਨੁਸਾਰ ਨਿਰਧਾਰਿਤ ਹੁੰਦਾ ਹੈ। ਪਰ ਮਨੁੱਖ ਨੇ ਆਪਣੀ ਸੋਚ ਅਨੁਸਾਰ ਇਸ ਸੰਤੁਲਨ ਨੂੰ ਵੀ ਵਿਗਾੜਨ ਦਾ ਪੂਰਾ ਯਤਨ ਕੀਤਾ ਹੈ। ਨਤੀਜੇ ਵਜੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਨਿਰੰਤਰ ਘੱਟ ਰਹੀ ਹੈ।ਪੰਜਾਬ ਵਿੱਚ ਇੱਕ ਹਜ਼ਾਰ ਮਰਦਾਂ ਦੇ ਮੁਕਾਬਲੇ 874 ਔਰਤਾਂ ਰਹਿ ਗਈਆਂ ਹਨ। ਕੁਝ ਰਾਜਾਂ ਦੀ ਸਥਿਤੀ ਇਸ ਤੋਂ ਵੀ ਮਾੜੀ ਹੈ। ਇਹ ਅਸੰਤੁਲਨ ਅੱਗੋਂ ਹੋਰ ਸਮੱਸਿਆਵਾਂ ਨੂੰ ਜਨਮ ਦੇ ਰਿਹਾ ਹੈ।
ਵਿਰੋਧਾਭਾਸ
ਰਿਸ਼ੀਆਂ ਮੁਨੀਆਂ ਦੀ ਧਰਤੀ ਭਾਰਤ ਵਿੱਚ ਕਿਸੇ ਜਾਨਵਰ ਨੂੰ ਮਾਰਨਾ ਮਹਾਂ-ਪਾਪ ਸਮਝਿਆ ਜਾਂਦਾ ਹੈ। ਇੱਥੇ ਹਰ ਜੀਵ-ਆਤਮਾ ਵਿੱਚ ਪਰਮਾਤਮਾ ਦਾ ਵਾਸਾ ਮੰਨਿਆ ਜਾਂਦਾ ਹੈ। ਅਜਿਹੇ ਭਾਰਤ ਵਿੱਚ ਮਾਦਾ ਭਰੂਣ- ਹੱਤਿਆ ਵਿਰੋਧਾਭਾਸ ਹੈ, ਕੁਦਰਤ ਦੀ, ਕੁਦਰਤ ਦੇ ਕਾਦਰ ਦੀ ਤੋਹੀਨ ਹੈ। ਕੀ ਕੁਦਰਤ ਸਾਨੂੰ ਮਾਫ਼ ਕਰੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਜਿਹੜੀ ਔਰਤ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ। ਉਹ ਧਰਤੀ ਜਿੱਥੇ ਔਰਤ ਦੀ ਹਾਜ਼ਰੀ ਤੋਂ ਬਿਨਾਂ ਘਰ ਅਧੂਰਾ ਸਮਝਿਆ ਜਾਂਦਾ ਸੀ, ਉਸੇ ਧਰਤੀ 'ਤੇ ਔਰਤ ਨੂੰ ਜੰਮਣੋਂ ਪਹਿਲਾਂ ਮਾਰ ਦੇਣਾ ਵੀ ਵਿਰੋਧਾਭਾਸ ਹੈ।
ਅਜੋਕੀ ਸਥਿਤੀ
ਅੱਜ ਦੀ ਔਰਤ ਅਬਲਾ ਨਹੀਂ। ਉਹ ਮਰਦ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ। ਵਿੱਦਿਆ ਦਾ ਖੇਤਰ ਹੋਵੇ ਚਾਹੇ ਰਾਜਨੀਤੀ ਦਾ ਹਰ ਪਾਸੇ ਔਰਤਾਂ ਦੀ ਧਾਕ ਹੈ। ਜੇਕਰ ਔਰਤ ਇਸੇ ਤਰ੍ਹਾਂ ਜਾਗਰੂਕ ਹੁੰਦੀ ਗਈ, ਉਸ ਨੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਤਾਂ ਮਾਦਾ ਭਰੂਣ-ਹੱਤਿਆ ਵਰਗੀ ਇਹ ਕੁਰੀਤੀ ਆਪਣੇ ਆਪ ਮਿੱਟ ਜਾਵੇਗੀ। ਪਰ ਇਸ ਦੇ ਨਾਲ-ਨਾਲ ਕੁਝ ਜ਼ਰੂਰੀ ਕਦਮ ਚੁੱਕਣੇ ਪੈਣਗੇ। ਸਭ ਤੋਂ ਮੁਢਲੀ ਲੋੜ ਅਨਪੜ੍ਹ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਮਾਦਾ ਭਰੂਣ-ਹੱਤਿਆ ਕਾਨੂੰਨੀ ਜ਼ੁਰਮ ਦੇ ਨਾਲ-ਨਾਲ ਇਨਸਾਨੀਅਤ ਪੱਖੋਂ ਵੀ ਗਿਰਿਆ ਕਰਮ ਹੈ।ਜੇ ਲੜਕੀਆਂ ਨਹੀਂ ਹੋਣਗੀਆਂ ਤਾਂ ਪਰਿਵਾਰ ਕਿਵੇਂ ਵਧਣਗੇ। ਇਨਸਾਨੀਅਤ ਹੀ ਡਗਮਗਾ ਜਾਵੇਗੀ।
ਭਰੂਣ-ਹੱਤਿਆ ਨੂੰ ਰੋਕਿਆ ਜਾਵੇ
ਭਰੂਣ-ਹੱਤਿਆ ਰੋਕਣ ਲਈ 1994 ਵਿੱਚ ਸਰਕਾਰ ਨੇ ਭਰੂਣ ਦੇ ਨਰ ਜਾਂ ਮਾਦਾ ਦੇ ਰੂਪ ਦੀ ਜਾਣਕਾਰੀ ਦੇਣ ਵਾਲੀ ਸੂਚਨਾ ਤਕਨਾਲੋਜੀ 'ਤੇ ਰੋਕ ਲਾਉਣ ਲਈ ਪ੍ਰੀ-ਨੇਟਲ ਡਾਇਆਗਨੋਸਟਿਕ ਟੈਕਨਾਲੋਜੀ ਐਕਟ ਬਣਾਇਆ। ਪਰ ਇਸ ਦੇ ਤਸੱਲੀਬਖਸ਼ ਸਿੱਟੇ ਨਹੀਂ ਨਿਕਲ ਸਕੇ। ਇਸ ਲਈ ਕੁਝ ਜ਼ਰੂਰੀ ਸੁਝਾਅ ਹਨ ਜਿਵੇਂ ਕਿ ਸਾਡੇ ਵਿਚਲੀ ਪਰੰਪਰਾਗਤ ਸੋਚ ਨੂੰ ਬਦਲਿਆ ਜਾਵੇ ਕਿ ਮੁੰਡੇ ਅਤੇ ਕੁੜੀ ਵਿੱਚ ਕੋਈ ਅੰਤਰ ਨਹੀਂ ਹੈ। । ਦੂਸਰਾ, ਗਰਭਪਾਤ ਕਰਵਾਉਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਔਰਤ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ।ਔਰਤਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ। ਲਿੰਗ ਨਿਰਧਾਰਨ ਟੈਸਟ ਕਾਨੂੰਨੀ ਤੌਰ 'ਤੇ ਬੰਦ ਕੀਤੇ ਜਾਣ। ਇਸ ਬਾਰੇ ਕਰੜੇ ਫ਼ੈਸਲੇ ਲਏ ਜਾਣ।
ਸਾਰਾਂਸ਼
ਸਾਨੂੰ ਸੋਚ ਬਦਲਣ ਦੀ ਲੋੜ ਹੈ। ਇਸ ਕੰਮ ਵਿੱਚ ਸਭ ਤੋਂ ਵੱਧ ਸਹਾਈ ਹੋਵੇਗੀ ਔਰਤਾਂ ਦੀ ਕਾਰਗੁਜ਼ਾਰੀ। ਜੇਕਰ ਔਰਤਾਂ ਜਾਗਰੂਕ ਹੋ ਜਾਣ, ਤਾਂ ਭਰੂਣ ਹੱਤਿਆ ਖ਼ਤਮ ਹੋ ਜਾਵੇਗੀ।
0 Comments