ਪੰਜਾਬੀ ਲੇਖ "ਪ੍ਰਦੂਸ਼ਣ ਦੀ ਸਮੱਸਿਆ"
ਹਾਏ ! ਪ੍ਰਦੂਸ਼ਣ, ਹਾਏ ! ਪ੍ਰਦੂਸ਼ਣ, ਇਸਨੇ ਕੀਤਾ ਜੀਣਾ ਦੁੱਭਰ
ਜੇ ਇਸ 'ਤੇ ਲਗਾਮ ਨਾ ਲਾਈ, ਤਾਂ ਮਾਰੀ ਜਾਏਗੀ ਇਹ ਲੁਕਾਈ।
ਭੂਮਿਕਾ
ਵਿਗਿਆਨ ਅਤੇ ਤਕਨਾਲੋਜੀ ਵਿੱਚ ਆਈ ਕ੍ਰਾਂਤੀ ਨਾਲ ਅਜੋਕੇ ਯੁੱਗ ਵਿੱਚ ਮਨੁੱਖ ਤਰੱਕੀ ਦੀਆਂ ਸਿਖਰਾਂ ਛੂਹ ਰਿਹਾ ਹੈ। ਹਰ ਪ੍ਰਕਾਰ ਦੇ ਸੁੱਖ ਸਾਧਨ ਮਨੁੱਖ ਨੇ ਪੈਦਾ ਕਰ ਲਏ ਹਨ। ਇਸ ਤੇਜ਼ ਰਫ਼ਤਾਰ ਤਰੱਕੀ ਨਾਲ ਮਹਾਂਨਗਰ ਹੋਂਦ ਵਿੱਚ ਆਏ ਹਨ। ਪਰ ਇਨ੍ਹਾਂ ਮਹਾਂਨਗਰਾਂ ਦੀਆਂ ਆਪਣੀਆਂ ਕੁਝ ਸਮੱਸਿਆਵਾਂ ਵੀ ਪੈਦਾ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਵੱਡੀ ਸਮੱਸਿਆ ਪ੍ਰਦੂਸ਼ਣ ਦੀ ਹੈ।
ਸਮੱਸਿਆਵਾਂ
ਜਦੋਂ ਪ੍ਰਾਕਿਰਤਕ ਵਾਤਾਵਰਨ ਵਿੱਚ ਕੁਝ ਅਣਚਾਹੀਆਂ ਤਬਦੀਲੀਆਂ ਆ ਜਾਣ, ਜਦ ਪਾਣੀ ਤੇ ਹਵਾ ਗੰਧਲੀ ਹੋ ਜਾਵੇ ਅਤੇ ਜਦੋਂ ਕੰਨ ਪਾੜਵੀਆਂ ਅਵਾਜ਼ਾਂ ਆਉਣ ਉਸ ਨੂੰ ਪ੍ਰਦੂਸ਼ਣ ਦਾ ਨਾਂ ਦਿੱਤਾ ਜਾਂਦਾ ਹੈ। ਇਹ ਪ੍ਰਦੂਸ਼ਣ ਮਨੁੱਖਾਂ, ਜੀਵਾਂ ਅਤੇ ਪੌਦਿਆਂ 'ਤੇ ਬੁਰਾ ਅਸਰ ਪਾਉਂਦਾ ਹੈ। ਅੱਜ ਦੇ ਮਨੁੱਖ ਨੇ ਆਪਣੇ ਸੁਆਰਥ ਅਤੇ ਲਾਪਰਵਾਹੀ ਕਾਰਨ ਸਾਰਾ ਵਾਤਾਵਰਨ ਗੰਧਲਾ ਕਰ ਦਿੱਤਾ ਹੈ ਤੇ ਖ਼ੁਦ ਉਸ ਦਾ ਸੰਤਾਪ ਭੋਗ ਰਿਹਾ ਹੈ।
ਕਾਰਨ
ਪ੍ਰਦੂਸ਼ਣ ਦਾ ਮੁੱਖ ਕਾਰਨ ਵੱਧ ਰਹੀ ਅਬਾਦੀ ਹੈ। ਅਬਾਦੀ ਦੇ ਵਾਧੇ ਨਾਲ ਸੀਮਿਤ ਧਰਤੀ ਤੇ ਦਿਨ ਬਦਿਨ ਦਬਾਅ ਵੱਧ ਰਿਹਾ ਹੈ।ਕੁੱਲੀ, ਗੁੱਲੀ, ਜੁੱਲੀ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈ ਰਿਹਾ ਹੈ। ਹਰ ਮਹਾਂਨਗਰ ਵਿੱਚ ਵੱਡੇ-ਵੱਡੇ ਕਾਰਖ਼ਾਨੇ, ਦਫ਼ਤਰ ਅਤੇ ਵਪਾਰਕ ਕੇਂਦਰ ਬਣ ਰਹੇ ਹਨ। ਕਾਰਖ਼ਾਨਿਆਂ ਵਿੱਚੋਂ ਨਿਕਲਨ ਵਾਲਾ ਧੂੰਆਂ ਨਗਰਾਂ ਦੀ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਆਵਾਜਾਈ ਅਤੇ ਸੰਚਾਰ ਸਾਧਨਾਂ ਦਾ ਅੰਧਾ-ਧੁੰਦ ਵਾਧਾ ਹੋਇਆ ਹੈ। ਸਕੂਟਰ, ਕਾਰਾਂ, ਬੱਸਾਂ, ਟਰੈੱਕਟਰ, ਗੱਡੀਆਂ ਆਦਿ ਧੜਾ ਧੜ ਵੱਧ ਰਹੇ ਹਨ। ਦੂਸਰੇ ਪਾਸੇ ਅੰਧਾ-ਧੁੰਦ ਦਰਖ਼ਤ ਕੱਟਣੇ ਪੈ ਰਹੇ ਹਨ। ਨਤੀਜੇ ਵਜੋਂ ਪ੍ਰਦੂਸ਼ਣ ਵਿਕਰਾਲ ਰੂਪ ਧਾਰਨ ਕਰ ਗਿਆ ਹੈ।
ਜਲ-ਪ੍ਰਦੂਸ਼ਣ
ਪਾਣੀ ਜੀਵਨ ਦਾ ਆਧਾਰ ਹੈ। ਮਨੁੱਖ, ਪਸ਼ੂ, ਬਨਸਪਤੀ ਜੀਵ-ਜੰਤੂ, ਸਭ ਪਾਣੀ ਕਾਰਨ ਹਰੇ-ਭਰੇ ਅਤੇ ਤੰਦਰੁਸਤ ਹਨ। ਸ਼ਹਿਰਾਂ ਵਿੱਚ ਚੱਲ ਰਹੇ ਕਾਰਖ਼ਾਨਿਆਂ ਵਿੱਚੋਂ ਕਈ ਪ੍ਰਕਾਰ ਦੇ ਮੈਲੇ ਪਦਾਰਥ ਨਿਕਲਦੇ ਹਨ ਜੋ ਨਦੀ ਨਾਲਿਆਂ ਰਾਹੀਂ ਪਾਣੀ ਵਿੱਚ ਮਿਲ ਜਾਂਦੇ ਹਨ। ਇਸ ਮੈਲ ਵਿੱਚ ਕਈ ਪ੍ਰਕਾਰ ਦੇ ਰਸਾਇਣ ਅਤੇ ਤੇਜ਼ਾਬ ਹੁੰਦੇ ਹਨ ਜੋ ਨਦੀ ਨਾਲਿਆਂ ਦੇ ਪਾਣੀ ਦਾ ਹਿੱਸਾ ਹੀ ਨਹੀਂ ਬਣਦੇ ਸਗੋਂ ਹੌਲੀ-ਹੌਲੀ ਜ਼ਮੀਨ ਹੇਠਲੇ ਪਾਣੀ ਵਿੱਚ ਜਾ ਮਿਲਦੇ ਹਨ। ਨਤੀਜੇ ਵਜੋਂ ਜਲ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਪਾਣੀ ਰਾਹੀਂ ਕਈ ਪ੍ਰਕਾਰ ਦੇ ਕੀਟਾਣੂ ਲੋਕਾਂ ਦੇ ਸਰੀਰ ਅੰਦਰ ਪਹੁੰਚ ਕੇ ਬਿਮਾਰੀਆਂ ਨੂੰ ਜਨਮ ਦੇਂਦੇ ਹਨ। ਗ਼ਰੀਬ ਵਰਗ 'ਤੇ ਇਸ ਦਾ ਵੱਧ ਪ੍ਰਭਾਵ ਪੈਂਦਾ ਹੈ।
ਹਵਾ-ਪ੍ਰਦੂਸ਼ਣ
ਹਵਾ ਜੋ ਸਾਡੇ ਜੀਵਨ ਦਾ ਮੂਲ ਆਧਾਰ ਹੈ ਵੀ ਹੌਲੀ-ਹੌਲੀ ਪ੍ਰਦੂਸ਼ਿਤ ਹੋ ਰਹੀ ਹੈ। ਭਾਫ, ਪੈਟਰੋਲ, ਡੀਜ਼ਲ ਵਾਲੇ ਇੰਜਣ ਅਤੇ ਉਦਯੋਗ ਹਵਾ ਨੂੰ ਗੰਦਾ ਕਰ ਰਹੇ ਹਨ। ਕੁਝ ਕਾਰਖ਼ਾਨਿਆਂ (ਜਿਵੇਂ ਪੈਟਰੋਲ-ਸੋਧਕ ਕਾਰਖ਼ਾਨੇ) ਵਿੱਚੋਂ ਨਿਕਲਨ ਵਾਲਾ ਧੂੰਆਂ ਅਤੇ ਮਲ ਵਾਯੂ-ਮੰਡਲ ਵਿੱਚ ਸਲਫਰ, ਕਾਰਬਨ ਅਤੇ ਨਾਈਟਰੋਜਨ ਦੀ ਮਾਤਰਾ ਵਧਾ ਕੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਇਨ੍ਹਾਂ ਦੀ ਵਧਦੀ ਮਾਤਰਾ ਆਕਸੀਜਨ ਦੀ ਮਾਤਰਾ ਨੂੰ ਘਟਾ ਰਹੀ ਹੈ। ਇਸ ਨਾਲ ਬਿਮਾਰੀਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।
ਨਾ ਲਾ ਅੱਗਾਂ ਸੋਹਣਿਆ, ਸਾਹ ਔਖਾ ਆਉਂਦਾ ਏ,
ਚਾਰ ਛਿੱਲੜਾਂ ਦੀ ਖਾਤਰ, ਜਾਨ ਦੁੱਖਾਂ ਵਿਚ ਪਾਉਂਦਾ ਏਂ।
ਭੂਮੀ-ਪ੍ਰਦੂਸ਼ਣ
ਵੱਡੇ-ਵੱਡੇ ਉਦਯੋਗਾਂ ਦਾ ਪ੍ਰਭਾਵ ਉਨ੍ਹਾਂ ਦੇ ਨੇੜੇ ਵਾਲੀ ਭੂਮੀ ਉੱਤੇ ਵੀ ਬੁਰਾ ਪੈ ਰਿਹਾ ਹੈ। ਜਿੱਥੇ-ਜਿੱਥੇ ਤੇਜ਼ਾਬੀ ਜਾਂ ਰਸਾਇਣਕ ਮੈਲ ਡਿਗਦੀ ਹੈ, ਉਹ ਧਰਤੀ ਦਾ ਵਿਨਾਸ਼ ਕਰੀ ਜਾ ਰਹੀ ਹੈ। ਬਹੁਤ ਸਾਰੀ ਧਰਤੀ ਪੈਦਾਵਰ ਸ਼ਕਤੀ ਗੁਆ ਚੁੱਕੀ ਹੈ। ਧਰਤੀ ਦਾ ਰੰਗ ਹੀ ਬਦਲ ਜਾਂਦਾ ਹੈ। ਕਈ ਵਾਰ ਖੇਤੀ ਦੀ ਉਪਜ ਵਧਾਉਣ ਦੇ ਲਾਲਚ ਵਿੱਚ ਅਸੀਂ ਕਈ ਪ੍ਰਕਾਰ ਦੀਆਂ ਜ਼ਹਿਰੀਲੀਆਂ ਖਾਦਾਂ ਵਰਤਦੇ ਹਾਂ। ਇਸ ਨਾਲ ਉਪਜ ਭਾਵੇਂ ਵੱਧ ਰਹੀ ਹੈ ਪਰ ਉਸ ਉਪਜ ਵਿਚਲਾ ਜ਼ਹਿਰੀਲਾ ਮਾਦਾ ਮਨੁੱਖਾਂ ਅਤੇ ਹੋਰ ਜੀਵਾਂ ਦੇ ਅੰਦਰ ਜਾ ਕੇ ਬਿਮਾਰੀ ਫੈਲਾ ਰਿਹਾ ਹੈ। ਕੀੜੇਮਾਰ ਦਵਾਈਆਂ ਰਾਹੀਂ ਅਸੀਂ ਲੋਕਾਂ ਨੂੰ ਸਹਿਜੇ-ਸਹਿਜੇ ਜ਼ਹਿਰ ਦੇ ਰਹੇ ਹਾਂ।
ਸ਼ੋਰ-ਸ਼ਰਾਬਾ
ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਇੱਕ ਵਿਕਰਾਲ ਰੂਪ ਅਵਾਜ਼ੀ ਪ੍ਰਦੂਸ਼ਣ ਅਥਵਾ ਧੁਨੀ ਪ੍ਰਦੂਸ਼ਣ ਹੈ। ਆਵਾਜਾਈ ਦੇ ਸਾਧਨ, ਕਾਰਖ਼ਾਨਿਆਂ ਦੀਆਂ ਮਸ਼ੀਨਾਂ ਇੱਕ ਪਾਸੇ ਧੁਨੀ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। ਦੂਸਰੇ ਪਾਸੇ ਸਮਾਗਮਾਂ ਅਤੇ ਵਿਆਹ-ਸ਼ਾਦੀਆਂ ਤੇ ਵੱਜਣ ਵਾਲੇ ਲਾਊਡ ਸਪੀਕਰ ਅਵਾਜ਼ ਪ੍ਰਦੂਸ਼ਣ ਵਿੱਚ ਢੇਰਾਂ ਵਾਧਾ ਕਰ ਰਹੇ ਹਨ। ਇਹ ਪ੍ਰਦੂਸ਼ਣ ਵੀ ਮਨੁੱਖਾਂ ਅਤੇ ਜੀਵਾਂ ਲਈ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਕਈ ਬਿਮਾਰੀਆਂ ਜਿਵੇਂ ਬਲੱਡ ਪ੍ਰੈੱਸ਼ਰ ਵਧਣਾ, ਸਿਰ-ਦਰਦ ਹੋਣਾ, ਨੀਂਦ ਨਾ ਆਉਣਾ ਇਸ ਪ੍ਰਦੂਸ਼ਣ ਕਾਰਨ ਹੀ ਹਨ।
ਨੁਕਸਾਨ
ਇਨ੍ਹਾਂ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣਾਂ ਨਾਲ ਬਿਮਾਰੀਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਜੀਵਾਂ ਦੀਆਂ ਉਮਰਾਂ ਵਿੱਚ ਵੀ ਅੰਤਰ ਆ ਰਿਹਾ ਹੈ। ਪੰਜਾਬ ਵਿੱਚੋਂ ਤਾਂ ਕਈ ਪੰਛੀ ਦੌੜ ਗਏ ਹਨ ਜਿਵੇਂ ਗਿਰਝਾਂ। ਕੁਝ ਦੀ ਗਿਣਤੀ ਨਿਰੰਤਰ ਘੱਟ ਰਹੀ ਹੈ। ਨਿੱਤ ਨਵੀਂਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ।
ਸੁਝਾਅ
ਪ੍ਰਦੂਸ਼ਣ ਕੋਈ ਐਸੀ ਬਿਮਾਰੀ ਨਹੀਂ ਜਿਸ ਦਾ ਇਲਾਜ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਤਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਦੂਸਰਾ, ਸਾਰੇ ਉਦਯੋਗਿਕ ਧੰਦੇ ਸ਼ਹਿਰਾਂ ਤੋਂ ਦੂਰ ਹੋਣੇ ਚਾਹੀਦੇ ਹਨ। ਉਨ੍ਹਾਂ ਵਿੱਚ ਪ੍ਰਦੂਸ਼ਣ ਨਿਯੰਤਰਨ ਯੰਤਰ ਲਗਾਏ ਜਾਣੇ ਚਾਹੀਦੇ ਹਨ। ਸ਼ਹਿਰਾਂ ਵਿੱਚੋਂ ਡੇਅਰੀਆਂ ਬਾਹਰ ਕੱਢੀਆਂ ਜਾਣੀਆਂ ਚਾਹੀਦੀਆਂ ਹਨ। ਆਵਾਜਾਈ ਦੇ ਸਾਧਨਾਂ ਵਿੱਚ ਪ੍ਰਦੂਸ਼ਣ ਕੰਟਰੋਲ ਯੰਤਰ ਲੱਗੇ ਹੋਣ ਤਾਂ ਕਿ ਉਨ੍ਹਾਂ ਵਿੱਚੋਂ ਨਿਕਲਨ ਵਾਲਾ ਧੂੰਆਂ ਅਤੇ ਗੈਸਾਂ ਦੀ ਮਾਤਰਾ ਸੀਮਿਤ ਕੀਤੀ ਜਾ ਸਕੇ। ਪ੍ਰਦੂਸ਼ਣ ਸੰਬੰਧੀ ਪਾਸ ਕੀਤੇ ਕਾਨੂੰਨ ਪ੍ਰਦੂਸ਼ਣ ਕੰਟਰੋਲ ਬੋਰਡ ਪੂਰੀ ਸਖ਼ਤੀ ਨਾਲ ਲਾਗੂ ਕਰੇ। ਕੂੜਾ, ਮਲ-ਮੂਤਰ ਅਤੇ ਗੰਦਾ ਪਾਣੀ ਆਦਿ ਵਰਤ ਕੇ ਕੋਈ ਖਾਦ ਜਾਂ ਲਾਭਕਾਰੀ ਪਦਾਰਥ ਪੈਦਾ ਕੀਤੇ ਜਾਣ ਤਾਂ ਜੋ ਗੰਦਗੀ ਵੀ ਖ਼ਤਮ ਹੋਵੇ ਤੇ ਲਾਭਕਾਰੀ ਕੰਮ ਵੀ ਲਿਆ ਜਾ ਸਕੇ।
ਸਾਰਾਂਸ਼
ਪ੍ਰਦੂਸ਼ਣ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਹੈ। ਸਿੱਖਿਆ ਵਿਭਾਗ, ਲੋਕ ਸੰਪਰਕ ਵਿਭਾਗ, ਟੀ. ਵੀ., ਰੇਡੀਓ ਅਤੇ ਅਖ਼ਬਾਰੀ ਪਰਚਾਰ, ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਸਭ ਮਿਲ ਕੇ ਲੋਕਾਂ ਵਿੱਚ ਵਾਤਾਵਰਨ ਸੰਬੰਧੀ ਜਾਗਰੂਕਤਾ ਲਿਆ ਕੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੇ ਹਨ।
0 Comments