ਪੰਜਾਬੀ ਲੇਖ "ਆਨ-ਲਾਈਨ ਖ਼ਰੀਦਦਾਰੀ"
ਭੂਮਿਕਾ
ਅਜੋਕੇ ਸਮੇਂ ਵਿੱਚ ਆਨ-ਲਾਈਨ ਖ਼ਰੀਦਦਾਰੀ ਦਾ ਖੇਤਰ ਬਹੁਤ ਹੀ ਵਿਸ਼ਾਲ ਹੋ ਰਿਹਾ ਹੈ। ਇਸ ਖ਼ਰੀਦਦਾਰੀ ਤੋਂ ਭਾਵ ਘਰ ਬੈਠਿਆਂ ਹੀ ਇੰਟਰਨੈੱਟ ਦੀ ਸਹਾਇਤਾ ਨਾਲ ਖ਼ਰੀਦਦਾਰੀ ਕਰਨਾ ਹੈ। ਇਸ ਤਰ੍ਹਾਂ ਦੀ ਖ਼ਰੀਦਦਾਰੀ ਦੇ ਬਹੁਤ ਸਾਰੇ ਲਾਭ ਤੇ ਨੁਕਸਾਨ ਵੀ ਹਨ। ਇਸ ਲਈ ਅਜਿਹੀ ਖ਼ਰੀਦਦਾਰੀ ਕਰਨ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਆਨ-ਲਾਈਨ ਖ਼ਰੀਦਦਾਰੀ ਤੋਂ ਭਾਵ
ਇਸ ਖ਼ਰੀਦਦਾਰੀ ਦਾ ਅਰਥ ਇਹੋ ਹੈ ਕਿ ਗਾਹਕ ਆਨ-ਲਾਈਨ ਸਮਾਨ ਵੇਚਣ ਵਾਲੀਆਂ ਕੰਪਨੀਆਂ ਨਾਲ ਇੰਟਰਨੈੱਟ ਰਾਹੀਂ ਸੰਪਰਕ ਕਰ ਕੇ ਆਪਣੀ ਮਨਪਸੰਦ ਦਾ ਅਤੇ ਲੋੜੀਂਦਾ ਸਮਾਨ ਖ਼ਰੀਦ ਲੈਂਦਾ ਹੈ। ਅਜੋਕੇ ਸਮੇਂ ਵਿੱਚ ਫਲਿੱਪਕਾਰਟ, ਸਨੈਪਡੀਲ, ਮੰਤਰਾ, ਐਮੇਜ਼ਨ ਆਦਿ ਅਨੇਕਾਂ ਵੱਡੀਆਂ ਕੰਪਨੀਆਂ ਹਨ ਜੋ ਲਗਭਗ ਹਰ ਤਰ੍ਹਾਂ ਦੇ ਸਮਾਨ ਵੇਚਣ ਦਾ ਕੰਮ ਕਰਦੀਆਂ ਹਨ। ਗਾਹਕ ਕੰਪਨੀ ਦੀ ਸਾਈਟ 'ਤੇ ਜਾ ਕੇ ਮਨਪਸੰਦ ਸਮਾਨ ਖ਼ਰੀਦਣ ਦਾ ਆਰਡਰ ਕਰਦਾ ਹੈ। ਇਸ ਮਗਰੋਂ ਕੰਪਨੀ ਇਹ ਸਮਾਨ ਉਸ ਦੇ ਘਰ ਪਹੁੰਚਾ ਦੇਂਦੀ ਹੈ। ਗਾਹਕ ਖ਼ਰੀਦੇ ਹੋਏ ਸਮਾਨ ਦਾ ਕਈ ਤਰ੍ਹਾਂ ਨਾਲ ਭੁਗਤਾਨ ਕਰ ਸਕਦਾ ਹੈ।
ਆਨ-ਲਾਈਨ ਖ਼ਰੀਦਦਾਰੀ ਦਾ ਖੇਤਰ
ਅੱਜ ਦੇ ਸਮੇਂ ਵਿੱਚ ਆਨ-ਲਾਈਨ ਖ਼ਰੀਦਦਾਰੀ ਦਾ ਖੇਤਰ ਬਹੁਤ ਵਿਸ਼ਾਲ ਹੋ ਚੁੱਕਾ ਹੈ। ਇਸ ਨਾਲ ਸੰਬੰਧਿਤ ਕੰਪਨੀਆਂ ਸਮਾਨ ਬਣਾਉਣ ਵਾਲੇ ਤੋਂ ਸਿੱਧਾ ਸਮਾਨ ਖ਼ਰੀਦਦੀਆਂ ਹਨ ਤੇ ਉਸ ਨੂੰ ਗਾਹਕ ਤੱਕ ਪਹੁੰਚਾ ਦੇਂਦੀਆਂ ਹਨ। ਇਸ ਨਾਲ ਬਹੁਤ ਸਾਰੇ ਵਿਚੋਲੇ ਬਾਹਰ ਹੋ ਜਾਂਦੇ ਹਨ ਜਿਸ ਕਾਰਨ ਗਾਹਕ ਨੂੰ ਸਮਾਨ ਠੀਕ ਕੀਮਤ 'ਤੇ ਮਿਲਦਾ ਹੈ। ਇਸ ਖੇਤਰ ਨਾਲ ਸੰਬੰਧਿਤ ਕੰਪਨੀਆਂ ਛੋਟੀ ਤੋਂ ਛੋਟੀ ਵਸਤੂ ਤੇ ਵੱਡੀ ਤੋਂ ਵੱਡੀ ਵਸਤੂ ਵੇਚਣ ਦਾ ਕੰਮ ਕਰ ਰਹੀਆਂ ਹਨ।
ਆਨ-ਲਾਈਨ ਖ਼ਰੀਦਦਾਰੀ ਦੇ ਲਾਭ
ਆਨ-ਲਾਈਨ ਖ਼ਰੀਦਦਾਰੀ ਦੇ ਬਹੁਤ ਸਾਰੇ ਲਾਭ ਹਨ। ਇਸ ਨਾਲ ਗਾਹਕ ਲੋਂੜੀਦੀ ਵਸਤੂ ਸੰਬੰਧੀ ਵੱਖ-ਵੱਖ ਕੰਪਨੀਆਂ ਦੀਆਂ ਸਾਈਟਾਂ ਤੋਂ ਪੜਤਾਲ ਕਰਨ ਉਪਰੰਤ ਹੀ ਸਮਾਨ ਖ਼ਰੀਦਣ ਦਾ ਆਰਡਰ ਦੇਂਦਾ ਹੈ। ਕੰਪਨੀਆਂ ਮੁਕਾਬਲੇ ਦੇ ਦੌਰ ਵਿੱਚ ਵਸਤੂਆਂ ਦੀ ਘੱਟ ਤੋਂ ਘੱਟ ਕੀਮਤ ਰੱਖਦੀਆਂ ਹਨ। ਇਸ ਨਾਲ ਗਾਹਕ ਦਾ ਬਜ਼ਾਰ ਜਾਣ ਵਾਲਾ ਸਮਾਂ ਵੀ ਬੱਚ ਜਾਂਦਾ ਹੈ। ਇਸ ਤਰ੍ਹਾਂ ਪੈਸੇ ਅਤੇ ਸਮੇਂ ਦੋਵਾਂ ਦੀ ਹੀ ਬੱਚਤ ਹੁੰਦੀ ਹੈ।
ਆਨ-ਲਾਈਨ ਖ਼ਰੀਦਦਾਰੀ ਦੇ ਨੁਕਸਾਨ
ਆਨ-ਲਾਈਨ ਖ਼ਰੀਦਦਾਰੀ ਦੇ ਜਿੱਥੇ ਬਹੁਤ ਸਾਰੇ ਲਾਭ ਹਨ ਉੱਥੇ ਇਸ ਦੇ ਨੁਕਸਾਨ ਵੀ ਕਾਫ਼ੀ ਹਨ। ਸਭ ਤੋਂ ਪਹਿਲਾ ਨੁਕਸਾਨ ਤਾਂ ਇਹੋ ਹੈ ਕਿ ਕਈ ਵਾਰੀ ਜਿਹੜੀ ਵਸਤੂ ਦਾ ਇੰਟਰਨੈੱਟ 'ਤੇ ਵੇਖ ਕੇ ਆਰਡਰ ਦਿੱਤਾ ਜਾਂਦਾ ਹੈ ਉਹ ਦੱਸੇ ਹੋਏ ਮਾਪ-ਦੰਡਾਂ ’ਤੇ ਪੂਰੀ ਨਹੀਂ ਉਤਰਦੀ। ਇਸੇ ਤਰ੍ਹਾਂ ਕਈ ਵਾਰੀ ਦਿੱਤੇ ਹੋਏ ਆਰਡਰ ਦੀ ਥਾਂ ਕੋਈ ਹੋਰ ਹੀ ਸਮਾਨ ਪ੍ਰਾਪਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਗਾਹਕ ਆਨ-ਲਾਈਨ ਖ਼ਰੀਦਦਾਰੀ ਕਰਨ 'ਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਅਜਿਹੀ ਖ਼ਰੀਦਦਾਰੀ ਵਿੱਚ ਹੋਣ ਵਾਲੀ ਦੇਰੀ ਵੀ ਕਈ ਵਾਰੀ ਗਾਹਕ ਨੂੰ ਪਰੇਸ਼ਾਨ ਕਰਦੀ ਹੈ ਕਿਉਂਕਿ ਲੋੜ ਮਗਰੋਂ ਮਿਲਿਆ ਸਮਾਨ ਵਧੇਰੇ ਮਹੱਤਤਾ ਨਹੀਂ ਰੱਖਦਾ।
ਆਨ-ਲਾਈਨ ਖ਼ਰੀਦਦਾਰੀ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ
ਆਨ-ਲਾਈਨ ਖ਼ਰੀਦਦਾਰੀ ਕਰਨ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਅਜਿਹੀ ਖ਼ਰੀਦਦਾਰੀ ਤੋਂ ਲਾਭ ਉਠਾਇਆ ਜਾ ਸਕਦਾ ਹੈ।ਇਸ ਲਈ ਖ਼ਰੀਦਦਾਰੀ ਕਰਨ ਸਮੇਂ ਲੋੜੀਂਦੀ ਵਸਤੂ ਦੀ ਖ਼ਰੀਦਦਾਰੀ ਨਾਮੀ ਕੰਪਨੀਆਂ ਤੋਂ ਹੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੀ ਕੰਪਨੀ ਸਮਾਨ ਦੇ ਪਸੰਦ ਨਾ ਆਉਣ 'ਤੇ ਉਸ ਦੀ ਵਾਪਸੀ ਦਾ ਵਾਇਦਾ ਕਰਦੀ ਹੈ ਉਸ ਤੋਂ ਖ਼ਰੀਦਦਾਰੀ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੰਗਵਾਏ ਗਏ ਸਮਾਨ ਦੀ ਪੜਤਾਲ ਕਰਨ ਉਪਰੰਤ ਹੀ ਬਿੱਲ ਦਾ ਭੁਗਤਾਨ ਕਰਨਾ ਚਾਹੀਦਾ ਹੈ।
ਸਾਰਾਂਸ਼
ਆਨ-ਲਾਈਨ ਖ਼ਰੀਦਦਾਰੀ ਦਾ ਘੇਰਾ ਅਜੋਕੇ ਸਮੇਂ ਵਿੱਚ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਖੇਤਰ ਦੇ ਆਪਣੇ ਨਫ਼ੇ-ਨੁਕਸਾਨ ਹਨ। ਇਸੇ ਕਾਰਨ ਅਜਿਹੀ ਖ਼ਰੀਦਦਾਰੀ ਕਰਨ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ।
4 Comments
So so helpful
ReplyDeleteReally so helpful
DeleteGood luck
DeleteIt's helpful
Delete