ਪੰਜਾਬੀ ਲੇਖ "ਪੰਜਾਬ ਦੇ ਤਿਉਹਾਰ"
ਭੂਮਿਕਾ
ਤਿਉਹਾਰ ਲੋਕ ਜੀਵਨ ਨੂੰ ਪ੍ਰਗਟਾਉਣ ਦੇ ਸ਼ਕਤੀਸ਼ਾਲੀ ਮਾਧਿਅਮ ਹਨ। ਕਿਸੇ ਕੌਮ ਦੀ ਅਸਲੀ ਜਾਣਕਾਰੀ ਇਨ੍ਹਾਂ ਤਿੱਥ ਤਿਉਹਾਰਾਂ ਵਿੱਚੋਂ ਮਿਲ ਸਕਦੀ ਹੈ। ਇਨ੍ਹਾਂ ਵਿੱਚ ਕਿਸੇ ਕੌਮ ਦੀ ਹਜ਼ਾਰਾਂ ਵਰ੍ਹਿਆਂ ਦੀ ਅਕਲ ਅਤੇ ਤਜ਼ਰਬਾ ਹੀ ਸ਼ਾਮਲ ਨਹੀਂ ਹੁੰਦਾ ਬਲਕਿ ਉਸ ਕੌਮ ਦਾ ਸੁਭਾਅ ਚਿਤਰਿਆ ਹੁੰਦਾ ਹੈ। ਇਹ ਤਿਉਹਾਰ ਸਾਡੀ ਸਾਂਝੀ ਵਰਤੋਂ ਵਿਹਾਰ ਅਤੇ ਸਰਭ ਸਾਂਝ ਦਾ ਨਮੂਨਾ ਹਨ। ਇਨ੍ਹਾਂ ਰਾਹੀਂ ਲੋਕ ਪ੍ਰਤਿਭਾ ਨਿਖਰਦੀ ਹੈ, ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਤਿੱਥ ਤਿਉਹਾਰਾਂ ਨਾਲ ਸਾਡਾ ਅੰਦਰਲਾ ਖਿੜਦਾ ਹੈ, ਜੀਵਨ ਮਹਿਕਦਾ ਹੈ, ਸੁਆਦ ਜਾਗਦਾ ਹੈ, ਸਮਾਜ ਵਿੱਚ ਰੰਗੀਨੀ ਆਉਂਦੀ ਹੈ, ਨਵੀਂ ਸ਼ਕਤੀ ਉੱਭਰਦੀਹੈ, ਨਵੇਂ ਸੰਕਲਪ ਜਾਗਦੇ ਹਨ। ਜੇਕਰ ਇਹ ਤਿਉਹਾਰ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਯਕੀਨਣ ਹੁਣ ਵਰਗਾ ਖੁੱਲ੍ਹ ਦਿਲਾ ਤੇ ਰੰਗੀਨ ਨਾ ਹੁੰਦਾ|
ਇਹ ਤਿਉਹਾਰ ਸਾਡਾ ਸਾਂਝਾ ਪਿੜ ਹਨ— ਇੱਕ-ਦੂਜੇ ਨਾਲ ਮਿਲ ਬੈਠਣ ਦੇ ਪਲ। ਇਨ੍ਹਾਂ ਤਿਉਹਾਰਾਂ ਦਾ ਸੰਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੈ। ਸਾਡੇ ਸਾਫ਼ ਦਿਲਾਂ ਦਾ ਨਿਰੋਲ ਸੱਭਿਆਚਾਰ ਇਨ੍ਹਾਂ ਤਿਉਹਾਰਾਂ ਵਿੱਚੋਂ ਮੂਰਤੀਮਾਨ ਹੁੰਦਾ ਹੈ। ਇੱਥੇ ਰਾਮ ਅਤੇ ਰਹੀਮ ਵਾਲਾ ਫ਼ਰਕ ਮਿਟ ਜਾਂਦਾ ਹੈ ਅਤੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਭਾਈ ਭਾਈ ਲੱਗਣ ਲੱਗ ਪੈਂਦੇ ਹਨ।
ਤਿਉਹਾਰ ਦਾ ਮੁੱਢ
ਖ਼ਾਸ-ਖ਼ਾਸ ਮੌਕਿਆਂ 'ਤੇ ਸਮੂਹਿਕ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਹੀ ਸਮੇਂ ਨਾਲ ਜੀਵਨ ਪ੍ਰਵਾਹ ਦਾ ਅੰਗ ਬਣ ਕੇ ਤਿਉਹਾਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਤਿਉਹਾਰਾਂ ਦਾ ਮੁੱਢ ਹੀ ਮਨੁੱਖ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚੋਂ ਬੱਝਿਆ। ਹੌਲੀ-ਹੌਲੀ ਸਾਰਾ ਸਮਾਜਿਕ, ਧਾਰਮਿਕ ਅਤੇ ਭਾਈਚਾਰਿਕ ਜੀਵਨ ਇਨ੍ਹਾਂ ਦੀ ਲਪੇਟ ਵਿੱਚ ਆ ਗਿਆ। ਤਿਉਹਾਰਾਂ ਦੀ ਕਹਾਣੀ ਬੜੀ ਪੁਰਾਣੀ ਹੈ ਅਤੇ ਇਨ੍ਹਾਂ ਦਾ ਕਾਫ਼ਲਾ ਨਿਰੰਤਰ ਚੱਲਦਾ ਰਹਿੰਦਾ ਹੈ। ਪੰਜਾਬੀਆਂ ਲਈ ਹਰ ਪਲ ਇੱਕ ਪਰਵ ਹੈ ਅਤੇ ਹਰ ਦਿਨ ਇੱਕ ਮੇਲਾ। ਚੰਨ ਸੂਰਜ ਦੇ ਚੱਕਰ ਵਾਂਗ ਇਹ ਤਿਉਹਾਰ ਸਾਡੇ ਲਈ ਨਿੱਤ ਨਵਾਂ ਸੁਪਨਾ ਲੈ ਕੇ ਆਉਂਦੇ ਹਨ।
ਤਿਉਹਾਰਾਂ ਦਾ ਕਾਫ਼ਲਾ
ਪੰਜਾਬ ਦਾ ਨਵਾਂ ਵਰ੍ਹਾ ‘ਚੇਤਰ ਦੀ ਏਕਮ’ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਨਾਲ ਹੀ ਤਿਉਹਾਰਾਂ ਦਾ ਕਾਫ਼ਲਾ ਤੁਰ ਪੈਂਦਾ ਹੈ। ਇਸ ਦਿਨ ਨਵਾਂ ਸੰਮਤ ਮਨਾਇਆ ਜਾਂਦਾ ਹੈ। ਰੁੱਤ ਸੁਆਦਲੀ ਹੁੰਦੀ ਹੈ। ਹਰ ਪਾਸੇ ਬਹਾਰ ਛਾਈ ਹੁੰਦੀ ਹੈ। ਲੋਕ ਕਣਕ ਦੀਆਂ ਬੱਲੀਆਂ (ਸਿੱਟੇ) ਅਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਖਾਂਦੇ ਹਨ। ਇਸ ਨੂੰ ਅੰਨ ਨਵਾਂ ਕਰਨਾ ਕਿਹਾ ਜਾਂਦਾ ਹੈ। ਚੇਤਰ ਦੀ ਅਠਵੀਂ ਨੂੰ ਦੇਵੀ ਦੇ ਉਪਾਸਕ ਕੰਜਕਾਂ ਕਰਦੇ ਹਨ।ਕੰਜ-ਕੁਆਰੀਆਂ ਨੂੰ ਦੇਵੀ- ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ।ਚੇਤਰ ਦੀ ਨੌਵੀਂ ਨੂੰ ‘ਰਾਮ ਨੌਵੀਂ’ ਦਾ ਤਿਉਹਾਰ ਹੁੰਦਾ ਹੈ। ਹਰ ਮਹੀਨੇ ਨਵੇਂ ਮੂੰਹ ਸੰਗਰਾਂਦ ਆਉਂਦੀ ਹੈ। ਸੂਰਜ ਦਾ ਨਵੀਂ ਰਾਸ਼ੀ ਵਿੱਚ ਪੈਰ ਪਾਉਣ ਕਰਕੇ ਇਸ ਸੁੱਚੇ ਦਿਨ ਦਾ ਖ਼ਾਸ ਮਹੱਤਵ ਹੈ। ਚੰਨ ਦੀਆਂ ਤਿੱਥਾਂ ਨਾਲ ਸੰਬੰਧਿਤ ਪਰਵ ਅਤੇ ਇਕਾਦਸ਼ੀਆਂ ਮਨਾਈਆਂ ਜਾਂਦੀਆਂ ਹਨ।
ਮੌਸਮੀ ਤਿਉਹਾਰ
ਕੁਝ ਤਿਉਹਾਰ ਮਨੁੱਖੀ ਮਨ ਦੀ ਕੁਦਰਤ ਨਾਲ ਇੱਕਸੁਰਤਾ ਦੇ ਪ੍ਰਤੀਕ ਹਨ। ਮੌਸਮੀ ਤਿਉਹਾਰ ਰੁੱਤਾਂ ਦੇ ਗੇੜ ਵਿੱਚੋਂ ਪੈਦਾ ਹੁੰਦੇ ਹਨ। ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਪ੍ਰਕਿਰਤਕ ਵਾਤਾਵਰਨ ਨੂੰ ਲਿਆਉਂਦੀ ਹੈ— ਜੀਵਨ ਵਿੱਚ ਨਵਾਂ ਸਾਹਸ ਅਤੇ ਨਵੀਂਆਂ ਉਮੰਗਾਂ ਪੈਦਾ ਕਰਦੀ ਹੈ। ਲੋਹੜੀ, ਮਾਘੀ, ਹੋਲੀ, ਦੀਵਾਲੀ, ਬਸੰਤ, ਤੀਆਂ, ਵਿਸਾਖੀ ਆਦਿ ਇਸੇ ਬਿਰਤੀ ਦੇ ਤਿਉਹਾਰ ਹਨ। ਗੱਲ ਕੀ ਮਹੀਨੇ ਵਿੱਚ ਤੀਹ ਦਿਨ ਪਰ ਇਕੱਤੀ ਤਿਉਹਾਰ ਹਨ।
ਕਣਕ ਦੀ ਬਿਜਾਈ ਤੋਂ ਵਿਹਲੇ ਹੋ ਕੇ ਲੋਕ ਲੋਹੜੀ ਦੀ ਉਡੀਕ ਕਰਦੇ ਹਨ। ਮੌਸਮ ਅਨੁਸਾਰ ਖਾਣ ਅਤੇ ਅੱਗ ਸੇਕਣ ਦਾ ਵਿਸ਼ੇਸ਼ ਮਹੱਤਵ ਹੈ। ਲੋਕ ਧੂਣੀਆਂ ਦੁਆਲੇ ਇੱਕ-ਦੂਜੇ ਨਾਲ ਮਿਲ ਕੇ ਧਮਾਲਾਂ ਪਾਉਂਦੇ ਅਤੇ ਨੱਚਦੇ-ਗਾਉਂਦੇ ਹਨ।
ਤਿਉਹਾਰਾਂ ਦੀ ਸਾਂਝ ਕਾਰਨ ਲੋਕਾਂ ਦਾ ਇੱਕ ਸਾਂਝਾ ਪਿੜ ਬਣ ਜਾਂਦਾ ਹੈ। ਇਸੇ ਸਮੇਂ ਲੋਹੜੀ ਨਾਲ ਮਿਲਦਾ ਤਿਉਹਾਰ ‘ਪਾਂਗਲ` ਦੱਖਣ ਵਿੱਚ ਮਨਾਇਆ ਜਾਂਦਾ ਹੈ। ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਅਥਵਾ ‘ਮਾਘੀ’ ਮਨਾਈ ਜਾਂਦੀ ਹੈ। ਇਸ ਦਿਨ ਤੜਕਸਾਰ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ।
ਸਾਉਣ ਦੇ ਤਿਉਹਾਰ
ਜੇਠ ਹਾੜ੍ਹ ਦੀ ਤਪਸ਼ ਪਿੱਛੋਂ ਸਾਉਣ ਦੀ ਫੁਹਾਰ ਸਵਰਗੀ ਝੂਟੇ ਵਾਂਗ ਆਉਂਦੀ ਹੈ। ਮੁਟਿਆਰਾਂ ਕੁਦਰਤ ਨਾਲ ਇੱਕ-ਰਸ ਹੋ ਕੇ ਗਿੱਧਾ ਪਾਉਂਦੀਆਂ ਹਨ। ਵੰਨ-ਸੁਵੰਨੇ ਪਕਵਾਨ ਖਾਧੇ ਜਾਂਦੇ ਹਨ। ਪਿੱਪਲੀਂ ਪੀਂਘਾਂ ਅਸਮਾਨ ਨੂੰ ਛੂਹਦੀਆਂ ਹਨ। ਸਾਉਣ ਦੀ ਪੂਰਨਮਾਸ਼ੀ ਨੂੰ ਹੀ ‘ਰੱਖੜ ਪੁੰਨਿਆ’ ਦਾ ਤਿਉਹਾਰ ਹੁੰਦਾ ਹੈ। ਸਾਡੇ ਸੱਭਿਆਚਾਰ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ। ਭੈਣ-ਭਰਾ ਦੇ ਪਿਆਰ ਦਾ ਰਿਸ਼ਤਾ ਉਂਞ ਵੀ ਸਾਡੇ ਸਮਾਜ ਵਿੱਚ ਬੜਾ ਪਵਿੱਤਰ ਰਿਸ਼ਤਾ ਹੈ।‘ਵੀਰ’ ਜਾਂ ‘ਵੀਰਾ’ ਸ਼ਬਦ ਦਾ ਅਰਥ ਬੀਰਤਾ ਨਾਲ ਭੈਣ ਖ਼ਾਤਰ ਲੜਨ ਵਾਲਾ ਯੋਧਾ ਹੈ। ਪ੍ਰਾਚੀਨ ਸਮੇਂ ਵਿੱਚ ਲੜਾਈ ਸਮੇਂ ਭੈਣਾਂ ਭਰਾਵਾਂ ਦੇ ਹੱਥੀਂ ਗਾਨੇ ਬੰਨ੍ਹ ਦੇਂਦੀਆਂ ਸਨ ਤਾਂ ਕਿ ਉਹ ਰਣ ਭੂਮੀ ਵਿੱਚ ਬੀਰਤਾ ਨਾਲ ਲੜਨ। ਇਹ ਤਿਉਹਾਰ ਪ੍ਰਾਚੀਨ ਸਮੇਂ ਤੋਂ ਚਲਿਆ ਆ ਰਿਹਾ
ਲੌਕਿਕ ਸੁਭਾਅ
ਇਨ੍ਹਾਂ ਤੋਂ ਇਲਾਵਾ ਸਾਡੇ ਬਹੁਤ ਸਾਰੇ ਹੋਰ ਤਿਉਹਾਰ ਹਨ ਜਿਵੇਂ ਦੀਵਾਲੀ, ਹੋਲੀ, ਗੁੱਗਾ ਨੌਵੀਂ, ਬਸੰਤ ਆਦਿ। ਇਨ੍ਹਾਂ ਸਾਰੇ ਤਿਉਹਾਰਾਂ ਦਾ ਸੁਭਾਅ ਲੌਕਿਕ ਹੈ। ਲੋਕ ਮਨ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਕੋਈ ਤਿਉਹਾਰ ਕਿਸ ਮਜ਼੍ਹਬ ਦਾ ਹੈ। ਇਹ ਤਿਉਹਾਰ ਸਾਡੀ ਸਾਂਝੀ ਵਿਰਾਸਤ ਹਨ। ਇਨ੍ਹਾਂ ਵਿਚਲੇ ਪਿੜ ਸਾਂਝੇ ਹਨ, ਹਾਣੀ ਸਾਂਝੇ ਹਨ। ਰਲ ਬੈਠਣ, ਰਲ ਕੇ ਖਾਣ, ਇੱਕ-ਦੂਜੇ ਦੇ ਕੰਮ ਆਉਣ, ਦੂਸਰੇ ਦੇ ਜਜ਼ਬਾਤ ਦੀ ਕਦਰ ਕਰਨ ਦੀ ਭਾਵਨਾ ਇਨ੍ਹਾਂ ਤਿਉਹਾਰਾਂ ਦਾ ਸੰਦੇਸ ਹੈ।
ਸਾਰਾਂਸ਼
ਸਮਾਂ ਬਦਲਦਾ ਹੈ— ਸਮਾਜ ਬਦਲ ਜਾਂਦਾ ਹੈ— ਸਮਾਜਿਕ ਕਦਰਾਂ-ਕੀਮਤਾਂ ਬਦਲ ਜਾਂਦੀਆਂ ਹਨ ਰਸਮੋਂ-ਰਿਵਾਜ ਬਦਲ ਜਾਂਦੇ ਹਨ— ਲੋੜਾਂ ਬਦਲਦੀਆਂ ਹਨ— ਮਨੋਰੰਜਨ ਦੇ ਸਾਧਨ ਬਦਲ ਜਾਂਦੇ ਹਨ ਇੱਥੋਂ ਤੱਕ ਕਿ ਜੀਵਨ ਦੀ ਰਦੋਬਦਲ ਨਾਲ ਤਿਉਹਾਰ ਵੀ ਬਦਲ ਜਾਂਦੇ ਹਨ— ਪਰ ਇਨ੍ਹਾਂ ਤਿਉਹਾਰਾਂ ਨਾਲ ਜੁੜੀ ਸਾਡੀ ਸਾਂਝ ਕੁਝ ਹੱਦ ਤੱਕ ਬਣੀ ਰਹਿੰਦੀ ਹੈ। ਇਸ ਸਾਂਝ ਨੂੰ ਵੇਖ ਕੇ ਮਨ ਆਪ-ਮੁਹਾਰੇ ਕਹਿ ਉੱਠਦਾ ਹੈ— ਸਾਰਾ ਹਿੰਦੁਸਤਾਨ ਇੱਕ ਹੈ— ਸਾਡੇ ਜੀਵਨ ਅਤੇ ਸੱਭਿਆਚਾਰ ਵਿੱਚ ਇੱਕ ਅਤੁੱਟ ਸਾਂਝ ਹੈ। ਸਾਡੇ ਦੁੱਖ ਸਾਂਝੇ ਹਨ— ਸਾਡੇ ਸੁੱਖ ਸਾਂਝੇ ਹਨ। ਭੂਗੋਲਿਕ ਅਤੇ ਰਾਜਨੀਤਿਕ ਝਗੜਿਆਂ ਦੇ ਹੁੰਦੇ ਹੋਏ ਵੀ ਸਾਡੇ ਵਿੱਚ ਇੱਕ ਜੀਵਨ ਰੌਂ ਰੁਮਕਦੀ ਹੈ। ਸਾਡੇ ਤਿਉਹਾਰ ਸੁਰਜੀਤ ਹਨ, ਸੁਰਜੀਤ ਰਹਿਣਗੇ। ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਵਿਚਲੇ ਮਹੱਤਵ ਨੂੰ ਪਹਿਚਾਣਿਆ ਜਾਵੇ।
0 Comments