ਪੰਜਾਬੀ ਲੇਖ "ਦਾਜ: ਇੱਕ ਸਮੱਸਿਆ" 800 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ  "ਦਾਜ: ਇੱਕ ਸਮੱਸਿਆ"



ਭੂਮਿਕਾ

ਸਾਡੇ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਦਾਜ ਬਣੀ ਰਹੀ ਹੈ ਤੇ ਅੱਜ ਵੀ ਹੈ। ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਕੁੜੀ ਨੂੰ ਵਿਆਹ ਕੇ ਮਰਦ ਆਪਣੇ ਘਰ ਲਿਆਉਂਦਾ ਹੈ। ਇਕੱਲੀ ਕੁੜੀ ਹੀ ਨਹੀਂ ਆਉਂਦੀ ਉਸ ਦੇ ਨਾਲ ਉਸ ਦੇ ਮਾਪਿਆਂ ਤੋਂ ਧਨ-ਦੌਲਤ, ਗਹਿਣੇ, ਕੱਪੜੇ ਅਤੇ ਘਰ ਗ੍ਰਹਿਸਥੀ ਵਿੱਚ ਕੰਮ ਆਉਣ ਵਾਲੀਆਂ ਅਨੇਕਾਂ ਦੂਸਰੀਆਂ ਵਸਤਾਂ ਵੀ ਆਉਂਦੀਆਂ ਹਨ। ਮਾਪੇ ਇਹ ਵਸਤਾਂ ਆਪਣੀ ਸਮਰੱਥਾ ਅਨੁਸਾਰ ਧੀ ਨੂੰ ਦੇਂਦੇ ਆ ਰਹੇ ਹਨ। ਇਸ ਨੂੰ ਸਨੇਹ ਭਰੀ ਪਵਿੱਤਰ ਰਸਮ ਮੰਨਿਆ ਜਾਂਦਾ ਸੀ।


ਲੋਕਾਂ ਵਿੱਚ ਵਧਦਾ ਲਾਲਚ

ਸਮਾਂ ਬੀਤਣ ਨਾਲ ਇਹ ਸਨੇਹ-ਪਿਆਰ ਦੀ ਰਸਮ ਸਰਾਪ ਬਣ ਗਈ ਹੈ। ਲੋਕਾਂ ਵਿੱਚ ਵਧਦਾ ਪਦਾਰਥਕ ਮੋਹ, ਲਾਲਚ ਅਤੇ ਅਮੀਰ ਬਣਨ ਦੀ ਲਾਲਸਾ ਕਾਰਨ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਵੱਧ ਤੋਂ ਵੱਧ ਵਿਆਹ ਦੇ ਸਮੇਂ ਸਗੋਂ ਵਿਆਹ ਉਪਰੰਤ ਵੀ ਮੰਗਾਂ ਜਾਰੀ ਰਹਿਣ ਲੱਗੀਆਂ।ਮੰਗਾਂ ਪੂਰੀਆਂ ਨਾ ਹੋਣ ਦੀ ਸਥਿਤੀ ਵਿੱਚ ਧਨ-ਦੌਲਤ ਦੀ ਆਸ ਲਾਉਣ ਲੱਗ ਪਏ ਤੇ ਫਿਰ ਹੌਲੀ-ਹੌਲੀ ਮੂੰਹ ਪਾੜ ਕੇ ਦਾਜ ਦੀ ਮੰਗ ਹੋਣ ਲਗ ਪਈ। ਨਾ ਕੇਵਲ ਕੁੜੀ ਨੂੰ ਤੇ ਅਸਿੱਧੇ ਰੂਪ ਵਿੱਚ ਉਸ ਦੇ ਮਾਪਿਆਂ ਨੂੰ ਵੀ ਤੰਗ ਕੀਤਾ ਜਾਂਦਾ। ਇੱਥੇ ਹੀ ਬੱਸ ਨਹੀਂ ਇਸ ਮਜਬੂਰੀ ਨੇ ਕੁੜੀਆਂ ਨੂੰ ਆਤਮ-ਹੱਤਿਆ ਲਈ ਮਜਬੂਰ ਕੀਤਾ। ਕਈ ਥਾਈਂ ਸਹੁਰਿਆਂ ਵੱਲੋਂ ਕੁੜੀਆਂ ਨੂੰ ਮਾਰਨ-ਕੁੱਟਣ ਜਾਂ ਜਿਉਂਦਿਆਂ ਸਾੜ ਦੇਣ ਦੀਆਂ ਵਾਰਦਾਤਾਂ ਰੋਜ਼ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਲੱਗ ਪਈਆਂ। 


ਮਨੁੱਖ ਦੁਆਰਾ ਹੈਵਾਨ ਬਣਨਾ

ਪਦਾਰਥਕ ਸੁੱਖ-ਸਹੂਲਤਾਂ ਦੇ ਲੋਭ ਨੇ ਮਨੁੱਖ ਨੂੰ ਹੈਵਾਨ ਬਣਾ ਦਿੱਤਾ। ਪੜ੍ਹੀਆਂ- ਲਿਖੀਆਂ ਸੂਝਵਾਨ ਕੁੜੀਆਂ ਦੀ ਕਦਰ ਦਾ ਮਾਪ-ਦੰਡ ਦਾਜ ਬਣ ਗਿਆ। ਮਾਪਿਆਂ ਲਈ ਧੀਆਂ ਖ਼ੁਸ਼ੀ ਦਾ ਨਹੀਂ ਬੋਝ ਦਾ ਕਾਰਨ ਬਣਨ ਲੱਗੀਆਂ ਤਾਂ ਭਰੂਣ ਹੱਤਿਆ ਵਰਗੇ ਕੁਕਰਮ ਸ਼ੁਰੂ ਹੋ ਗਏ। ਗ਼ਰੀਬ ਮਾਪੇ ਕਾਰਾਂ-ਕੋਠੀਆਂ ਵਰਗੀਆਂ ਸੁਗਾਤਾਂ ਦੀ ਮੰਗ ਪੂਰੀ ਨਾ ਕਰਦੇ ਹੋਏ ਕਈ ਵਾਰ ਆਪ ਵੀ ਅਣਆਈ ਮਰ ਜਾਂਦੇ। ਜੇ ਕੋਈ ਕੁੜੀ ਜਾਂ ਉਸ ਦੇ ਮਾਪੇ ਇਸ ਪੱਖੋਂ ਬਚ ਜਾਂਦੇ, ਉਨ੍ਹਾਂ ਨੂੰ ਅਦਾਲਤਾਂ ਵਿੱਚ ਘਸੀਟਿਆ ਜਾਣ ਲੱਗਾ। ਤਲਾਕ ਦੇ ਮੁਕੱਦਮਿਆਂ ਦੀਆਂ ਕਤਾਰਾਂ ਲੱਗ ਗਈਆਂ। ਇਨ੍ਹਾਂ ਪਿੱਛੇ ਦਿਸਦੇ ਕਾਰਨ ਜੋ ਮਰਜ਼ੀ ਹੋਣ ਪਰ ਅਸਲ ਕਾਰਨ ਦਾਜ ਹੀ ਹੈ। ਜੇ ਕੁੜੀ ਘੱਟ ਦਾਜ ਲੈ ਕੇ ਆਵੇ ਤਾਂ ਝਗੜਾ ਸੁਭਾਵਿਕ ਹੈ ਪਰ ਜਦ ਕੋਈ ਕੁੜੀ ਆਪਣੇ ਸਹੁਰਿਆਂ ਦੀ ਹੈਸੀਅਤ ਤੋਂ ਵੱਧ ਦਾਜ ਲੈ ਕੇ ਆਵੇ ਝਗੜਾ ਤਾਂ ਵੀ ਰਹਿੰਦਾ ਹੈ।ਵੱਧ ਦਾਜ ਲਿਆਈ ਕੁੜੀ ਆਪਣੇ ਸਹੁਰਿਆਂ ਦਾ ਰੋਹਬ ਸਹਿਣ ਤੋਂ ਇਨਕਾਰੀ ਹੋ ਜਾਂਦੀ ਹੈ। ਹੌਲੀ-ਹੌਲੀ ਇਹ ਖਿੱਚੋਤਾਣ ਅਦਾਲਤ ਜਾ ਪਹੁੰਚਦੀ ਹੈ। ਅਦਾਲਤਾਂ ਵਿੱਚ ਫ਼ੈਸਲੇ ਉਡੀਕਦੀਆਂ ਕੁੜੀਆਂ ਤੇ ਮੁੰਡਿਆਂ ਦੀ ਉਮਰ ਢਲਣ ਲੱਗਦੀ ਹੈ। ਨਤੀਜੇ ਵਜੋਂ ਕਈ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ ਤੇ ਮੂਲ ਕਾਰਨ ਹੈ ਦਾਜ।


ਵਿੱਦਿਆ ਦੀ ਥਾਂ ਦਾਜ ਨੂੰ ਅਹਿਮੀਅਤ

ਕੁੜੀਆਂ ਦੀ ਇੱਛਾ ਸੀ “ਵਿੱਦਿਆ ਪੜ੍ਹਾ ਦੇ ਬਾਬਲਾ, ਮੈਨੂੰ ਦਈਂ ਨਾ ਦਾਜ ਵਿੱਚ ਗਹਿਣੇ।” ਪਰ ਵਿੱਦਿਆ ਦੇ ਬਾਵਜੂਦ ਗਹਿਣਿਆਂ ਦੀ ਮੰਗ, ਟੈਲੀਵੀਜ਼ਨ, ਫ਼ਰਿੱਜ਼, ਸੋਫ਼ਾ ਸੈੱਟ, ਕਾਰ ਤੇ ਹੋਰ ਕਈ ਰੂਪਾਂ ਵਿੱਚ ਵੱਟ ਗਈ। ਇਸ ਵਿੱਚ ਮੁੱਖ ਕਸੂਰਵਾਰ ਭਾਵੇਂ ਮੁੰਡੇ ਵਾਲੇ ਹਨ ਪਰ ਇਹ ਵੀ ਜ਼ਰੂਰੀ ਨਹੀਂ। ਕਈ ਅਮੀਰ ਮਾਪੇ ਪੈਸੇ ਦੀ ਆੜ ਹੇਠ ਅਮੀਰ ਘਰਾਂ ਵਿੱਚ ਆਪਣੀਆਂ ਕੁੜੀਆਂ ਨੂੰ ਵਿਆਹੁਣ ਦਾ ਯਤਨ ਕਰਦੇ ਹਨ। ਲਾਲਚ ਹੋਰ ਵੱਧ ਜਾਂਦੇ ਹਨ ਤੇ ਨਤੀਜਾ ਉਹੀ ਹੁੰਦਾ ਹੈ— ਤਲਾਕ ਜਾਂ ਮੌਤ।


ਢਿੱਲੇ ਕਾਨੂੰਨ

ਸਾਡੇ ਦੇਸ ਵਿੱਚ ਦਾਜ ਵਿਰੋਧੀ ਕਾਨੂੰਨ ਬਣੇ ਹੋਏ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਆਪ ਹੀ ਉਨ੍ਹਾਂ ਕਾਨੂੰਨਾਂ ਦੀਆਂ ਧੱਜੀਆਂ ਉਡਾ ਦਿੰਦੇ ਹਾਂ। ਵਿਆਹਾਂ ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਸਵਾਲ ਇਹ ਹੈ ਕਿ ਸਮੱਸਿਆ ਹੱਲ ਕਿਵੇਂ ਕੀਤੀ ਜਾਵੇ ? ਕੁੜੀ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ਸਿਰ ਖੜ੍ਹਾ ਕਰਨਾ ਬਹੁਤ ਹੱਦ ਤੀਕ ਸਹੀ ਹੱਲ ਹੈ। ਇਸ ਨਾਲ ਲੜਕੀ 'ਤੇ ਕਿਸੇ ਕਿਸਮ ਦਾ ਦਬਾਅ ਨਹੀਂ ਰਹਿੰਦਾ ਪਰ ਲੜਕੀਆਂ ਲਈ ਰੁਜ਼ਗਾਰ ਕਿਵੇਂ ਮਿਲੇ ? ਇਹ ਵੀ ਸਮੱਸਿਆ ਹੈ। ਪਰ ਦੂਜੇ ਪਾਸੇ ਢਿੱਲੇ ਕਾਨੂੰਨਾਂ ਕਰਕੇ ਕਈ ਲੋਕ ਇਸ ਦਾ ਨਾਜਾਇਜ਼ ਲਾਭ ਵੀ ਉਠਾਉਂਦੇ ਹਨ। ਕਈ ਲੋਕ ਦਾਜ ਦੇ ਝੂਠੇ ਮੁਕੱਦਮੇ ਵੀ ਕਰ ਦਿੰਦੇ ਹਨ। ਜਿਸ ਵਿੱਚ ਕਈ ਬੇਦੋਸ਼ੇ ਲੋਕ ਫਸ ਜਾਂਦੇ ਹਨ। ਸਮੇਂ ਦੀ ਲੋੜ ਹੈ ਕਿ ਸਖ਼ਤ ਕਾਨੂੰਨ ਬਣਾਏ ਜਾਣ ਅਤੇ ਉਹਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ।


ਨਾਰੀ ਜਾਗਰੂਕਤਾ ਦੀ ਲੋੜ

ਸਭ ਤੋਂ ਵੱਧ ਸਾਰਥਿਕ ਸੋਚ ਇਹ ਹੈ ਕਿ ਦਾਜ-ਪ੍ਰਥਾ ਖ਼ਤਮ ਕਰਨ ਲਈ ਨਾਰੀ ਜਾਤੀ ਨੂੰ ਜਾਗਰੂਕ ਹੋਣ ਦੀ ਲੋੜ ਹੈ—ਹਿੰਮਤ ਦੀ ਲੋੜ ਹੈ।ਨੌਜਵਾਨ ਕੁੜੀਆਂ ਵਿੱਚ ਦਾਜ ਵਿਰੁੱਧ ਚੇਤਨਤਾ ਪੈਦਾ ਕਰਨ ਦੀ ਲੋੜ ਹੈ।ਕੁੜੀਆਂ ਜੇ ਇਹ ਨਿਰਨਾ ਕਰ ਲੈਣ ਕਿ ਉਹ ਦਾਜ ਨਾ ਲੈਣ ਵਾਲਿਆਂ ਨਾਲ ਹੀ ਵਿਆਹ ਕਰਨਗੀਆਂ, ਇਸ ਨਾਲ ਸਮਾਜ ਵਿੱਚ ਇੱਕ ਉਚਿਤ ਸੰਦੇਸ਼ ਜਾਵੇਗਾ। ਇਸ ਨਾਲ ਮੁੰਡੇ ਵਾਲਿਆਂ ਨੂੰ ਵੀ ਪਤਾ ਹੋਵੇਗਾ ਕਿ ਦਾਜ ਨਹੀਂ ਆ ਰਿਹਾ। ਸੋ ਉਨ੍ਹਾਂ ਦੀ ਮਾਨਸਿਕਤਾ ਵੀ ਠੀਕ ਹੋ ਜਾਵੇਗੀ ਪਰ ਇਸ ਲਈ ਕੁੜੀਆਂ ਨੂੰ ਪੜ੍ਹ-ਲਿਖ ਕੇ ਪੈਰਾਂ 'ਤੇ ਖੜ੍ਹਾ ਹੋਣਾ ਪਵੇਗਾ। ਸਵੈ-ਨਿਰਭਰ ਕੁੜੀਆਂ ਵਿੱਚ ਆਤਮ-ਵਿਸ਼ਵਾਸ ਹੀ ਵੱਖਰਾ ਹੁੰਦਾ ਹੈ।


ਸਾਰਾਂਸ਼

ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਔਰਤ ਆਦਰਯੋਗ ਸਥਾਨ ਪ੍ਰਾਪਤ ਹੋਵੇ। ਇਹ ਸਥਾਨ ਤਾਂ ਹੀ ਮਿਲੇਗਾ ਜੇ ਉਸ ਵਿੱਚ ਆਤਮ-ਨਿਰਭਰਤਾ ਆਵੇਗੀ, ਆਤਮ-ਵਿਸ਼ਵਾਸ ਆਵੇਗਾ ਤੇ ਉਹ ਜਾਗਰੂਕ ਹੋਵੇਗੀ। ਇਸ ਦੇ ਨਾਲ ਆਪਣੇ-ਆਪ ਇਹ ਨਾਅਰਾ ਕਿ ‘ਦੁਲਹਨ ਹੀ ਦਹੇਜ ਹੈ' ਵਿਹਾਰਿਕ ਰੂਪ ਵਿੱਚ ਲਾਗੂ ਹੋ ਜਾਵੇਗਾ।


Post a Comment

0 Comments