ਪੰਜਾਬੀ ਲੇਖ "ਬੇਰੁਜ਼ਗਾਰੀ" 800 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ  "ਬੇਰੁਜ਼ਗਾਰੀ"


 


ਵਾਹ ਨੀ ਬੇਰੁਜ਼ਗਾਰੀਏ,

ਤਪਦਿਕ ਦੀਏ ਬਿਮਾਰੀਏ,

ਕਾਹਨੂੰ ਬਣਾਇਆ ਈ ਸਾਨੂੰ,

ਡਾਕੂ, ਚੋਰ, ਜਵਾਰੀਏ।


ਬੇਰੁਜ਼ਗਾਰੀ ਇੱਕ ਸ਼ਰਾਪ

ਬੇਰੁਜ਼ਗਾਰੀ ਇੱਕ ਸਰਾਪ ਹੈ।ਕਿਸੇ ਦੇਸ ਦੀ ਸੱਭ ਤੋਂ ਵੱਡੀ ਦੁਸ਼ਮਣ ਬੇਰੁਜ਼ਗਾਰੀ ਹੈ। ਇਹ ਵਿਅਕਤੀ ਲਈ ਗ਼ਰੀਬੀ ਦਾ, ਸਮਾਜ ਲਈ ਪਤਨ ਦਾ ਅਤੇ ਦੇਸ ਲਈ ਮਨੁੱਖੀ ਸਾਧਨਾਂ ਦੀ ਹਾਨੀ ਦਾ ਚਿੰਨ੍ਹ ਹੈ।

ਬੇਰੁਜ਼ਗਾਰੀ ਉਨ੍ਹਾਂ ਲੋਕਾਂ ਉੱਤੇ ਭਾਰੀ ਜ਼ੁਲਮ ਹੈ, ਅਨਿਆਂ ਹੈ ਜਿਨ੍ਹਾਂ ਵਿੱਚ ਕੰਮ ਕਰਨ ਦੀ ਯੋਗਤਾ ਅਤੇ ਲਗਨ ਹੈ ਪਰ ਕੰਮ ਨਾ ਮਿਲਨ ਕਾਰਨ ਉਹ ਵਿਹਲੇ ਰਹਿਣ ਲਈ ਮਜਬੂਰ ਹਨ। ਮਜਬੂਰੀ ਉਨ੍ਹਾਂ ਦੀ ਮਨੋਬਿਰਤੀ ਬਦਲ ਦੇਂਦੀ ਹੈ। ਵਿਹਲਾ ਮਨ ਸ਼ੈਤਾਨ ਦਾ ਘਰ' ਹੁੰਦਾ ਹੈ। ਵਿਹਲੇ ਮਨ ਵਿੱਚ ਨਿਰਾਸ਼ਤਾ, ਹਾਰ ਅਤੇ ਗੁੱਸੇ ਵਰਗ ਭਾਵ ਜਨਮ ਲੈਂਦੇ ਹਨ। ਬੇਰੁਜ਼ਗਾਰ ਵਿਅਕਤੀ ਸਮਾਜ ਤੋਂ ਬਾਗੀ ਹੋ ਜਾਂਦੇ ਹਨ।ਲਗਾਤਾਰ ਬੇਕਾਰ ਰਹਿਣ ਵਾਲੇ ਵਿਅਕਤੀ ਵਿੱਚੋਂ ਸਾਰੇ ਸ਼ੌਕ ਮਰ ਜਾਂਦੇ ਹਨ, ਉਤਸ਼ਾਹ ਖ਼ਤਮ ਹੋ ਜਾਂਦਾ ਹੈ, ਉਹ ਆਪਣੇ-ਆਪ ਨੂੰ ਹੀਣੇ ਸਮਝਣ ਲਗ ਪੈਂਦੇ ਹਨ, ਨਿਕੰਮੇ ਹੋ ਜਾਂਦੇ ਹਨ।


 ਸਿਆਣਿਆਂ ਨੇ ਸੱਚ ਕਿਹਾ ਹੈ-‘ਬੇਕਾਰ ਨਾਲੋਂ ਬੇਗਾਰ ਭਲੀ।' ਅਰਥਾਤ ਵਿਹਲੇ ਰਹਿਣ ਨਾਲੋਂ ਤਾਂ ਕਿਸੇ ਐਸੇ ਕੰਮ ਵਿੱਚ ਲੱਗ ਜਾਣਾ ਚੰਗਾ ਹੈ ਜਿਸ ਕੰਮ ਵਿੱਚੋਂ ਕੁਝ ਵੀ ਪ੍ਰਾਪਤ ਨਾ ਹੋਵੇ।


ਕਿਸਮਾਂ

ਪਹਿਲੀ ਕਿਸਮ ਦੇ ਬੇਰੁਜ਼ਗਾਰ ਪੜ੍ਹੇ-ਲਿਖੇ ਵਿਅਕਤੀ ਹਨ।ਯੂਨੀਵਰਸਿਟੀਆਂ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਉਹ ਥਾਂ-ਥਾਂ ਰੁਲਣ ਲਈ ਮਜਬੂਰ ਹਨ :

“ਕਰਕੇ ਸੋਲਾਂ ਸਾਲ ਪੜ੍ਹਾਈ

ਬੇਰੁਜ਼ਗਾਰੀ ਪੱਲੇ ਪਾਈ।”

ਇਸ ਵਰਗ ਵਿੱਚ ਹੁਨਰਮੰਦ ਵਿਹਲੜਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਦੂਸਰੇ, ਅਨਪੜ੍ਹ ਹੋਣ ਕਰਕੇ ਬੇਕਾਰ ਹਨ। ਕੁਝ ਅਸਥਾਈ ਰੂਪ ਵਿੱਚ ਬੇਰੁਜ਼ਗਾਰ ਹਨ। ਕੁਝ ਅਰਧ ਬੇਰੁਜ਼ਗਾਰ ਹਨ।


ਵਿਸ਼ਵ ਵਿਆਪੀ ਸਮੱਸਿਆ

ਬੇਰੁਜ਼ਗਾਰੀ ਵਿਸ਼ਵ ਵਿਆਪੀ ਬਿਮਾਰੀ ਹੈ। ਭਾਰਤ ਹੀ ਨਹੀਂ ਬਲਕਿ ਸਾਰੇ ਪੂੰਜੀਪਤੀ ਦੇਸ ਵੀ ਇਸ ਦੀ ਲਪੇਟ ਵਿੱਚ ਆਏ ਹੋਏ ਹਨ। ਭਾਰਤ ਵਰਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰੀ ਬੈਠੀ ਹੈ। 1956 ਵਿੱਚ ਭਾਰਤ ਵਿੱਚ ਇਹ ਗਿਣਤੀ 53 ਲੱਖ ਸੀ, 1997 ਵਿੱਚ ਇਹ ਗਿਣਤੀ ਵੱਧ ਕੇ ਇੱਕ ਕਰੋੜ ਅੱਸੀ ਲੱਖ ਹੋ ਗਈ। 2004-2005 ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵੱਧ ਕੇ ਤਿੰਨ ਕਰੋੜ ਸਨਤਾਲੀ ਲੱਖ ਹੋ ਗਈ ਜੋ 2009 ਵਿੱਚ ਵੱਧ ਕੇ ਚਾਰ ਕਰੋੜ ਤੱਕ ਪਹੁੰਚ ਗਈ। ਇਸ ਪ੍ਰਕਾਰ ਪਿਛਲੇ ਕੁਝ ਸਾਲਾਂ ਵਿੱਚ ਬੇਰੁਜ਼ਗਾਰੀ ਨੇ ਸਾਰੇ ਹੱਦਾਂ ਬੰਨੇ ਤੋੜ ਦਿੱਤੇ ਹਨ। ਸਰਕਾਰ ਦੇ ਸਾਰੇ ਹੀਲੇ ਵਸੀਲੇ ਕਰਨ ਦੇ ਬਾਵਜੂਦ ਬੇਰੁਜ਼ਗਾਰੀ ਘਟਣ ਦਾ ਨਾਂ ਨਹੀਂ ਲੈਂਦੀ।


ਕਾਰਨ ਵਧਦੀ ਜਨਸੰਖਿਆ

ਵਧਦੀ ਹੋਈ ਜਨਸੰਖਿਆ ਸਾਡੀ ਬੇਰੁਜ਼ਗਾਰੀ ਦਾ ਵੱਡਾ ਕਾਰਨ ਹੈ। ਸਾਡੀ ਜਨਸੰਖਿਆ ਵਿਸ਼ੇਸ਼ ਰੂਪ ਵਿੱਚ 1951 ਤੋਂ ਬਾਅਦ ਬਹੁਤ ਹੀ ਤੇਜ਼ ਰਫ਼ਤਾਰ ਨਾਲ ਵੱਧ ਰਹੀ ਹੈ। 1951 ਵਿੱਚ ਭਾਰਤ ਦੀ ਕੁੱਲ ਆਬਾਦੀ 36.11 ਕਰੋੜ ਸੀ ਜੋ 2001 ਵਿੱਚ 102.90 ਕਰੋੜ ਹੋ ਗਈ ਅਤੇ 2011 ਦੀ ਜਣਗਣਨਾ ਦੇ ਜਾਰੀ ਅੰਕੜਿਆਂ ਅਨੁਸਾਰ ਇਹ ਵੱਧ ਕੇ 121 ਕਰੋੜ ਹੋ ਗਈ ਹੈ।ਮੌਜੂਦਾ ਸਮੇਂ ਇਹ ਲਗਪਗ 135 ਕਰੋੜ ਹੈ। ਭਾਵੇਂ ਭਾਰਤ ਵਿੱਚ ਉਦਯੋਗਾਂ ਦਾ ਵਿਸਤਾਰ ਵੀ ਹੋਇਆ ਹੈ। ਪਰੰਤੂ ਰੁਜ਼ਗਾਰ ਦੇ ਵਸੀਲਿਆਂ ਨਾਲੋਂ ਕਿਤੇ ਵਧੇਰੇ ਰਫ਼ਤਾਰ ਨਾਲ ਅਬਾਦੀ ਵਿੱਚ ਵਾਧਾ ਹੋਇਆ ਹੈ। ਘਰੇਲੂ ਉਦਯੋਗਾਂ ਦੇ ਘਟਣ ਨਾਲ ਰੁਜ਼ਗਾਰ ਦੇ ਵਸੀਲੇ ਵੀ ਘੱਟ ਗਏ ਹਨ। ਲਘੂ ਉਦਯੋਗ ਮਜ਼ਦੂਰ ਪ੍ਰਧਾਨ ਹੁੰਦੇ ਹਨ, ਉਨ੍ਹਾਂ ਦਾ ਪੂਰਾ ਵਿਕਾਸ ਨਹੀਂ ਹੋ ਸਕਿਆ।


ਮਸ਼ੀਨੀਕਰਨ

ਬੇਰੁਜ਼ਗਾਰੀ ਦਾ ਇੱਕ ਕਾਰਨ ਆਧੁਨਿਕ ਸਮੇਂ ਹੋਇਆ ਮਸ਼ੀਨੀਕਰਨ ਹੈ। ਖੇਤੀ ਖੇਤਰ ਵਿੱਚ ਟਰੈਕਟਰ, ਹਾਰਵੈਸਟਰ ਵਰਗੀਆਂ ਮਸ਼ੀਨਾਂ ਆ ਗਈਆਂ ਹਨ। ਦੂਸਰੇ ਖੇਤਰਾਂ ਵਿੱਚ ਵੀ ਨਵੀਂ ਤਕਨਾਲੋਜੀ, ਨਵੀਂ ਮਸ਼ੀਨਰੀ ਆ ਗਈ ਹੈ। ਰਹਿੰਦੀ ਕਸਰ ਕੰਪਿਊਟਰ ਨੇ ਪੂਰੀ ਕਰ ਦਿੱਤੀ ਹੈ। ਨਤੀਜੇ ਵਜੋਂ ਕੰਮ ਮਸ਼ੀਨਾਂ ਕਰਨ ਲੱਗ ਪਈਆਂ ਹਨ ਤੇ ਬੇ- ਰੁਜ਼ਗਾਰੀ ਵਿੱਚ ਵੱਡਾ ਵਾਧਾ ਹੋ ਰਿਹਾ ਹੈ।


ਦੋਸ਼ਪੂਰਨ ਵਿੱਦਿਆ ਪ੍ਰਨਾਲੀ

ਬੇਰੁਜ਼ਗਾਰੀ ਦਾ ਇੱਕ ਮੁੱਖ ਕਾਰਨ ਸਾਡੀ ਦੋਸ਼ਪੂਰਨ ਵਿੱਦਿਆ ਪ੍ਰਨਾਲੀ ਹੈ। ਇਹ ਪ੍ਰਨਾਲੀ ਕੇਵਲ ਕਲਮ ਦੇ ਕਾਰੀਗਰ ਅਰਥਾਤ ਕਲਰਕ ਪੈਦਾ ਕਰਨ ਤੱਕ ਠੀਕ ਹੈ। ਕਿਤਾਬੀ ਗਿਆਨ ਤੋਂ ਬਿਨਾਂ ਇਸ ਵਿੱਚ ਕੁਝ ਵੀ ਨਹੀਂ।ਰੋਜ਼ੀ ਕਮਾਊ ਕਿੱਤੇ ਚਲਾਉਣ ਲਈ ਵਿਹਾਰਿਕ ਗਿਆਨ ਦੀ ਲੋੜ ਹੈ। ਸਾਡੀ ਸਿੱਖਿਆ ਪੇਸ਼ਾਵਰ ਟਰੇਨਿੰਗ (Vocational Training) ਨਹੀਂ ਦੇਂਦੀ। ਪੜ੍ਹਦੇ ਸਾਰ ਅਸੀਂ ਸਰਕਾਰੀ ਨੌਕਰੀਆਂ ਵੱਲ ਭੱਜਦੇ ਹਾਂ। ਸਵੈ  ਰੁਜ਼ਗਾਰ ਵੱਲ ਸਾਡਾ ਬਿਲਕੁਲ ਧਿਆਨ ਨਹੀਂ। ਨਤੀਜੇ ਵਜੋਂ ਬੇ-ਰੁਜ਼ਗਾਰੀ ਵਿੱਚ ਸੁਧਾਰ ਹੋਣ ਦੀ ਥਾਂ ਵਾਧਾ ਹੋ ਰਿਹਾ ਹੈ। ਉਂਞ ਵੀ ਭਾਰਤੀ ਮਜ਼ਦੂਰ ਵਿੱਚ ਗਤੀਸ਼ੀਲਤਾ ਦੀ ਕਮੀ ਹੈ। ਉਹ ਆਪਣਾ ਖੇਤਰ, ਆਪਣਾ ਕਿੱਤਾ, ਆਪਣਾ ਚੌਗਿਰਦਾ ਛੱਡਣ ਲਈ ਤਿਆਰ ਨਹੀਂ। ਕੁਝ ਥਾਵਾਂ 'ਤੇ ਵਧੇਰੇ ਨੌਕਰੀਆਂ ਹਨ, ਰੁਜ਼ਗਾਰ ਦੀਆਂ ਸਹੂਲਤਾਂ ਹਨ ਪਰ ਭਾਰਤੀ ਮਜ਼ਦੂਰ ਗਤੀਹੀਣ ਹੋਣ ਕਾਰਨ ਬੇਰੁਜ਼ਗਾਰੀ ਸਹਿਣ ਕਰ ਰਿਹਾ ਹੈ। 


ਹੱਲ

ਕੋਈ ਵੀ ਸਮੱਸਿਆ ਐਸੀ ਨਹੀਂ ਹੁੰਦੀ ਜਿਸ ਦਾ ਹੱਲ ਨਾ ਹੋਵੇ। ਸਭ ਤੋਂ ਪਹਿਲਾਂ ਤੇਜ਼ੀ ਨਾਲ ਹੋ ਰਿਹਾ ਅਬਾਦੀ ਦਾ ਵਾਧਾ ਪ੍ਰਭਾਵਸ਼ਾਲੀ ਢੰਗਾਂ ਨਾਲ ਰੋਕਿਆ ਜਾਵੇ। ਖੇਤੀ-ਬਾੜੀ ਅਤੇ ਉਦਯੋਗਾਂ ਦੇ ਵਿਕਾਸ ਲਈ ਭਰਪੂਰ ਯਤਨ ਕੀਤੇ ਜਾਣ। ਸਿੱਖਿਆ ਪ੍ਰਨਾਲੀ ਵਿੱਚ ਵੱਡੇ ਪੱਧਰ 'ਤੇ ਸੁਧਾਰ ਦੀ ਲੋੜ ਹੈ। ਪੇਸ਼ਾਵਰ ਸਿਖਲਾਈ ਨੂੰ ਨਵੀਂ ਸਿੱਖਿਆ ਪ੍ਰਨਾਲੀ ਵਿੱਚ ਲਿਆਂਦਾ ਜਾਵੇ। ਸਿੱਖਿਆ ਨੂੰ ਹਰ ਹੀਲੇ ਰੁਜ਼ਗਾਰ ਨਾਲ ਸੰਬੰਧਿਤ ਕੀਤਾ ਜਾਵੇ।ਰੋਜ਼ੀ ਕਮਾਊ ਕਿੱਤੇ ਪਾਠ-ਕ੍ਰਮ ਵਿੱਚ ਸ਼ਾਮਲ ਕੀਤੇ ਜਾਣ। ਰੁਜ਼ਗਾਰ ਕੇਂਦਰ ਖੋਲ੍ਹ ਕੇ ਬੇਰੁਜ਼ਗਾਰਾਂ ਨੂੰ ਉਚਿਤ ਜਾਣਕਾਰੀ ਦਿੱਤੀ ਜਾਵੇ।


ਸੁਝਾਅ

ਸਭ ਤੋਂ ਵਧੇਰੇ ਲੋੜ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਹੈ। ਬੈਂਕਾਂ ਰਾਹੀਂ ਸਹਾਇਤਾ ਕਰਕੇ ਜਾਂ ਹੋਰ ਸਹੂਲਤਾਂ ਦੇ ਕੇ ਸਰਕਾਰ ਇਨ੍ਹਾਂ ਨੂੰ ਉਤਸ਼ਾਹਿਤ ਕਰੇ। ਸ਼ਹਿਦ ਦੀਆਂ ਮੱਖੀਆਂ ਪਾਲਣਾ, ਮੱਛੀਆਂ, ਮੱਝਾਂ, ਸੂਰ, ਫੂਡ ਪ੍ਰੋਸੈਸਿੰਗ, ਜੁੱਤੇ, ਕੱਪੜੇ, ਪਲਾਸਟਿਕ ਆਦਿ ਕਈ ਕਿੱਤੇ ਸਵੈ-ਰੁਜ਼ਗਾਰ ਲਈ ਚਾਲੂ ਕੀਤੇ ਜਾ ਸਕਦੇ ਹਨ। ਹਸਤ ਕਲਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਕਿੱਤਾ ਚੋਣ ਵਿੱਚ ਸੁਤੰਤਰਤਾ ਦਿੱਤੀ ਜਾਵੇ। ਬੇਰੁਜ਼ਗਾਰਾਂ ਦੀ ਗਤੀਸ਼ੀਲਤਾ ਵਧਾਈ ਜਾਵੇ। ਜਿੱਥੇ ਵਧੇਰੇ ਮੌਕੇ ਹਨ ਉੱਥੇ ਪਹੁੰਚਾਉਣ ਵਿੱਚ ਉਨ੍ਹਾਂ ਨੂੰ ਮਦਦ ਦਿੱਤੀ ਜਾਵੇ, ਉਤਸ਼ਾਹਿਤ ਕੀਤਾ ਜਾਵੇ।

ਇਸ ਤੋਂ ਇਲਾਵਾ ਲੋਕਾਂ ਦੇ ਮਨਾਂ ਵਿੱਚ ਕੰਮ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕੀਤੀ ਜਾਵੇ | ਬੇਰੁਜ਼ਗਾਰੀ ਕਿਸੇ ਸਮਾਜ ਨੂੰ ਨਰਕ ਬਣਾ ਦੇਂਦੀ ਹੈ। ਦੇਸ ਦੀ ਖ਼ੁਸ਼ਹਾਲੀ ਅਤੇ ਉੱਨਤੀ ਲਈ ਬੇਰੁਜ਼ਗਾਰੀ ਦਾ ਖ਼ਾਤਮਾ ਜ਼ਰੂਰੀ ਹੈ। ਸਰਕਾਰ ਦੀ ਦਿਆਨਤਦਾਰੀ ਅਤੇ ਲੋਕਾਂ ਦੀ ਜਾਗਰੂਕਤਾ ਅਤੇ ਸਹਿਯੋਗ ਇਸ ਬਿਮਾਰੀ ਦਾ ਇੱਕੋ ਇੱਕ ਹੱਲ ਹੈ।


Post a Comment

0 Comments