80 ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ , Most used Punjabi Idioms of previous years examination.

 

80 ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ

1. ਉਂਗਲਾਂ 'ਤੇ ਨਚਾਉਣਾ (ਆਪਣੇ ਪਿੱਛੇ ਲਾਉਣਾ):– ਕਰਤਾਰੀ ਆਪਣੇ ਪਤੀ ਨੂੰ ਉਂਗਲਾਂ 'ਤੇ ਨਚਾਉਣਾ ਜਾਣਦੀ ਹੈ।

2. ਉੱਘ-ਸੁੱਘ ਮਿਲਣੀ (ਸੂਹ/ਜਾਣਕਾਰੀ ਮਿਲਣੀ, ਪਤਾ ਲੱਗਣਾ):— ਰਜਿੰਦਰ ਦੇ ਮੁੰਡੇ ਨੂੰ ਗੁੰਮ ਹੋਇਆਂ ਇੱਕ ਮਹੀਨਾ ਹੋ ਚੁੱਕਾ ਹੈ ਪਰ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲੀ।

3 . ਉੱਚਾ ਸਾਹ ਨਾ ਕੱਢਣਾ (ਸਹਿਮੇ ਰਹਿਣਾ):-ਬੰਤਾ ਸਿੰਘ ਦਾ ਸੁਭਾਅ ਏਨਾ ਸਖ਼ਤ ਹੈ ਕਿ ਉਸ ਨੂੰ ਦੇਖ ਕੇ ਕੋਈ ਉੱਚਾ ਸਾਹ ਨਹੀਂ ਕੱਢਦਾ।

4. ਉੱਧੜ-ਧੁੰਮੀ ਮਚਾਉਣਾ (ਰੌਲਾ ਪਾਉਣਾ):- ਕਲਾਸ ਵਿੱਚ ਅਧਿਆਪਕ ਨਾ ਹੋਣ ਕਾਰਨ ਬੱਚਿਆਂ ਨੇ ਉੱਧੜ-ਧੁੰਮੀ ਮਚਾਈ ਹੋਈ ਸੀ।

5. ਊਠ ਦੇ ਮੂੰਹ ਵਿੱਚ ਜ਼ੀਰਾ ਦੇਣਾ (ਬਹੁਤਾ ਖਾਣ ਵਾਲੇ ਨੂੰ ਬਹੁਤ ਥੋੜ੍ਹਾ ਦੇਣਾ):— ਦਸ ਰੋਟੀਆਂ ਖਾਣ ਵਾਲੇ ਰਾਜੂ ਨੂੰ ਜਦ ਇੱਕ ਰੋਟੀ ਹੀ ਮਿਲੀ ਤਾਂ ਮੈਨੂੰ ਕਹਿਣਾ ਹੀ ਪਿਆ ਕਿ ਇਹ ਤਾਂ ਊਠ ਦੇ ਮੂੰਹ ਵਿੱਚ ਜ਼ੀਰਾ ਦੇਣ ਵਾਲੀ ਗੱਲ ਹੈ।

6. ਅਸਮਾਨ ਨੂੰ ਟਾਕੀਆਂ ਲਾਉਣੀਆਂ (ਬਹੁਤ ਹੁਸ਼ਿਆਰੀ/ਚਲਾਕੀ ਦਿਖਾਉਣੀ, ਬਹੁਤ ਚੁਸਤੀ ਦੀਆਂ ਗੱਲਾਂ ਕਰਨੀਆਂ) – ਤੇਰਾ ਪੁੱਤਰ ਤਾਂ ਹੁਣੇ ਹੀ ਅਸਮਾਨ ਨੂੰ ਟਾਕੀਆਂ ਲਾਉਂਦਾ ਹੈ। ਵੱਡਾ ਹੋ ਕੇ ਕੀ ਕਰੇਗਾ !

7. ਅੱਕੀਂ ਪਲਾਹੀਂ ਹੱਥ ਮਾਰਨਾ (ਨਿਰਾਸ਼ਾ/ਬੇਵਸੀ ਦੀ ਹਾਲਤ ਵਿੱਚ ਮਾਮੂਲੀ ਆਸਰਾ ਲੱਭਣਾ, ਤਰਲੇ ਲੈਣੇ):— ਪਹਿਲਾਂ ਤਾਂ ਉਸ ਨੇ ਔਖੇ ਸਮੇਂ ਲਈ ਪੈਸੇ ਨਾ ਜੋੜੇ ਪਰ ਹੁਣ ਲੋੜ ਪੈਣ 'ਤੇ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਹੈ।

8. ਅੱਖਾਂ ਅੱਗੇ ਖੋਪੇ ਚਾੜ੍ਹ ਦੇਣੇ (ਮੂਰਖ ਬਣਾ ਦੇਣਾ):— ਮਾੜੀ ਸੰਗਤ ਨੇ ਤਾਂ ਤੇਰੇ ਪੁੱਤਰ ਦੀਆਂ ਅੱਖਾਂ ਅੱਗੇ ਖੋਪੇ ਚਾੜ੍ਹ ਦਿੱਤੇ ਹਨ। ਚੰਗੀ ਮੱਤ ਦਾ ਤਾਂ ਉਸ 'ਤੇ ਕੋਈ ਅਸਰ ਹੀ ਨਹੀਂ ਹੁੰਦਾ।

9. ਅੱਖਾਂ ਉੱਤੇ ਬਿਠਾਉਣਾ (ਬਹੁਤ ਇਜ਼ਤ ਦੇਣੀ):— ਮਹਿਮਾਨਾਂ ਨੂੰ ਅੱਖਾਂ ਉੱਤੇ ਬਿਠਾਉਣਾ ਸਾਡਾ ਫ਼ਰਜ਼ ਹੈ। ਜਾਂ ਘਰ ਆਏ ਮਹਿਮਾਨਾਂ ਨੂੰ ਅੱਖਾਂ 'ਤੇ ਬਿਠਾਉਣਾ ਚਾਹੀਦਾ ਹੈ।

10. ਅੱਲੇ ਫੱਟਾਂ ’ਤੇ ਲੂਣ ਛਿੜਕਣਾ (ਦੁਖੀ ਵਿਅਕਤੀ ਨੂੰ ਹੋਰ ਦੁਖੀ ਕਰਨਾ):— ਜੇਕਰ ਅਸੀਂ ਕਿਸੇ ਦੇ ਜ਼ਖ਼ਮਾਂ 'ਤੇ ਮਲ੍ਹਮ ਨਹੀਂ ਲਗਾ ਸਕਦੇ ਤਾਂ ਸਾਨੂੰ ਕਿਸੇ ਦੇ ਅੱਲੇ ਫੱਟਾਂ 'ਤੇ ਲੂਣ ਵੀ ਨਹੀਂ ਛਿੜਕਣਾ ਚਾਹੀਦਾ।

11. ਆਪਣੇ ਅੱਗੇ ਕੰਡੇ ਬੀਜਣਾ (ਅਜਿਹੇ ਕੰਮ ਕਰਨਾ ਜਿਸ ਦਾ ਸਿੱਟਾ ਮਾੜਾ ਹੋਵੇ):— ਆਪਣੇ ਪੁੱਤਰ ਨੂੰ ਗ਼ਲਤ ਕੰਮਾਂ ਲਈ ਹੱਲਾ-ਸ਼ੇਰੀ ਦੇ ਕੇ ਕਰਤਾਰਾ ਆਪਣੇ ਅੱਗੇ ਕੰਡੇ ਬੀਜ ਰਿਹਾ ਹੈ।

12. ਆਪਣੇ ਤਰਕਸ਼ ਵਿੱਚ ਤੀਰ ਹੋਣਾ (ਆਪਣੇ ਕੋਲ ਹਿੰਮਤ ਜਾਂ ਸਮਰੱਥਾ ਹੋਣੀ):- ਜੇਕਰ ਆਪਣੇ ਤਰਕਸ਼ ਵਿੱਚ ਤੀਰ ਹੋਵੇ ਤਾਂ ਲੋੜ ਵੇਲੇ ਦੂਸਰਿਆਂ ਦੇ ਮੂੰਹ ਵੱਲ ਨਹੀਂ ਦੇਖਣਾ ਪੈਂਦਾ।

13. ਇੱਲ ਦਾ ਨਾਂ ਕੋਕੇ ਵੀ ਨਾ ਆਉਣਾ (ਬਿਲਕੁਲ ਅਨਪੜ੍ਹ ਹੋਣਾ)— ਰਾਮ ਸਿੰਘ ਸਕੂਲ ਦੀ ਕਮੇਟੀ ਦਾ ਤਾਂ ਭਾਵੇਂ ਪ੍ਰਧਾਨ ਹੈ ਪਰ ਉਂਞ ਉਸ ਨੂੰ ਇੱਲ ਦਾ ਨਾਂ ਕੋਕੇ ਵੀ ਨਹੀਂ ਆਉਂਦਾ।

14. ਸੱਠੀ ਦੇ ਚੌਲ ਖਵਾਉਣੇ (ਝਾੜ-ਚੰਬ ਕਰਨੀ)— ਜੇਕਰ ਬੱਚੇ ਕੁਰਾਹੇ ਪੈ ਜਾਣ ਤਾਂ ਉਹਨਾਂ ਨੂੰ ਸੱਠੀ ਦੇ ਚੌਲ ਖਵਾਉਣੇ ਹੀ ਪੈਂਦੇ ਹਨ।

15. ਸਿਰ ਖੁਰਕਣ ਦੀ ਵਿਹਲ ਨਾ ਹੋਣੀ (ਬਹੁਤ ਰੁਝੇਵਾਂ ਹੋਣਾ, ਬਹੁਤੇ ਰੁੱਝੇ ਹੋਣਾ)— ਅੱਜ ਤਾਂ ਮੈਂ ਆਪਣੇ ਕੰਮ ਵਿੱਚ ਸਵੇਰ ਤੋਂ ਸ਼ਾਮ ਤੱਕ ਏਨਾ ਫਸਿਆ ਕਿ ਸਿਰ ਖੁਰਕਣ ਦੀ ਵਿਹਲ ਨਹੀਂ ਮਿਲੀ। ਜਾਂ ਇਮਤਿਹਾਨਾਂ ਦੇ ਦਿਨਾਂ ਵਿੱਚ ਤਾਂ ਵਿਦਿਆਰਥੀਆਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀ।

16. ਸਿਰ ਮੜ੍ਹਣਾ (ਇਲਜ਼ਾਮ ਲਾਉਣਾ, ਗਲ੍ਹ ਪਾਉਣਾ):- ਰਘਬੀਰ ਨੂੰ ਆਪਣੀ ਗ਼ਲਤੀ ਦੂਜੇ ਦੇ ਸਿਰ ਮੜ੍ਹਨ ਦੀ ਆਦਤ ਹੈ।

17. ਹੱਥ ਉੱਤੇ ਹੱਥ ਧਰ ਕੇ ਬਹਿਣਾ (ਵਿਹਲੇ ਬੈਠਣਾ):— ਹੱਥ ਉੱਤੇ ਹੱਥ ਧਰ ਕੇ ਬੈਠਣ ਨਾਲੋਂ ਕੋਈ ਕੰਮ ਕਰੋ।

18. ਹੱਥ ਵਟਾਉਣਾ (ਦੂਜੇ ਦੇ ਕੰਮ ਵਿੱਚ ਮਦਦ ਕਰਨੀ)— ਪਤੀ ਨੂੰ ਆਪਣੀ ਪਤਨੀ ਦੇ ਕੰਮਾਂ ਵਿੱਚ ਵੀ ਹੱਥ ਵਟਾਉਣਾ ਚਾਹੀਦਾ ਹੈ।

19. ਹਵਾ ਦੇ ਘੋੜੇ ਸਵਾਰ ਹੋਣਾ (ਹੈਂਕੜ ਵਿੱਚ ਹੋਣਾ)— ਜਗਮੋਹਨ ਜਦੋਂ ਦਾ ਇਨਸਪੈਕਟਰ ਬਣਿਆ ਹੈ ਉਦੋਂ ਤੋਂ ਹੀ ਹਵਾ ਦੇ ਘੋੜੇ ਸਵਾਰ ਹੋਇਆ ਰਹਿੰਦਾ ਹੈ।

20. ਕਸਵੱਟੀ ਉੱਪਰ ਲਗਾਉਣਾ (ਪਰਖ ਕਰਨੀ):— ਹਰਦਿਆਲ ਹਰ ਔਖੇ ਸਮੇਂ ਮੇਰੀ ਮਦਦ ਲੈਂਦਾ ਰਿਹਾ ਪਰ ਜਦੋਂ ਮੈਂ ਉਸ ਨੂੰ ਆਪਣੀ ਲੋੜ ਦੀ ਕਸਵੱਟੀ 'ਤੇ ਲਗਾਇਆ/ਪਰਖਿਆ ਤਾਂ ਉਸ ਨੇ ਮੂੰਹ ਮੋੜ ਲਿਆ।

21. ਕਣਕ ਨਾਲ ਘੁਣ ਪਿਸਣਾ (ਕਿਸੇ ਕਸੂਰਵਾਰ ਦੇ ਨਾਲ ਲੱਗ ਕੇ ਬੇਕਸੂਰ ਦਾ ਫਸਣਾ):— ਚੋਰੀ ਦੇ ਕੇਸ ਵਿੱਚ ਪੁਲਿਸ ਨੇ ਰਾਜਕੁਮਾਰ ਦੇ ਦੋਸਤ ਜਤਿੰਦਰ ਨੂੰ ਫੜ ਲਿਆ ਭਾਵੇਂ ਕਿ ਉਸ ਦਾ ਕੋਈ ਕਸੂਰ ਨਹੀਂ ਸੀ। ਜਤਿੰਦਰ ਤਾਂ ਵਿਚਾਰਾ ਕਣਕ ਨਾਲ ਘੁਣ ਵਾਂਗ ਪੀਸਿਆ ਗਿਆ।

22. ਕੱਖ ਭੰਨ ਕੇ ਦੂਹਰਾ ਨਾ ਕਰਨਾ (ਕੋਈ ਕੰਮ ਨਾ ਕਰਨਾ):- ਗੁਰਦੇਵ ਦਾ ਨਲਾਇਕ ਪੁੱਤਰ ਸਾਰਾ ਦਿਨ ਕੱਖ ਭੰਨ ਕੇ ਦੂਹਰਾ ਨਹੀਂ ਕਰਦਾ।

23. ਕੱਚ ਤੋਂ ਕੰਚਨ ਬਣਾਉਣਾ (ਗੁਣਹੀਨ ਮਨੁੱਖ ਨੂੰ ਗੁਣਵਾਨ ਬਣਾਉਣਾ):– ਚਾਰ ਵਾਰ ਦਸਵੀਂ ਵਿੱਚੋਂ ਫੇਲ੍ਹ ਹੋਣ ਵਾਲੇ ਰਘਬੀਰ ਨੂੰ ਚੰਗੀ ਮਿਹਨਤ ਕਰਵਾ ਕੇ ਅਤੇ ਪਹਿਲੇ ਦਰਜੇ ਵਿੱਚ ਪਾਸ ਕਰਵਾ ਕੇ ਮਾਸਟਰ ਮੂਲਾ ਸਿੰਘ ਨੇ ਕੱਚ ਤੋਂ ਕੰਚਨ ਬਣਾਉਣ ਵਾਲੀ ਗੱਲ ਕਰ ਵਿਖਾਈ।

24. ਕਲਮ ਦੇ ਧਨੀ ਹੋਣਾ (ਵੱਡੇ ਲੇਖਕ ਹੋਣਾ):— ਗੁਰੂ ਨਾਨਕ ਦੇਵ ਜੀ ਜਿੱਥੇ ਇੱਕ ਸਮਾਜ ਸੁਧਾਰਕ ਸਨ ਉੱਥੇ ਆਪ ਕਲਮ ਦੇ ਧਨੀ ਵੀ ਸਨ।

25 ਕਿਤਾਬੀ ਕੀੜਾ ਹੋਣਾ (ਹਰ ਵੇਲੇ ਕਿਤਾਬਾਂ ਪੜ੍ਹਦੇ ਰਹਿਣਾ):— ਸਾਡੀ ਵਰਤਮਾਨ ਵਿੱਦਿਅਕ ਪ੍ਰਣਾਲੀ ਵਿਦਿਆਰਥੀਆਂ ਨੂੰ ਕਿਤਾਬੀ ਕੀੜੇ ਹੀ ਬਣਾਉਂਦੀ ਹੈ। ਜਾਂ ਸਾਨੂੰ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ ਸਗੋਂ ਆਪਣੀ ਸ਼ਖ਼ਸੀਅਤ ਦੇ ਹੋਰ ਪੱਖਾਂ ਦਾ ਵੀ ਵਿਕਾਸ ਕਰਨਾ ਚਾਹੀਦਾ ਹੈ।

26 . ਕੁੱਜੇ ਵਿੱਚ ਸਮੁੰਦਰ ਬੰਦ ਕਰਨਾ (ਬਹੁਤ ਵੱਡੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿੱਚ ਕਹਿਣਾ)— ਸ਼ੇਖ਼ ਫ਼ਰੀਦ ਜੀ ਨੇ ਆਪਣੇ ਸਲੋਕਾਂ ਵਿੱਚ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ।

27. ਖ਼ਾਕ ਛਾਣਦੇ ਫਿਰਨਾ (ਵਿਹਲੇ ਫਿਰਨਾ):- ਉਹ ਕੰਮ ਤਾਂ ਕੋਈ ਕਰਦਾ ਨਹੀਂ ਸਗੋਂ ਸਾਰਾ ਦਿਨ ਖ਼ਾਕ ਛਾਣਦਾ ਫਿਰਦਾ ਹੈ।

28. ਖੂਹ ਨਿਖੁੱਟ ਜਾਣੇ (ਅਮੀਰ ਤੋਂ ਗ਼ਰੀਬ ਹੋ ਜਾਣਾ, ਸਾਰਾ ਧਨ ਖ਼ਤਮ ਹੋ ਜਾਣਾ):— ਵਿਹਲੇ ਰਹਿਣ ਨਾਲ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ। ਇਸ ਲਈ ਹਮੇਸ਼ਾਂ ਕੰਮ ਕਰਦੇ ਰਹਿਣਾ ਚਾਹੀਦਾ ਹੈ।

29. ਖ਼ੂਨ ਸਫ਼ੈਦ ਹੋਣਾ (ਸੰਬੰਧੀਆਂ ਦਾ ਆਪਸੀ ਪਿਆਰ ਨਾ ਰਹਿਣਾ):— ਅੱਜ-ਕੱਲ੍ਹ ਤਾਂ ਹਰ ਕੋਈ ਏਨਾ ਖ਼ੁਦਗਰਜ਼ ਹੋ ਗਿਆ ਹੈ ਕਿ ਸਕੇ-ਸੰਬੰਧੀਆਂ ਦਾ ਖ਼ੂਨ ਵੀ ਸਫ਼ੈਦ ਹੋ ਗਿਆ ਹੈ।ਦੁੱਖ-ਸੁੱਖ ਵੇਲੇ ਵੀ ਇੱਕ ਦੂਜੇ ਨੂੰ ਕੋਈ ਨਹੀਂ ਪੁੱਛਦਾ |

30. ਖੇਹ ਉਡਾਉਣੀ (ਬਦਨਾਮੀ ਕਰਨੀ):– ਬਲਬੀਰ ਦੇ ਜਵਾਨ ਮੁੰਡਿਆਂ ਨੇ ਅਜਿਹੀ ਖੇਹ ਉਡਾਈ ਕਿ ਉਹ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ।

31. ਖੰਭ ਲਾ ਕੇ ਉੱਡ ਜਾਣਾ (ਕੋਈ ਥਹੁ-ਪਤਾ ਨਾ ਲੱਗਣਾ)— ਮੈਂ ਆਪਣੀ ਹਿਸਾਬ ਦੀ ਕਿਤਾਬ ਦੂਸਰੀਆਂ ਕਿਤਾਬਾਂ ਨਾਲ ਹੀ ਮੇਜ਼ 'ਤੇ ਰੱਖੀ ਸੀ ਪਰ ਹੁਣ ਲੱਭਦੀ ਹੀ ਨਹੀਂ।

32. ਖ਼ਾਨਾ ਖ਼ਰਾਬ ਹੋਣਾ (ਘਰ ਬਰਬਾਦ ਹੋਣਾ):– ਸੁਰਜੀਤ ਦੇ ਤਾਂ ਸਾਰੇ ਮੁੰਡਿਆਂ ਨੂੰ ਨਸ਼ਿਆਂ ਦੀ ਆਦਤ ਹੈ।ਉਹਦਾ ਤਾਂ ਪਤਾ ਨਹੀਂ ਖੰਭ ਲਾ ਕੇ ਕਿਧਰ ਉਡ ਗਈ ਹੈ ! ਖਾਨਾ ਖ਼ਰਾਬ ਹੋਣ ਵਾਲੀ ਗੱਲ ਹੈ।

33. ਗੱਚ ਹੋਣਾ (ਪੂਰੀ ਤਰ੍ਹਾਂ ਗਿੱਲਾ ਹੋਣਾ):— ਤੇਜ਼ ਬਰਖਾ ਕਾਰਨ ਉਸ ਦੇ ਸਾਰੇ ਕੱਪੜੇ ਗੱਚ ਹੋ ਗਏ।

34. ਗੱਚ ਭਰ ਆਉਣਾ (ਦਿਲ ਭਰ ਆਉਣਾ) – ਇਮਾਰਤ ਦੇ ਡਿੱਗਣ ਕਾਰਨ ਹੋਈ ਤਬਾਹੀ ਦੇਖ ਕੇ ਤਾਂ ਮੇਰਾ ਗੱਚ ਭਰ ਆਇਆ।

35. ਗਲ ਪੰਜਾਲੀ ਪਾ ਦੇਣਾ (ਜੰਜਾਲ ਵਿੱਚ ਫਸਾਉਣਾ):— ਅੱਜ-ਕੱਲ੍ਹ ਦੇ ਪੜ੍ਹੇ-ਲਿਖੇ ਮਾਪੇ ਛੋਟੀ ਉਮਰ ਵਿੱਚ ਹੀ ਆਪਣੀਆਂ ਲੜਕੀਆਂ ਨੂੰ ਵਿਆਹ ਕੇ ਉਹਨਾਂ ਗਲ ਪੰਜਾਲੀ ਨਹੀਂ ਪਾਉਂਦੇ।

36. ਗਲੀਆਂ ਦੇ ਕੱਖਾਂ ਨਾਲੋਂ ਹੌਲੇ ਹੋਣਾ (ਕੋਈ ਸਤਿਕਾਰ ਨਾ ਰਹਿਣਾ):— ਕਿਸੇ ਵੇਲੇ ਰਾਮ ਦਿੱਤਾ ਬਹੁਤ ਅਮੀਰ ਸੀ। ਪਰ ਵੀ ਹੌਲਾ ਹੋ ਗਿਆ ਹੈ। ਅੱਜ-ਕੱਲ੍ਹ ਤਾਂ ਉਸ ਦੇ ਏਨੇ ਮਾੜੇ ਦਿਨ ਆਏ ਹੋਏ ਹਨ ਕਿ ਕੋਈ ਪੁੱਛਦਾ ਤੱਕ ਨਹੀਂ।

37. ਘਿਓ-ਸ਼ੱਕਰ ਹੋਣਾ ਜਾਂ ਘਿਓ-ਖਿਚੜੀ ਹੋਣਾ (ਆਪਸ ਵਿੱਚ ਰਚ-ਮਿਚ ਜਾਣਾ)— ਬੱਚੇ ਕਈ ਵਾਰ ਆਪਸ ਵਿੱਚ ਲੜਦੇ ਹਨ ਤੇ ਕਈ ਵਾਰ ਘਿਓ-ਸ਼ੱਕਰ ਹੁੰਦੇ ਹਨ। ਜਾਂ ਅੱਜ-ਕੱਲ੍ਹ ਤਾਂ ਨੂੰਹ-ਸੱਸ ਚੰਗੀਆਂ ਘਿਓ-ਖਿਚੜੀ ਹਨ।

38. ਚੱਟਮ ਕਰ ਜਾਣਾ ( ਸਾਰੀ ਚੀਜ਼ ਖਾ ਲੈਣੀ):— ਹਰਮਨ ਦੀ ਆਦਤ ਹੈ ਕਿ ਉਹ ਖਾਣਾ ਖਾਣ ਲੱਗਾ ਕੋਈ ਚੀਜ਼ ਵੀ ਜੂਠੀ ਨਹੀਂ ਛੱਡਦਾ।ਉਹ ਤਾਂ ਸਭ ਕੁਝ ਚੱਟਮ ਕਰ ਜਾਂਦਾ ਹੈ।

39. ਚਿੱਕੜ ਵਿੱਚ ਕੰਵਲ ਹੋਣਾ (ਮਾਮੂਲੀ ਘਰ ਵਿੱਚ ਚੰਗਾ/ਨੇਕ ਮਨੁੱਖ ਹੋਣਾ)— ਮਾਮੂਲੀ ਘਰਾਂ ਵਿੱਚ ਪੈਦਾ ਹੋ ਕੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀ ਚਿੱਕੜ ਵਿੱਚ ਕੰਵਲ ਹੋਣ ਸਮਾਨ ਹੁੰਦੇ ਹਨ।

40. ਚਿੜੀ ਨਾ ਫਟਕਣਾ (ਕਿਸੇ ਦਾ ਨੇੜੇ ਨਾ ਆਉਣਾ, ਸ਼ਾਂਤੀ ਹੋਣੀ):— ਸੁਪਰਡੈਂਟ ਦੀ ਸਖ਼ਤੀ ਕਾਰਨ ਪਰੀਖਿਆ ਕੇਂਦਰ ਦੇ ਨੇੜੇ ਚਿੜੀ ਨਹੀਂ ਫਟਕਦੀ।

41. ਛੱਤ ਸਿਰ 'ਤੇ ਚੁੱਕ ਲੈਣੀ (ਬਹੁਤ ਰੌਲਾ ਪਾਉਣਾ):— ਕਲਾਸ ਵਿੱਚ ਅਧਿਆਪਕ ਨਾ ਹੋਣ ਕਾਰਨ ਬੱਚਿਆਂ ਨੇ ਛੱਤ ਸਿਰ 'ਤੇ ਚੁੱਕੀ ਹੋਈ ਸੀ।

42. ਛਾਈਂ-ਮਾਈਂ ਹੋਣਾ (ਅਗਾਂਹ-ਪਿਛਾਂਹ ਹੋ ਜਾਣਾ, ਖਿਸਕ ਜਾਣਾ, ਲੁਕ ਜਾਣਾ)— ਪੁਲਿਸ ਨੂੰ ਆਉਂਦਿਆਂ ਦੇਖ ਕੇ ਲੁਟੇਰੇ ਛਾਈਂ-ਮਾਈਂ ਹੋ ਗਏ।

43. ਛਿੱਤਰ-ਖੌਸੜਾ ਹੋਣਾ (ਆਪਸ ਵਿੱਚ ਲੜਨਾ-ਝਗੜਨਾ):— ਜਾਇਦਾਦ ਦੀ ਵੰਡ ਸਮੇਂ ਭਰਾ-ਭਰਾ ਅਕਸਰ ਛਿੱਤਰ- ਖੌਸੜਾ ਹੋ ਜਾਂਦੇ ਹਨ।

44. ਜਸ ਦਾ ਟਿੱਕਾ ਲੈਣਾ (ਵਡਿਆਈ ਮਿਲਣੀ):- ਚੰਗਾ ਕੰਮ ਕਰਨ ਵਾਲੇ ਨੂੰ ਅੰਤ ਜਸ ਦਾ ਟਿੱਕਾ ਜ਼ਰੂਰ ਮਿਲਦਾ ਹੈ।

45. ਜ਼ਮੀਨ ਅਸਮਾਨ ਦੇ ਕਲਾਬੇ ਮੇਲ ਦੇਣੇ (ਬੇਅੰਤ ਝੂਠ ਮਾਰਨਾ)— ਕਈਆਂ ਨੂੰ ਹਮੇਸ਼ਾਂ ਝੂਠ ਬੋਲਣ ਦੀ ਹੀ ਆਦਤ ਹੁੰਦੀ ਹੈ।ਉਹ ਜ਼ਮੀਨ ਅਸਮਾਨ ਦੇ ਕਲਾਬੇ ਮੇਲ ਦਿੰਦੇ ਹਨ।

46. ਜਿਊਣਾ ਦੁੱਭਰ ਹੋਣਾ (ਔਖੇ ਦਿਨ ਬਿਤਾਉਣੇ):– ਮਹਿੰਗਾਈ ਦੇ ਦਿਨਾਂ ਵਿੱਚ ਗ਼ਰੀਬਾਂ ਲਈ ਤਾਂ ਜਿਊਣਾ ਦੁੱਭਰ ਹੋ ਗਿਆ ਹੈ।

47. ਜੀਭ 'ਤੇ ਜੰਦਰਾ ਲਾਉਣਾ (ਚੁੱਪ ਰਹਿਣਾ, ਖ਼ਮੋਸ਼ੀ ਧਾਰਨ ਕਰਨੀ):— ਜੇਕਰ ਗੱਲ ਦਾ ਪਤਾ ਨਾ ਹੋਵੇ ਤਾਂ ਇੱਧਰ- ਉੱਧਰ ਦੀਆਂ ਮਾਰਨ ਨਾਲੋਂ ਜੀਭ 'ਤੇ ਜੰਦਰਾ ਲਾਉਣਾ ਹੀ ਠੀਕ ਹੁੰਦਾ ਹੈ।

48. ਜ਼ਬਾਨ ਪੂਰੀ ਕਰਨਾ (ਕਹੀ ਹੋਈ ਗੱਲ ਨਿਭਾਉਣੀ, ਬਚਨ ਪੂਰਾ ਕਰਨਾ):- ਸਮਝਦਾਰ ਵਿਅਕਤੀ ਜ਼ਬਾਨ ਪੂਰੀ ਕਰਨ ਤੋਂ ਪਿੱਛੇ ਨਹੀਂ ਹਟਦੇ।

49. ਝਾਂਸੇ ਵਿੱਚ ਆਉਣਾ (ਕਿਸੇ ਦੀਆਂ ਗੱਲਾਂ ਵਿੱਚ ਆ ਜਾਣਾ, ਲਾਲਚ ਵਿੱਚ ਆ ਜਾਣਾ):— ਸੁਰਜੀਤ ਤਾਂ ਬੜਾ ਚੁਸਤ ਸੀ।ਉਹ ਪਤਾ ਨਹੀਂ ਕਿਵੇਂ ਕੁਲਦੀਪ ਦੇ ਝਾਂਸੇ ਵਿੱਚ ਆ ਗਿਆ।

50. ਝੋਲੀ ਚੁੱਕਣੀ (ਖ਼ੁਸ਼ਾਮਦ ਕਰਨੀ)— ਕਈਆਂ ਨੂੰ ਆਪਣੇ ਅਫ਼ਸਰਾਂ ਦੀ ਝੋਲੀ ਚੁੱਕਣ ਦੀ ਆਦਤ ਹੁੰਦੀ ਹੈ।

51. ਟਸ ਤੋਂ ਮਸ ਨਾ ਹੋਣਾ (ਕੋਈ ਪਰਵਾਹ ਨਾ ਕਰਨੀ)— ਕਈ ਲੋਕ ਏਨੇ ਢੀਠ ਹੁੰਦੇ ਹਨ ਕਿ ਉਹਨਾਂ ਨੂੰ ਜੋ ਮਰਜ਼ੀ ਕਹੋ ਉਹ ਟਸ ਤੋਂ ਮਸ ਨਹੀਂ ਹੁੰਦੇ।

52. ਟਕੇ ਵਰਗਾ ਜਵਾਬ ਦੇਣਾ (ਕੋਰਾ ਜਵਾਬ ਦੇਣਾ)— ਮੈਂ ਜਦੋਂ ਵੀ ਸੁਰਜੀਤ ਤੋਂ ਕੋਈ ਚੀਜ਼ ਮੰਗੀ ਹੈ ਉਸ ਨੇ ਹਮੇਸ਼ਾਂ ਹੀ ਟਕੇ ਵਰਗਾ ਜਵਾਬ ਦਿੱਤਾ ਹੈ।

53. ਠੰਢੇ ਦੁੱਧ ਨੂੰ ਫੂਕਾਂ ਮਾਰਨੀਆਂ (ਨਖ਼ਰੇ ਕਰਨੇ, ਬਹੁਤ ਸੋਹਲ ਹੋਣਾ):– ਜੋ ਮਿਲਿਆ ਹੈ, ਕਬੂਲ ਕਰੋ। ਐਵੇਂ ਠੰਢੇ ਦੁੱਧ ਨੂੰ ਫੂਕਾਂ ਨਾ ਮਾਰੋ।

54. ਡਾਡਾਂ ਨਿਕਲ ਜਾਣੀਆਂ (ਆਪ-ਮੁਹਾਰੇ ਉੱਚੀ-ਉੱਚੀ ਰੋਣਾ):–ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਉਹਦੀਆਂ ਡਾਡਾਂ ਨਿਕਲ ਗਈਆਂ।

55. ਢਾਹੇ ਚੜ੍ਹਨਾ (ਕਾਬੂ ਆਉਣਾ):— ਹੁਣ ਤੇਰੀ ਜੋ ਮਰਜ਼ੀ ਹੈ ਕਰ ਲੈ। ਜੇਕਰ ਮੇਰੇ ਢਾਹੇ ਚੜ੍ਹ ਗਿਆ ਤਾਂ ਯਾਦ ਰੱਖਾਂਗਾ।

56. ਢਿੱਲੀ ਹੋਣਾ (ਤਬੀਅਤ ਠੀਕ ਨਾ ਹੋਣਾ):- ਗੁਰਮੀਤ ਕਾਫ਼ੀ ਦਿਨਾਂ ਤੋਂ ਢਿੱਲੀ ਹੈ। ਕਦੇ ਉਸ ਨੂੰ ਜ਼ੁਕਾਮ ਹੋ ਜਾਂਦਾ ਹੈ ਅਤੇ ਕਦੇ ਬੁਖ਼ਾਰ

57. ਢੇਰੀ ਢਾਹ ਬਹਿਣਾ (ਹੌਸਲਾ ਛੱਡ ਦੇਣਾ):— ਗ਼ਰੀਬ ਵਿਅਕਤੀ ਤਾਂ ਥੋੜ੍ਹਾ ਜਿਹਾ ਨੁਕਸਾਨ ਹੋ ਜਾਣ 'ਤੇ ਹੀ ਢੇਰੀ ਢਾਹ ਬੈਠਦੇ ਹਨ।

58. ਤਰਲੋ-ਮੱਛੀ ਹੋਣਾ (ਬਹੁਤ ਕਾਹਲਾ ਪੈਣਾ, ਜਿਵੇਂ ਮੱਛੀ ਪਾਣੀ ਬਿਨਾਂ ਤੜਪਦੀ ਹੈ):- ਪ੍ਰੇਮੀ ਪ੍ਰੇਮਿਕਾ ਨੂੰ ਮਿਲਣ ਲਈ ਤਰਲੋ-ਮੱਛੀ ਹੋ ਰਿਹਾ ਸੀ।

59. ਤੱਤੀ ਵਾ ਨਾ ਲੱਗਣੀ (ਕੋਈ ਦੁੱਖ ਨਾ ਹੋਣਾ):— ਹਰ ਮਾਂ ਚਾਹੁੰਦੀ ਹੈ ਕਿ ਉਹਦੇ ਬੱਚਿਆਂ ਨੂੰ ਤੱਤੀ ਵਾ ਨਾ ਲੱਗੇ।

60. ਤਿਲੁ ਧਰਨ ਨੂੰ ਥਾਂ ਨਾ ਹੋਣਾ (ਬਹੁਤ ਜ਼ਿਆਦਾ ਭੀੜ ਹੋਣੀ):— ਕਈ ਮੇਲੇ ਤਾਂ ਏਨੇ ਭਰਦੇ ਹਨ ਕਿ ਤਿਲੁ ਧਰਨ ਨੂੰ ਥਾਂ ਨਹੀਂ ਹੁੰਦੀ।

61. ਥਰ-ਥਰ ਕੰਬਣਾ (ਬਹੁਤ ਡਰਨਾ): — ਜਦ ਪੁਲਿਸ ਨੇ ਜੂਏਬਾਜ਼ਾਂ ਨੂੰ ਜੂਆ ਖੇਡਦਿਆਂ ਫੜਿਆ ਤਾਂ ਉਹ ਥਰ-ਥਰ ਕੰਬਣ ਲੱਗੇ।

62. ਦਸਾਂ ਨਹੁੰਆਂ ਦੀ ਕਿਰਤ ਕਰਨਾ (ਹੱਕ/ਮਿਹਨਤ ਦੀ ਕਮਾਈ ਕਰਨੀ):- ਗੁਰਬਾਣੀ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਸਿੱਖਿਆ ਦਿੰਦੀ ਹੈ।

63. ਦੰਦਾਂ ਹੇਠ ਜੀਭ ਦੇਣਾ (ਚੁੱਪ-ਚਾਪ ਦੁੱਖ ਸਹਿ ਲੈਣਾ, ਸਬਰ ਕਰਨਾ):— ਕਈ ਵਾਰ ਮਜਬੂਰੀ ਵਿੱਚ ਦੰਦਾਂ ਹੇਠ ਜੀਭ ਦੇਣੀ ਹੀ ਪੈਂਦੀ ਹੈ।

64. ਦਿਲ 'ਤੇ ਲਾਉਣਾ (ਬਹੁਤ ਫ਼ਿਕਰ ਕਰਨਾ, ਅਸਰ ਹੋਣਾ):— ਨਿੱਕੀ-ਨਿੱਕੀ ਗੱਲ ਦਿਲ 'ਤੇ ਲਾਉਣ ਨਾਲ ਆਪਣੀ ਹੀ ਸਿਹਤ ਖ਼ਰਾਬ ਹੁੰਦੀ ਹੈ।

65. ਧੁੜਕੂ ਲੱਗਣਾ (ਚਿੰਤਾ ਲੱਗੀ ਰਹਿਣੀ): — ਭਾਵੇਂ ਮੇਰੇ ਸਾਰੇ ਹੀ ਪੇਪਰ ਚੰਗੇ ਹੋ ਗਏ ਸਨ ਪਰ ਨਤੀਜਾ ਆਉਣ ਤੱਕ ਧੁੜਕੂ ਲੱਗਾ ਹੀ ਰਿਹਾ।

66. ਧੌਲਿਆਂ ਦੀ ਲਾਜ ਰੱਖਣਾ (ਬਜ਼ੁਰਗ ਜਾਣ ਕੇ ਲਿਹਾਜ਼ ਕਰਨਾ, ਵੱਡਿਆਂ ਦੀ ਇੱਜ਼ਤ ਕਰਨੀ)— ਪਿਉ ਨੇ ਆਪਣੇ ਵਿਗੜੇ ਹੋਏ ਪੁੱਤਰਾਂ ਨੂੰ ਕਿਹਾ ਕਿ ਉਹ ਉਸ ਦੇ ਧੌਲਿਆਂ ਦੀ ਤਾਂ ਲਾਜ ਰੱਖਣ।

67 . ਨਹੁੰ ਮਾਸ ਦਾ ਰਿਸ਼ਤਾ ਹੋਣਾ (ਜਿਹੜਾ ਸੰਬੰਧ ਟੁੱਟਣ ਵਾਲਾ ਨਾ ਹੋਵੇ, ਬਹੁਤ ਗੂੜ੍ਹਾ ਸੰਬੰਧ ਹੋਣਾ)— ਨਾਟਕ ਤੇ ਰੰਗ- ਮੰਚ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ।

68. ਨੱਕ ਥੱਲੇ ਨਾ ਆਉਣਾ (ਬਿਲਕੁਲ ਪਸੰਦ ਨਾ ਕਰਨਾ)— ਪਤਾ ਨਹੀਂ ਕੀ ਗੱਲ ਹੈ, ਤੇਰੇ ਤਾਂ ਨੱਕ ਥੱਲੇ ਕੋਈ ਚੀਜ਼ ਆਉਂਦੀ ਹੀ ਨਹੀਂ।

69. ਪਾਣੀ ਸਿਰੋਂ ਲੰਘਣਾ (ਅਤਿ ਹੋ ਜਾਣੀ, ਬਰਦਾਸ਼ਤ ਤੋਂ ਬਾਹਰ ਹੋ ਜਾਣਾ)— ਪਿਉ ਦੇ ਕੋਸ਼ਸ਼ ਕਰਨ 'ਤੇ ਵੀ ਜਦ ਭਰਾਵਾਂ ਦੀ ਆਪਸ ਵਿੱਚ ਨਾ ਬਣੀ ਤਾਂ ਪਾਣੀ ਸਿਰ ਤੋਂ ਲੰਘਦਾ ਦੇਖ ਕੇ ਪਿਉ ਨੇ ਜ਼ਮੀਨ ਦੋਹਾਂ ਭਰਾਵਾਂ ਵਿੱਚ ਵੰਡ ਦਿੱਤੀ।

70. ਪੁੱਠੀਆਂ ਛਾਲਾਂ ਮਾਰਨੀਆਂ (ਬਹੁਤ ਖ਼ੁਸ਼ ਹੋਣਾ):— ਬਲਬੀਰ ਨੂੰ ਤਾਂ ਪਾਸ ਹੋਣ ਦੀ ਕੋਈ ਉਮੀਦ ਨਹੀਂ ਸੀ ਪਰ ਜਦ ਉਹ ਪਾਸ ਹੋ ਗਿਆ ਤਾਂ ਪੁੱਠੀਆਂ ਛਾਲਾਂ ਮਾਰਨ ਲੱਗਾ।

71. ਫ਼ਸਲੀ ਬਟੇਰਾ ਹੋਣਾ (ਮਤਲਬੀ ਦੋਸਤ, ਲੋੜ ਵੇਲੇ ਆਉਣ ਵਾਲਾ):- ਜੱਗੂ ਤਾਂ ਪੂਰਾ ਫ਼ਸਲੀ ਬਟੇਰਾ ਹੈ। ਮਤਲਬ ਤੋਂ ਬਿਨਾਂ ਤਾਂ ਉਹ ਗੱਲ ਤੱਕ ਨਹੀਂ ਕਰਦਾ।

72. ਫੁੱਲੇ ਨਾ ਸਮਾਉਣਾ (ਬਹੁਤ ਖ਼ੁਸ਼ ਹੋਣਾ):- ਮੇਰੇ ਵੱਡੇ ਭਰਾ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਮੇਰੇ ਪਿਤਾ ਜੀ ਫੁੱਲੇ ਨਹੀਂ ਸਨ ਸਮਾਉਂਦੇ।

ਜਾਂ  ਜਗਤਾਰ ਦਸਵੀਂ ਜਮਾਤ ਵਿੱਚੋਂ ਪਹਿਲੇ ਦਰਜੇ ਵਿੱਚ ਪਾਸ ਹੋ ਗਿਆ।ਉਹਦੇ ਮਾਂ-ਬਾਪ ਫੁੱਲੇ ਨਹੀਂ ਸਨ ਸਮਾਉਂਦੇ।

73. ਫੁੱਲਾਂ ਵਾਂਗ ਰੱਖਣਾ (ਬਹੁਤ ਲਾਡ-ਪਿਆਰ ਨਾਲ ਰੱਖਣਾ):— ਦੋਹਾਂ ਭਰਾਵਾਂ ਨੇ ਮਾਂ ਨੂੰ ਫੁੱਲਾਂ ਵਾਂਗ ਰੱਖਿਆ ਹੋਇਆ ਹੈ।

74. ਬਾਤ ਦਾ ਬਤੰਗੜ ਬਣਾਉਣਾ (ਛੋਟੀ ਜਿਹੀ ਗੱਲ ਨੂੰ ਵਧਾ ਕੇ ਲੜਾਈ ਖੜੀ ਕਰਨੀ)— ਗੱਲ ਮੁਕਾਉਣ ਦੀ ਕਰੋ। ਬਾਤ ਦਾ ਬਤੰਗੜ ਬਣਾਉਣ ਦਾ ਕੋਈ ਲਾਭ ਨਹੀਂ।

75. ਬਾਤ ਪੁੱਛਣੀ (ਸਾਰ ਲੈਣੀ):— ਗੁਰਜੀਤ ਆਪਣੇ ਸਹੁਰੇ ਘਰ ਬਹੁਤ ਤੰਗ ਹੈ ਪਰ ਉਸ ਦਾ ਭਰਾ ਉਸ ਦੀ ਬਾਤ ਤੱਕ ਨਹੀਂ ਪੁੱਛਦਾ।

76 . ਭਾਂਡਾ ਚੁਰਾਹੇ ਵਿੱਚ ਭੱਜਣਾ (ਪਾਜ ਉਘੜਨਾ, ਅਸਲੀਅਤ ਦਾ ਪਤਾ ਲੱਗਣਾ):— ਤੁਹਾਡੇ ਇਮਾਨਦਾਰ ਹੋਣ ਦਾ ਭਾਂਡਾ ਤਾਂ ਉਸੇ ਸਮੇਂ ਚੁਰਾਹੇ ਵਿੱਚ ਭੱਜ ਗਿਆ ਜਦ ਪੁਲਿਸ ਨੇ ਤੁਹਾਡੇ ਘਰੋਂ ਚੋਰੀ ਦਾ ਮਾਲ ਬਰਾਮਦ ਕੀਤਾ।

77 . ਮੂੰਹ 'ਤੇ ਹਵਾਈਆਂ ਉੱਡਣੀਆਂ (ਸਹਿਮ/ਡਰ ਜਾਣਾ, ਮੂੰਹ ਫੱਕ ਹੋਣਾ):- ਜਦ ਗੁਰਬਿੰਦਰ ਦੀ ਚੋਰੀ ਫੜੀ ਗਈ ਤਾਂ ਉਸ ਦੇ ਮੂੰਹ ’ਤੇ ਹਵਾਇਆਂ ਉੱਡਣ ਲੱਗੀਆਂ।

78 . ਰੱਤ ਖੌਲਣ ਲੱਗਣੀ (ਬਹੁਤ ਗੁੱਸਾ ਆ ਜਾਣਾ)— ਜ਼ਮੀਨ ਵੰਡਣ ਸਮੇਂ ਜਦ ਭਰਾਵਾਂ ਨੇ ਛੋਟੇ ਭਰਾ ਨੂੰ ਮਾੜੀ ਜ਼ਮੀਨ ਦਿੱਤੀ ਤਾਂ ਉਸ ਦੀ ਰੱਤ ਖੌਲਣ ਲੱਗ ਪਈ।

79. ਰੰਗ ਵਿੱਚ ਭੰਗ ਪਾਉਣਾ (ਖ਼ੁਸ਼ੀ ਵਿੱਚ ਵਿਘਨ ਪਾਉਣਾ):– ਸ਼ਰਾਬੀ ਤਾਂ ਹਮੇਸ਼ਾਂ ਰੰਗ ਵਿੱਚ ਭੰਗ ਹੀ ਪਾਉਂਦੇ ਹਨ।

80. ਲਗਾਮ ਢਿੱਲੀ ਛੱਡ ਦੇਣੀ (ਲੋੜ ਤੋਂ ਵੱਧ ਖੁੱਲ੍ਹ ਦੇਣੀ)— ਬੱਚਿਆਂ ਦੀ ਲਗਾਮ ਢਿੱਲੀ ਨਹੀਂ ਛੱਡਣੀ ਚਾਹੀਦੀ ਸਗੋਂ ਉਹਨਾਂ ਨੂੰ ਤਾੜ ਕੇ ਰੱਖਣਾ ਚਾਹੀਦਾ ਹੈ।

81. ਵਾਛਾਂ ਖਿੜ ਜਾਣੀਆਂ (ਖ਼ੁਸ਼ ਹੋਣਾ):— ਦੁਕਾਨ 'ਤੇ ਗਾਹਕਾਂ ਦੀ ਭੀੜ ਦੇਖ ਕੇ ਦੁਕਾਨਦਾਰ ਦੀਆਂ ਵਾਛਾਂ ਖਿੜ ਗਈਆਂ।




Post a Comment

0 Comments