10 Punjabi Solved Unseen Paragraph, Comprehension Passages Exercise example Question and Answers in Punjabi for Class 9, 10, 12 Students.

  ਅਣਡਿੱਠਾ ਪੈਰਾ 
Unseen Paragraph in Punjabi

ਅਣਡਿੱਠੇ ਪੈਰੇ ਤੋਂ ਭਾਵ ਪਾਠ-ਕ੍ਰਮ ਅਤੇ ਪਾਠ-ਪੁਸਤਕ ਤੋਂ ਬਾਹਰੋਂ ਦਿੱਤੇ ਪੈਰੇ ਤੋਂ ਹੈ।ਅਣਡਿੱਠਾ ਪੈਰਾ ਵਿਦਿਆਰਥੀਆਂ ਦੀ ਪੜ੍ਹਣ ਯੋਗਤਾ ਵਧਾਉਣ ਅਤੇ ਤੇਜ਼ ਕਰਨ ਲਈ ਹੈ। ਇਸ ਨਾਲ ਵਿਦਿਆਰਥੀ ਕਿਸੇ ਰਚਨਾ ਦੀਆਂ ਬਰੀਕੀਆਂ ਨੂੰ ਸਮਝਣ ਦੇ ਯੋਗ ਬਣਦਾ ਹੈ। ਪਰੀਖਿਆ ਵਿੱਚ ਅਣਡਿੱਠੇ ਪੈਰੇ ਦਾ ਪ੍ਰਸ਼ਨ ਇਸ ਲਈ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਦੀ ਕਿਸੇ ਵੀ ਰਚਨਾ ਦੇ ਅਰਥ ਗ੍ਰਹਿਣ ਕਰਨ ਦੀ ਯੋਗਤਾ ਦੀ ਪਰਖ ਹੋ ਸਕੇ। ਇਸ ਲਈ ਪੈਰੇ ਦੇ ਕੇ ਉਸ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ।



ਅਣਡਿੱਠੇ ਪੈਰੇ ਨੂੰ ਹੱਲ ਕਰਨ ਲਈ ਕੁਝ ਜ਼ਰੂਰੀ ਗੱਲਾਂ

(i) ਦਿੱਤੇ ਗਏ ਪੈਰੇ ਨੂੰ ਧਿਆਨ ਨਾਲ ਪੜ੍ਹੋ। ਘੱਟੋ-ਘੱਟ ਦੋ ਵਾਰ ਜ਼ਰੂਰ ਪੜ੍ਹੋ ਤਾਂ ਜੋ ਪੈਰੇ ਦਾ ਹਰ ਵਾਕ ਚੰਗੀ ਤਰ੍ਹਾਂ ਸਮਝ ਆ ਜਾਵੇ। ਇਸੇ ਤਰ੍ਹਾਂ ਪ੍ਰਸ਼ਨ ਵੀ ਧਿਆਨ ਨਾਲ ਪੜ੍ਹੋ।

(ii) ਪ੍ਰਸ਼ਨਾਂ ਦੇ ਉੱਤਰਾਂ ਨਾਲ ਸੰਬੰਧਿਤ ਨੁਕਤੇ ਅਭਿਆਸ ਕਰਦੇ ਸਮੇਂ ਰੇਖਾਂਕਿਤ ਕਰ ਲਵੋ। ਪਰੀਖਿਆ ਵਿੱਚ ਰੇਖਾਂਕਿਤ ਨਾ ਕਰਕੇ ਕੇਵਲ ਸਮਝ ਲਵੋ।

(iii) ਉੱਤਰ ਪੈਰੇ ਵਿੱਚੋਂ ਜਿਉਂ ਦੇ ਤਿਉਂ ਜ਼ਰੂਰੀ ਨਹੀਂ। ਭਾਸ਼ਾ ਆਪਣੀ ਹੋ ਸਕਦੀ ਹੈ ਪਰ ਮੂਲ ਵਿਚਾਰ ਪੈਰੇ ਦੇ। ਜੇਕਰ ਬਹੁ-ਵਿਕਲਪੀ ਉੱਤਰ ਚੁਣਨਾ ਹੋਵੇ ਤਾਂ ਭਾਸ਼ਾ ਉਹੀ ਹੋਵੇਗੀ ਜੋ ਚੋਣ ਵਿੱਚ ਦਿੱਤੀ ਗਈ ਹੈ।

(iv) ਉੱਤਰ ਸਾਫ਼, ਸਪਸ਼ਟ ਅਤੇ ਸਿਧੇ ਹੋਣ-ਭੁਲੇਖਾ ਪਾਊ ਨਹੀਂ।

(v) ਪੂਰਾ ਪੈਰਾ ਉੱਤਰ ਪੱਤਰੀ ਤੇ ਨਹੀਂ ਲਿਖਣਾ।

(vi) ਪੈਰੇ ਵਿਚਲੇ ਔਖੇ ਸ਼ਬਦਾਂ ਦੇ ਅਰਥ ਪੈਰੇ ਦੇ ਭਾਵ ਅਨੁਸਾਰ ਹੋਣੇ ਚਾਹੀਦੇ ਹਨ।

(vii) ਜੇ ਸਿਰਲੇਖ ਪੁਛਿਆ ਗਿਆ ਹੋਵੇ ਤਾਂ ਜੋ ਸਭ ਤੋਂ ਢੁਕਵਾਂ ਹੋਵੇ; ਸਮੁੱਚੇ ਪੈਰੇ ਦੇ ਭਾਵ ਪ੍ਰਗਟ ਕਰਦਾ ਹੋਵੇ, ਉਹੀ ਚੁਣਨਾ ਚਾਹੀਦਾ ਹੈ।

(viii) ਇੱਕ ਤੋਂ ਵਧੇਰੇ ਉੱਤਰ ਨਹੀਂ ਲਿਖਣੇ ਨਹੀਂ ਤਾਂ ਇਕ ਠੀਕ ਹੋਣ ਦੀ ਸੂਰਤ ਵਿੱਚ ਵੀ ਅੰਕ ਨਹੀਂ ਮਿਲਣਗੇ ।

(ix) ਪ੍ਰਸ਼ਨਾਂ ਦੇ ਉੱਤਰ ਵਿਚਾਰਾਂ ਦੇ ਦਾਇਰੇ ਵਿੱਚ ਰਹਿ ਕੇ ਹੀ ਦਿੱਤੇ ਜਾਣ। ਅਰਥਾਤ ਆਪਣੇ ਕੋਲੋਂ ਕੁਝ ਵੀ ਨਾ ਲਿਖਿਆ ਜਾਵੇ।


ਅਣਡਿੱਠਾ ਪੈਰਾ-1

ਜਹਾਂਗੀਰ ਆਪਣੇ ਬਹੁਤ ਸਾਰੇ ਕੰਮਾਂ ਵਿੱਚ ਆਪਣੇ ਬਾਪ ਅਕਬਰ ਬਾਦਸ਼ਾਹ ਦੇ ਬਿਲਕੁਲ ਉਲਟ ਸੀ, ਪਰ ਧਾਰਮਿਕ ਵਿਚਾਰਾਂ ਵਿੱਚ ਤਾਂ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਅਕਬਰ ਨੇ ਜਿੱਥੇ ਸਾਰੇ ਧਰਮਾਂ ਨੂੰ ਚੰਗਾ ਜਾਣਦੇ ਹੋਏ ਆਪਣੀ ਹਕੂਮਤ ਨੂੰ ਪੱਕਿਆਂ ਕਰਨ ਲਈ ਆਪਣੇ ਵਿਚਾਰ ਅਨੁਸਾਰ ਇੱਕ ਨਵੇਂ ਧਰਮ ਦੀ ਬੁਨਿਆਦ ਰੱਖ ਕੇ ਇਸਲਾਮੀ ਤੁਅੱਸਬ ਨੂੰ ਦੂਰ ਹਟਾ ਕੇ ਲੋਕਾਂ ਨੂੰ ਖ਼ੁਸ਼ ਕਰਨ ਦੀ ਪਾਲਿਸੀ ਅਖਤਿਆਰ ਕੀਤੀ ਸੀ, ਉੱਥੇ ਜਹਾਂਗੀਰ ਬਿਲਕੁਲ ਉਸ ਦੇ ਵਿਰੁੱਧ ਇਸਲਾਮੀ ਤੁਅੱਸਬ ਦਾ ਪੁਤਲਾ ਸੀ ਤੇ ਆਪਣੇ ਬਾਪ ਦੇ ਧਾਰਮਿਕ ਵਿਚਾਰਾਂ ਦੇ ਕਾਰਨ ਉਸ ਦਾ ਅੰਦਰੋਂ-ਅੰਦਰੀ ਸਖ਼ਤ ਵਿਰੋਧੀ ਸੀ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਜਹਾਂਗੀਰ ਨੇ ਆਪਣੇ ਬਾਪ ਦੇ ਨਵੇਂ ਧਰਮ ਚਲਾਉਣ ਦੇ ਇਰਾਦੇ ਵਿੱਚ ਮਦਦ ਕਰਨ ਵਾਲੇ ਉਸ ਦੇ ਇਕ ਪੱਕੇ ਦੋਸਤ ਅਬੁੱਲ ਫ਼ਜ਼ਲ ਨੂੰ ਮਰਵਾ ਦਿੱਤਾ ਸੀ।


ਪ੍ਰਸ਼ਨ 1. ਜਹਾਂਗੀਰ ਅਤੇ ਅਕਬਰ ਦੇ ਧਾਰਮਿਕ ਵਿਚਾਰਾਂ ਵਿੱਚ ਕਿੰਨਾ ਕੁ ਅੰਤਰ ਸੀ ? 

ਉੱਤਰ—ਜਹਾਂਗੀਰ ਅਤੇ ਅਕਬਰ ਦੇ ਵਿਚਾਰਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਸੀ। ਜਹਾਂਗੀਰ ਧਰਮ ਪ੍ਰਤੀ ਤੁਅੱਸਬੀ ਸੀ ਜਦੋਂ ਕਿ ਅਕਬਰ ਉਦਾਰਚਿੱਤ ਸੀ।


ਪ੍ਰਸ਼ਨ 2. ਅਕਬਰ ਨੇ ਨਵੇਂ ਧਰਮ ਦੀ ਬੁਨਿਆਦ ਕਿਸ ਕਾਰਨ ਰੱਖੀ ਸੀ ?

ਉੱਤਰ—ਅਕਬਰ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਕੇ ਲੋਕਾਂ ਨੂੰ ਖ਼ੁਸ਼ ਕਰਨ ਤੇ ਆਪਣੀ ਹਕੂਮਤ ਨੂੰ ਪੱਕਿਆਂ ਕਰਨ ਲਈ ਨਵੇਂ ਧਰਮ ਦੀ ਬੁਨਿਆਦ ਰੱਖੀ ਸੀ।


ਪ੍ਰਸ਼ਨ 3. ਅਬੁੱਲ ਫ਼ਜ਼ਲ ਨੂੰ ਜਹਾਂਗੀਰ ਨੇ ਕਿਉਂ ਮਰਵਾਇਆ ਸੀ ?

ਉੱਤਰ—ਜਹਾਂਗੀਰ ਨੇ ਆਪਣੇ ਪਿਤਾ ਅਕਬਰ ਦੇ ਸੱਚੇ ਮਿੱਤਰ ਅਬੁੱਲ ਫ਼ਜਲ ਨੂੰ ਇਸ ਲਈ ਮਰਵਾ ਦਿੱਤਾ ਸੀ ਕਿਉਂਕਿ ਉਸ ਨੇ ਅਕਬਰ ਨੂੰ ਉਦਾਰਚਿੱਤ ਨਵਾਂ ਧਰਮ ਚਲਾਉਣ ਦੇ ਇਰਾਦੇ ਵਿੱਚ ਸਹਾਇਤਾ ਕੀਤੀ ਸੀ।


ਪ੍ਰਸ਼ਨ 4. ਧਰਮ ਸੰਬੰਧੀ ਜਹਾਂਗੀਰ ਦੇ ਵਿਚਾਰ ਕਿਸ ਤਰ੍ਹਾਂ ਦੇ ਸਨ?

ਉੱਤਰ-ਧਰਮ ਸੰਬੰਧੀ ਜਹਾਂਗੀਰ ਦੇ ਵਿਚਾਰ ਆਪਣੇ ਪਿਤਾ ਅਕਬਰ ਨਾਲੋਂ ਉਲਟ ਸਨ। ਉਹ ਇਸਲਾਮੀ ਤੁਅੱਸਬ ਦਾ ਪੁਤਲਾ ਸੀ ਭਾਵ ਉਸ ਦੀ ਸੋਚ ਸੰਪਰਦਾਇਕ ਸੀ।


ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

ਉੱਤਰ—ਤੁਅੱਸਬੀ ਜਹਾਂਗੀਰ।

ਜਾਂ

ਧਰਮ ਸੰਬੰਧੀ ਅਕਬਰ ਤੇ ਜਹਾਂਗੀਰ ਦੀ ਸੋਚ।



ਅਣਡਿੱਠਾ ਪੈਰਾ-2

ਲੇਖ ਲਿਖਣਾ ਸੱਚ-ਮੁੱਚ ਇੱਕ ਸਾਹਿਤਕ ਹੁਨਰ ਜਾਂ ਕਲਾ ਹੈ।ਦਿਸਣ ਨੂੰ ਤਾਂ ਲੇਖ ਲਿਖਣਾ ਕੋਈ ਮੁਸ਼ਕਲ ਕੰਮ ਨਹੀਂ ਦਿੱਸਦਾ, ਪਰ ਅਸਲ ਵਿੱਚ ਇਹ ਬਾਕੀ ਸਾਹਿਤ ਦੇ ਅੰਗਾਂ ਨਾਲੋਂ ਕਾਫ਼ੀ ਮੁਸ਼ਕਲ ਹੈ। ਇਸ ਲਈ ਕੇਵਲ ਉਸ ਚੀਜ਼ ਦੀ ਹੀ ਲੋੜ ਨਹੀਂ ਕਿ ਲਿਖਾਰੀ ਨੂੰ ਉਸੇ ਵਿਸ਼ੇ ਬਾਰੇ ਪੂਰਾ-ਪੂਰਾ ਗਿਆਨ ਹੋਵੇ ਜਿਸ ਬਾਰੇ ਕਿ ਉਸ ਨੇ ਲੇਖ ਲਿਖਣਾ ਅਰੰਭ ਕੀਤਾ ਹੈ, ਸਗੋਂ ਉਸ ਨਾਲੋਂ ਵੀ ਵਧੇਰੇ ਲੋੜ ਉਸ ਹੁਨਰ ਜਾਂ ਕਲਾ ਦੀ ਹੈ ਜਿਸ ਰਾਹੀਂ ਕਿ ਉਹ ਆਪਣੇ ਗਿਆਨ ਨੂੰ ਸਰਲਤਾ ਨਾਲ ਸਾਹਿਤ ਪਾਠਕ ਤੱਕ ਪੁਚਾ ਸਕੇ, ਕਿਉਂਕਿ ਸਾਹਿਤ ਦੇ ਇਸ ਅੰਗ ਵਿੱਚ ਗਿਆਨ ਬਾਕੀ ਦੇ ਅੰਗਾਂ ਨਾਲੋਂ ਕੁਝ ਵਧੇਰੇ ਹੁੰਦਾ ਹੈ। ਇਸ ਲਈ ਬੜਾ ਡਰ ਹੁੰਦਾ ਹੈ ਕਿ ਸਾਰੀ ਚੀਜ਼ ਫਿੱਕੀ-ਫਿੱਕੀ ਜਿਹੀ ਨਾ ਹੋ ਜਾਵੇ, ਕਿਉਂਕਿ ਜੇ ਲੇਖ ਵਿੱਚ ਫਿੱਕਾਪਨ ਆ ਗਿਆ ਤਾਂ ਪਾਠਕ ਪੜ੍ਹਨ ਹੀ ਨਹੀਂ ਲੱਗਦੇ। ਹਰ ਇੱਕ ਹੁਨਰ ਅਭਿਆਸ ਨਾਲ ਆਉਂਦਾ ਹੈ। ਕਿਤਾਬਾਂ ਵਿੱਚੋਂ ਹੁਨਰੀ ਸਿੱਖਿਆ ਪੜ੍ਹ ਲੈਣ ਜਾਂ ਕਿਸੇ ਨੂੰ ਕੋਈ ਹੁਨਰੀ ਕਾਰਜ ਕਰਦਿਆਂ ਵੇਖਦੇ ਰਹਿਣ ਨਾਲ ਨਹੀਂ ਆ ਸਕਦਾ।ਲਿਖਾਈ ਨੂੰ ਹੀ ਲੈ ਲਵੋ। ਕਈ ਵਿਦਿਆਰਥੀ ਅਜਿਹੀ ਸੁੰਦਰ ਲਿਖਾਈ ਕਰਦੇ ਹਨ ਜਿਵੇਂ ਮੋਤੀਆਂ ਦੀਆਂ ਲੜੀਆਂ ਪਰੋਤੀਆਂ ਹੁੰਦੀਆਂ ਹਨ, ਪਰ ਕਈ ਬੀ.ਏ., ਐੱਮ.ਏ. ਪਾਸ ਵੀ ਅਜਿਹੀ ਲਿਖਾਈ ਕਰਦੇ ਹਨ ਜਿਵੇਂ ਛੋਟੀਆਂ ਜਮਾਤਾਂ ਦੇ ਬੱਚੇ। ਜਿਹੜੇ ਵਿਦਿਆਰਥੀ ਹਰ ਰੋਜ਼ ਲਿਖਣ ਦਾ ਅਭਿਆਸ ਨਹੀਂ ਕਰਦੇ ਉਹ ਭਾਵੇਂ ਕਿਤਨੀਆਂ ਪੁਸਤਕਾਂ ਪੜ੍ਹ ਲੈਣ, ਉਹ ਸੁੰਦਰ ਲਿਖਾਈ ਨਹੀਂ ਕਰ ਸਕਦੇ। ਇਹੋ ਹਾਲ ਚਿੱਤਰਕਾਰੀ, ਫ਼ੋਟੋਗਰਾਫ਼ੀ, ਰਸੋਈ ਤੇ ਹੋਰ ਦਸਤਕਾਰੀ ਸੰਬੰਧੀ ਹੈ।


ਪ੍ਰਸ਼ਨ 1. ਕਿਹੜਾ ਸਾਹਿਤ ਰੂਪ ਲਿਖਣਾ ਵਧੇਰੇ ਔਖਾ ਹੈ ?

ਉੱਤਰ—ਸਾਰੇ ਸਾਹਿਤ ਰੂਪਾਂ ਨਾਲੋਂ ਲੇਖ ਲਿਖਣਾ ਵਧੇਰੇ ਔਖਾ ਕਾਰਜ ਹੈ ਕਿਉਂਕਿ ਇਹ ਗਿਆਨ ਤੇ ਕਲਾ ਦੋਵਾਂ ਨਾਲ ਵਧੇਰੇ ਸਬੰਧਿਤ ਹੈ।


ਪ੍ਰਸ਼ਨ 2. ਸਾਹਿਤ ਲਿਖਣ 'ਚ ਹੁਨਰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ?

ਉੱਤਰ—ਸਾਹਿਤ ਸਿਰਜਣਾ ਲਈ ਅਭਿਆਸ ਕਰਨ ਨਾਲ ਹੀ ਹੁਨਰ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਹੀ ਰਚਨਾ ਵਿੱਚ ਪਰਪੱਕਤਾ ਆਉਂਦੀ ਹੈ।


ਪ੍ਰਸ਼ਨ 3. ਅਭਿਆਸ ਕਿਹੜੀਆਂ-ਕਿਹੜੀਆਂ ਕਲਾਵਾਂ ਲਈ ਜ਼ਰੂਰੀ ਹੈ ?

ਉੱਤਰ—ਅਭਿਆਸ ਸੁੰਦਰ ਲਿਖਾਈ, ਚਿੱਤਰਕਾਰੀ, ਫੋਟੋਗਰਾਫ਼ੀ, ਰਸੋਈ ਤੇ ਦਸਤਕਾਰੀ ਆਦਿ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਹੀ ਇਹਨਾਂ ਵਿੱਚ ਨਿਪੁੰਨਤਾ ਪ੍ਰਾਪਤ ਹੁੰਦੀ ਹੈ।


ਪ੍ਰਸ਼ਨ 4. ਲੇਖ ਵਿਚ ਫਿੱਕਾਪਨ ਆਉਣ ਨਾਲ ਕੀ ਹੁੰਦਾ ਹੈ ?

ਉੱਤਰ—ਜੇਕਰ ਲੇਖ ਵਿੱਚ ਫਿੱਕਾਪਨ ਹੋਵੇ ਤਾਂ ਪਾਠਕ ਵਿੱਚ ਉਸ ਨੂੰ ਪੜ੍ਹਨ ਦੀ ਰੁਚੀ ਪੈਦਾ ਨਹੀਂ ਹੁੰਦੀ ਜਿਸ ਕਾਰਨ ਉਹ ਉਸ ਨੂੰ ਪੜ੍ਹਦੇ ਹੀ ਨਹੀਂ ਹਨ।


ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

ਉੱਤਰ—ਲੇਖ ਲਿਖਣਾ ਇੱਕ ਕਲਾ।

ਜਾਂ

ਲੇਖ ਲਿਖਣ ਲਈ ਜ਼ਰੂਰੀ ਨੁਕਤੇ।


ਅਣਡਿੱਠਾ ਪੈਰਾ-3

ਅੱਜ ਦਾ ਮਨੁੱਖ ਪੈਸੇ ਦੇ ਪਿੱਛੇ ਅੰਨ੍ਹੇਵਾਹ ਦੌੜੀ ਜਾ ਰਿਹਾ ਹੈ। ਪੰਜ ਰੁਪਏ ਮਿਲਨ ਤਾਂ ਦਸ, ਦਸ ਮਿਲਨ ਤਾਂ ਸੌ ਅਤੇ ਸੌ ਮਿਲਨ ਤੇ ਹਜ਼ਾਰ ਦੀ ਇੱਛਾ ਲਈ ਉਹ ਅੰਨ੍ਹੀ ਦੌੜ ਵਿੱਚ ਸ਼ਾਮਲ ਹੈ। ਇਸ ਦੌੜ ਦਾ ਕੋਈ ਅੰਤ ਨਹੀਂ। ਪੈਸੇ ਦੀ ਇਸ ਦੌੜ ਵਿੱਚ ਸਾਰੇ ਮਾਣ ਅਤੇ ਪਰਿਵਾਰਕ ਸੰਬੰਧ ਪਿੱਛੇ ਰਹਿ ਗਏ ਹਨ। ਮਨੁੱਖ ਆਪਣੇ ਪਰਾਏ ਦੇ ਭੇਦ-ਭਾਵ ਨੂੰ ਭੁੱਲ ਹੀ ਗਿਆ ਹੈ।ਉਸ ਦੇ ਕੋਲ ਆਪਣੇ ਬੱਚਿਆਂ ਲਈ, ਪਤਨੀ ਲਈ ਅਤੇ ਮਾਂ-ਬਾਪ ਲਈ ਕੋਈ ਸਮਾਂ ਨਹੀਂ ਹੈ। ਪੈਸੇ ਲਈ ਪੁੱਤਰ ਦਾ ਪਿਓ ਦੇ ਨਾਲ, ਧੀ ਦਾ ਮਾਂ ਦੇ ਨਾਲ ਅਤੇ ਪਤੀ ਦਾ ਪਤਨੀ ਨਾਲ ਝਗੜਾ ਹੋ ਰਿਹਾ ਹੈ। ਭਰਾ, ਭਰਾ ਦੇ ਖ਼ੂਨ ਦਾ ਪਿਆਸਾ ਹੈ।ਪੈਸੇ ਲਈ ਲੋਭ ਮਨੁੱਖ ਨੂੰ ਕਈ ਤਰ੍ਹਾਂ ਦੇ ਘਿਨਾਉਣੇ ਅਪਰਾਧ ਕਰਨ ਲਈ ਉਕਸਾ ਰਿਹਾ ਹੈ। ਇਹ ਲੋਭ ਦਾ ਹੀ ਨਤੀਜਾ ਹੈ, ਥਾਂ-ਥਾਂ 'ਤੇ ਕਤਲ, ਲੁੱਟ-ਖਸੁੱਟ, ਅਪਹਰਨ ਅਤੇ ਚੋਰੀ, ਡਕੈਤੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਰੋਗੀ ਮਾਨਸਿਕਤਾ ਨੂੰ ਬਦਲਨ ਦੇ ਲਈ ਸਾਨੂੰ ਹਰ ਪੱਧਰ 'ਤੇ ਯਤਨ ਕਰਨੇ ਹੋਣਗੇ।


ਪ੍ਰਸ਼ਨ 1. ਪੈਸੇ ਦਾ ਲੋਭ ਮਨੁੱਖ ਤੋਂ ਕੀ ਕਰਵਾਉਂਦਾ ਹੈ ?

ਉੱਤਰ—ਅਜੋਕੇ ਮਨੁੱਖ ਨੇ ਪੈਸੇ ਦੇ ਲਾਲਚ ਵਿੱਚ ਹਰ ਹੀਲੇ ਵਧੇਰੇ ਰੁਪਏ ਇੱਕਠੇ ਕਰਨ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ। 


ਪ੍ਰਸ਼ਨ 2. ਉਪਰੋਕਤ ਦਿੱਤੀ ਗਈ ਦੌੜ ਵਿੱਚ ਕਿਹੜੇ ਸੰਬੰਧ ਪਿੱਛੇ ਰਹਿ ਗਏ ਹਨ ?

ਉੱਤਰ—ਅਜੋਕੇ ਮਨੁੱਖ ਨੇ ਪੈਸੇ ਦੇ ਲਾਲਚ 'ਚ ਆਪਣੇ ਪਰਿਵਾਰ ਤੇ ਨਜ਼ਦੀਕੀਆਂ ਨੂੰ ਪਿੱਛੇ ਛੱਡ ਦਿੱਤਾ ਹੈ। 


ਪ੍ਰਸ਼ਨ 3. ਅੱਜ ਦਾ ਮਨੁੱਖ ਕਿਸ ਪਿੱਛੇ ਦੌੜ ਰਿਹਾ ਹੈ ?

ਉੱਤਰ—ਅੱਜ ਦਾ ਮਨੁੱਖ ਰੁਪਏ ਇਕੱਠੇ ਕਰਨ ਪਿੱਛੇ ਦੌੜ ਰਿਹਾ ਹੈ।


ਪ੍ਰਸ਼ਨ 4. ਪੈਰ੍ਹੇ ਵਿੱਚ ਕਿਹੜੇ-ਕਿਹੜੇ ਸਮਾਸੀ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ ? 

ਉੱਤਰ-ਅੰਨੀ-ਦੌੜ, ਭੇਦ-ਭਾਵ, ਮਾਂ-ਬਾਪ, ਭਰਾ-ਭਰਾ, ਥਾਂ-ਥਾਂ, ਲੁੱਟ-ਖਸੁੱਟ। 


ਪ੍ਰਸ਼ਨ 5. ਪੈਰ੍ਹੇ ਦਾ ਢੁਕਵਾਂ ਸਿਰਲੇਖ ਲਿਖੋ। 

ਉਤਰ— ਧੰਨ ਦਾ ਲੋਭ

ਜਾਂ

ਧਨ ਲੋਭ ਅਤੇ ਅਪਰਾਧ।


ਅਣਡਿੱਠਾ ਪੈਰਾ-4

ਕੇਵਲ ਸਾਹਿਤ ਦੇ ਮਾਧਿਅਮ ਦੁਆਰਾ ਹੀ ਨਹੀਂ, ਸਗੋਂ ਵਿੱਦਿਅਕ ਖੇਤਰ ਵਿੱਚ ਵੀ ਅਸਲੀ ਪ੍ਰਯੋਗ ਕਰਕੇ ਟੈਗੋਰ ਨੇ ਲਾਸਾਨੀ ਵਿੱਦਿਅਕ ਪ੍ਰਨਾਲੀ ਪੇਸ਼ ਕੀਤੀ। ਉਸਨੇ ਆਪਣੇ ਸੰਦੇਸ਼ ਆਪਣੀ ਬੋਲੀ ਵਿੱਚ ਦੇਣ ਦਾ ਬੀੜਾ ਚੁੱਕਿਆ। ਉਹ ਉਹਨਾਂ ਸੰਸਥਾਵਾਂ ਨੂੰ ਨਫ਼ਰਤ ਕਰਦਾ ਸੀ ਜਿੱਥੇ ਬੱਚਿਆਂ ਦੇ ਮਾਂ-ਬੋਲੀ ਵਿੱਚ ਫੁੱਟਦੇ ਮੌਲਿਕ ਵਿਚਾਰਾਂ ਨੂੰ ਵਿਗਸਣ ਨਹੀਂ ਸੀ ਦਿੱਤਾ ਜਾਂਦਾ। ਉਹ ਨਹੀਂ ਸੀ ਚਾਹੁੰਦਾ ਕਿ ਜਮਾਤਾਂ ਵਿੱਚ ਬੱਚੇ ਪੱਥਰ ਦੇ ਬੁੱਤ ਜਾਂ ਅਜਾਇਬ-ਘਰ ਦੀਆਂ ਵਸਤਾਂ ਵਾਂਗ ਹੋਣ। ਕੁਦਰਤੀ ਨਜ਼ਾਰਿਆਂ ਵਿੱਚ ਖਿੱਲੀਆਂ ਪਾਉਂਦੇ, ਮੀਂਹ ਵਿੱਚ ਨੰਗ-ਧੜੰਗ ਭੱਜਦੇ ਫਿਰਦੇ ਮੋਹ-ਪਿਆਰ ਵਿੱਚ ਭਿੱਜੇ ਬੱਚਿਆਂ ਨੂੰ ਵੇਖ ਕੇ ਟੈਗੋਰ ਫੁਲਿਆ ਨਹੀਂ ਸੀ ਸਮਾਉਂਦਾ। ਉਹ ਚਾਹੁੰਦਾ ਸੀ ਕਿ ਹਰ ਨਵੀਂ ਸਵੇਰ ਜ਼ਿੰਦਗੀ ਦੇ ਨਵੀਨ ਪਹਿਲੂਆਂ ਬਾਰੇ ਬੱਚਿਆਂ ਨੂੰ ਪ੍ਰੇਰਨਾ ਦੇਵੇ। ਪੁਰਾਣੀਆਂ ਰਵਾਇਤਾਂ ਦਾ ਖ਼ਾਤਮਾ ਜ਼ਰੂਰੀ ਹੈ। ਸਮੇਂ ਅਨੁਸਾਰ ਹੋਈ ਤਬਦੀਲੀ ਸਿਰਜਣਾਤਮਕਤਾ ਦੀ ਸੂਚਕ ਹੈ। ਇਸ ਦੁਆਰਾ ਸੱਭਿਆਚਾਰ ਨਰੋਆ ਹੁੰਦਾ ਹੈ।


ਪ੍ਰਸ਼ਨ 1. ਕਿਹੜੀਆਂ ਸੰਸਥਾਵਾਂ ਨੂੰ ਟੈਗੋਰ ਨਫ਼ਰਤ ਕਰਦਾ ਸੀ ?

ਉੱਤਰ—ਟੈਗੋਰ ਅਜਿਹੀਆਂ ਸਾਰੀਆਂ ਸੰਸਥਾਵਾਂ ਨੂੰ ਨਫ਼ਰਤ ਕਰਦਾ ਸੀ ਜਿਹੜੀਆਂ ਮਨੁੱਖ ਵਿੱਚ ਆਪਣੇ ਵਿਚਾਰਾਂ ਨੂੰ ਮਾਂ-ਬੋਲੀ ਵਿੱਚ ਦੇਣ ਦੇ ਰਾਹ 'ਚ ਰੁਕਾਵਟ ਬਣਦੀਆਂ ਸਨ।


ਪ੍ਰਸ਼ਨ 2. ਬੱਚਿਆਂ ਬਾਰੇ ਟੈਗੋਰ ਦੇ ਕਿਸ ਤਰ੍ਹਾਂ ਦੇ ਵਿਚਾਰ ਸਨ ?

ਉੱਤਰ—ਬੱਚਿਆਂ ਸੰਬੰਧੀ ਟੈਗੋਰ ਦੇ ਇਹੋ ਵਿਚਾਰ ਸਨ ਕਿ ਬੱਚਿਆਂ ਦੇ ਆਪਣੇ ਮੌਲਿਕ ਵਿਚਾਰ ਹੋਣੇ ਚਾਹੀਦੇ ਹਨ। ਇਸ ਲਈ ਉਹ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ ਗੱਲ ਕਰਦੇ ਸਨ।


ਪ੍ਰਸ਼ਨ 3. ਟੈਗੋਰ ਨੂੰ ਬੱਚੇ ਕਦੋਂ ਚੰਗੇ ਲੱਗਦੇ ਸਨ ?

ਉੱਤਰ—ਟੈਗੋਰ ਨੂੰ ਕੁਦਰਤੀ ਨਜ਼ਾਰਿਆਂ ਵਿੱਚ ਖਿੱਲੀਆਂ ਪਾਉਂਦੇ, ਮੀਂਹ 'ਚ ਨੰਗ-ਧੜੰਗੇ ਭੱਜਦੇ ਤੇ ਮੋਹ-ਪਿਆਰ ਚ ਭਿੱਜੇ ਬੱਚੇ ਬਹੁਤ ਹੀ ਚੰਗੇ ਲੱਗਦੇ ਸਨ। ਉਹ ਇਹਨਾਂ ਨੂੰ ਵੇਖ ਕੇ ਬਹੁਤ ਖ਼ੁਸ਼ ਹੁੰਦੇ ਸਨ।


ਪ੍ਰਸ਼ਨ 4. ਟੈਗੋਰ ਅਨੁਸਾਰ ਸਿਰਜਣਾ ਲਈ ਕਿਸ ਦਾ ਖ਼ਾਤਮਾ ਜ਼ਰੂਰੀ ਹੈ ?

ਉੱਤਰ—ਟੈਗੋਰ ਦਾ ਵਿਚਾਰ ਸੀ ਕਿ ਸਿਰਜਣਾ ਲਈ ਪੁਰਾਣੀਆਂ ਰਵਾਇਤਾਂ ਦਾ ਖ਼ਾਤਮਾ ਬਹੁਤ ਜ਼ਰੂਰੀ ਹੈ ਕਿਉਂਕਿ ਲੋੜੀਂਦੀ ਤਬਦੀਲੀ ਹੀ ਸਿਰਜਣਾਤਮਕਤਾ ਦੀ ਸੂਚਕ ਹੁੰਦੀ ਹੈ।


ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

ਉੱਤਰ—ਟੈਗੋਰ ਦੀ ਬੱਚਿਆਂ ਸੰਬੰਧੀ ਵਿੱਦਿਆ ਪ੍ਰਣਾਲੀ

ਜਾਂ

ਟੈਗੋਰ ਤੇ ਬੱਚੇ।


ਅਣਡਿੱਠਾ ਪੈਰਾ-5

ਪਿੰਡਾਂ ਦੀ ਸਫ਼ਾਈ ਅਤੇ ਲੋਕਾਂ ਦੀ ਸਿਹਤ ਵੱਲ ਧਿਆਨ ਦੇਣਾ ਵੀ ਬੜਾ ਜ਼ਰੂਰੀ ਹੈ। ਉਂਝ ਤਾਂ ਪਿੰਡਾਂ ਦਾ ਪੌਣ ਪਾਣੀ ਬੜਾ ਸਵੱਛ ਤੇ ਤਾਜ਼ਾ ਹੁੰਦਾ ਹੈ।ਪਰ ਰਹਿਣ-ਸਹਿਣ ਦੇ ਵਿਗਿਆਨਿਕ ਢੰਗਾਂ ਤੋਂ ਨਾਵਾਕਫ਼ੀ ਉਹਨਾਂ ਦੀ ਸਿਹਤ ਉੱਤੇ ਬਹੁਤ ਬੁਰਾ ਅਸਰ ਪਾਉਂਦੀ ਹੈ। ਲੋਕ-ਸਫ਼ਾਈ ਦਾ ਖ਼ਿਆਲ ਨਹੀਂ ਰੱਖਦੇ। ਮਕਾਨਾਂ ਦੇ ਆਲੇ-ਦੁਆਲੇ ਬੜੇ ਗੰਦੇ, ਗਲੀਆਂ ਵਿੱਚ ਗੋਡੇ-ਗੋਡੇ ਚਿੱਕੜ ਤੇ ਗੰਦਗੀ, ਨੀਵੇ ਥਾਈਂ ਖਲੋਤਾ ਪਾਣੀ, ਰੂੜ੍ਹੀਆਂ ਦੇ ਢੇਰ, ਛੱਪੜਾਂ ਤੇ ਟੋਇਆਂ ਵਿੱਚ ਪੈਦਾ ਹੋਇਆ ਮੱਛਰ, ਸਾਡੀ ਪੇਂਡੂ ਰਹਿਣੀ-ਬਹਿਣੀ ਦੇ ਕੋਝੇ ਜਿਹੇ ਚਿੱਤਰ ਹਨ। ਸਫ਼ਾਈ ਨਾ ਹੋਣ ਕਰਕੇ ਕਈ ਬਿਮਾਰੀਆਂ ਆ ਡੇਰੇ ਲਾਉਂਦੀਆਂ ਹਨ। ਉਹਨਾਂ ਦੇ ਵਹਿਮੀ ਸੁਭਾਅ, ਜਾਦੂ-ਟੂਣਿਆਂ ਵਿੱਚ ਵਿਸ਼ਵਾਸ ਹੋਰ ਵੀ ਨੁਕਸਾਨ ਪਹੁੰਚਾਉਂਦੇ ਹਨ।


ਪ੍ਰਸ਼ਨ 1. ਪਿੰਡਾਂ ਵਿੱਚ ਕਿਸ ਚੀਜ਼ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ?

ਉੱਤਰ—ਪਿੰਡਾਂ ਵਿੱਚ ਸਫ਼ਾਈ ਅਤੇ ਲੋਕਾਂ ਦੀ ਸਿਹਤ ਵੱਲ ਵਧੇਰੇ ਧਿਆਨ ਦੇਣ ਦੀ ਅਹਿਮ ਲੋੜ ਹੈ।


ਪ੍ਰਸ਼ਨ 2. ਪੇਂਡੂਆਂ ਦੀ ਸਿਹਤ 'ਤੇ ਕਿਹੜੀ ਚੀਜ਼ ਮਾੜਾ ਅਸਰ ਪਾਉਂਦੀ ਹੈ ?

ਉੱਤਰ—ਪਿੰਡਾਂ ਦਾ ਵਾਤਾਵਰਨ ਸਾਫ਼ ਤੇ ਤਾਜ਼ਾ ਹੁੰਦਿਆਂ ਵੀ ਰਹਿਣ-ਸਹਿਣ ਦੇ ਵਿਗਿਆਨਕ ਢੰਗਾਂ ਪ੍ਰਤੀ ਅਗਿਆਨਤਾ ਉਹਨਾਂ ਦੀ ਸਿਹਤ 'ਤੇ ਬਹੁਤ ਮਾੜਾ ਅਸਰ ਪਾਉਂਦੀ ਹੈ।


ਪ੍ਰਸ਼ਨ 3. ਪੇਂਡੂ ਰਹਿਣੀ-ਬਹਿਣੀ ਦੇ ਕੋਝੇ ਚਿੱਤਰ ਕਿਹੜੇ ਹਨ ?

ਉੱਤਰ—ਪਿੰਡਾਂ ਵਿੱਚ ਮਕਾਨਾਂ ਦੁਆਲੇ ਦਾ ਗੰਦ, ਗਲੀਆਂ ਵਿੱਚ ਗੋਡੇ-ਗੋਡੇ ਚਿੱਕੜ ਤੇ ਗੰਦਗੀ, ਨੀਵੇਂ ਥਾਈਂ ਖਲੋਤਾ ਪਾਣੀ, ਰੂੜੀਆਂ ਦੇ ਢੇਰ, ਛੱਪੜਾਂ ਤੇ ਟੋਇਆਂ ਵਿੱਚ ਪੈਦਾ ਹੋਇਆ ਮੱਛਰ ਆਦਿ ਪੇਂਡੂ ਰਹਿਣੀ- ਬਹਿਣੀ ਦੇ ਕੋਝੇ ਚਿੱਤਰ ਹਨ।


ਪ੍ਰਸ਼ਨ 4. ਪੇਂਡੂਆਂ ਦੀ ਕਿਹੜੀ ਸੋਚ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ?

ਉੱਤਰ—ਪੇਂਡੂਆਂ ਦਾ ਵਹਿਮੀ ਸੁਭਾਅ ਅਤੇ ਜਾਦੂ-ਟੂਣਿਆਂ ਵਿੱਚ ਵਿਸ਼ਵਾਸ ਉਹਨਾਂ ਨੂੰ ਵਧੇਰੇ ਨੁਕਸਾਨ ਪਹੁੰਚਾਉਂਦਾ


ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਦਿਓ।

ਉੱਤਰ—ਪੇਂਡੂਆਂ ਦੀ ਸੋਚ ਤੇ ਜੀਵਨ-ਜਾਚ।

ਜਾਂ 

ਪੇਂਡੂਆਂ ਦੀ ਅਗਿਆਨਤਾ।


ਅਣਡਿੱਠਾ ਪੈਰਾ-6

ਸਰੀਰਕ ਤੌਰ 'ਤੇ ਲੋਕੀਂ ਵਧੇਰੇ ਸੋਹਣੇ ਹੋ ਗਏ ਹਨ, ਖ਼ਾਸ ਕਰਕੇ ਔਰਤਾਂ। ਇਹ ਇਸ ਲਈ ਕਿ ਲੋਕਾਂ ਦਾ ਆਪੋ ਵਿੱਚ ਮੇਲ-ਜੋਲ ਵੱਧ ਜਾਣ ਕਰਕੇ ਇੱਕ-ਦੂਜੇ ਨੂੰ ਚੰਗਾ ਲਗਣ ਦੀ ਰੁਚੀ ਵੱਧ ਗਈ ਹੈ। ਨਾਲੇ ਆਮ ਸੋਝੀ ਵਧਣ ਨਾਲ ਜਿੱਥੇ ਜ਼ਿੰਦਗੀ ਦੇ ਹੋਰਨਾਂ ਪਾਸਿਆਂ ਵੱਲ ਧਿਆਨ ਵਧਿਆ ਹੈ ਉੱਥੇ ਸਰੀਰ ਦੀ ਪਰਖੋਰੀ ਤੇ ਸਜ-ਧਜ ਵੱਲ ਵਧੇਰੇ ਧਿਆਨ ਹੋ ਗਿਆ ਹੈ।ਅੱਗੇ ਕੋਈ-ਕੋਈ ਔਰਤ ਖ਼ੂਬਸੂਰਤੀ ਵਿੱਚ ਸਿਰਕੱਢ ਗਿਣੀ ਜਾਂਦੀ ਸੀ। ਹੁਣ ਤਾਂ ਸ਼ਹਿਰ ਵਿੱਚ ਕੀ ਸਧਾਰਨ ਪਿੰਡ ਦੀ ਕੁੜੀ ਸੁਡੋਲਤਾ ਤੇ ਸਵਰਤਾ ਵਿੱਚ ਪੁਰਾਣੀਆਂ ਨਾਇਕਾਂ ਅਖਵਾਉਣ ਵਾਲੀਆਂ ਨੂੰ ਮਾਤ ਪਾਉਂਦੀ ਹੈ। ਇਸ ਵਿੱਚ ਨਾਵਲਾਂ, ਨਾਟਕਾਂ ਖ਼ਾਸ ਕਰਕੇ ਸਿਨਮੇ ਦੀਆਂ ਝਾਕੀਆਂ ਦਾ ਵੀ ਬਹੁਤ ਹਿੱਸਾ ਹੈ।


ਪ੍ਰਸ਼ਨ 1, ਔਰਤਾਂ ਵਿੱਚ ਸੋਹਣੇ ਲੱਗਣ ਦੀ ਰੁਚੀ ਦਾ ਕੀ ਕਾਰਨ ਹੈ ?

ਉੱਤਰ—ਔਰਤਾਂ ਵਿੱਚ ਸੋਹਣੇ ਲੱਗਣ ਦੀ ਰੁਚੀ ਦਾ ਕਾਰਨ ਲੋਕਾਂ ਦਾ ਆਪਸੀ ਮੇਲ-ਜੋਲ ਵੱਧ ਜਾਣ ਕਾਰਨ ਇੱਕ- ਦੂਜੇ ਨੂੰ ਚੰਗੇ ਲੱਗਣ ਦੀ ਰੁਚੀ ਦਾ ਵੱਧਣਾ ਹੈ।


ਪ੍ਰਸ਼ਨ 2. ਆਮ ਸੋਝੀ ਵੱਧਣ ਨਾਲ ਕੀ-ਕੀ ਤਬਦੀਲੀ ਆਈ ਹੈ ?

ਉੱਤਰ—ਆਮ ਸੋਝੀ ਵੱਧਣ ਨਾਲ ਜਿੱਥੇ ਜ਼ਿੰਦਗੀ ਦੇ ਕਈ ਹੋਰ ਪਾਸਿਆਂ ਵੱਲ ਧਿਆਨ ਵਧਿਆ ਹੈ ਉੱਥੇ ਸਰੀਰ ਦੇ ਪਹਿਰਾਵੇ ਤੇ ਸਜਾਵਟ ਵੱਲ ਵਧੇਰੇ ਧਿਆਨ ਹੋਣਾ ਹੈ।


ਪ੍ਰਸ਼ਨ 3. ਪੇਂਡੂ ਕੁੜੀਆਂ ਵਿੱਚ ਕਿਹੜੀ ਮੁੱਖ ਤਬਦੀਲੀ ਆਈ ਹੈ ? ਪਖੋਂ ਪੁਰਾਣੀਆਂ ਨਾਇਕਾਵਾਂ ਨੂੰ ਵੀ ਪਿੱਛੇ ਛੱਡ ਰਹੀਆਂ ਹਨ।

ਉੱਤਰ—ਅਜੋਕੇ ਸਮੇਂ 'ਚ ਪੇਂਡੂ ਕੁੜੀਆਂ 'ਚ ਮੁੱਖ ਤਬਦੀਲੀ ਇਹੋ ਆਈ ਹੈ ਕਿ ਉਹ ਸਰੀਰਕ ਸੁੰਦਰਤਾ ਤੇ ਸੱਜ-ਧਜ


ਪ੍ਰਸ਼ਨ 4. ਸਾਹਿਤ ਤੇ ਸਿਨਮਾ ਨੇ ਔਰਤਾਂ ਦੀ ਸਜਣ ਭਾਵਨਾ ਵਿੱਚ ਕੀ ਹਿੱਸਾ ਪਾਇਆ ਹੈ?

ਉੱਤਰ—ਸਾਹਿਤ ਭਾਵ ਨਾਵਲਾਂ, ਨਾਟਕਾਂ ਅਤੇ ਸਿਨਮਾ ਦੇ ਦ੍ਰਿਸ਼ਾਂ ਨੇ ਔਰਤਾਂ ਦੀ ਬਣਨ-ਸਵਰਨ ਦੀ ਭਾਵਨਾ ਨੂੰ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।


ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

ਉੱਤਰ—ਅਜੋਕੀ ਔਰਤ ਦਾ ਬਣਨ-ਸੰਵਰਨ।

ਜਾਂ

ਅਜੋਕੀ ਔਰਤ ਦੀਆਂ ਰੁਚੀਆਂ।


ਅਣਡਿੱਠਾ ਪੈਰਾ-7

ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਨੂੰ ਨਹੀਂ ਕਹਿੰਦੇ।‘ਘਰ’ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਤੇ ਸੱਧਰਾਂ ਪਲਦੀਆਂ ਹਨ, ਜਿੱਥੇ ਬਾਲਪਨ ਵਿੱਚ ਮਾਂ, ਭੈਣ ਤੇ ਭਰਾ ਕੋਲੋਂ ਲਾਡ-ਪਿਆਰ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਲਤਾੜ ਕੇ ਖੱਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿੱਥੇ ਬੁਢੇਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਵਿੱਚ ਇਉਂ ਸੁਆਦ ਆਉਂਦਾ ਹੈ, ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੋਂ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਸੀ।ਉਸ ਦਾ ਆਚਰਨ ਬਣਾਉਣ ਵਿੱਚ ਜਿੱਥੇ ਸਮਾਜਿਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਉੱਥੇ ਘਰ ਦੀ ਚਾਰ ਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ ਹੈ, ਸਗੋਂ ਮਨੁੱਖੀ ਆਚਰਨ ਬਣਦਾ ਹੀ ਘਰ ਵਿੱਚ ਹੈ।ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਉ ਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਵਾਲਾ ਵੇਖਦਾ ਹਾਂ, ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।


ਪ੍ਰਸ਼ਨ 1. ਘਰ ਤੋਂ ਕੀ ਭਾਵ ਹੈ ?

ਉੱਤਰ—ਘਰ ਉਹ ਥਾਂ ਹੈ ਜਿੱਥੇ ਮਨੁੱਖ ਦਾ ਪਿਆਰ ਤੇ ਸੱਧਰਾਂ ਪਲਦੀਆਂ ਹਨ ਤੇ ਜਿੱਥੇ ਉਸਨੇ ਬਚਪਨ 'ਚ ਆਪਣਿਆਂ ਤੋਂ ਪਿਆਰ ਲਿਆ ਹੁੰਦਾ ਹੈ।


ਪ੍ਰਸ਼ਨ 2. ਬੁਢੇਪੇ ਵਿੱਚ ਘਰੋਂ ਕਿਸ ਤਰ੍ਹਾਂ ਦਾ ਸੁਆਦ ਆਉਂਦਾ ਹੈ ?

ਉੱਤਰ—ਬੁਢੇਪੇ ਵਿੱਚ ਵਿਹਲੇ ਸਮੇਂ ਘਰੋਂ ਉਸੇ ਤਰ੍ਹਾਂ ਦਾ ਹੀ ਸੁਆਦ ਆਉਂਦਾ ਹੈ, ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚੋਂ ਆਉਂਦਾ ਸੀ।


ਪ੍ਰਸ਼ਨ 3. ਘਰ ਦਾ ਮੁੱਖ ਯੋਗਦਾਨ ਕੀ ਹੁੰਦਾ ਹੈ ?

ਉੱਤਰ—ਘਰ ਦਾ ਮੁੱਖ ਯੋਗਦਾਨ ਮਨੁੱਖ ਦਾ ਆਚਰਨ ਬਣਾਉਣਾ ਹੁੰਦਾ ਹੈ ਕਿਉਂਕਿ ਘਰ ਹੀ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਨਿੱਜੀ ਰਹਿਣੀ ਦਾ ਕੇਂਦਰ ਹੁੰਦਾ ਹੈ। ਇੰਜ ਘਰ ਹੀ ਮਨੁੱਖ ਦੀਆਂ ਰੁਚੀਆਂ ਤੇ ਸੁਭਾਅ ਦਾ ਸਾਂਚਾ ਹੁੰਦਾ ਹੈ।


ਪ੍ਰਸ਼ਨ 4. ਘਰ ਦੇ ਪਿਆਰ ਤੋਂ ਸੱਖਣੇ ਮਨੁੱਖ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ?

ਉੱਤਰ—ਘਰ ਦੇ ਪਿਆਰ ਤੋਂ ਸੱਖਣੇ ਮਨੁੱਖ ਦਾ ਸੁਭਾਅ ਸੜੀਅਲ ਜਾਂ ਖਿਝੂ ਹੀ ਹੁੰਦਾ ਹੈ।


ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ। 

ਉੱਤਰ—ਘਰ ਦਾ ਪਿਆਰ।

ਜਾਂ 

ਘਰ ਦੇ ਪਿਆਰ ਦੀ ਮਹੱਤਤਾ।


ਅਣਡਿੱਠਾ ਪੈਰਾ-8

ਮਰਨ ਦਾ ਡਰ ਹਰ ਇੱਕ ਨੂੰ ਚੰਬੜਿਆ ਹੋਇਆ ਹੈ। ਇਤਨਾ ਆਮ ਹੈ ਕਿ ਜਿੱਥੇ ਕਿਤੇ ਵੀ ਜਿੰਦ ਹੈ, ਮਰਨ ਦਾ ਭੈ ਮੌਜੂਦ ਹੈ। ਨਿੱਕੇ ਤੋਂ ਨਿੱਕੇ ਕੀੜੇ ਨੂੰ ਹੋਰ ਭਾਵੇ ਕੋਈ ਗਿਆਨ ਹੋਵੇ ਜਾਂ ਨਾ, ਪਰ ਜਾਨ ਬਚਾਉਣ ਦਾ ਡਰ ਉਸ ਨੂੰ ਹੈ। ਉਸ ਨੂੰ ਪਕੜਨ ਦਾ ਜਤਨ ਕਰੋ, ਉਹ ਆਪਣੇ ਵਿਤ ਮੂਜਬ ਭੱਜ ਨੱਸ ਕੇ ਜ਼ਰੂਰ ਬਚਾਉਣ ਦਾ ਉੱਦਮ ਕਰੇਗਾ। ਨਵੇਂ ਮਾਨਸਿਕ ਖੋਜੀਆਂ ਨੇ ਜੀਵਾਂ ਵਿੱਚ ਕਈ ਜਮਾਂਦਰੂ ਸੁਭਾਅ ਲੱਭੇ ਹਨ, ਜਿਨ੍ਹਾਂ ਵਿੱਚੋਂ ਵੱਡੀ ਸੁਭਾਵਿਕ ਪਰਵਿਰਤੀ ‘ਡਰ’ ਹੈ, ਜਿਸ ਦੀ ਜੜ੍ਹ ਆਪਣੀ ਜਾਨ ਬਚਾਉਣ ਵਿੱਚ ਹੈ।ਕਾਂ ਗੁਲੇਲ ਨੂੰ ਵੇਖ ਕੇ ਝੱਟ ਉੱਡ ਜਾਂਦਾ ਹੈ, ਕੁੱਤਾ ਸੋਟੇ ਨੂੰ ਵੇਖ ਕੇ ਕੰਨ ਨੀਵੇਂ ਕਰ ਕੇ ਪਾਸਾ ਵੱਟ ਜਾਂਦਾ ਹੈ।‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ’—ਡੰਡੇ ਨੂੰ ਇਹ ਪੀਰੀ ਸਾਡੀ ਡਰ ਵਾਲੀ ਸੁਭਾਵਿਕ ਪਰਵਿਰਤੀ ਨੇ ਹੀ ਦਿੱਤੀ ਹੈ। ਇਹ ਡਰ ਕੀੜੇ, ਪੰਛੀ, ਪਸ਼ੂ, ਬੱਚੇ, ਜੁਆਨ ਹਰ ਇੱਕ ਵਿੱਚ ਮੌਜੂਦ ਹੈ। ਇੱਕ ਦਿਨ ਦੇ ਬੱਚੇ ਨੂੰ ਗੋਦੀ ਵਿੱਚ ਲਓ ਤੇ ਜ਼ਰਾ ਬੁੱਕਲ ਤੋਂ ਝੂਟਾ ਦੇ ਕੇ ਬਾਹਰ ਨੂੰ ਧੱਕੋ। ਬੱਚਾ ਡਡਿਆ ਕੇ ਧਾਹਾਂ ਮਾਰਨ ਲੱਗ ਜਾਏਗਾ।


ਪ੍ਰਸ਼ਨ 1. ਮਰਨ ਤੋਂ ਕੌਣ-ਕੌਣ ਡਰਦੇ ਹਨ ?

ਉੱਤਰ—ਮਰਨ ਤੋਂ ਹਰ ਕੋਈ ਡਰਦਾ ਹੈ। ਜਿਸ 'ਚ ਵੀ ਜਿੰਦ ਹੈ ਉਸ ਵਿੱਚ ਮੌਤ ਦਾ ਡਰ ਮੌਜੂਦ ਹੁੰਦਾ ਹੈ। 


ਪ੍ਰਸ਼ਨ 2. ਨਵੇਂ ਮਾਨਸਿਕ ਖੋਜੀਆਂ ਨੇ ਜੀਵਾਂ ਵਿੱਚ ਵੱਡੀ ਸੁਭਾਵਿਕ ਪਰਵਿਰਤੀ ਕਿਹੜੀ ਲੱਭੀ ਹੈ ?

ਉੱਤਰ—ਨਵੇਂ ਮਾਨਸਿਕ ਖੋਜੀਆਂ ਨੇ ਜੀਵਾਂ ਵਿੱਚ ਵੱਡੀ ਸੁਭਾਵਿਕ ਪ੍ਰਵਿਰਤੀ ‘ਡਰ’ ਦੀ ਲੱਭੀ ਹੈ। ਇਸ ‘ਡਰ’ ਦਾ ਕਾਰਨ ਆਪਣੀ ਜਾਨ ਬਚਾਉਣ ਨਾਲ ਸੰਬੰਧਿਤ ਹੈ।


ਪ੍ਰਸ਼ਨ 3. ਕਾਂ ਗੁਲੇਲ ਤੇ ਕੁੱਤਾ ਸੋਟੇ ਨੂੰ ਵੇਖ ਕੇ ਕਿਉਂ ਡਰ ਜਾਂਦਾ ਹੈ ?

ਉੱਤਰ—ਕਾਂ ਗੁਲੇਲ ਨੂੰ ਵੇਖਦਿਆਂ ਹੀ ਉੱਡ ਜਾਂਦਾ ਹੈ ਤੇ ਕੁੱਤਾ ਵੀ ਸੋਟਾ ਵੇਖਣ ਸਾਰ ਦੂਰ ਜਾਂ ਪਾਸੇ ਚਲਾ ਜਾਂਦਾ ਹੈ। ਅਜਿਹਾ ਕਾਂ ਤੇ ਕੁੱਤੇ ਵਿੱਚ ਡਰ ਕਾਰਨ ਹੀ ਹੁੰਦਾ ਹੈ।


ਪ੍ਰਸ਼ਨ 4. ਅਖਾਣ ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ' ਕਿਸ ਪਰਵਿਰਤੀ ਦੀ ਦੇਣ ਹੈ ? 

ਉੱਤਰ—ਅਖਾਣ ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ' ਡਰ ਵਾਲੀ ਸੁਭਾਵਿਕ ਪਰਵਿਰਤੀ ਦੀ ਹੀ ਦੇਣ ਹੈ ਕਿਉਂਕਿ ਡੰਡੇ ਦੇ ਡਰ ਸਦਕਾ ਹੀ ਵਿਗੜੇ ਲੋਕ ਸੁਧਰਦੇ ਹਨ।


ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

ਉੱਤਰ-ਮੌਤ ਦਾ ਡਰ।

ਜਾਂ

ਜੀਵਾਂ 'ਚ ਮੌਤ ਦਾ ਡਰ।

ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਠੀਕ ਉੱਤਰ ਦੀ ਚੋਣ ਕਰੋ :



ਅਣਡਿੱਠਾ ਪੈਰਾ-9

ਲੋਹੜੀ ਤੋਂ ਦੂਜੇ ਦਿਨ ਮਾਘੀ ਵੀ ਇੱਕ ਨਾਲ ਲੱਗਦਾ ਤਿਉਹਾਰ ਹੁੰਦਾ ਹੈ। ਮੇਰੇ ਪਿੰਡ ਦੇ ਲੋਕ ਪੋਹ ਦੇ ਮਹੀਨੇ ਕੋਈ ਵਿਆਹ ਸ਼ਾਦੀ ਨਹੀਂ ਕਰਦੇ-ਅਖੇ ! ਇਹ ਠੰਢਾ ਮਹੀਨਾ ਹੈ। ਇਸ ਲਈ ਮਹੀਨੇ ਦਾ ਹੀ ਨਹੀਂ ਸਗੋਂ ਇੱਕ ਤਰ੍ਹਾਂ ਸਾਲ ਦੇ ਵਿਆਹਾਂ ਦਾ ਸਾਹਾ ਮਾਘ ਵਿੱਚ ਕੱਢਿਆ ਜਾਂਦਾ ਹੈ।ਮਾਘ ਦੇ ਮਹੀਨੇ ਪੁੰਨ-ਦਾਨ ਕਰਨ ਨਾਲ ਕਹਿੰਦੇ ਨੇ ਬਹੁਤਾ ਫਲ ਮਿਲਦਾ ਹੈ ਤੇ ਕੰਨਿਆਂ ਦੇ ਦਾਨ ਨਾਲੋਂ ਹੋਰ ਦਾਨ ਵੀ ਕਿਹੜਾ ਵੱਡਾ ਹੋ ਸਕਦਾ ਹੈ ? ਇਸ ਲਈ ਬਹੁਤੇ ਵਿਆਹ, ਮੁਕਲਾਵੇ ਤੇ ਮੰਗਣੇ ਏਸੇ ਮਹੀਨੇ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਅਰੰਭ ਮਾਘੀ ਵਾਲੇ ਦਿਨ ਤੋਂ ਹੋ ਜਾਂਦਾ ਹੈ। ਮਾਘੀ ਨੂੰ ਸਵੇਰੇ ਤੀਰਥ ਇਸ਼ਨਾਨ ਕਰਨਾ ਮਹਾਨ ਪੁੰਨ ਹੈ। ਮੇਰੇ ਪਿੰਡ ਦੇ ਨੇੜੇ ਕੋਈ ਤੀਰਥ ਨਹੀਂ ਇਸ ਲਈ ਬਹੁਤ ਸਾਰੇ ਪੁੰਨੀ-ਧਰਮੀ ਪਹਿਰ ਦੇ ਤੜਕੇ ਪਿੰਡ ਦੇ ਟੋਭਿਆਂ ਵਿੱਚ ਵੀ ਟੁੱਭੀਆਂ ਲਾ ਆਉਂਦੇ ਹਨ। ਕਈ ਹਿੰਮਤੀ ਬੰਦੇ ਇੱਕ ਮੀਲ ਦੂਰ, ਵਗਦੇ ਸੂਏ ਉੱਤੇ ਇਸ਼ਨਾਨ ਕਰਕੇ ‘ਜਲ ਮਿਲਿਆ ਪਰਮੇਸ਼ਰ ਮਿਲਿਆ, ਤਨ ਕੀ ਗਈ ਬਲਾਇ' ਦਾ ਜਾਪ ਕਰਦੇ, ਜੇ ਜਪੁਜੀ ਸਾਰਾ ਯਾਦ ਨਾ ਹੋਵੇ ਤਾਂ ਪਹਿਲੀ ਪਉੜੀ ਦਾ ਹੀ ਸਹੀ। ਉਹ ‘ਸਤਿਨਾਮ ਵਾਹਿਗੁਰੂ’, ‘ਹਰੇ ਰਾਮ’, ‘ਰਾਧੇ ਕ੍ਰਿਸ਼ਨ’ ਦੀਆਂ ਧੁੰਨਾਂ ਲਾਉਂਦੇ ਰਜਾਈਆਂ ਵਿੱਚ ਵੜਦੇ ਹਨ। ਮਾਘੀ ਵਾਲੇ ਦਿਨ ਮੁੰਡੇ ਕੁੜੀਆਂ ਨੂੰ ਨਹਾਉਣ ਦੀ ਪਿਰਤ ਪਾਉਣ ਲਈ ਕਈ ਕਿਸਮ ਦੇ ਲਾਲਚਾਂ ਦੇ ਚੋਗੇ ਖਿਲਾਰੇ ਜਾਂਦੇ ਹਨ—“ਅਖੇ ; ਜਿਹੜਾ ਕੁੜੀ ਮੁੰਡਾ ਪਹਿਰ ਦੇ ਤੜਕੇ ਨ੍ਹਾਵੇਗਾ ਉਸ ਦੇ ਵਾਲ ਸੋਨੇ ਦੇ ਹੋ ਜਾਣਗੇ। ਜਿਹੜਾ ਪਹੁ ਫੁਟਦੀ ਨਾਲ ਨ੍ਹਾਵੇਗਾ ਉਸ ਦੇ ਚਾਂਦੀ ਦੇ।”


ਪ੍ਰਸ਼ਨ 1. ਮਾਘ ਦੇ ਮਹੀਨੇ 'ਚ ਵਧੇਰੇ ਵਿਆਹ ਕਿਸ ਕਾਰਨ ਹੁੰਦੇ ਹਨ ? 

ਪ੍ਰਸ਼ਨ 2. ਮਾਘ ਦੇ ਮਹੀਨੇ ਪੁੰਨ-ਦਾਨ ਕਰਨ ਦੀ ਕੀ ਮਹੱਤਤਾ ਹੁੰਦੀ ਹੈ ? 

ਪ੍ਰਸ਼ਨ 3. ਮਾਘ ਦੇ ਇਸ਼ਨਾਨ ਸਮੇਂ ਕਿਹੜੇ-ਕਿਹੜੇ ਜਾਪ ਕੀਤੇ ਜਾਂਦੇ ਹਨ ? 

ਪ੍ਰਸ਼ਨ 4. ਮਾਘੀ ਦੇ ਦਿਨ ‘ਮਹਾਨ-ਪੁੰਨ’ ਕੀ ਮੰਨਿਆ ਜਾਂਦਾ ਹੈ ? 

ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।


ਅਣਡਿੱਠਾ ਪੈਰਾ-10

ਸਮਾਂ ਇੱਕ ਮਹਾਨ ਖ਼ਜ਼ਾਨਾ ਹੈ। ਅਮਰੀਕਾ ਤੇ ਜਪਾਨ ਵਿੱਚ ਮੀਂਹ ਹੋਵੇ, ਹਨੇਰੀ ਹੋਵੇ, ਠੰਢ ਹੋਵੇ, ਗਰਮੀ ਹੋਵੇ, ਅੱਠ ਘੰਟੇ ਹਰ ਕੋਈ ਡਟ ਕੇ ਕੰਮ ਕਰਦਾ ਹੈ। ਦਫ਼ਤਰਾਂ ਵਿੱਚ, ਖੇਤਾਂ ਵਿੱਚ, ਕਾਰਖ਼ਾਨਿਆਂ ਵਿੱਚ ਤਾਂ ਸਾਲ ਅੰਦਰ ਮਸਾਂ ਚਾਰ ਛੁੱਟੀਆਂ ਹੁੰਦੀਆਂ ਹਨ। ਸਾਡੇ ਦੇਸ਼ ਵਿੱਚ ਕਿੰਨੀਆਂ ਹੀ ਛੁੱਟੀਆਂ, ਕਿੰਨੇ ਥੋੜ੍ਹੇ ਕੰਮ, ਕੰਨਾ ਬੇਦਿਲਾ ਕੰਮ ਤੇ ਫਿਰ ਸਵੇਰੇ ਸ਼ਾਮ ਮੰਦਰਾਂ, ਗੁਰਦਵਾਰਿਆਂ ਵਿੱਚ ਭੀੜ, ਸਾਧੂ ਸੰਤਾਂ ਦੀ ਨਿੱਤ-ਫੇਰੀ, ਮਰਨੇ-ਜੰਮਣੇ ਤੇ ਵਿਆਹ। ਕਿਸੇ ਹੋਰ ਦੇਸ ਵਿੱਚ ਇਹਨਾਂ ਗੱਲਾਂ ਉੱਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ। ਲਾਊਡ ਸਪੀਕਰਾਂ ਉੱਤੇ ਧਰਮ ਨਹੀਂ ਵਹਿਮ-ਭਰਮ ਪ੍ਚਾਰੇ ਜਾਂਦੇ ਹਨ।ਹੋਰਨਾਂ ਦੇਸ਼ਾਂ ਵਿੱਚ ਭਾਵੇਂ ਕਿੰਨੀ ਵੀ ਬਰਫ਼ ਜੰਮੀ ਹੋਵੇ, ਕਾਮੇ ਪੂਰੇ ਅੱਠ ਵਜੇ ਕੰਮ 'ਤੇ ਪਹੁੰਚ ਜਾਂਦੇ ਹਨ। ਬਾਰਾਂ ਵਜੇ ਤਕ ਡਟ ਕੇ ਕੰਮ ਕੀਤਾ ਜਾਂਦਾ ਹੈ। ਇੱਕ ਘੰਟਾ ਵਿਚਕਾਰ ਖਾਣਾ ਖਾਂਦੇ ਹਨ ਅਤੇ ਪੰਜ ਵਜੇ ਤੀਕ ਅਣਥੱਕ ਮਿਹਨਤ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹਨਾਂ ਦੀ ਪੈਦਾਵਾਰ ਸਾਡੇ ਨਾਲੋਂ ਕਈ ਗੁਣਾ ਵਧੇਰੇ ਹੁੰਦੀ ਹੈ। 


ਪ੍ਰਸ਼ਨ 1. ਪੈਰੇ ਵਿੱਚ ਕਿਹੜੇ-ਕਿਹੜੇ ਦੇਸ਼ਾਂ ਦੀ ਗੱਲ ਕੀਤੀ ਗਈ ਹੈ ?


ਪ੍ਰਸ਼ਨ 2. ਉਪਰੋਕਤ ਦੇਸ਼ਾਂ ਵਿੱਚ ਕਾਮਿਆਂ ਨੂੰ ਸਾਲ ਵਿੱਚ ਕਿੰਨੀਆਂ ਛੁੱਟੀਆਂ ਮਿਲਦੀਆਂ ਹਨ ? 


ਪ੍ਰਸ਼ਨ 3. ਸਾਡੇ ਦੇਸ਼ ਵਿੱਚ ਕਿਹੜੀਆਂ ਗੱਲਾਂ 'ਤੇ ਵਧੇਰੇ ਸਮਾਂ ਬਰਬਾਦ ਕੀਤਾ ਜਾਂਦਾ ਹੈ ? 


ਪ੍ਰਸ਼ਨ 4. ਹੋਰਨਾਂ ਦੇਸ਼ਾਂ ਵਿੱਚ ਕਾਮੇ ਕਿਸ ਤਰ੍ਹਾਂ ਕੰਮ ਕਰਦੇ ਹਨ?


ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।


Post a Comment

0 Comments