ਸੱਪ ਅਤੇ ਕੇਕੜਾ
The Snake and the Crab
ਇਕ ਵਾਰ ਦੀ ਗੱਲ ਹੈ ਕਿ ਕਿਸੇ ਪਿੰਡ ਵਿਚ ਇਕ ਪੰਡਿਤ ਰਹਿੰਦਾ ਸੀ। ਲੋਕ ਉਸ ਵਿਆਹ-ਸ਼ਾਦੀਆਂ ਅਤੇ ਹੋਰ ਧਾਰਮਿਕ ਮੌਕਿਆਂ ਉੱਤੇ ਆਪਣੇ ਘਰ ਸੱਦਦੇ ਸਨ। ਇਸ ਤਰ੍ਹਾਂ ਉਸ ਪੰਡਿਤ ਦਾ ਗੁਜ਼ਾਰਾ ਹੋ ਰਿਹਾ ਸੀ। ਇਕ ਵਾਰੀ ਉਸ ਨੂੰ ਕਿਸੇ ਦੇ ਘਰੋਂ ਇਕ ਧਾਰਮਿਕ ਮੌਕੇ ਉੱਤੇ ਮੰਤਰ ਪੜ੍ਹਨ ਦਾ ਸੱਦਾ ਆਇਆ। ਪੰਡਿਤ ਨਿਰਧਾਰਿਤ ਸਮੇਂ ਤੇ ਘਰੋਂ ਚੱਲ ਪਿਆ। ਉਸ ਦੀ ਮਾਂ ਨੇ ਉਸ ਨੂੰ ਰੋਟੀ ਬੰਨ੍ਹ ਦਿੱਤੀ ਅਤੇ ਨਾਲ ਹੀ ਉਸ ਦੀ ਪੋਟਲੀ ਵਿਚ ਇਕ ਕੇਕੜਾ ਵੀ ਪਾ ਦਿੱਤਾ। ਇਹ ਕੇਕੜਾ ਉਸ ਪੰਡਿਤ ਦੀ ਮਾਂ ਨੇ ਆਪਣੇ ਹੱਥੀਂ ਪਾਇਆ ਸੀ। ਪੰਡਿਤ ਨੇ ਕਿਹਾ ਕਿ ਇਹ ਕੇਕੜਾ ਉਸ ਦੀ ਪੋਟਲੀ ਵਿਚ ਕਿਉਂ ਪਾਇਆ ਹੈ? ਤੱਦ ਮਾਂ ਨੇ ਸਮਝਾਇਆ ਕਿ ਔਖੇ ਵੇਲੇ ਇਹ ਤੇਰੇ ਕੰਮ ਆਵੇਗਾ। ‘ਇਹ ਕੇਕੜਾ ਮੇਰੇ ਕੀ ਕੰਮ ਆਵੇ ਗਾ?''ਪੰਡਿਤ ਸੋਚਣ ਲੱਗਾ। ਉਸ ਨੇ ਕੇਕੜਾ ਪੋਟਲੀ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ ਪਰ ਉਸ ਦੀ ਮਾਂ ਨੇ ਉਸ ਤੋਂ ਛੁਪਾ ਕੇ ਕੇਕੜੇ ਨੂੰ ਫਿਰ ਉਸ ਦੀ ਪੋਟਲੀ ਵਿਚ ਪਾ ਦਿੱਤਾ।
ਪੰਡਿਤ ਘਰੋਂ ਚੱਲ ਪਿਆ। ਨਦੀ ਪਾਰ ਕਰਕੇ ਉਹ ਜੰਗਲ ਵਿੱਚੋਂ ਗੁਜ਼ਰ ਰਿਹਾ ਸੀ। ਉਸ ਨੂੰ ਥਕਾਵਟ ਮਹਿਸੂਸ ਹੋਈ। ਉਸ ਨੇ ਇਕ ਰੁੱਖ ਥੱਲੇ ਬੈਠ ਕੇ ਰੋਟੀ ਖਾਦੀ ਅਤੇ ਉਸ ਨੂੰ ਨੀਂਦ ਆ ਗਈ। ਏਨੇ ਨੂੰ ਰੁੱਖ ਦੀਆਂ ਜੜ੍ਹਾਂ ਵਿੱਚੋਂ ਇਕ ਸੱਪ ਨਿਕਲਿਆ ਅਤੇ ਪੰਡਿਤ ਨੂੰ ਡੰਗਣ ਲੱਗਾ ਹੀ ਸੀ ਕਿ ਕੇਕੜੇ ਨੇ ਉਸ ਸੱਪ ਨੂੰ ਆਪਣੇ ਮੂੰਹ ਵਿਚ ਫੜ ਲਿਆ ਤੇ ਤਦ ਤਕ ਨਹੀਂ ਛੱਡਿਆ ਜਦ ਤਕ ਕਿ ਉਹ ਸੱਪ ਮਰ ਨਹੀਂ ਗਿਆ। ਕੁਝ ਦੇਰ ਬਾਅਦ ਪੰਡਿਤ ਦੀ ਅੱਖ ਖੁੱਲ੍ਹੀ। ਉਸ ਨੇ ਆਪਣੇ ਕੋਲ ਮਰੇ ਹੋਏ ਸੱਪ ਨੂੰ ਵੇਖਿਆ। ਕੋਲ ਹੀ ਕੇਕੜਾ ਵੀ ਮਰਿਆ ਪਿਆ ਸੀ। ਉਸ ਨੂੰ ਸਾਰੀ ਗੱਲ ਸਮਝ ਆ ਗਈ—‘ਮਾਂ ਨੇ ਕੇਕੜਾ ਪੋਟਲੀ ਵਿਚ ਪਾ ਦਿੱਤਾ ਹੋਵੇਗਾ ਅਤੇ ਇਸ ਕੇਕੜੇ ਨੇ ਹੁਣ ਸੱਪ ਕੋਲੋਂ ਮੇਰੀ ਜਾਨ ਬਚਾਈ ਹੈ।' ਉਸ ਦੇ ਮੰਨ ਵਿਚ ਵਿਚਾਰ ਆਇਆ—‘‘ਮੈਂ ਇਹ ਕੇਕੜਾ ਪੋਟਲੀ ਵਿੱਚੋਂ ਕੱਢ ਦਿੱਤਾ ਸੀ, ਜੇ ਮਾਂ ਨੇ ਇਹ ਕੇਕੜਾ ਦੁਬਾਰਾ ਪੋਟਲੀ ਵਿਚ ਨਾ ਪਾਇਆ ਹੁੰਦਾ, ਤਾਂ ਅੱਜ ਮੇਰੀ ਮੌਤ ਨਿਸ਼ਚਿਤ ਸੀ।” ਉਸ ਨੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਉਹ ਆਪਣੇ ਵੱਡਿਆਂ ਦਾ ਕਿਹਾ ਕਦੇ ਨਹੀਂ ਟਾਲੇਗਾ।
ਸਿੱਖਿਆ—ਸਾਨੂੰ ਵੱਡਿਆਂ ਦੀ ਗੱਲ ਹਮੇਸ਼ਾ ਸਿਰ ਮੱਥੇ ਮੰਨ ਲੈਣੀ ਚਾਹੀਦੀ ਹੈ।
0 Comments