ਸਿਆਣਾ ਕਾਂ
Soiyana Kaa
ਇਕ ਵਾਰੀ ਦੀ ਗੱਲ ਹੈ, ਇਕ ਜੰਗਲ ਵਿਚ ਇਕ ਦਰੱਖਤ ਉੱਤੇ ਇਕ ਕਾਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸੇ ਦਰੱਖਤ ਦੀ ਖੁੱਡ ਵਿਚ ਇਕ ਸੱਪ ਵੀ ਰਹਿੰਦਾ ਸੀ। ਜਦ ਵੀ ਕਾਉਂਣੀ ਆਂਡੇ ਦਿੰਦੀ ਤਾਂ ਸੱਪ ਉਸ ਦੇ ਆਂਡੇ ਪੀ ਜਾਂਦਾ ਤੇ ਖੁੱਡ ਵਿਚ ਜਾ ਵੜਦਾ। ਇਕ ਦਿਨ ਕਾਂ ਤੇ ਕਾਉਂਣੀ ਨੂੰ ਉਹਨਾਂ ਦੇ ਆਂਡੇ ਪੀਣ ਦਾ ਰਾਜ਼ ਪਤਾ ਲੱਗ ਹੀ ਗਿਆ। ਕਾਂ ਬਹੁਤ ਸਿਆਣਾ ਸੀ, ਉਹ ਸੱਪ ਦੀ ਇਸ ਕਰਤੂਤ ਤੋਂ ਬਚਣ ਦਾ ਉਪਾਅ ਸੋਚਣ ਲੱਗਾ। ਉਸ ਨੂੰ ਇਕ ਤਰਕੀਬ ਸੁੱਝੀ।
ਦਰੱਖਤ ਦੇ ਨੇੜੇ ਇਕ ਤਲਾਬ ਸੀ ਜਿੱਥੇ ਇਕ ਰਾਜਕੁਮਾਰ ਰੋਜ਼ ਇਸ਼ਨਾਨ ਕਰਨ ਆਉਂਦਾ ਸੀ। ਕਾਂ ਤਲਾਬ ਦੇ ਨੇੜੇ ਜਾ ਕੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਰਾਜਕੁਮਾਰ ਆਪਣੇ ਸਿਪਾਹਿਆਂ ਨਾਲ ਆਇਆ। ਇਸ਼ਨਾਨ ਕਰਨ ਲਈ ਉਸ ਨੇ ਆਪਣੇ ਕੱਪੜੇ ਉਤਾਰੇ ਤੇ ਕੱਪੜਿਆਂ ਦੇ ਨਾਲ ਹੀ ਆਪਣਾ ਸੋਨੇ ਦਾ ਹਾਰ ਵੀ ਉਤਾਰ ਕੇ ਰੱਖ ਦਿੱਤਾ। ਕਾਂ ਨੇ ਝੱਟ ਉਸ ਹਾਰ ਨੂੰ ਚੁੱਕ ਲਿਆ ਤੇ ਉੱਡ ਗਿਆ। ਕਾਂ ਜਾਣ-ਬੁੱਝ ਕੇ ਸਿਪਾਹੀਆਂ ਦੇ ਉੱਤੋਂ ਲੰਘਿਆ ਤਾਂ ਕਿ ਉਹ ਉਸ ਦਾ ਪਿੱਛਾ ਕਰਨ। ਕਾਂ ਹੌਲੀ-ਹੌਲੀ ਉੱਡ ਰਿਹਾ ਸੀ ਤੇ ਰਾਜਕੁਮਾਰ ਦੇ ਸਿਪਾਹੀ ਉਸ ਦਾ ਪਿੱਛਾ ਕਰ ਰਹੇ ਸਨ। ਕਾਂ ਨੇ ਕੀਮਤੀ ਹਾਰ ਸੱਪ ਦੀ ਖੁੱਡ ਵਿਚ ਸੁੱਟ ਦਿੱਤਾ। ਪਿੱਛੇ ਦੌੜ ਕੇ ਆਏ ਸਿਪਾਹੀ ਖੁੱਡ ਵਿੱਚੋਂ ਹਾਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਤਾਂ ਹੀ ਖੁੱਡ ਵਿੱਚੋਂ ਕਾਲਾ ਸੱਪ ਨਿਕਲ ਆਇਆ। ਸਿਪਾਹਿਆਂ ਨੇ ਸੱਪ ਨੂੰ ਮਾਰ ਦਿੱਤਾ ਤੇ ਸੋਨੇ ਦਾ ਹਾਰ ਲੈ ਕੇ ਚਲੇ ਗਏ। ਇਸ ਤਰ੍ਹਾਂ ਕਾਂ ਨੇ ਆਪਣੀ ਸਿਆਣਪ ਨਾਲ ਬਦਲਾ ਵੀ ਲੈ ਲਿਆ ਤੇ ਸੱਪ ਨੂੰ ਖ਼ਤਮ ਵੀ ਕਰ ਦਿੱਤਾ।
0 Comments