ਟੀ.ਵੀ. ਵੇਖਣ ਦੇ ਲਾਭ ਤੇ ਹਾਨੀਆਂ
TV Vekhan de Labh te Haniya
ਆਧੁਨਿਕ ਵਿਗਿਆਨ ਦੀ ਇਕ ਮਹੱਤਵਪੂਰਨ ਖੋਜ ਦਾ ਨਾਂ ਹੈ ਟੀ.ਵੀ., ਜਿਸ ਨੂੰ ਦੂਰਦਰਸ਼ਨ ਵੀ ਆਖਿਆ ਜਾਂਦਾ ਹੈ। ਦੂਰਦਰਸ਼ਨ ਜਾਂ ਟੀ.ਵੀ. ਰੇਡੀਓ ਦਾ ਹੀ ਵਿਕਸਤ ਹੋਇਆ ਰੂਪ ਹੈ। ਰੇਡੀਓ ਰਾਹੀਂ ਅਸੀਂ ਵੱਖ-ਵੱਖ ਪ੍ਰੋਗਰਾਮ ਸਿਰਫ਼ ਸੁਣ ਸਕਦੇ ਹਾਂ, ਪਰ ਹੁਣ ਵਿਗਿਆਨਕਾਂ ਦੀਆਂ ਖੋਜਾਂ ਦਾ ਸਦਕਾ ਅਸੀਂ ਪ੍ਰੋਗਰਾਮਾਂ ਨੂੰ ਸੁਣਨ ਦੇ ਨਾਲ-ਨਾਲ ਉਹਨਾਂ ਨਾਲ ਸੰਬੰਧਿਤ ਤਸਵੀਰਾਂ ਵੀ ਵੇਖ ਸਕਦੇ ਹਾਂ। ਭਾਰਤ ਵਿਚ 1959 ਵਿਚ ਪਹਿਲਾ ਟੀ.ਵੀ. ਵਿਭਾਗ ਸਥਾਪਤ ਹੋਇਆ। ਸ਼ੁਰੂ-ਸ਼ੁਰੂ ਵਿਚ ਬੜੇ ਘੱਟ ਚੈਨਲਾਂ ਉੱਤੇ ਸੀਮਤ ਜਿਹੇ ਪ੍ਰੋਗਰਾਮ ਹੀ ਸ਼ੁਰੂ ਹੋਏ, ਪਰ ਵਿਗਿਆਨਕ ਤਕਨੀਕਾਂ ਅਤੇ ਇਨਸੈੱਟ ਉਪਗ੍ਰਹਿਆਂ ਦੀ ਮਦਦ ਨਾਲ ਹੁਣ ਅਨੇਕ ਚੈਨਲਾਂ ਉੱਤੇ ਅਨੇਕ ਪ੍ਰੋਗਰਾਮ ਅਸੀਂ ਘਰ ਬੈਠੇ ਵੇਖ ਸਕਦੇ ਹਾਂ। ਇਹਨਾਂ ਚੈਨਲਾਂ ਅਤੇ ਪ੍ਰੋਗਰਾਮਾਂ ਦੀ ਸੰਖਿਆ ਦਿਨੋਂ-ਦਿਨ ਵਧ ਰਹੀ ਹੈ। ਇਸ ਵਿਗਿਆਨਕ ਖੋਜ ਦੇ ਅਨੇਕ ਲਾਭ ਹਨ।
ਟੀ.ਵੀ. ਜਾਣਕਾਰੀ ਦਾ ਵਿਸ਼ਾਲ ਖ਼ਜਾਨਾ ਹੈ। ਸਾਨੂੰ ਘਰ ਬੈਠਿਆਂ ਸੰਸਾਰ ਭਰ ਦੀਆਂ ਸੂਚਨਾਵਾਂ ਖਬਰਾਂ ਵਾਲੇ ਚੈਨਲ ਦਿੰਦੇ ਹਨ। ਕਈ ਚੈਨਲਾਂ ਉੱਤੇ ਸਿੱਖਿਆ ਨਾਲ ਸੰਬੰਧਿਤ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਟੀ.ਵੀ. ਰਾਹੀਂ ਅਸੀਂ ਖੇਤੀਬਾੜੀ, ਮੌਸਮ, ਸੰਗੀਤ, ਕਲਾ, ਰਾਜਨੀਤੀ, ਅਰਥ-ਵਿਵਸਥਾ ਅਤੇ ਵਿਗਿਆਨ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ ਹਾਸਲ ਕਰ ਸਕਦੇ ਹਾਂ।
ਟੀ.ਵੀ. ਮਨੋਰੰਜਨ ਦਾ ਵਧੀਆ ਸਾਧਨ ਹੈ। ਇਸ ਰਾਹੀਂ ਅਸੀਂ ਘਰ ਬੈਠੇ ਹੀ ਆਪਣੀ ਪਸੰਦ ਦੇ ਪ੍ਰੋਗਰਾਮ ਵੇਖ ਸਕਦੇ ਹਾਂ। ਵੰਨ ਵੰਨ ਸੁਵੰਨੀਆਂ ਫ਼ਿਲਮਾਂ, ਧਾਰਾਵਾਹਕ ਪ੍ਰੋਗਰਾਮ, ਕਵੀ ਦਰਬਾਰ, ਹਾਸ ਰਸ ਪ੍ਰੋਗਰਾਮ, ਨਾਟਕ, ਗੀਤ-ਸੰਗੀਤ ਦੇ ਪ੍ਰੋਗਰਾਮ ਆਦਿ ਅਨੇਕ ਪ੍ਰੋਗਰਾਮ ਦੇਖ ਕੇ ਅਸੀਂ ਆਪਣਾ ਮਨੋਰੰਜਨ ਕਰ ਸਕਦੇ ਹਾਂ।
ਵਪਾਰ ਨਾਲ ਸੰਬੰਧਿਤ ਅਨੇਕ ਪ੍ਰੋਗਰਾਮ ਟੀ.ਵੀ. ਉੱਤੇ ਵੇਖ ਕੇ ਅਸੀਂ ਆਪਣੀ ਵਪਾਰਕ ਜਾਣਕਾਰੀ ਨੂੰ ਵਧਾ ਸਕਦੇ ਹਾਂ। ਟੀ.ਵੀ., ਬੈਂਕਾਂ, ਵਿੱਤ ਅਤੇ ਸ਼ੇਅਰ ਬਜ਼ਾਰ ਦੀ ਵਿਸ਼ਵ ਪੱਧਰ ਦੀ ਜਾਣਕਾਰੀ ਹਾਸਲ ਕਰਨ ਦਾ ਵਧੀਆ ਸਾਧਨ ਹੈ।
ਇਸ ਤੋਂ ਇਲਾਵਾ ਟੀ.ਵੀ. ਰਾਹੀਂ ਅਨੇਕ ਕਲਾਕਾਰਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਮੌਕਾ ਮਿਲਦਾ ਹੈ। ਟੀ.ਵੀ. ਰਾਹੀਂ ਕਈ ਅਣਜਾਣੇ ਕਲਾਕਾਰ ਰਾਤੋਂ-ਰਾਤ ਸਿਤਾਰੇ ਬਣ ਜਾਂਦੇ ਹਨ। ਟੀ.ਵੀ. ਰਾਹੀਂ ਅਨੇਕ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ।
ਇਸ ਦੇ ਬਾਵਜੂਦ ਟੀ.ਵੀ. ਦੇ ਜਿੱਥੇ ਬਹੁਤ ਸਾਰੇ ਲਾਭ ਹਨ ਉੱਥੇ ਹਾਨੀਆਂ ਵੀ ਹਨ। ਟੀ.ਵੀ. ਦੇ ਬਹੁਤ ਸਾਰੇ ਚੈਨਲਾਂ ਉੱਤੇ ਅਸ਼ਲੀਲ ਅਤੇ ਘਟੀਆ ਪੱਧਰ ਦੇ ਪ੍ਰੋਗਰਾਮ ਪੇਸ਼ ਹੁੰਦੇ ਹਨ ਜੋ ਬੱਚਿਆਂ ਦੇ ਚਰਿੱਤਰ ਅਤੇ ਮਨ ਉੱਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ। ਜ਼ਿਆਦਾ
ਟੀ.ਵੀ. ਦੇਖਣ ਨਾਲ ਬੱਚਿਆਂ ਦੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ, ਸਮਾਂ ਬਰਬਾਦ ਹੁੰਦਾ ਹੈ ਅਤੇ ਪੜ੍ਹਾਈ ਵੱਲੋਂ ਧਿਆਨ ਹੱਟ ਜਾਂਦਾ ਹੈ। ਕਈ ਅਸ਼ਲੀਲ ਪ੍ਰੋਗਰਾਮ ਦੇਖ ਕੇ ਬੱਚੇ ਆਪਣੇ ਰਸਤੇ ਤੋਂ ਭਟਕ ਜਾਂਦੇ ਹਨ।
ਟੀ.ਵੀ. ਉੱਤੇ ਇਸ਼ਤਿਹਾਰਬਾਜ਼ੀ ਅਤੇ ਸਿਤਾਰਿਆਂ ਦੀ ਚਮਕ-ਦਮਕ ਦੇਖ ਕੇ ਲੋਕ ਧੋਖਾ ਖਾ ਜਾਂਦੇ ਹਨ ਅਤੇ ਪੈਸੇ ਦੀ ਬਰਬਾਦੀ ਕਰਦੇ ਹਨ।
ਬੇਸ਼ੱਕ ਟੀ.ਵੀ. ਦੀਆਂ ਹੋਰ ਵੀ ਬਹੁਤ ਹਾਨੀਆਂ ਹਨ, ਪਰ ਜੇਕਰ ਅਸੀਂ ਇਸ ਦੀ ਵਰਤੋਂ ਸੋਚ-ਸਮਝ ਕੇ ਅਤੇ ਮਾਤਾ-ਪਿਤਾ ਦੀ ਆਗਿਆ ਅਨੁਸਾਰ ਕਰੀਏ ਤਾਂ ਇਹਨਾਂ ਹਾਨੀਆਂ ਤੋਂ ਬਚਿਆ ਜਾ ਸਕਦਾ ਹੈ।
0 Comments