ਸ੍ਰੀ ਰਾਮ ਚੰਦਰ ਜੀ
Shri Ram Chander Ji
ਸੂਰਜ ਵੰਸ਼ ਨੇ ਇਹ ਰੀਤ ਚਲਾਈ
ਪ੍ਰਾਣ ਜਾਏ ਪਰ ਵਚਨ ਨਾ ਜਾਈ।।
ਭਾਰਤ ਦੀ ਪਵਿੱਤਰ ਭੂਮੀ ਉੱਤੇ ਸਮੇਂ-ਸਮੇਂ ਤੇ ਅਜਿਹੇ ਮਹਾਂਪੁਰਖਾਂ, ਯੋਧਿਆਂ, ਸੂਰਬੀਰਾਂ, ਮਹਾਰਾਜਿਆਂ ਅਤੇ ਦੈਵੀ ਪੁਰਖਾਂ ਨੇ ਜਨਮ ਲਿਆ ਜਿਹਨਾਂ ਨੇ ਅਜਿਹਾ ਆਦਰਸ਼ਕ ਜੀਵਨ ਜੀਵਿਆ ਜੋ ਯੁੱਗ ਬੀਤ ਜਾਣ ਤੇ ਵੀ ਲੋਕਾਂ ਲਈ ਉਦਾਹਰਨ ਬਣਿਆ ਹੋਇਆ ਹੈ। ਸ੍ਰੀ ਰਾਮ ਚੰਦਰ ਜੀ ਵੀ ਇਕ ਅਜਿਹੇ ਹੀ ਜੁੱਗ ਪੁਰਖ ਸਨ ਜਿਹਨਾਂ ਨੂੰ ਇਹ ਸੰਸਾਰ ਸਦਾ ਪੂਜਦਾ ਰਹੇਗਾ।
ਰਾਜਾ ਦਸ਼ਰਥ ਅਯੁੱਧਿਆ ਦੇ ਰਾਜਾ ਸਨ। ਉਹਨਾਂ ਦੀਆਂ ਤਿੰਨ ਪਤਨੀਆਂ ਸਨ। ਸ੍ਰੀ ਰਾਮ ਜੀ ਦੀ ਮਾਤਾ ਦਾ ਨਾਂ ਕੁਸ਼ੱਲਿਆ ਦੇਵੀ ਸੀ। ਆਪ ਜੀ ਦੇ ਤਿੰਨ ਛੋਟੇ ਭਰਾ ਸਨ—ਭਾਰਤ, ਲਛਮਣ ਅਤੇ ਸ਼ਤਰੂਘਣ। ਆਪ ਦੇ ਛੋਟੇ ਭਰਾ ਆਪ ਜੀ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ।
ਬਚਪਨ ਤੋਂ ਹੀ ਆਪ ਨਿਮਰ ਸੁਭਾਅ ਦੇ ਸਨ। ਆਪ ਆਪਣੇ ਮਾਤਾ-ਪਿਤਾ ਦੀ ਹਰ ਆਗਿਆ ਦਾ ਪਾਲਣ ਕਰਦੇ ਸਨ। ਆਪ ਤੀਖਣ ਬੁੱਧੀ ਵਾਲੇ ਸਨ ਇਸ ਲਈ ਸ਼ਸਤਰ ਅਤੇ ਸ਼ਾਸਤਰ ਵਿਦਿਆ ਗ੍ਰਹਿਣ ਕਰਦਿਆਂ ਆਪ ਨੇ ਆਪਣੇ ਗੁਰੂ ਨੂੰ ਬਹੁਤ ਪ੍ਰਭਾਵਿਤ ਕੀਤਾ। ਆਪ ਜੀ ਦੇ ਪਿਤਾ ਆਪ ਨਾਲ ਅਤਿ ਪਿਆਰ ਕਰਦੇ ਸਨ। ਆਪ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਦੇ ਤਾਰੇ ਸੀ।
ਸ੍ਰੀ ਰਾਮ ਚੰਦਰ ਜੀ ਦੀ ਸ਼ਾਦੀ ਮਿਥਲਾ ਦੇ ਰਾਜਾ ਜਨਕ ਦੀ ਸਪੁੱਤਰੀ ਸੀਤਾ ਜੀ ਨਾਲ ਹੋਈ। ਸੀਤਾ ਬੜੀ ਸੁੰਦਰ ਅਤੇ ਉੱਤਮ ਗੁਣਾਂ ਵਾਲੀ ਰਾਜਕੁਮਾਰੀ ਸੀ। ਉਸ ਨੇ ਜੀਵਨ ਦੇ ਹਰ ਦੁੱਖ-ਸੁਖ ਵਿਚ ਆਪਣੇ ਪਤੀ ਦਾ ਸਾਥ ਨਿਭਾਇਆ। ਉਹ ਇਕ ਆਦਰਸ਼ ਪਤਨੀ ਸੀ।
ਠੀਕ ਸਮਾਂ ਆਉਣ ਉੱਤੇ ਰਾਜਾ ਦਸ਼ਰਥ ਨੇ ਫੈਸਲਾ ਕੀਤਾ ਕਿ ਹੁਣ ਰਾਜ ਭਾਗ ਸਭ ਤੋਂ ਵੱਡੇ ਰਾਜ ਕੁਮਾਰ ਰਾਮ ਚੰਦਰ ਜੀ ਨੂੰ ਸੌਂਪ ਦਿੱਤਾ ਜਾਵੇ। ਉਹਨਾਂ ਦਾ ਇਹ ਫੈਸਲਾ ਸੁਣ ਕੇ ਸਾਰੇ ਰਾਜ ਮਹੱਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਪਰ ਉਸੇ ਹੀ ਸਮੇਂ ਆਪ ਦੀ ਮਤਰੇਈ ਮਾਂ ਕੈਕੇਈ ਆਪਣੀ ਦਾਸੀ ਮੰਥਰਾ ਦੀ ਚੁੱਕ ਵਿਚ ਆ ਕੇ ਆਪ ਜੀ ਦੇ ਵਿਰੁੱਧ ਹੋ ਗਈ। ਉਸ ਨੇ ਆਪਣੇ ਪਤੀ ਰਾਜਾ ਦਸ਼ਰਥ ਕੋਲੋਂ ਪਹਿਲਾਂ ਕੀਤੇ ਹੋਏ ਕਿਸੇ ਵਚਨ ਦਾ ਫਾਇਦਾ ਉਠਾ ਕੇ ਆਪਣੇ ਪੁੱਤਰ ਭਰਤ ਲਈ ਰਾਜ ਭਾਗ ਮੰਗ ਲਿਆ ਅਤੇ ਆਪ ਜੀ ਨੂੰ 14 ਸਾਲਾਂ ਲਈ ਬਨਵਾਸ ਭੇਜ ਦੇਣ ਲਈ ਕਹਿ ਦਿੱਤਾ। ਆਪਣੇ ਪਿਤਾ ਦੇ ਵਚਨ ਨੂੰ ਪੂਰਾ ਕਰਨ ਲਈ ਆਪ ਸਾਰਾ ਰਾਜ ਭਾਗ ਤਿਆਗ ਕੇ ਵਣਾਂ ਨੂੰ ਜਾਣ ਲਈ ਤਿਆਰ ਹੋ ਗਏ।
ਅਜਿਹੀ ਸੰਕਟ ਦੀ ਘੜੀ ਵਿਚ ਆਪ ਜੀ ਦਾ ਸਾਥ ਆਪ ਜੀ ਦੀ ਪਤਨੀ ਸੀਤਾ ਜੀ ਨੇ ਦਿੱਤਾ। ਸੀਤਾ ਜੀ ਵੀ ਮਹੱਲਾਂ ਦਾ ਸੁਖ ਭਰਿਆ ਜੀਵਨ ਤਿਆਗ ਕੇ ਆਪ ਜੀ ਨਾਲ ਵਣਾਂ ਨੂੰ ਜਾਣ ਲਈ ਤਿਆਰ ਹੋ ਗਈ। ਇਹ ਵੇਖ ਕੇ ਆਪ ਦੇ ਛੋਟੇ ਭਰਾ ਲਛਮਣ ਵੀ ਰਾਜ ਮਹੱਲ ਛੱਡ ਕੇ ਆਪ ਜੀ ਦੇ ਨਾਲ ਵਣਾਂ ਨੂੰ ਜਾਣ ਲਈ ਤਿਆਰ ਹੋ ਗਏ। ਰਾਜਾ ਦਸ਼ਰਥ ਦਾ ਦਿਲ ਇਹ ਦੁੱਖ ਸਹਿ ਨਾ ਸਕਿਆ। ਜੰਗਲਾਂ ਨੂੰ ਤੁਰੇ ਜਾਂਦੇ ਸ੍ਰੀ ਰਾਮ, ਸੀਤਾ ਅਤੇ ਲਛਮਣ ਨੂੰ ਦੇਖ ਰਾਜਾ ਦਸ਼ਰਥ ਨੇ ਆਪਣੇ ਪ੍ਰਾਣ ਤਿਆਗ ਦਿੱਤੇ।
ਸ੍ਰੀ ਰਾਮ ਚੰਦਰ ਜੀ ਮਹਾਨ ਯੋਧੇ ਅਤੇ ਤੀਰਅੰਦਾਜ਼ ਸਨ। ਵਣਾਂ ਵਿਚ ਰਹਿੰਦਿਆਂ, ਲੰਕਾ ਦਾ ਵੀਰ ਰਾਜਾ ਰਾਵਣ ਸੀਤਾ ਜੀ ਨੂੰ ਧੋਖੇ ਨਾਲ ਹਰਨ ਕਰ ਕੇ ਲੈ ਗਿਆ। ਆਪ ਨੇ ਵਾਨਰ ਸੈਨਾ ਦੀ ਮਦਦ ਨਾਲ ਰਾਵਣ ਵਰਗੇ ਬਲੀ ਰਾਜੇ ਨਾਲ ਜੁੱਧ ਕੀਤਾ ਅਤੇ ਰਾਵਣ ਨੂੰ ਮਾਰ ਕੇ ਸੀਤਾ ਜੀ ਨੂੰ ਵਾਪਸ ਲੈ ਆਂਦਾ।
14 ਸਾਲਾਂ ਦਾ ਕਸ਼ਟ ਭਰਿਆ ਜੀਵਨ ਬਿਤਾ ਕੇ ਆਪ ਜਦੋਂ ਅਯੁੱਧਿਆ ਵਾਪਸ ਪਹੁੰਚੇ ਤਾਂ ਅਯੁੱਧਿਆ ਵਾਸੀਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਆਪ ਜੀ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਅਯੁੱਧਿਆ ਵਾਸੀਆਂ ਨੇ ਘਰ-ਘਰ ਘਿਓ ਦੇ ਦੀਵੇ ਬਾਲੇ। ਸ੍ਰੀ ਰਾਮ ਜੀ ਦੀ ਅਯੁੱਧਿਆ ਵਾਪਸੀ ਤੋਂ ਦੀਵਾਲੀ ਦਾ ਤਿਉਹਾਰ ਹੋਂਦ ਵਿਚ ਆਇਆ।
ਜਦੋਂ ਆਪ ਅਯੁੱਧਿਆ ਵਾਪਸ ਆਏ ਤਾਂ ਆਪ ਜੀ ਦੇ ਛੋਟੇ ਭਰਾ ਭਰਤ ਨੇ ਸਾਰਾ ਰਾਜ ਭਾਗ ਆਪ ਜੀ ਨੂੰ ਆਦਰ ਸਹਿਤ ਸੌਂਪ ਦਿੱਤਾ।
ਸ੍ਰੀ ਰਾਮ ਚੰਦਰ ਜੀ ਅਜਿਹੇ ਮਹਾਂਪੁਰਖ ਸਨ ਜੋ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਰਨਾ, ਤਿਆਗ ਦੀ ਭਾਵਨਾ ਅਤੇ ਦੁੱਖ-ਸੁਖ ਵਿਚ ਸਬਰ ਸੰਤੋਖ ਨਾਲ ਰਹਿਣ ਦੇ ਗੁਣਾਂ ਦੇ ਧਨੀ ਸਨ। ਇਹਨਾਂ ਗੁਣਾਂ ਕਾਰਨ ਉਹ ਸਦਾ ਲਈ ਪੂਜਣਯੋਗ ਹੋ ਗਏ।
0 Comments