ਸ੍ਰੀ ਗੁਰੂ ਨਾਨਕ ਦੇਵ ਜੀ
Shri Guru Nanak Dev Ji
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ।।
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।।
ਭਾਰਤ ਪੀਰਾਂ, ਫਕੀਰਾਂ, ਗੁਰੂਆਂ, ਸੰਤਾਂ ਅਤੇ ਭਗਤਾਂ ਦੀ ਪਵਿੱਤਰ ਧਰਤੀ ਹੈ। ਸਮੇਂ-ਸਮੇਂ ਉੱਤੇ ਇਸ ਧਰਤੀ ਉੱਤੇ ਅਨੇਕ ਮਹਾਂਪੁਰਖਾਂ ਨੇ ਜਨਮ ਲਿਆ, ਜਿਹਨਾਂ ਨੇ ਆਪਣੀ-ਆਪਣੀ ਵਿਦਵਤਾ, ਸੂਝ, ਦੂਰ ਦ੍ਰਿਸ਼ਟੀ ਅਤੇ ਮਹਾਨ ਗੁਣਾਂ ਨਾਲ ਸੰਸਾਰ ਨੂੰ ਦੁੱਖਾਂ-ਕਲੇਸ਼ਾਂ ਵਿੱਚੋਂ ਕੱਢ ਕੇ ਸੱਚ ਦਾ ਰਸਤਾ ਦਿਖਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਇਕ ਮਹਾਂਪੁਰਖ ਅਤੇ ਬ੍ਰਹਮ ਗਿਆਨੀ ਸਨ। ਉਹਨਾਂ ਨੇ ਆਪਣੇ ਮਹਾਨ ਵਿਚਾਰਾਂ ਨਾਲ ਇਸ ਸੰਸਾਰ ਦੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਂ ਕਲਿਆਣ ਦਾਸ (ਮਹਿਤਾ ਕਾਲੂ) ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਜੀ ਦੀ ਇਕ ਵੱਡੀ ਭੈਣ ਸੀ ਜਿਸ ਦਾ ਨਾਂ ਨਾਨਕੀ ਸੀ। ਆਪਣੀ ਭੈਣ ਨਾਲ ਆਪ ਜੀ ਦਾ ਬਹੁਤ ਪਿਆਰ ਸੀ।
ਜਦ ਗੁਰੂ ਨਾਨਕ ਪੜ੍ਹਨ ਲਈ ਮੌਲਵੀ ਕੋਲ ਗਏ ਤੇ ਉਹ ਇਹਨਾਂ ਦੀ ਤੇਜ਼ ਬੁੱਧੀ ਵੇਖ ਕੇ ਹੈਰਾਨ ਹੋ ਗਏ। ਆਪ ਜੀ ਨੇ ਮੱਝਾਂ ਵੀ ਚਰਾਈਆਂ, ਪਰ ਭਗਤੀ ਵਿਚ ਹੀ ਲੀਨ ਰਹੇ। ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਆਪ ਜੀ ਨੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ।
ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਬੇਬੇ ਨਾਨਕੀ ਕੋਲ ਭੇਜ ਦਿੱਤਾ। ਆਪ ਜੀ ਨੇ ਨਵਾਬ ਦੌਲਤ ਖਾਂ ਦੀ ਨੌਕਰੀ ਕੀਤੀ ਪਰ ਉਹ ਵੀ ਜ਼ਿਆਦਾ ਦੇਰ ਨਾ ਚੱਲੀ। ਆਪ ਜੀ ਦੀ ਸ਼ਾਦੀ ਬੀਬੀ ਸੁਲੱਖਣੀ ਨਾਲ ਕਰ ਦਿੱਤੀ ਗਈ। ਆਪ ਜੀ ਦੇ ਘਰ ਸ਼੍ਰੀ ਚੰਦ ਤੇ ਲੱਛਮੀ ਦਾਸ ਦੋ ਬੇਟੇ ਪੈਦਾ ਹੋਏ। ਆਪ ਲੋਕਾਂ ਨੂੰ ਚੰਗੇ ਰਸਤੇ ਪਾਉਣ ਲਈ ਤੁਰ ਪਏ। ਆਪ ਨੇ ਆਪਣੀ ਬਾਣੀ ਰਾਹੀਂ ਦਲੀਲਾਂ ਦੇ ਕੇ ਲੋਕਾਂ ਨੂੰ ਜੀਵਨ ਦੀ ਅਸਲੀਅਤ ਸਮਝਾਈ। ਆਪ ਨੇ ਸੱਚ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੂ ਕਰਾਇਆ ਅਤੇ ਕਿਹਾ ਕਿ ਸੱਚ ਹੀ ਪਰਮਾਤਮਾ ਹੈ। ਆਪ ਨੇ ਲੋਕਾਂ ਨੂੰ ਈਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਮਿਹਨਤ ਕਰਕੇ ਕਮਾਏ ਧਨ ਵਿੱਚੋਂ ਲੋੜਵੰਦਾਂ ਦੀ ਮਦਦ ਕਰਨਾ ਹੀ ਅਸਲ ਪੂਜਾ ਹੈ। ਆਪ ਨੇ ਕਿਹਾ ਕਿ ਪ੍ਰਮਾਤਮਾ ਇਕ ਹੈ। ਸਾਰੇ ਇਨਸਾਨ ਇਕ ਹੀ ਰੱਬ ਦੀ ਸੰਤਾਨ ਹਨ ਅਤੇ ਬਰਾਬਰ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਸਤਰੀ ਜਾਤੀ ਦਾ ਆਦਰ ਕਰਨ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਔਰਤ ਹੀ ਸਮਾਜ ਦਾ ਅਧਾਰ ਹੈ। ਗੁਰੂ ਜੀ ਨੇ ਕਿਸੇ ਦਾ ਹੱਕ ਮਾਰਨ ਨੂੰ ਸਭ ਤੋਂ ਵੱਡਾ ਪਾਪ ਕਿਹਾ। ਉਹਨਾਂ ਨੇ ਕਿਹਾ ਕਿ ਜੋ ਦੂਜਿਆਂ ਨੂੰ ਲੁੱਟ ਕੇ ਆਪਣਾ ਘਰ ਭਰਦੇ ਹਨ ਉਹ ਸਭ ਤੋਂ ਵੱਡੇ ਪਾਪੀ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਲੋਕਾਂ ਨੂੰ ਸੱਚ ਦੇ ਰਸਤੇ ਉੱਤੇ ਤੋਰਨ ਦੇ ਲੇਖੇ ਲਾ ਦਿੱਤਾ। ਆਪ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਪ੍ਰਚਾਰ ਲਈ ਚਾਰੋਂ ਦਿਸ਼ਾਵਾਂ ਵੱਲ ਚਾਰ ਯਾਤਰਾਵਾਂ ਕੀਤੀਆਂ। ਆਪ 1539 ਈ. ਨੂੰ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।
0 Comments