ਸ਼ਹੀਦ ਭਗਤ ਸਿੰਘ
Sheed Bhagat Singh
ਸ਼ਾਇਦ ਹੀ ਕੋਈ ਅਜਿਹਾ ਭਾਰਤਵਾਸੀ ਹੋਵੇਗਾ ਜੋ ਭਗਤ ਸਿੰਘ ਦਾ ਨਾਂ ਨਾ ਜਾਣਦਾ ਹੋਵੇ ਕਿਉਂਕਿ ਅੱਜ ਭਗਤ ਸਿੰਘ ਦਾ ਨਾਂ ਅਕਾਸ਼ ਵਿਚ ਚੰਦ ਅਤੇ ਸੂਰਜ ਦੀ ਤਰ੍ਹਾਂ ਦੇਸ਼ ਪ੍ਰਤੀ ਦਿੱਤੀ ਕੁਰਬਾਨੀ ਕਾਰਨ ਚਮਕਦਾ ਹੈ।
ਆਪ ਦਾ ਜਨਮ 1907 ਈ. ਵਿਚ ਚੱਕ ਨੰਬਰ ਪੰਜ, ਜਿਲਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਸ੍ਰ: ਕਿਸ਼ਨ ਸਿੰਘ ਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦੇ ਚਾਚਾ ਸ੍ਰ: ਅਜੀਤ ਸਿੰਘ ‘ਪਗੜੀ ਸੰਭਾਲ ਜੱਟਾ' ਲਹਿਰ ਦੇ ਨੇਤਾ ਅਤੇ ਮਹਾਨ ਦੇਸ਼ ਭਗਤ ਸਨ ਜਿਹਨਾਂ ਨੇ ਕਈ ਵਾਰੀ ਜੇਲਾਂ ਕੱਟੀਆਂ। ਕਹਿੰਦੇ ਹਨ ਜਦ ਭਗਤ ਸਿੰਘ ਦਾ ਜਨਮ ਹੋਇਆ ਤਾਂ ਉਸ ਵਕਤ ਆਪ ਦੇ ਚਾਚਾ ਜੀ ਨੂੰ ਜੇਲ ਵਿੱਚੋਂ ਰਿਹਾਈ ਮਿਲੀ ਸੀ, ਇਸ ਕਰ ਕੇ ਆਪ ਨੂੰ ਭਾਗਾਂ ਵਾਲਾ ਕਿਹਾ ਜਾਣ ਲੱਗਾ। ਆਪ ਦਾ ਨਾਂ ਭਾਗਾਂ ਵਾਲਾ ਤੋਂ ਭਗਤ ਸਿੰਘ ਪੈ ਗਿਆ।
ਆਪਣੀ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਅਤੇ ਦਸਵੀਂ ਦੀ ਵਿਦਿਆ ਡੀ.ਏ.ਵੀ. ਸਕੂਲ ਲਾਹੌਰ ਤੋਂ ਪ੍ਰਾਪਤ ਕਰਕੇ ਉਚੇਰੀ ਵਿਦਿਆ ਲਈ ਨੈਸ਼ਨਲ ਕਾਲਜ ਲਾਹੌਰ ਵਿਚ ਦਾਖਲਾ ਲਿਆ। ਗੁਲਾਮੀ ਦਾ ਅਹਿਸਾਸ ਹੋਣ ਕਰਕੇ ਆਪਣੀ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ ਤੇ ਦੇਸ ਸੇਵਾ ਵਿਚ ਜੁਟ ਪਏ।
ਇੱਥੇ ਹੀ ਆਪ ਦਾ ਮੇਲ ਰਾਜ ਗੁਰੂ, ਸੁਖਦੇਵ ਰਾਜ, ਬੀ.ਕੇ. ਦੱਤ ਅਤੇ ਚੰਦਰ ਸ਼ੇਖਰ ਅਜ਼ਾਦ ਨਾਲ ਹੋਇਆ ਤਾਂ ਇਹਨਾਂ ਨੇ ਨੌਜਵਾਨ ਭਾਰਤ ਸਭਾ' ਦੀ ਸਥਾਪਨਾ ਕਰ ਕੇ ‘ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਦਿੱਤਾ। ਸਾਈਮਨ ਕਮੀਸ਼ਨ ਦਾ ਵਿਰੋਧ ਕਰਦਿਆਂ ਹੋਏ ਅੰਗਰੇਜ਼ੀ ਪੁਲਸ ਨੇ ਲਾਠੀ ਚਾਰਜ ਕੀਤਾ ਜਿਸ ਵਿਚ ਪ੍ਰਸਿੱਧ ਦੇਸ ਭਗਤ ਲਾਲਾ ਲਾਜਪਤ ਰਾਏ ਸ਼ਹੀਦ ਹੋ ਗਏ ਤਾਂ ਇਹਨਾਂ ਕ੍ਰਾਂਤੀਕਾਰੀਆਂ ਨੇ ਸਾਂਡਰਸ ਜੋ ਕਿ ਅੰਗਰੇਜ਼ ਪੁਲਸ ਕਪਤਾਨ ਸੀ, ਉਸ ਨੂੰ ਮਾਰ ਕੇ ਬਦਲਾ ਲਿਆ ਅਤੇ ਆਪਣੇ ਸਾਥੀ ਦੀ ਮਦਦ ਨਾਲ ਅੰਗਰੇਜ਼ੀ ਸਰਕਾਰ ਨੂੰ ਹਿਲਾਉਣ ਲਈ ਅਸੈਂਬਲੀ ਹਾਲ ਵਿਚ ਦੋ ਧਮਾਕੇਦਾਰ ਬੰਬ ਸੁੱਟ ਕੇ
“ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇਂ ਹੈ”
ਦਾ ਸਬੂਤ ਦਿੱਤਾ।
ਆਪ ਨੇ ਹੱਸਦੇ ਹੱਸਦੇ ਆਪਣੀ ਗ੍ਰਿਫਤਾਰੀ ਦਿੱਤੀ। ਮੁਕਦਮਾ ਚੱਲਣ ਪਿੱਛੋਂ ਆਪ ਨੂੰ 23 ਮਾਰਚ, 1931 ਨੂੰ ਫ਼ਾਂਸੀ ਹੋ ਗਈ। ਆਪ ਦੀ ਦਿੱਤੀ ਕੁਰਬਾਨੀ ਅਤੇ ਸ਼ਹੀਦੀ ਨੂੰ ਵੇਖ ਕੇ ਮਹਾਨ ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਦੀਆਂ ਕਾਵਿ-ਪੰਗਤੀਆਂ ਯਾਦ ਆਉਂਦੀਆਂ ਹਨ।
‘ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ ਦੀ ਸੇਵਾ ਵਿਚ ਪੈਰ ਪਾਇਆ,
ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ।'
ਇਸ ਮਹਾਨ ਦੇਸ ਭਗਤ ਅਤੇ ਕ੍ਰਾਂਤੀਕਾਰੀ ਦੀ ਦਿੱਤੀ ਕੁਰਬਾਨੀ ਅਤੇ ਸ਼ਹੀਦੀ ਕਾਰਨ ਸਾਰੇ ਭਾਰਤ ਵਾਸੀਆਂ ਦਾ ਸਿਰ ਇਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਨਾਲ ਝੁਕ ਜਾਂਦਾ ਹੈ।
0 Comments