Punjabi Essay, Lekh, Paragraph on "ਸਾਡੇ ਤਿਉਹਾਰ" "Sade Tyohar" Complete essay for Class 8, 9, 10, 11, 12 in Punjabi Language.

ਸਾਡੇ ਤਿਉਹਾਰ 
Sade Tyohar 



ਸਾਡੀ ਧਰਤੀ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦਿਨ ਕੋਈ ਮੇਲਾ ਜਾਂ ਤਿਉਹਾਰ ਨਾ ਹੋਵੇ। ਮੇਲਿਆਂ ਅਤੇ ਤਿਉਹਾਰਾਂ ਦਾ ਕਾਫ਼ਲਾ ਸਾਰਾ ਸਾਲ ਹੀ ਤੁਰਿਆ ਰਹਿੰਦਾ ਹੈ।

ਚੇਤਰ ਦੇ ਮਹੀਨੇ ਨਵੇਂ ਸਾਲ ਦੇ ਸ਼ੁਰੂ ਹੋਣ ਨਾਲ ‘ਨਵਾਂ ਸੰਮਤ' ਮਨਾਇਆ ਜਾਂਦਾ ਹੈ। ਅੰਨ ਨਵਾਂ ਕੀਤਾ ਜਾਂਦਾ ਹੈ। ਨਵੀਂ ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ। ਅੱਠ ਚੇਤਰ ਨੂੰ ਦੇਵੀ-ਉਪਾਸਕ ਕੰਜਕਾਂ ਬਿਠਾ ਕੇ ਕੰਜਕਾਂ ਪੂਜਨ ਕਰਦੇ ਹਨ। ਕੰਜਕਾਂ ਨੂੰ ਕੜਾਹ, ਪੂੜੀ, ਛੋਲੇ ਅਤੇ ਦਖਣਾ ਵਜੋਂ ਪੈਸੇ ਦਿੰਦੇ ਹਨ। ਨੌ ਚੇਤਰ ਨੂੰ ਰਾਮ ਨੌਮੀ ਮਨਾਈ ਜਾਂਦੀ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ ਦਾ ਜਨਮ-ਉਤਸਵ ਮਨਾਇਆ ਜਾਂਦਾ ਹੈ।

ਸਾਉਣ ਦੀ ਤੀਜੀ ਤਿੱਥ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸੱਜ-ਵਿਆਹੀਆਂ ਔਰਤਾਂ ਪੇਕੇ-ਘਰ ਪੀਂਘਾ ਝੂਟਦੀਆਂ, ਖੀਰ-ਪੂੜੇ ਖਾਂਦੀਆਂ ਤੇ ਗਿੱਧੇ ਪਾਉਂਦੀਆਂ ਹਨ। ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨਦੀਆਂ ਹਨ ਅਤੇ ਆਪਣੀ ਰੱਖਿਆ ਲਈ ਪ੍ਰੇਰਦੀਆਂ ਹਨ।

ਨੌਂ ਭਾਦਰੋਂ ਨੂੰ ਗੁੱਗਾ ਨੌਮੀ ਦਾ ਤਿਉਹਾਰ ਹੁੰਦਾ ਹੈ। ਗੁੱਗਾ-ਭਗਤ ਸੱਪਾਂ ਦੀਆਂ ਖੁੱਡਾਂ ਵਿਚ ਕੱਚੀ ਲੱਸੀ ਪਾਉਂਦੇ ਹਨ ਅਤੇ ਮਿੱਠੀਆਂ ਸੇਵੀਆਂ ਖਾਂਦੇ ਹਨ। ਇਸੇ ਹੀ ਮਹੀਨੇ ਵਿਚ ਕ੍ਰਿਸ਼ਨਾ ਪੱਖ ਦੀ ਅੱਠਵੀਂ ਨੂੰ ਜਨਮ-ਅਸ਼ਟਮੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ।

ਅੱਸੂ ਦੇ ਹਨੇਰੇ ਪੱਖ ਦੇ ਪੰਦਰਾਂ ਦਿਨ ਸਰਾਧਾਂ ਦੇ ਹੁੰਦੇ ਹਨ। ਪੰਡਤਾਂ ਨੂੰ ਭੋਜਨ ਖੁਆ ਕੇ ਅਤੇ ਦਾਨ ਦੇ ਕੇ ਆਪਣੇ ਪਿਤਰਾਂ ਪ੍ਰਤੀ ਸ਼ਰਧਾ ਪ੍ਰਗਟਾਈ ਜਾਂਦੀ ਹੈ। ਇਸੇ ਹੀ ਮਹੀਨੇ ਨੌਰਾਤੇ ਵੀ ਹੁੰਦੇ ਹਨ ਜਿਹਨਾਂ ਵਿਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ। ਕੁੜੀਆਂ ਕੋਰੇ ਕੁੱਜੇ ਵਿਚ ਜੌਂ ਬੀਜਦੀਆਂ ਤੇ ਪਾਣੀ ਦਿੰਦੀਆਂ ਹਨ। ਜਦ ਜੌਂ ਦੇ ਬੁੰਬਲ ਨਿਕਲ ਆਉਂਦੇ ਹਨ ਤਾਂ ਕੁੜੀਆਂ ਦੁਸਹਿਰੇ ਵਾਲੇ ਦਿਨ ਆਪਣੇ ਸਾਕ ਸਬੰਧੀਆਂ ਦੀਆਂ ਪਗੜੀਆਂ ਵਿਚ ਟੰਗਦੀਆਂ ਅਤੇ ਸਗਨ ਵਜੋਂ ਭੇਟਾ ਲੈਂਦੀਆਂ ਹਨ। ਦੁਸ਼ਹਿਰੇ ਵਾਲੇ ਦਿਨ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲਿਆਂ ਨੂੰ ਪਟਾਕਿਆਂ ਨਾਲ ਭਰ ਕੇ ਸਾੜਿਆ ਜਾਂਦਾ ਹੈ, ਜੋ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਮੰਨਿਆ ਗਿਆ ਹੈ।

ਕੱਤਕ ਦੇ ਮਹੀਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਪੁਰਬ ਬੜੀ ਸਰਧਾ ਨਾਲ ਮਨਾਇਆ ਜਾਂਦਾ ਹੈ। ਥਾਂ-ਥਾਂ ਅਖੰਡ-ਪਾਠਾਂ ਦੇ ਭੋਗ ਪਾਏ ਜਾਂਦੇ ਹਨ। ਦੁਸਹਿਰੇ ਤੋਂ 20 ਦਿਨ ਪਿੱਛੋਂ ਦੀਵਾਲੀ ਹੁੰਦੀ ਹੈ। ਲੋਕ ਘਰਾਂ ਦੀ ਸਫ਼ਾਈ ਕਰਕੇ ਦੀਪ ਮਾਲਾ ਕਰਦੇ ਹਨ। ਲੱਛਮੀ ਦੀ ਪੂਜਾ ਹੁੰਦੀ ਹੈ ਅਤੇ ਆਤਸਬਾਜ਼ੀ ਕੀਤੀ ਜਾਂਦੀ ਹੈ। ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁਧਿਆ ਵਾਪਸ ਆਏ ਸਨ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਆਏ ਸਨ। ਇਸ ਲਈ ਗੁਰਦੁਆਰਿਆਂ ਵਿਚ ਦੀਪਮਾਲਾ ਹੁੰਦੀ ਹੈ।

ਪੋਹ ਦੇ ਅਖੀਰਲੇ ਦਿਨ ਲੋਹੜੀ ਅਤੇ ਅਗਲੇ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਨਵੇਂ ਵਿਆਹੇ ਜੋੜੇ ਜਾਂ ਨਵੇਂ ਜੰਮੇ ਬੱਚੇ ਵਾਲੇ ਘਰ ਅੱਗ ਬਾਲ ਕੇ ਸਗਨ ਮਨਾਏ ਜਾਂਦੇ ਹਨ। ਰਿਉੜੀਆਂ, ਗਚਕਾਂ, ਮੂੰਗਫਲੀ, ਸੁੱਕੇ ਮੇਵੇ, ਫਲ ਅਤੇ ਮਿਠਾਈ ਵੰਡੀ ਜਾਂਦੀ ਹੈ।

ਫੱਗਣ ਦੇ ਮਹੀਨੇ ਵਿਚ ਰੰਗਾਂ ਦਾ ਤਿਉਹਾਰ ਹੌਲੀ ਹੁੰਦਾ ਹੈ। ਕਈ ਲੋਕ ਗੁਲਾਲ ਨਾਲ ਹੌਲੀ ਖੇਡਦੇ ਹਨ। ਇਸ ਤਰ੍ਹਾਂ ਲੋਕ ਪੂਰਾ ਸਾਲ ਕੋਈ ਨਾ ਕੋਈ ਮੇਲੇ ਅਤੇ ਤਿਉਹਾਰ ਮਨਾ ਕੇ ਖੁਸ਼ੀ ਅਤੇ ਅਨੰਦ ਮਾਨਦੇ ਹਨ।


Post a Comment

0 Comments