ਸੱਚ ਬੋਲਣ ਦੇ ਲਾਭ
Sach Bolan De Labh
ਸੱਚ ਬੋਲਣਾ ਉੱਤਮ ਗੁਣ, ਸੱਚ ਬੋਲ ਤੇ ਸੱਚ ਹੀ ਸੁਣ।
ਦੂਜਿਆਂ ਉੱਤੇ ਦਇਆ ਕਰਨੀ, ਮਦਦ ਕਰਨੀ, ਖਿਮਾ ਕਰਨਾ, ਵਿਸ਼ਵਾਸ ਕਰਨਾ ਆਦਿ ਬੜੇ ਉੱਤਮ ਮਨੁੱਖੀ ਗੁਣ ਹਨ, ਪਰ ਇਕ ਗੁਣ ਅਜਿਹਾ ਵੀ ਹੈ ਜਿਸ ਨੂੰ ਅਪਨਾਉਣਾ ਸਭ ਤੋਂ ਔਖਾ ਹੈ, ਪਰ ਇਸ ਦੇ ਫਾਇਦੇ ਸਭ ਤੋਂ ਜ਼ਿਆਦਾ ਹਨ, ਇਹ ਗੁਣ ਹੈ—ਸੱਚ ਬੋਲਣਾ। ਸੱਚ ਬੋਲਣਾ ਅਜਿਹਾ ਮਹਾਨ ਮਨੁੱਖੀ ਗੁਣ ਹੈ ਜਿਸ ਦੇ ਅਨੇਕ ਲਾਭ ਹਨ।
ਜੋ ਸੱਚ ਬੋਲਦਾ ਹੈ ਉਸ ਦੀ ਸਾਰੇ ਹੀ ਇੱਜ਼ਤ ਕਰਦੇ ਹਨ। ਸੱਚ ਬੋਲਣ ਵਾਲੇ ਦੇ ਅੰਦਰ ਆਪਣੇ ਆਪ ਸਵੈ-ਵਿਸ਼ਵਾਸ ਦਾ ਵਾਧਾ ਹੋ ਜਾਂਦਾ ਹੈ। ਸਵੈ-ਵਿਸ਼ਵਾਸ ਆਉਣ ਨਾਲ ਚਿਹਰੇ ਉੱਤੇ ਇਕ ਨੂਰ ਆ ਜਾਂਦਾ ਹੈ ਅਤੇ ਇਨਸਾਨ ਸਿਰ ਉੱਚਾ ਚੁੱਕ ਕੇ ਮਾਣ ਨਾਲ ਤੁਰਦਾ ਹੈ। ਸੱਚ ਬੋਲਣ ਵਾਲਾ ਕਦੇ ਝੂਠ ਨਹੀਂ ਬੋਲਦਾ, ਇਸ ਲਈ ਉਸ ਨੂੰ ਕਿਸੇ ਦੇ ਸਾਹਮਣੇ ਸ਼ਰਮਿੰਦਾ ਨਹੀਂ ਹੋਣਾ ਪੈਂਦਾ। ਸੱਚੇ ਲੋਕ ਇੱਜ਼ਤ ਮਾਣ ਵਾਲਾ ਜੀਵਨ ਬਤੀਤ ਕਰਦੇ ਹਨ। ਜੋ ਸੱਚ ਬੋਲਦਾ ਹੈ ਉਸ ਉੱਤੇ ਸਾਰੇ ਹੀ ਵਿਸ਼ਵਾਸ ਕਰਦੇ ਹਨ। ਸੱਚ ਬੋਲਣ ਵਾਲੇ ਬੱਚੇ ਕੋਲੋਂ ਜੇਕਰ ਕੋਈ ਗਲਤੀ ਹੋ ਵੀ ਜਾਵੇ ਤਾਂ ਉਹ ਸੱਚੋ ਸੱਚ ਆਪਣੇ ਮਾਤਾ-ਪਿਤਾ ਨੂੰ ਦੱਸ ਦੇਵੇਗਾ, ਪਰ ਝੂਠ ਬੋਲਣ ਵਾਲਾ ਸੌ-ਸੌ ਬਹਾਨੇ ਬਣਾ ਕੇ ਗਲਤੀ ਨੂੰ ਛੁਪਾਉਣ ਦਾ ਜਤਨ ਕਰੇਗਾ। ਪਰ ਇਕ ਗੱਲ ਪੱਕੀ ਹੈ ਕਿ ਇਹ ਪਤਾ ਲੱਗ ਹੀ ਜਾਂਦਾ ਹੈ ਕਿ ਕੌਣ ਝੂਠਾ ਹੈ ਅਤੇ ਕੌਣ ਸੱਚਾ।
ਜੋ ਸੱਚ ਬੋਲਦਾ ਹੈ ਉਸ ਨਾਲ ਸਾਰੇ ਪਿਆਰ ਕਰਦੇ ਹਨ। ਸੱਚ ਬੋਲਣ ਵਾਲੇ ਬੱਚਿਆਂ ਨਾਲ ਮਾਪੇ, ਅਧਿਆਪਕ, ਇੱਥੋਂ ਤਕ ਕਿ ਝੂਠ ਬੋਲਣ ਵਾਲੇ ਵੀ ਪਿਆਰ ਕਰਦੇ ਹਨ। ਸੱਚ ਵਿਚ ਬੜੀ ਤਾਕਤ ਹੁੰਦੀ ਹੈ। ਇਹ ਤਾਕਤ ਮਨੁੱਖ ਨੂੰ ਆਤਮਕ ਤੌਰ ਤੇ ਬਲਵਾਨ ਬਣਾ ਦਿੰਦੀ ਹੈ।
ਸੱਚ ਵਿਚ ਇਕ ਕੁਦਰਤੀ ਗੁਣ ਹੈ ਕਿ ਇਹ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਸੱਚ ਵਿਚ ਰੱਬ ਦੀ ਸਾਰੀ ਸ਼ਕਤੀ ਛੁਪੀ ਹੁੰਦੀ ਹੈ। ਜਿਉਂ-ਜਿਉਂ ਇਨਸਾਨ ਸੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ, ਤਿਉਂ-ਤਿਉਂ ਉਸ ਦੀਆਂ ਬੁਰੀਆਂ ਆਦਤਾਂ ਘੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਸ ਦੇ ਜੀਵਨ ਵਿਚ ਸੱਚ ਸ਼ਾਮਲ ਹੋ ਜਾਂਦਾ ਹੈ ਅਤੇ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।
ਸੱਚ ਦੇ ਰਸਤੇ ਉੱਤੇ ਚੱਲਣ ਵਾਲੇ ਮਨੁੱਖ ਦਾ ਜੀਵਨ ਨੇਕ ਬਣ ਜਾਂਦਾ ਹੈ। ਸਿਆਣੇ ਆਖਦੇ ਹਨ :
ਜਿੱਥੇ ਸੱਚ ਉੱਥੇ ਸੁੱਚ, ਜਿੱਥੇ ਝੂਠ ਉੱਥੇ ਜੂਠ
ਅਰਥਾਤ ਝੂਠ ਬੋਲਣ ਵਾਲੇ ਵਿਅਕਤੀ ਦਾ ਜੀਵਨ ਜੂਠੇ ਭਾਂਡੇ ਵਰਗਾ ਹੁੰਦਾ ਹੈ ਜਿਸ ਨੂੰ ਤੱਕਣ ਤੇ ਵੀ ਦਿਲ ਨਹੀਂ ਕਰਦਾ, ਪਰ ਸੱਚ ਬੋਲਣ ਵਾਲਾ ਵਿਅਕਤੀ ਸੁੱਚੇ ਤੇ ਪਵਿੱਤਰ ਭਾਂਡੇ ਵਾਂਗ ਚਮਕਦਾ ਹੈ। ਸੱਚ ਸਾਡੇ ਜੀਵਨ ਨੂੰ ਚਮਕਾ ਦਿੰਦਾ ਹੈ।
ਉਪਰੋਕਤ ਵਿਚਾਰਾਂ ਤੋਂ ਸਪਸ਼ਟ ਹੈ ਕਿ ਜਿੱਥੇ ਝੂਠ ਇਕ ਸ਼ਰਾਪ ਹੈ, ਉੱਥੇ ਸੱਚ ਅਸ਼ੀਰਵਾਦ ਹੈ, ਝੂਠ ਬਰਬਾਦੀ ਹੈ ਪਰ ਸੱਚ ਬਰਕਤ ਹੈ। ਜਿਹੜੇ ਵਿਦਿਆਰਥੀ ਸੱਚ ਬੋਲਦੇ ਹਨ, ਉਹਨਾਂ ਦੀ ਪੜ੍ਹਾਈ ਵਿਚ ਬਰਕਤ ਪੈਂਦੀ ਹੈ, ਵਾਧਾ ਪੈਂਦਾ ਹੈ। ਉਹ ਸੱਚੇ, ਸੁੱਚੇ ਤੇ ਮਹਾਨ ਇਨਸਾਨ ਬਣਦੇ ਹਨ। ਇਸ ਲਈ ਸਦਾ ਸੱਚ ਬੋਲਣਾ ਚਾਹੀਦਾ ਹੈ।
0 Comments