ਪੰਜਾਬ
Punjab
ਪੰਜਾਬ ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਪੰਜ + ਆਬ ਅਰਥਾਤ ਪੰਜ ਪਾਣੀਆਂ ਦੀ ਧਰਤੀ। ਪੰਜਾਬ ਦਾ ਇਹ ਨਾਂ ਇਸ ਕਰਕੇ ਪਿਆ ਕਿਉਂਕਿ ਪਹਿਲਾਂ ਇਸ ਧਰਤੀ ਉੱਤੇ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਪੰਜ ਦਰਿਆ ਵਗਦੇ ਸਨ 1947 ਦੀ ਵੰਡ ਤੋਂ ਪਿੱਛੋਂ ਇਹ ਦਰਿਆ ਵੀ ਵੰਡੇ ਗਏ।
ਪੰਜਾਬ ਕਰਾਂ ਕੀ ਸਿਫ਼ਤ ਤੇਰੀ?—ਦੇ ਵਿਚਾਰ ਤਹਿਤ ਪੰਜਾਬ ਦੀ ਧਰਤੀ ਇਕ ਅਜਿਹੀ ਧਰਤੀ ਹੈ ਜਿਸ ਦੇ ਬਹੁਤ ਸਾਰੇ ਅਣਖੀਲੇ ਯੋਧਿਆਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣਾ ਅਥਾਹ ਯੋਗਦਾਨ ਪਾਇਆ। ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸ਼ਰਾਭਾ, ਲਾਲਾ ਲਾਜਪਤ ਰਾਏ ਆਦਿ ਦੇਸ਼ ਭਾਗਤਾਂ ਦੀਆਂ ਦਿੱਤੀਆਂ ਕੁਰਬਾਨੀਆਂ ਦਾ ਸਦਕਾ ਅੱਜ ਅਸੀਂ ਪੰਜਾਬ ਦੀ ਧਰਤੀ ਉੱਤੇ ਅਜ਼ਾਦ ਫ਼ਿਜ਼ਾ ਵਿਚ ਮਾਣ ਨਾਲ ਜੀਉਂਦੇ ਹਾਂ।
ਇੱਥੇ ਹੀ ਬਸ ਨਹੀਂ, ਇਸ ਧਰਤੀ ਉੱਤੇ ਬਹਾਦਰ ਯੋਧਿਆਂ ਦੇ ਨਾਲ-ਨਾਲ, ਬਹੁਤ ਸਾਰੇ ਗੁਰੂਆਂ, ਪੀਰਾਂ, ਫ਼ਕੀਰਾਂ, ਪੈਗੰਬਰਾਂ ਅਤੇ ਮਹਾਨ ਲਿਖਾਰੀਆਂ ਨੇ ਜਨਮ ਲਿਆ, ਜਿਹਨਾਂ ਦੇ ਅਸ਼ੀਰਵਾਦ ਦਾ ਸਦਕਾ ਪੰਜਾਬ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ :
“ਜਿਵੇਂ ਫੁੱਲਾਂ ਦਾ ਰਾਜਾ ਗੁਲਾਬ,
ਤਿਵੇਂ ਦੇਸਾਂ ਦਾ ਦੇਸ ਪੰਜਾਬ।“
ਪੰਜਾਬ ਦੇ ਕਿਸਾਨਾਂ ਦੀ ਮਿਹਨਤ ਦਾ ਸਦਕਾ ਹਰੀ-ਭਰੀ ਖੁਸ਼ਹਾਲ ਧਰਤੀ ਸੋਨਾ ਉਗਲਦੀ ਹੈ। ਇੱਥੇ ਅੰਨ ਦੇ ਅਥਾਹ ਭੰਡਾਰ ਹੋਣ ਕਰਕੇ ਪੰਜਾਬ ਸਿਰਫ਼ ਆਪਣੇ ਦੇਸ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਨੂੰ ਵੀ ਅਨਾਜ ਭੇਜਦਾ ਜਿਸ ਕਰਕੇ, ਇਹ ਧਰਤੀ ਪੂਰੀ ਦੁਨੀਆਂ ਵਿਚ ਆਪਣਾ ਸਿੱਕਾ ਜਮਾ ਚੁੱਕੀ ਹੈ। ਕਿਸੇ ਕਵੀ ਨੇ ਪੰਜਾਬ ਬਾਰੇ ਠੀਕ ਹੀ ਕਿਹਾ ਹੈ :
“ਮੇਰੇ ਦੇਸ ਦੀ ਧਰਤੀ ਸੋਨਾ ਉਗਲੇ,
ਉਗਲੇ ਹੀਰੇ ਮੋਤੀ
ਮੇਰੇ ਦੇਸ ਦੀ ਧਰਤੀ।''
ਪੰਜਾਬ ਤੋਂ ਇਲਾਵਾ ਸ਼ਾਇਦ ਹੀ ਕੋਈ ਅਜਿਹਾ ਰਾਜ ਹੋਵੇ ਜਿੱਥੇ ਹਰ ਦਿਨ ਕੋਈ ਨਾ ਕੋਈ ਮੇਲਾ, ਤਿਉਹਾਰ ਜਾਂ ਦਿਨ-ਦਿਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਲੋਕ ਆਪਣੀ ਮਾਂ-ਬੋਲੀ ਪੰਜਾਬੀ ਵਿਚ ਗਿੱਧੇ, ਭੰਗੜੇ ਪਾਉਂਦੇ ਹਨ ਤੇ ਗੀਤਾਂ ਅਤੇ ਸ਼ਗਨਾਂ ਨਾਲ ਆਪਣੀਆਂ ਖੁਸ਼ੀਆਂ ਨੂੰ ਮੇਲਿਆਂ ਵਾਂਗ ਮਨਾਉਂਦੇ ਹਨ। ਪੰਜਾਬ ਦੇ ਅਮੀਰ ਸਭਿਆਚਾਰ ਵਿਰਸੇ ਦੇ ਕਾਰਨ ਇਸ ਨੂੰ 'ਰੰਗਲਾ ਪੰਜਾਬ' ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ।
ਸ਼ਾਲਾ ! ਮੇਰਾ ਪੰਜਾਬ ਹੋਰ ਉੱਨਤੀ ਦੀਆਂ ਸ਼ਿਖ਼ਰਾਂ ਨੂੰ ਛੂਹੇ ਅਤੇ ਰੱਬ ਇਸ ਨੂੰ ਬੁਰੀ ਨਜ਼ਰ ਤੋਂ ਬਚਾਏ।
1 Comments
Nice
ReplyDelete