ਮਿਲਾਵਟਖੋਰੀ ਦੀ ਸਮੱਸਿਆ
Milawatkhori di Samasiya
ਸਾਡੇ ਸਮਾਜ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਬੁਰਾਈਆਂ ਫੈਲੀਆਂ ਹੋਈਆਂ ਹਨ, ਜਿਵੇਂ ਦਾਜ ਦੀ ਸਮੱਸਿਆ, ਮੰਗਤਿਆਂ ਦੀ ਸਮੱਸਿਆ, ਪ੍ਰਦੂਸਨ ਦੀ ਸਮੱਸਿਆ, ਬੇਰੁਜ਼ਗਾਰੀ ਦੀ ਸਮੱਸਿਆ ਆਦਿ। ਪਰ ਇਹਨਾਂ ਸਮੱਸਿਆਵਾਂ ਦੇ ਨਾਲ-ਨਾਲ ਸਮਾਜ ਦੀ ਇਕ ਅਹਿਮ ਸਮੱਸਿਆ ਹੈ—ਮਿਲਾਵਟਖੋਰੀ। ਮਿਲਾਵਟਖੋਰੀ ਸਾਡੇ ਸਮਾਜ ਅਤੇ ਦੇਸ ਨੂੰ ਸਿਉਂਕ ਦੀ ਤਰ੍ਹਾਂ ਅੰਦਰੋਂ-ਅੰਦਰੀ ਖਾਈ ਜਾ ਰਹੀ ਹੈ ਅਤੇ ਇਨਸਾਨਾਂ ਨੂੰ ਖੋਖਲਾ ਕਰ ਰਹੀ ਹੈ।
ਇਸ ਸਮੱਸਿਆ ਦੇ ਕਾਰਨ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਖੋਖਲੀ ਹੋ ਰਹੀ ਹੈ ਅਤੇ ਬੁਢਾਪਾ ਬੀਮਾਰੀਆਂ ਵਿਚ ਘਿਰਿਆ ਹੈ। ਸ਼ਾਇਦ ਹੀ ਕੋਈ ਆਦਮੀ ਅਜਿਹਾ ਮਿਲੇਗਾ ਜੋ ਇਸ ਸਮੱਸਿਆ ਤੋਂ ਪ੍ਰਭਾਵਿਤ ਨਾ ਹੋਵੇ। ਮਿਲਾਵਟਖੋਰ ਦੇਸ਼ ਦੇ ਅਜਿਹੇ ਦੁਸ਼ਮਣ ਹੁੰਦੇ ਹਨ ਕਿ ਉਹਨਾਂ ਲੋਕਾਂ ਉੱਤੇ ਰਤਾ ਭਰ ਵੀ ਤਰਸ ਨਹੀਂ ਆਉਂਦਾ ਅਤੇ ਉਹ ਬੜੀ ਚਲਾਕੀ ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵਿਚ ਮਿਲਾਵਟ ਕਰਕੇ ਲੋਕਾਂ ਦੀਆਂ ਜਾਨਾਂ ਅਤੇ ਸਿਹਤ ਨਾਲ ਖੇਡਦੇ ਹਨ।
ਮਿਲਾਵਟ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ, ਜਿਵੇਂ—ਆਟੇ ਅਤੇ ਲੂਣ ਵਿਚ ਦੁੱਧ-ਪੱਥਰੀ ਦੀ ਮਿਲਾਵਟ, ਦੁੱਧ ਵਿਚ ਪਾਣੀ ਮਿਲਾਉਣਾ, ਹਲਦੀ ਵਿਚ ਗਾਚਨੀ ਮਿੱਟੀ ਮਿਲਾਉਣਾ, ਸ਼ਹਿਦ ਦੀ ਥਾਂ ਮੁਰੱਬੇ ਦਾ ਸੀਰਾ ਵੇਚਣਾ, ਦੇਸੀ ਘਿਉ ਦੀ ਥਾਂ ਮਿਲਾਵਟ ਭਰਿਆ ਬਨਸਪਤੀ ਘਿਉ, ਗੰਨੇ ਦੇ ਰਸ ਵਿਚ ਸਕਰੀਨ ਵਾਲਾ ਪਾਣੀ ਮਿਲਾ ਕੇ ਵੇਚਣਾ ਅਤੇ ਨਕਲੀ ਦਵਾਈਆਂ ਵੇਚਣਾ, ਜਿਸ ਕਰਕੇ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਚਲੀਆਂ ਜਾਂਦੀਆਂ ਹਨ। ਅਜਿਹਾ ਕਰਕੇ ਉਹ ਆਪਣੇ ਨਿਜੀ ਸਵਾਰਥ ਦੀ ਪੂਰਤੀ ਲਈ (ਘੱਟ ਲਾਗਤ ਤੇ ਵਧੇਰੇ ਮੁਨਾਫ਼ਾ) ਲੋਕਾਂ ਦੀਆਂ ਕੀਮਤੀ ਜਾਨਾਂ ਲੈਣ ਤੋਂ ਵੀ ਗੁਰੇਜ ਨਹੀਂ ਕਰਦੇ। ਅਜਿਹੇ ਲੋਕ ਇਨਸਾਨੀਅਤ ਦੇ ਦੁਸ਼ਮਣ ਹੁੰਦੇ ਹਨ।
ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਮਿਲਾਵਟਖੋਰੀ ਰੋਕਣ ਲਈ ਸਖਤ ਤੋਂ ਸਖਤ ਕਨੂੰਨ ਬਣਾਏ। ਟੀ.ਵੀ. ਉੱਤੇ ਰੋਜ਼ਾਨਾ ਨਾਗਰਿਕਾਂ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਏ, ਮਿਲਾਵਟ ਕਰਨ ਵਾਲਿਆਂ ਨੂੰ ਫੜਾਉਣ ਵਾਲੇ ਨੂੰ ਚੰਗੇ ਇਨਾਮ ਦਿੱਤੇ ਜਾਣ ਅਤੇ ਉਹਨਾਂ ਦਾ ਨਾ ਤੇ ਪਤਾ ਵੀ ਗੁਪਤ ਰੱਖਿਆ ਜਾਵੇ, ਮਿਲਾਵਟ ਖੋਰਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਉਹ ਸਜਾ ਦੂਜੇ ਮਿਲਾਵਟਖੋਰਾਂ ਲਈ ਇਕ ਉਦਾਹਰਨ ਬਣ ਜਾਏ ਅਤੇ ਇਸ ਤੋਂ ਡਰਦਾ ਕੋਈ ਵੀ ਮਿਲਾਵਟ ਕਰਨ ਦੀ ਜੁੱਰਤ ਨਾ ਕਰੇ। ਆਮ ਵਰਤੋਂ ਦੀਆਂ ਚੀਜ਼ਾਂ ਦੀ ਸ਼ੁੱਧੀ ਦੀ ਜਾਂਚ ਕਰਨ ਦੇ ਢੰਗਾਂ ਦਾ ਪ੍ਰਚਾਰ ਕੀਤਾ ਜਾਵੇ, ਤਾਂ ਜੋ ਹਰ ਨਾਗਰਿਕ ਇਸ ਦੀ ਜਾਣਕਾਰੀ ਰੱਖੇ ਅਤੇ ਉਹ ਸ਼ੁੱਧ ਚੀਜ਼ਾਂ ਹਾਸਲ ਕਰ ਸਕੇ। ‘ਤੰਦਰੁਸਤੀ ਸਫਲਤਾ ਦੀ ਕੁੰਜੀ ਹੈ' ਦੇ ਵਿਚਾਰ ਤਹਿਤ ਸਾਡੇ ਨਾਗਰਿਕਾਂ ਨੂੰ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਭੱਵਿਖ ਵਿਚ ਤੰਦਰੁਸਤ ਨਾਗਰਿਕਾਂ ਦੇ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਚੰਗੀ ਸਿਹਤ ਦੇ ਮਾਲਕ ਸਾਡੇ ਦੇਸ ਨਾਗਰਿਕ ਆਪਣੇ ਦੇਸ ਨੂੰ ਉੱਨਤੀ ਦੀਆਂ ਉੱਚਾਈਆਂ ਉੱਤੇ ਲੈ ਕੇ ਜਾ ਸਕਣ।
0 Comments