ਮੇਰਾ ਮਿੱਤਰ
Mera Mitar
ਰੱਬਾ ਸਾਡੀ ਦੋਸਤੀ ਨੂੰ, ਨਾ ਨਜ਼ਰ ਕਿਸੇ ਦੀ ਲੱਗੇ,
ਵੇਖ ਕੇ ਸਾਨੂੰ ਹਰ ਕੋਈ ਆਖੇ, ਮਿੱਤਰ ਦੋਵੇਂ ਪੱਕੇ।
ਸੰਸਾਰ ਵਿਚ ਬੜੇ ਰਿਸ਼ਤੇ ਹਨ; ਜਿਵੇਂ ਮਾਂ-ਬਾਪ, ਭੈਣ-ਭਰਾ, ਨਾਨਕੇ, ਦਾਦਕੇ ਆਦਿ, ਪਰ ਇਹਨਾਂ ਸਾਰਿਆਂ ਰਿਸ਼ਤਿਆਂ ਵਿੱਚੋਂ ਇਕ ਬੜਾ ਹੀ ਪਿਆਰਾ ਰਿਸ਼ਤਾ ਹੈ—ਮਿੱਤਰਤਾ ਦਾ, ਦੋਸਤੀ ਦਾ। ਸੱਚਾ ਮਿੱਤਰ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਕਿਸਮਤ ਦੇ ਧਨੀ ਹੁੰਦੇ ਹਨ। ਚੰਗਿਆਂ ਭਾਗਾਂ ਨਾਲ ਚੰਗੇ ਅਤੇ ਸੱਚੇ ਮਿੱਤਰ ਮਿਲਦੇ ਹਨ।
ਇਸ ਸੰਬੰਧ ਵਿਚ ਮੈਂ ਸਮਝਦਾ ਹਾਂ ਕਿ ਮੈਂ ਬੜਾ ਕਿਸਮਤ ਵਾਲਾ ਹਾਂ, ਜਿਸ ਨੂੰ ਸੱਚੀ ਮਿੱਤਰਤਾ ਮਿਲੀ ਹੈ। ਮੇਰੇ ਮਿੱਤਰ ਦਾ ਨਾਂ ਸਿਮਰਦੀਪ ਹੈ। ਸਿਮਰਦੀਪ ਦੇ ਮਾਤਾ-ਪਿਤਾ ਦੋਵੇਂ ਹੀ ਸਰਕਾਰੀ ਡਾਕਟਰ ਹਨ। ਸਿਮਰਦੀਪ ਦੀ ਇਕ ਨਿੱਕੀ ਭੈਣ ਹੈ ਜਿਸ ਦਾ ਨਾਂ ਮਹਿਕ ਦੀਪ ਹੈ। ਮੇਰੀ ਆਪਣੀ ਕੋਈ ਭੈਣ ਨਹੀਂ, ਇਸ ਲਈ ਮੈਂ ਉਸ ਨੂੰ ਹੀ ਆਪਣੀ ਸੱਕੀ ਭੈਣ ਸਮਝਦਾ ਹਾਂ। ਉਹ ਮੈਨੂੰ ਰੱਖੜੀ ਵਾਲੇ ਦਿਨ ਰੱਖੜੀ ਵੀ ਬੰਨ੍ਹਦੀ ਹੈ। ਸਿਮਰਦੀਪ ਪੜ੍ਹਨ ਵਿਚ ਬੜਾ ਹੁਸ਼ਿਆਰ ਹੈ। ਉਸ ਦਾ ਘਰ ਸਾਡੇ ਘਰ ਤੋਂ ਬਹੁਤੀ ਦੂਰ ਨਹੀਂ। ਅਸੀਂ ਛੋਟੇ ਹੁੰਦੇ ਵੀ ਇਕੱਠੇ ਖੇਡਦੇ ਰਹੇ ਹਾਂ। ਅਸੀਂ ਇੱਕੋ ਸਕੂਲ ਅਤੇ ਇੱਕੋ ਜਮਾਤ ਵਿਚ ਪੜ੍ਹਦੇ ਹਾਂ।
ਸਿਮਰਦੀਪ ਦਾ ਸੁਭਾਅ ਬੜਾ ਬੀਬਾ ਹੈ। ਉਹ ਕਦੇ ਕਿਸੇ ਨਾਲ ਲੜਦਾ ਨਹੀਂ। ਉਹ ਆਪਣੀ ਛੋਟੀ ਭੈਣ ਨਾਲ ਬੜਾ ਪਿਆਰ ਕਰਦਾ ਹੈ। ਉਹ ਆਪਣੇ ਮਾਤਾ-ਪਿਤਾ ਦੀ ਹਰ ਗੱਲ ਮੰਨਦਾ ਹੈ।
ਸਿਮਰਦੀਪ ਚੰਗੀਆਂ ਆਦਤਾਂ ਵਾਲਾ ਵਿਦਿਆਰਥੀ ਹੈ। ਉਹ ਸਵੇਰੇ ਸੁਵੱਖਤੇ ਉੱਠਦਾ ਹੈ ਅਤੇ ਆਪਣੇ ਪਿਤਾ ਨਾਲ ਸੈਰ ਕਰਨ ਜਾਂਦਾ ਹੈ। ਕਿੰਨੀ ਵੀ ਸਰਦੀ ਹੋਵੇ ਉਹ ਹਮੇਸ਼ਾ ਠੰਡੇ ਪਾਣੀ ਨਾਲ ਨਹਾਉਂਦਾ ਹੈ। ਉਹ ਆਪਣੀ ਵਰਦੀ ਰਾਤ ਨੂੰ ਹੀ ਪ੍ਰੈਸ ਕਰਕੇ ਰੱਖ ਲੈਂਦਾ ਹੈ।
ਉਹ ਕਦੇ ਸਕੂਲ ਜਾਣ ਤੋਂ ਨਾਗਾ ਨਹੀਂ ਪਾਉਂਦਾ। ਉਹ ਸਕੂਲ ਦਾ ਸਾਰਾ ਕੰਮ ਰਾਤ ਨੂੰ ਕਰ ਕੇ ਸੌਂਦਾ ਹੈ। ਪੜ੍ਹਨ ਵਿਚ ਹੁਸ਼ਿਆਰ ਹੋਣ ਕਰਕੇ ਸਾਰੇ ਅਧਿਆਪਕ ਵੀ ਉਸ ਨੂੰ ਪਿਆਰ ਕਰਦੇ ਹਨ।
ਸਿਮਰਦੀਪ ਸਿਰਫ ਨਾਂ ਦਾ ਹੀ ਮਿੱਤਰ ਨਹੀਂ, ਉਹ ਸੱਚ-ਮੁੱਚ ਹੀ ਮੇਰਾ ਸੱਚਾ ਮਿੱਤਰ ਹੈ। ਉਹ ਮੈਨੂੰ ਹਰ ਗਲਤੀ ਉੱਤੇ ਸਖਤੀ ਨਾਲ ਡਾਂਟ ਦਿੰਦਾ ਹੈ। ਜੇਕਰ ਮੈਂ ਕੋਈ ਗਲਤ ਕੰਮ ਕਰਾਂ ਤਾਂ ਮੇਰੇ ਮਾਤਾ-ਪਿਤਾ ਨੂੰ ਮੇਰੀ ਸ਼ਿਕਾਇਤ ਵੀ ਲਗਾ ਦਿੰਦਾ ਹੈ। ਪਰ ਮੈਂ ਉਸ ਨਾਲ ਕਦੇ ਨਰਾਜ਼ ਨਹੀਂ ਹੁੰਦਾ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਮੇਰੇ ਭਲੇ ਲਈ ਹੀ ਅਜਿਹਾ ਕਰਦਾ ਹੈ।
ਸੱਚ-ਮੁੱਚ ਸਿਮਰਦੀਪ ਬੜਾ ਚੰਗਾ ਅਤੇ ਪਿਆਰਾ ਮਿੱਤਰ ਹੈ। ਸਾਡੀ ਦੋਸਤੀ ਬੜੀ ਪੱਕੀ ਹੈ। ਰੱਬ ਕਰੇ ਸਾਡੀ ਮਿੱਤਰਤਾ ਸਦਾ ਬਣੀ ਰਹੇ।
0 Comments