Punjabi Essay, Lekh, Paragraph on "ਮੇਰਾ ਅਧਿਆਪਕ" "Mera Adhiyapak" Complete essay for Class 8, 9, 10, 11, 12 in Punjabi Language.

ਮੇਰਾ ਅਧਿਆਪਕ 
Mera Adhiyapak 



ਅਧਿਆਪਕ ਹਨ ਗਿਆਨ ਦੇ ਦੀਵੇ, ਆਪ ਜਗਦੇ ਜਗਾਉਂਦੇ ਬੱਚਿਆਂ ਨੂੰ, 

ਰਾਹ ਦਿਖਾਵਣ, ਮੰਜਲ ਉੱਤੇ ਪਹੁੰਚਾਵਣ, ਮਜਬੂਤ ਬਣਾਉਂਦੇ ਬੱਚਿਆਂ ਨੂੰ। 

ਮੇਰੇ ਸਕੂਲ ਦਾ ਨਾਂ ਆਦਰਸ਼ ਪਬਲਿਕ ਸਕੂਲ ਹੈ। ਮੈਂ ਸਤਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਸਕੂਲ ਦੇ ਸਾਰੇ ਅਧਿਆਪਕ ਅਤੇ ਅਧਿਆਪਕਾ ਬੜੇ ਮਿਹਨਤੀ, ਲਾਇਕ, ਸੁਹਿਰਦ ਤੇ ਸੂਝਵਾਨ ਹਨ। ਮੈਂ ਇਹਨਾਂ ਸਾਰਿਆਂ ਦਾ ਬੜਾ ਸਤਿਕਾਰ ਕਰਦਾ ਹਾਂ ਪਰ ਫਿਰ ਵੀ ਮੈਨੂੰ ਪੰਜਾਬੀ ਪੜ੍ਹਾਉਣ ਵਾਲੀ ਅਧਿਆਪਕਾ ਸ੍ਰੀ ਮਤੀ ਪਰਵੀਨ ਪੰਨੂੰ ਜੀ (ਐਮ.ਏ., ਬੀ.ਐਡ.) ਬਹੁਤ ਚੰਗੇ ਲੱਗਦੇ ਹਨ। ਮੇਰੇ ਦਿਲ ਵਿਚ ਉਹਨਾਂ ਲਈ ਬੜੀ ਸ਼ਰਧਾ ਹੈ।

ਮੈਡਮ ਪਰਵੀਨ ਪੰਨੂੰ ਅਨੁਸ਼ਾਸਨ ਦੇ ਬੜੇ ਪੱਕੇ ਹਨ। ਉਹ ਕਦੇ ਸਕੂਲ ਦੇਰ ਨਾਲ ਨਹੀਂ ਆਉਂਦੇ। ਉਹ ਘੰਟੀ ਵਜਦਿਆਂ ਹੀ ਜਮਾਤ ਵਿਚ ਪਹੁੰਚ ਜਾਂਦੇ ਹਨ। ਉਹਨਾਂ ਦੀ ਇਸ ਆਦਤ ਤੋਂ ਸਾਰੇ ਵਿਦਿਆਰਥੀ ਜਾਣੂ ਹਨ। ਜਮਾਤ ਵਿਚ ਆ ਕੇ ਉਹ ਪੂਰਾ ਪੀਰੀਅਡ ਅਧਿਆਪਨ ਕਾਰਜ ਕਰਦੇ ਹਨ। ਸਵੇਰ ਦੀ ਸਭਾ ਵਿਚ ਵੀ ਉਹ ਵਿਦਿਆਰਥੀਆਂ ਦੇ ਨਾਲ ਹੀ ਬਰਾਮਦੇ ਵਿਚ ਖਲੋਂਦੇ ਹਨ। ਉਹ ਬਹੁਤ ਹੀ ਘੱਟ ਛੁੱਟੀਆਂ ਕਰਦੇ ਹਨ।

ਪੰਨੂੰ ਮੈਡਮ ਬਹੁਤ ਹੀ ਦਿਆਲੂ ਸੁਭਾਅ ਦੇ ਹਨ। ਉਹ ਸਾਰੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਵੀ ਕਰਦੇ ਹਨ। ਉਹਨਾਂ ਦੇ ਜੀਵਨ ਦਾ ਇਹ ਸਿਧਾਂਤ ਹੈ ਕਿ ਧਾਰਮਕ ਸਥਾਨਾਂ ਉੱਤੇ ਚੜ੍ਹਾਵੇ ਚੜ੍ਹਾਉਣ ਨਾਲੋਂ ਕਿਸੇ ਲੋੜਵੰਦ ਦੀ ਮਦਦ ਕਰਨਾ ਸਭ ਤੋਂ ਉੱਤਮ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਵੀ ਅਜਿਹਾ ਕਰਨ ਦੀ ਪ੍ਰੇਰਨਾ ਦਿੰਦੇ ਹਨ।

ਮੈਡਮ ਪਰਵੀਨ ਪੰਨੂੰ ਜੀ ਆਪਣੇ ਵਿਸ਼ੇ (ਪੰਜਾਬੀ) ਦੀ ਮਾਹਿਰ ਅਧਿਆਪਕਾ ਹਨ। ਉਹਨਾਂ ਦੇ ਪੜ੍ਹਾਉਣ ਦਾ ਢੰਗ ਇੰਨਾ ਦਿਲਚਸਪ ਹੈ ਕਿ ਉਹਨਾਂ ਕੋਲੋਂ ਪੜ੍ਹ ਕੇ ਸਮਝ ਵੀ ਆ ਜਾਂਦਾ ਹੈ ਅਤੇ ਮਜਾ ਵੀ। ਮੇਰੀ ਮਾਂ-ਬੋਲੀ ਪੰਜਾਬੀ ਨਹੀਂ ਹੈ, ਇਸ ਦੇ ਬਾਵਜੂਦ ਉਹਨਾਂ ਕੋਲੋਂ ਪੰਜਾਬੀ ਪੜ੍ਹ ਕੇ ਮੈਨੂੰ ਪੰਜਾਬੀ ਭਾਸ਼ਾ ਨਾਲ ਪਿਆਰ ਹੋ ਗਿਆ ਹੈ। ਉਹ ਬੜੇ ਪਿਆਰ ਨਾਲ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਉਹਨਾਂ ਦਾ ਗਿਆਨ ਭੰਡਾਰ ਬਹੁਤ ਵਿਸ਼ਾਲ ਹੈ। ਉਹਨਾਂ ਨੂੰ ਪੜ੍ਹਨ ਦਾ ਅਜੇ ਵੀ ਬੜਾ ਸ਼ੌਕ ਹੈ। ਉਹ ਵਿਦਿਆਰਥੀਆਂ ਲਈ ਕਈ ਚੰਗੀਆਂ ਕਿਤਾਬਾਂ ਲਾਇਬ੍ਰੇਰੀ ਵਿੱਚੋਂ ਲੈ ਕੇ ਆਉਂਦੇ ਹਨ ਅਤੇ ਵਿਦਿਆਰਥੀਆਂ ਨੂੰ ਉਹ ਕਿਤਾਬਾਂ ਪੜ੍ਹਨ ਦੀ ਪ੍ਰੇਰਨਾ ਦਿੰਦੇ ਹਨ। ਉਹਨਾਂ ਦੀ ਲਿਖਾਈ ਬੜੀ ਸੁੰਦਰ ਹੈ। ਸੋਹਣਾ ਲਿਖਣ ਵਾਲੇ ਨੂੰ ਉਹ ਬੜਾ ਪਿਆਰ ਕਰਦੇ ਹਨ।

ਮੈਡਮ ਪੰਨੂੰ ਸਾਦਗੀ ਪਸੰਦ ਹਨ। ਉਹਨਾਂ ਦਾ ਖਾਣ-ਪੀਣ, ਰਹਿਣ-ਸਹਿਣ, ਲਾਉਣ ਪਾਉਣ ਬੜਾ ਸਾਦਾ ਹੈ। ਉਹ ਬੜੇ ਇਮਾਨਦਾਰ ਹਨ ਅਤੇ ਗੈਰਤਮੰਦ ਹਨ। ਉਹ ਨਾ ਕਿਸੇ ਉੱਤੇ ਨਜ਼ਾਇਜ ਰੋਹਬ ਪਾਉਂਦੇ ਹਨ ਅਤੇ ਨਾ ਕਿਸੇ ਦਾ ਨਜ਼ਾਇਜ ਰੋਹਬ ਝੱਲਦੇ ਹਨ। ਉਹ ਕਮਜ਼ੋਰ ਵਿਦਿਆਰਥੀਆਂ ਨੂੰ ਵਾਧੂ ਸਮੇਂ ਵਿਚ ਮੁਫ਼ਤ ਪੜ੍ਹਾ ਦਿੰਦੇ ਹਨ, ਪਰ ਕਦੇ ਫੀਸ ਲੈ ਕੇ ਟਿਊਸ਼ਨ ਨਹੀਂ ਪੜ੍ਹਾਉਂਦੇ।

ਸ੍ਰੀਮਤੀ ਪਰਵੀਨ ਪੰਨੂੰ ਜੀ ਇਕ ਆਦਰਸ਼ ਅਧਿਆਪਕਾ ਹਨ। ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਹਨਾਂ ਦੀ ਸੋਚ ਉੱਚੀ ਕਰਨੀ ਵੀ ਉਹਨਾਂ ਦਾ ਪਹਿਲਾ ਆਦਰਸ਼ ਹੈ। ਉਹ ਜੋ ਕਹਿੰਦੇ ਹਨ ਉਸ ਨੂੰ ਕਰਦੇ ਵੀ ਹਨ। ਉਹ ਕਥਨੀ ਅਤੇ ਕਰਨੀ ਦੇ ਪੂਰੇ ਹਨ।

ਮੈਡਮ ਪੰਨੂੰ ਜੀ ਦਾ ਮੇਰੇ ਮਨ ਉੱਤੇ ਡੂੰਘਾ ਪ੍ਰਭਾਵ ਹੈ। ਮੈਂ ਉਹਨਾਂ ਦੇ ਗੁਣਾਂ ਦੇ ਸਦਕਾ ਉਹਨਾਂ ਦਾ ਬਹੁਤ ਆਦਰ ਕਰਦਾ ਹਾਂ। ਅਸਲ ਵਿਚ ਉਹਨਾਂ ਅੰਦਰ ਇੰਨੇ ਗੁਣ ਹਨ ਕਿ ਸਾਰਾ ਸਕੂਲ ਉਹਨਾਂ ਦੀ ਇੱਜ਼ਤ ਕਰਦਾ ਹੈ। ਮੇਰੇ ਮਾਤਾ-ਪਿਤਾ ਜੀ ਮੈਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਹਨ, ਪਰ ਮੇਰੇ ਉੱਤੇ ਮੈਡਮ ਜੀ ਦਾ ਇੰਨਾ ਪ੍ਰਭਾਵ ਹੈ ਕਿ ਮੇਰਾ ਦਿਲ ਕਰਦਾ ਹੈ ਕਿ ਵੱਡੇ ਹੋ ਕੇ ਮੈਂ ਮੈਡਮ ਪਰਵੀਨ ਪੰਨੂੰ ਵਾਂਗ ਪੰਜਾਬੀ ਭਾਸ਼ਾ ਦਾ ਅਧਿਆਪਕ ਬਣਾ।


Post a Comment

0 Comments