ਦਹੇਜ-ਦਾਜ ਪ੍ਰਥਾ
Dahej or Daaj Pratha
ਕਿੰਨੇ ਘਰ ਬਰਬਾਦ ਹੋ ਗਏ, ਇਸ ਦਹੇਜ ਦੀ ਬੋਲੀ ਤੇ,
ਕਿੰਨੀਆਂ ਭੈਣਾਂ ਚੜ੍ਹ ਨਾ ਸਕੀਆਂ, ਸੁੱਖ-ਸੁਹਾਗ ਦੀ ਡੋਲੀ ਤੇ।
ਸੰਸਾਰ ਵਿਚ ਹਰ ਜਾਤੀ ਅਤੇ ਹਰ ਦੇਸ਼ ਦੇ ਆਪਣੇ ਆਪਣੇ ਰੀਤੀ ਰਿਵਾਜ਼ ਹਨ, ਜਿਹਨਾਂ ਦਾ ਹਰ ਜਾਤੀ ਅਤੇ ਹਰ ਦੇਸ਼ ਦੇ ਲੋਕਾਂ ਨੂੰ ਪਾਲਣ ਕਰਨਾ ਪੈਂਦਾ ਹੈ। ਉਹਨਾਂ ਦਾ ਪਾਲਣ ਕਰਨ ਵਾਲੇ ਵਿਅਕਤੀ ਨੂੰ ਚੰਗਾ ਮੰਨਿਆ ਜਾਂਦਾ ਹੈ ਅਤੇ ਪਾਲਣ ਨਾ ਕਰਨ ਵਾਲੇ ਨੂੰ ਮੰਦਾ ਕਿਹਾ ਜਾਂਦਾ ਹੈ।
ਭਾਰਤ ਵਿਚ ਅਨੇਕ ਤਰ੍ਹਾਂ ਦੇ ਸਮਾਜਿਕ ਰੀਤੀ-ਰਿਵਾਜ਼ ਪ੍ਰਚਲਿਤ ਹਨ। ਇਹ ਰੀਤੀ- ਰਿਵਾਜ਼ ਸਮੇਂ-ਸਮੇਂ ਤੇ ਸਮਾਜ ਦੇ ਵਿਚਾਰਕ ਨੇਤਾਵਾਂ ਵੱਲੋਂ ਪ੍ਰਚਲਿਤ ਕੀਤੇ ਜਾਂਦੇ ਹਨ। ਪਰ ਸਮੇਂ ਬੀਤਣ ਨਾਲ ਉਹਨਾਂ ਵਿਚ ਕਈ ਤਰ੍ਹਾਂ ਦੀਆਂ ਬੁਰਾਈਆਂ ਆ ਜਾਂਦੀਆਂ ਹਨ। ਦਹੇਜ ਪ੍ਰਥਾ ਵੀ ਇਕ ਰਿਵਾਜ਼ ਹੈ।
ਦਹੇਜ ਭਾਰਤੀ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੀ ਸਮਾਜ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਹੀ ਹੈ। ਅਜੋਕੇ ਯੁੱਗ ਵਿਚ ਇਹ ਸਮੱਸਿਆ ਇਕ ਵਿਕਰਾਲ ਰੂਪ ਧਾਰਨ ਕਰ ਗਈ ਹੈ। ਔਰਤ ਦੇ ਜੀਵਨ ਨੂੰ ਇਸ ਨੇ ਨਰਕ ਬਣਾ ਦਿੱਤਾ ਹੈ। ਔਰਤ ਈਸ਼ਵਰ ਦੀ ਅਮੁੱਲ ਦਾਤ ਹੈ ਜਿਸ ਨੂੰ ਸਾਰੇ ਸੰਤ, ਪੀਰ, ਮਹਾਤਮਾ ਅਤੇ ਗੁਰੂ ਉੱਚਾ ਦਰਜਾ ਦਿੰਦੇ ਹਨ। ਔਰਤ ਹੀ ਇਸ ਸੰਸਾਰ ਦੀ ਜਨਨੀ ਹੈ, ਪਰ ਦਹੇਜ ਦੇ ਨਾਂ ਤੇ ਇਸ ਕੁਦਰਤ ਦੀ ਕੋਮਲ ਧੀ ਨਾਲ ਅੱਤਿਆਚਾਰ ਕੀਤੇ ਜਾਂਦੇ ਹਨ।
ਦਹੇਜ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ 'ਜਹਜ' ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸੁਗਾਤ ਜਾਂ ਤੋਹਫ਼ਾ। ਸੰਸਕ੍ਰਿਤ ਭਾਸ਼ਾ ਦਾ ਸ਼ਬਦ 'ਦਾਯਜ' ਦਾ ਅਰਥ ਵੀ ਤੋਹਫ਼ਾ ਜਾਂ ‘ਭੇਟ’ ਹੁੰਦਾ ਹੈ। ਦਹੇਜ ਉਹ ਦੋਲਤ ਜਿਹੜੀ ਇਕ ਲਾੜੇ ਨੂੰ ਵਿਆਹ ਵੇਲੇ ਲਾੜੀ ਦੇ ਘਰ ਵੱਲੋਂ ਮਿਲਦੀ ਹੈ। ਸ਼ਾਦੀ ਦੇ ਵੇਲੇ ਕੁੜੀ ਦੇ ਮਾਤਾ-ਪਿਤਾ ਵੱਲੋਂ ਆਪਣੀ ਧੀ ਨੂੰ ਦਾਨ ਦੇ ਰੂਪ ਵਿਚ ਦਿੱਤੀਆਂ ਗਈਆਂ ਵਸਤੂਆਂ ਅਤੇ ਧਨ ਨੂੰ ਦਹੇਜ ਕਿਹਾ ਜਾਂਦਾ ਹੈ। ਪਰ ਇਹ ਰਿਵਾਜ਼ ਹੌਲੀ-ਹੌਲੀ ਸਰਾਪ ਬਣ ਕੇ ਰਹਿ ਗਿਆ ਹੈ। ਮੁੰਡੇ ਵਾਲੇ ਕੁੜੀ ਦੇ ਮਾਤਾ-ਪਿਤਾ ਤੋਂ ਪੈਸੇ ਦੀ ਮੰਗ ਕਰਦੇ ਹਨ। ਇਸ ਲਈ ਕੁੜੀਆਂ ਨੂੰ ਸਮਾਜ ਬੋਝ ਸਮਝਦਾ ਹੈ। ਉਹਨਾਂ ਉੱਤੇ ਅੱਤਿਆਚਾਰ ਕੀਤਾ ਜਾਂਦਾ ਹੈ। ਉਹਨਾਂ ਨੂੰ ਸਹੁਰੇ ਘਰੋਂ ਕੱਢ ਦਿੱਤਾ ਜਾਂਦਾ ਹੈ ਜਾਂ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਕੁੜੀਆਂ ਦੇ ਗੁਣਾਂ ਦੀ ਕਦਰ ਨਹੀਂ ਕੀਤੀ ਜਾਂਦੀ। ਪਹਿਲੇ ਜਮਾਨੇ ਵਿਚ ਕੁੜੀਆਂ ਨੂੰ ਪੜ੍ਹਾਇਆ ਨਹੀ ਜਾਂਦਾ ਸੀ, ਪਰ ਅੱਜ ਤਾਂ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹੀਆਂ ਹਨ। ਦਹੇਜ ਪ੍ਰਥਾ ਲੜਕੀ ਦੇ ਮਾਂ-ਬਾਪ ਲਈ ਸਰਾਪ ਬਣ ਗਈ ਹੈ। ਲੜਕੀ ਦੇ ਮਾਤਾ-ਪਿਤਾ ਦਹੇਜ ਦੀ ਕੁਪ੍ਰਥਾ ਦੇ ਕਾਰਨ ਲੜਕੀ ਨੂੰ ਜਨਮ ਤੋਂ ਹੀ ਅਭਿਸ਼ਾਪ ਮਨਦੇ ਹਨ। ਦਹੇਜ ਦੇਣ ਲਈ ਮਾਤਾ-ਪਿਤਾ ਨੂੰ ਕਈ ਵਾਰ ਕਰਜ਼ ਉਠਾਉਣਾ ਪੈਂਦਾ ਹੈ ਜਿਸ ਨੂੰ ਉਹ ਉਮਰ ਭਰ ਉਤਾਰਦੇ ਰਹਿੰਦੇ ਹਨ। ਕਈ ਲੋਕ ਮਕਾਨ ਵੇਚ ਦਿੰਦੇ ਹਨ ਜਾਂ ਗਿਰਵੀ ਰੱਖ ਦਿੰਦੇ ਹਨ। ਕਈ ਲੜਕੀਆਂ ਆਪਣੇ ਮਾਤਾ-ਪਿਤਾ ਨੂੰ ਦਹੇਜ਼ ਤੋਂ ਬਚਾਉਣ ਦੇ ਲਈ ਆਤਮ ਹੱਤਿਆ ਕਰ ਲੈਂਦੀਆਂ ਹਨ। ਕਈ ਸੁੰਦਰ, ਪੜ੍ਹੀ-ਲਿਖੀਆਂ ਅਤੇ ਬੁਧੀਮਾਨ ਲੜਕੀਆਂ ਵੀ ਦਹੇਜ ਨਾ ਦੇ ਸਕਣ ਕਾਰਨ ਕੁਆਰੀਆਂ ਰਹਿ ਜਾਂਦੀਆਂ ਹਨ।
ਸਰਕਾਰ ਨੂੰ ਇਸ ਬੁਰਾਈ ਨੂੰ ਜੜ੍ਹ ਤੋਂ ਤਮ ਕਰਨ ਲਈ ਕਨੂੰਨ ਸ਼ਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਦਹੇਜ ਦੇਣ ਵਾਲੇ ਅਤੇ ਦਹੇਜ ਮੰਗਣ ਵਾਲਿਆਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਕੁੜੀ ਦੇ ਮਾਤਾ-ਪਿਤਾ ਨੂੰ ਦਹੇਜ ਮੰਗਣ ਵਾਲੇ ਲਾਲਚੀ ਲੋਕਾਂ ਦੇ ਘਰ ਕੁੜੀ ਨਹੀਂ ਦੇਣੀ ਚਾਹੀਦੀ। ਨੌਜਵਾਨ ਪੀੜੀ ਨੂੰ ਵੀ ਇਸ ਸਮੱਸਿਆ ਦੇ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ। ਕੁੜੀਆਂ ਨੂੰ ਵੀ ਆਪਣੇ ਹੱਕਾਂ ਪ੍ਰਤੀ ਜਾਗਰਿਤ ਹੋਣਾ ਚਾਹੀਦਾ ਹੈ ਤੇ ਦਹੇਜ ਮੰਗਣ ਵਾਲੇ ਮੁੰਡੇ ਨਾਲ ਵਿਆਹ ਹੀ ਨਹੀਂ ਕਰਨਾ ਚਾਹੀਦਾ।
0 Comments