ਵਰਖਾ ਰੁੱਤ
Barkha Rut
ਇਹ ਗੱਲ ਵੇਖਣ ਅਤੇ ਸੁਣਨ ਵਿਚ ਆਉਂਦੀ ਹੈ ਕਿ ਤਬਦੀਲੀ ਕੁਦਰਤ ਦਾ ਇਕ ਅਹਿਮ ਨਿਯਮ ਹੈ।ਜਦੋਂ ਸਮਾਂ ਪਹੀਏ ਦੀ ਤਰ੍ਹਾਂ ਆਪਣੀ ਗਤੀ ਵਿਚ ਘੁੰਮਦਾ ਹੈ ਤਾਂ ਕਈ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ। ਇਹਨਾਂ ਤਬਦੀਲੀਆਂ ਦਾ ਪ੍ਰਭਾਵ ਕੁਦਰਤ ਅਤੇ ਮਨੁੱਖ ਉੱਤੇ ਵੀ ਪੈਂਦਾ ਹੈ। ਇਸ ਦੇ ਕਾਰਨ ਮੌਸਮ ਵਿਚ ਵੀ ਤਬਦੀਲੀ ਆਉਂਦੀ ਹੈ। ਕਦੀ ਗਰਮੀ, ਕਦੀ ਸਰਦੀ, ਕਦੇ ਬਸੰਤ, ਕਦੇ ਪਤਝੜ ਤੇ ਕਦੇ ਮੀਂਹ। ਇਹਨਾਂ ਵਿੱਚੋਂ ਵਰਖਾ-ਰੁੱਤ ਦਾ ਆਪਣਾ ਹੀ ਮਹੱਤਵ ਹੈ।
ਅੱਤ ਦੀ ਗਰਮੀ ਤੋਂ ਤੰਗ ਆਏ ਮਨੁੱਖ ਤਾਂ ਕੀ, ਜੀਵ-ਜੰਤੂ ਅਤੇ ਪਸ਼ੂ-ਪੰਛੀ ਵੀ ਰੱਬ ਅੱਗੇ ਵਰਖਾ ਜਾਂ ਮੀਂਹ ਦੀ ਮੰਗ ਕਰਦੇ ਹਨ। ਗਲੀ ਮੁਹੱਲੇ ਵਿਚ ਬੱਚੇ ਇਕੱਠੇ ਹੋ ਕੇ ਆਖਦੇ ਹਨ ਕਿ :
ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ।
ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ।
ਜਦੋਂ ਇਸ ਪ੍ਰਾਥਨਾ ਨੂੰ ਰੱਬ ਦੁਆਰਾ ਸਵੀਕਾਰਿਆ ਜਾਂਦਾ ਹੈ ਤਾਂ ਮੀਂਹ ਦੇ ਨਾਲ ਛੱਪੜ ਟੋਬੇ ਪਾਣੀਆਂ ਨਾਲ ਭਰ ਜਾਂਦੇ ਹਨ, ਕੋਠਿਆਂ ਦੇ ਪਰਨਾਲਿਆਂ ਵਿੱਚੋਂ ਦਗ-ਦਗ ਅਵਾਜ਼ ਕਰਦਾ ਮੀਂਹ ਦਾ ਪਾਣੀ ਨਾਲੀਆਂ ਤੋਂ ਬਾਹਰ ਆ ਕੇ ਗਲੀਆਂ ਤਕ ਨੂੰ ਭਰ ਦਿੰਦਾ ਹੈ ਤਾਂ ਬੱਚੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਾਣੀ ਦੇ ਉੱਤੇ ਹੱਥਾਂ ਨਾਲ ਥਾਪੀਆਂ ਮਾਰਦੇ ਹੋਏ ਆਖਦੇ ਹਨ :
"ਇੱਥੇ ਘੁੱਗੀ ਨੱਪੀ ਐ, ਇੱਥੇ ਡੇਰਾ ਲਾਇਆ ਹੈ।"
ਇਸ ਮੀਂਹ ਵਿਚ ਨਹਾ ਕੇ ਤੇ ਥਕ ਹਾਰ ਕੇ ਬੱਚੇ ਜਦੋਂ ਗਲੀਆਂ ਤੋਂ ਘਰਾਂ ਨੂੰ ਪਰਤਦੇ ਹਨ ਤੇ ਘਰ ਆ ਕੇ ਮਾਂ ਦੇ ਹੱਥਾਂ ਦੇ ਬਣੇ ਹੋਏ ਖੀਰ ਪੂੜੇ ਖਾਂਦੇ ਹਨ ਤਾਂ ਉਹ ਅਨੰਦਿਤ ਹੋ ਉੱਠਦੇ ਹਨ। ਖ਼ਾਸ ਕਰਕੇ ਵਰਖਾ ਰੁੱਤ ਵਿਚ ਪੀਂਘਾ ਉੱਤੇ ਝੂਟੇ ਲੈਣ ਦਾ ਅਤੇ ਪੀਂਘ ਨੂੰ ਇੰਨੀ ਉਚਾਈ ਉੱਤੇ ਚੜਾ ਕੇ ਲੈ ਜਾਣ ਤੇ ਹੱਥ ਨਾਲ ਰੁੱਖ ਦਾ ਪੱਤਾ ਤੋੜ ਲਿਆਉਣ ਦਾ ਅਨੰਦ ਤਾਂ ਆਪਣਾ ਹੀ ਹੁੰਦਾ ਹੈ।
ਵਰਖਾ ਰੁੱਤ ਵਿਚ ਅਕਾਸ਼ ਵਿਚ ਬੱਦਲਾਂ ਦੀ ਗਰਜ, ਛੱਪੜਾਂ ਦੇ ਕੰਢਿਆਂ ਉੱਤੇ ਡੱਡੂਆਂ ਦੀ ਰਾਤੀਂ-ਰਾੜਾਂ ਦੀ ਅਵਾਜ਼ ਅਤੇ ਕੋਇਲ ਦੀ ਕੂਹ-ਕੂਹ ਦੀ ਮਿੱਠੀ ਅਵਾਜ਼ ਸੁਣ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਕੁਦਰਤ ਦੀ ਦੇਵੀ ਨੇ ਕੋਈ ਇਲਾਹੀ ਰਾਗ ਛੇੜ ਦਿੱਤਾ ਹੋਵੇ ਅਤੇ ਇਸ ਰਾਗ ਨੂੰ ਸੁਣ ਕੇ ਮੋਰ ਵੀ ਆਪਣੇ ਆਪ ਨੂੰ ਪੈਲਾਂ ਪਾਉਣੋ ਨਹੀਂ ਰੋਕ ਸਕਦਾ। ਠੰਡੀਆਂ ਠੰਡੀਆਂ ਹਵਾਵਾਂ, ਸਾਫ-ਸੁਥਰਾ ਵਾਤਾਵਰਨ, ਅਤੇ ਹਰੀ-ਭਰੀ ਧਰਤੀ ਇਸ ਵਰਖਾ ਰੁੱਤ ਦੀ ਹੀ ਦੇਣ ਹੈ।
ਪ੍ਰੰਤੂ ਕਈ ਵਾਰੀ ਵਰਖਾ ਰੁੱਤ ਵਿਚ ਕਈ-ਕਈ ਦਿਨ ਲਗਾਤਾਰ ਮੀਂਹ ਪੈਂਦਾ ਰਹਿੰਦਾ ਹੈ ਤਾਂ ਕਦੇ-ਕਦੇ ਹੜ੍ਹ ਹੀ ਆ ਜਾਂਦੇ ਹਨ। ਲੋਕਾਂ ਦੇ ਕੱਚੇ ਕੋਠੇ ਢਹਿ ਜਾਂਦੇ ਹਨ, ਫਸਲਾਂ ਤਬਾਹ ਹੋ ਜਾਂਦੀਆਂ ਹਨ ਅਤੇ ਸੜਕਾਂ ਟੁੱਟਣ ਕਰਕੇ ਜਨ-ਜੀਵਨ ਠੱਪ ਜਿਹਾ ਹੋ ਜਾਂਦਾ ਹੈ, ਪਰ ਸਮੇਂ ਨੇ ਤਾਂ ਆਪਣੀ ਗਤੀ ਅਨੁਸਾਰ ਚਲਣਾ ਹੀ ਹੈ। ਸੋ ਸਾਨੂੰ ਮਨੁੱਖਾਂ ਨੂੰ ਚਾਹੀਦਾ ਹੈ ਕਿ ਕੁਦਰਤ ਦੀ ਦੇਣ ਵਰਖਾ ਰੁੱਤ ਦਾ ਸੁਆਗਤ ਕਰਦੇ ਹੋਏ ਇਸ ਦਾ ਭਰਪੂਰ ਅਨੰਦ ਮਾਣੀਏ।
0 Comments